Friday, 28 June 2013


ਕੁਝ ਰਿਸ਼ਤੇ - ਸ਼ਿਵਚਰਨ ਜੱਗੀ ਕੁੱਸਾ 


ਕੁਝ ਰਿਸ਼ਤੇ ਹੜਤਾਲ਼ਾਂ ਵਰਗੇ, ਕੁਝ ਰਿਸ਼ਤੇ ਖ਼ੜਤਾਲ਼ਾਂ ਵਰਗੇ
ਕੁਝ ਰਿਸ਼ਤੇ ਨੇ ਕੁਦਰਤ ਵਰਗੇ, ਕੁਝ ਆਕਾਸ਼-ਪਤਾਲ਼ਾਂ ਵਰਗੇ
ਕੁਝ ਕੁ, ਕਈ ਪੜਤਾਲ਼ਾਂ ਵਰਗੇ

-ਕੁਝ ਰਿਸ਼ਤੇ ਮੇਰੇ ਅੰਮ੍ਰਿਤ ਵਰਗੇ, ਪੀਵਾਂ ਅਤੇ ਆਨੰਦਤ ਹੋਵਾਂ
ਕੁਝ ਰਿਸ਼ਤੇ ਇਲਜ਼ਾਮਾਂ ਵਰਗੇ, ਦਿਨੇ ਰਾਤ ਹੰਝੂਆਂ ਨਾਲ ਧੋਵਾਂ

-ਕੁਝ ਰਿਸ਼ਤੇ ਨੇ ਸੱਪਾਂ ਵਰਗੇ, ਡਰਦਾ-ਡਰਦਾ ਦੂਰ ਹੀ ਰਹਿੰਦਾ
ਕਈ ਰਿਸ਼ਤੇ ਮਗਰਮੱਛ ਵਰਗੇ, ਬਦੋਬਦੀ ਵਰਤਣਾ ਪੈਂਦਾ

-ਕੁਝ ਰਿਸ਼ਤੇ ਸਿ਼ਕਾਰੀ ਵਰਗੇ, ਮਾਰਖ਼ੋਰ ਤੇ ਰਹਿਣ ਡਰਾਉਂਦੇ
ਕੁਝ ਰਿਸ਼ਤੇ ਵਿਚੋਲੇ ਵਰਗੇ, ਕਦੇ-ਕਦੇ ਨੇ ਕੰਮ ਵੀ ਆਉਂਦੇ

-ਕੁਝ ਰਿਸ਼ਤੇ ਮਾਂ-ਬੁੱਕਲ ਵਰਗੇ, ਲਾਡ ਵੀ ਦਿੰਦੇ, ਨਿੱਘ ਵੀ ਦਿੰਦੇ
ਕੁਝ ਰਿਸ਼ਤੇ ਨੇ ਦੈਂਤਾਂ ਵਰਗੇ, ਕੁਚਲ਼ ਵੀ ਦਿੰਦੇ, ਮਿੱਧ ਵੀ ਦਿੰਦੇ

-ਕੁਝ ਰਿਸ਼ਤੇ ਮਿਲਟਰੀ ਵਰਗੇ, ਰਾਖੀ ਕਰਨ, ਕਦੇ ਹਿੱਕ ਛਾਣਦੇ
ਕੁਝ ਰਿਸ਼ਤੇ ਸੱਜਣ ਠੱਗ ਵਰਗੇ, ਲੁੱਟਾਂ ਦੇ ਨਾਲ ਮੌਜ ਮਾਣਦੇ

-ਕੁਝ ਰਿਸ਼ਤੇ ਬੁਲੀ ਕੁੱਤੇ ਵਰਗੇ, ਭੌਂਕ-ਭੌਂਕ ਕੇ ਖੂਬ ਡਰਾਵਣ
ਕਈ ਰਿਸ਼ਤੇ ਮੈਨੂੰ ਸਮਝ ਕੇ ਮਰਿਆ, ਬੁਰਕ ਮਾਰਦੇ, ਖਾਣ ਨੂੰ ਆਵਣ

-ਕੁਝ ਰਿਸ਼ਤੇ ਮੇਰੇ, ਰੁੱਖਾਂ ਵਰਗੇ, ਕਰਦੇ ਛਾਂ, ਲੋਰੀਆਂ ਦਿੰਦੇ
ਕੁਝ ਰਿਸ਼ਤੇ ਕਮਾਦੀ ਵਰਗੇ, ਚੂਪਣ ਲਈ ਪੋਰੀਆਂ ਦਿੰਦੇ

-ਕੁਝ ਰਿਸ਼ਤੇ ਮੇਰੇ ਸੌਕਣ ਵਰਗੇ, ਅੱਧੋ-ਅੱਧ ਵੰਡਾਉਣਾ ਲੋਚਣ
ਸੀਨੇ ਬਰਛੀ ਮਾਰਨ ਲੱਗੇ, ਹਾਏ ਰੱਬਾ! ਕਦੇ ਨਾ ਸੋਚਣ

-ਕੁਝ ਰਿਸ਼ਤੇ ਵੇਸਵਾ ਵਰਗੇ, ਲੈਣ-ਦੇਣ ਨਾਲ ਗੱਲ ਚਲਾਉਂਦੇ
ਕੁਝ ਰਿਸ਼ਤੇ ਨੇ ਦੱਲਿਆਂ ਵਰਗੇ, ਧੰਦਾ ਨੇ ਕਰਵਾਉਣਾ ਚਾਹੁੰਦੇ

-ਕੁਝ ਰਿਸ਼ਤੇ ਮੇਰੇ ਬਾਪੂ ਵਰਗੇ, ਥੱਪੜ ਮਾਰੂ, ਨਾਲ਼ ਵਿਰਾਊ
ਕੁਝ ਰਿਸ਼ਤੇ ਅਧਿਆਪਕ ਵਰਗੇ, ਪ੍ਰੇਮ ਘੱਟ ਤੇ ਵੱਧ ਡਰਾਊ

-ਕੁਝ ਰਿਸ਼ਤੇ ਮਾਸੂਕਾਂ ਵਰਗੇ, ਹੱਥ ਲਾਵਾਂ ਤਾਂ ਮੈਲੇ਼ ਹੋਵਣ
ਕੁਝ ਰਿਸ਼ਤੇ ਛੜਾਕੇ ਵਰਗੇ, ਕਰਦੇ ਸੁੱਚੇ, ਮੈਲ ਜੋ ਧੋਵਣ

-ਕੁਝ ਰਿਸ਼ਤੇ ਨੇ ਕਿਰਨਾਂ ਵਰਗੇ, ਜੀਵਨ ਵਿਚ ਖੇੜਾ ਲੈ ਆਵਣ
ਕੁਝ ਰਿਸ਼ਤੇ ਨੇ ਕਾਂਵਾਂ ਵਰਗੇ, ਹੱਥੋਂ ਰੋਟੀ ਖੋਹ ਲੈ ਜਾਵਣ

-ਕੁਝ ਰਿਸ਼ਤੇ ਧਰਤੀ-ਮਾਂ ਵਰਗੇ, ਪੈਰਾਂ ਹੇਠ ਆਸਰਾ ਦਿੰਦੇ
ਕੁਝ ਰਿਸ਼ਤੇ ਮੇਰੇ ਥੰਮ੍ਹਾਂ ਵਰਗੇ, ਡਿੱਗਦੇ ਨੂੰ ਢਾਸਰਾ ਦਿੰਦੇ

-ਕੁਝ ਰਿਸ਼ਤੇ ਮੇਰੇ ਮਿੱਤਰਾਂ ਵਰਗੇ, ਬੋਲਿਆ ਚੱਲਿਆ ਮਾਫ਼ ਨੇ ਕਰਦੇ
ਕੁਝ ਰਿਸ਼ਤੇ ਜੇਬ-ਕਤਰੇ ਵਰਗੇ, ਹੁੱਨਰ ਨਾਲ ਜੇਬ ਸਾਫ਼ ਨੇ ਕਰਦੇ

-ਕੁਝ ਰਿਸ਼ਤੇ ਮੇਰੇ ਮੱਲ੍ਹਮ ਵਰਗੇ, ਜ਼ਖ਼ਮਾਂ ਨੂੰ ਜੋ 'ਰਾਮ ਪਹੁੰਚਾਉਂਦੇ
ਕੁਝ ਰਿਸ਼ਤੇ ਤਲਵਾਰਾਂ ਵਰਗੇ, ਫ਼ੱਟ ਲਾਉਂਦੇ ਕਦੇ ਨਾ ਹਿਚਕਾਉਂਦੇ

-ਕੁਝ ਰਿਸ਼ਤੇ ਪੰਜ-ਰਤਨੀਂ ਵਰਗੇ, ਪੀ ਕੇ ਮਸਤ ਮੈਂ ਹੁੰਦਾ ਜਾਵਾਂ
ਕੁਝ ਰਿਸ਼ਤੇ ਨਿੰਮ ਪਾਣੀ ਵਰਗੇ, ਜਦ ਵੀ ਪੀਵਾਂ, ਤਦ ਪਛਤਾਵਾਂ

-ਕੁਝ ਰਿਸ਼ਤੇ ਗੰਗਾ ਜਲ ਵਰਗੇ, ਹੱਥਾਂ ਵਿਚੋਂ ਡੁੱਲ੍ਹ-ਡੁੱਲ੍ਹ ਪੈਂਦੇ
ਕਈ ਨੇ ਹਲ਼ਕੇ ਸਾਨ੍ਹਾਂ ਵਰਗੇ, ਕਿੱਲੇ ਨਾਲੋਂ ਖੁੱਲ੍ਹ-ਖੁੱਲ੍ਹ ਪੈਂਦੇ

-ਕੁਝ ਰਿਸ਼ਤੇ ਨੇ ਮਾਈਆਂ ਵਰਗੇ, ਦੇਣ ਅਸੀਸਾਂ ਸਿਰ ਪਲੋ਼ਸਣ
ਕੁਝ ਰਿਸ਼ਤੇ ਕੋਤਵਾਲਾਂ ਵਰਗੇ, ਮੱਲੋਮੱਲੀ ਕੋਈ ਦੋਸ਼ ਆ ਠੋਸਣ

-ਕੁਝ ਰਿਸ਼ਤੇ ਮੇਰੇ ਲੀੜਿਆਂ ਵਰਗੇ, ਨਿਰ-ਵਸਤਰ ਮੈਨੂੰ ਹੋਣ ਨਹੀਂ ਦਿੰਦੇ
ਕਈ ਕੁਪੱਤੀ ਬੱਕਰੀ ਵਰਗੇ, ਬਿਨਾਂ ਮੀਂਗਣਾਂ ਚੋਣ ਨਹੀਂ ਦਿੰਦੇ

-ਕੁਝ ਰਿਸ਼ਤੇ ਮੇਰੇ ਗਿਰਝਾਂ ਵਰਗੇ, ਅੰਬਰੋਂ ਆ ਮੁਰਦਾਰ ਨੇ ਖਾਂਦੇ
ਕਈ ਨੇ ਹੱਕ-ਪਰਾਏ ਵਰਗੇ, ਗਊ-ਸੂਰ ਸਭ ਛਕਦੇ ਜਾਂਦੇ

-ਕੁਝ ਸੋਹਣੀਆਂ ਅੱਖਾਂ ਵਰਗੇ, ਸੁਪਨੇ ਵਿਚ ਵੀ ਨੇ ਭਰਮਾਉਂਦੇ
ਕੁਝ ਰਿਸ਼ਤੇ ਔਸੀਆਂ ਵਰਗੇ, ਦਿਲ 'ਤੇ ਰਹਿੰਦੇ ਲੀਕਾਂ ਪਾਉਂਦੇ

-ਕੁਝ ਨਜਾਇਜ਼ ਸਬੰਧਾਂ ਵਰਗੇ, ਕੁਝ ਖੰਡਰ ਦੀਆਂ ਕੰਧਾਂ ਵਰਗੇ
ਕੁਝ ਬਰੇਤੀ-ਬੰਧਾਂ ਵਰਗੇ, ਕੁਝ ਹਿਟਲਰ ਦੇ ਬੰਬਾਂ ਵਰਗੇ

-ਕੁਝ ਲਾਲੋ ਦੀ ਰੋਟੀ ਵਰਗੇ, ਕੁਝ ਰਿਸ਼ਤੇ ਹਥਿਆਰਾਂ ਵਰਗੇ
ਕੁਝ ਰਿਸ਼ਤੇ ਮੇਰੇ ਕੁਰਕੀ ਵਰਗੇ, ਕੁਝ ਬਲਾਤਕਾਰਾਂ ਵਰਗੇ

-ਕੁਝ ਸਿ਼ਵ ਜੀ ਦੇ ਨੇਤਰ ਵਰਗੇ, ਕੁਝ ਚਾਣਕੀਆ ਖੇਤਰ ਵਰਗੇ
ਕੁਝ ਨੇ ਛੜੇ ਜੇਠ ਦੇ ਵਰਗੇ, ਕੁਝ ਰਿਸ਼ਤੇ ਮੰਗੇਤਰ ਵਰਗੇ

-ਕੁਝ ਰਿਸ਼ਤੇ ਮੇਰੇ ਸੱਚੇ-ਸੁੱਚੇ, ਕੁਝ ਰਿਸ਼ਤੇ ਫਿ਼ਟਕਾਰਾਂ ਵਰਗੇ
ਕੁਝ ਨੇ ਕ੍ਰਿਸ਼ਨ-ਸੁਦਾਮੇ ਵਰਗੇ, ਕੁਝ ਇੰਦਰ ਦੀਆਂ ਨਾਰਾਂ ਵਰਗੇ

-ਕੁਝ ਨੇ ਭਾਈ ਘਨੱਈਏ ਵਰਗੇ, ਕੁਝ ਨਾਨਕ-ਮਰਦਾਨੇ ਵਰਗੇ
ਕੁਝ ਰਿਸ਼ਤੇ ਮੇਰੀ ਰੂਹ ਦੇ ਉਪਜੇ, ਕੁਝ ਰਿਸ਼ਤੇ ਨੇ ਤਾਹਨ੍ਹੇ ਵਰਗੇ

-ਕੁਝ ਰਿਸ਼ਤੇ ਸਰਪੰਚਾਂ ਵਰਗੇ, ਕੁਝ ਰਿਸ਼ਤੇ ਸਰਕਾਰਾਂ ਵਰਗੇ
ਕੁਝ ਰਿਸ਼ਤੇ ਨੇ ਸਰਘੀ ਵਰਗੇ, ਕੁਝ ਤਿੱਲੇ ਦੀਆਂ ਤਾਰਾਂ ਵਰਗੇ

-ਕੁਝ ਆਸਾਧ ਬਿਮਾਰੀ ਵਰਗੇ, ਕੁਝ ਨੇ ਨਾਮ-ਖ਼ੁਮਾਰੀ ਵਰਗੇ
ਕੁਝ ਰਿਸ਼ਤੇ ਵਿਸ਼-ਕੰਨਿਆਂ ਵਰਗੇ, ਕੁਝ ਨੇ ਨਾਥ-ਪਟਾਰੀ ਵਰਗੇ

-ਕੁਝ ਰਿਸ਼ਤੇ ਸਿਆਸਤ ਵਰਗੇ, ਕੁਝ ਏ. ਕੇ. ਸੰਤਾਲੀ ਵਰਗੇ
ਕੁਝ ਰਿਸ਼ਤੇ ਮੇਰੇ ਸਾਜਿ਼ਸ਼ ਵਰਗੇ, ਕੁਝ ਕੁ ਦਫ਼ਾ ਚੁਤਾਲੀ ਵਰਗੇ

-ਕੁਝ ਰਿਸਤੇ ਮਕਾਣਾਂ ਵਰਗੇ, ਕੁਝ ਨੇ ਮੜ੍ਹੀ-ਮਸਾਣਾਂ ਵਰਗੇ
ਕੁਝ ਰਿਸ਼ਤੇ ਮੇਰੇ ਟੂਣੇਂ ਵਰਗੇ, ਕੁਝ ਵੈਰੀ ਦੇ ਬਾਣਾਂ ਵਰਗੇ

-ਕੁਝ ਰਿਸ਼ਤੇ ਮੇਰੀ ਬੇਬੇ ਵਰਗੇ, ਗਲ ਫ਼ੁੱਲਾਂ ਦੇ ਹਾਰਾਂ ਵਰਗੇ
ਕੁਝ ਰਿਸ਼ਤੇ ਮੇਰੇ ਪੁੱਤਾਂ ਵਰਗੇ, ਪੁਸ਼ਤੀ 'ਤੇ ਅਧਿਕਾਰਾਂ ਵਰਗੇ

-ਕੁਝ ਰਿਸ਼ਤੇ ਨਾਗ-ਵਿਸ਼ ਵਰਗੇ, ਕਦੇ ਦਾਰੂ, ਮਾਰੂ ਬਣ ਬਹਿੰਦੇ
ਕੁਝ ਰਿਸ਼ਤੇ ਨੇ ਅਗਨੀ ਵਰਗੇ, ਜਿਸ ਨੂੰ ਲੋਕ ਬਸੰਤਰ ਕਹਿੰਦੇ

-ਕੁਝ ਰਿਸ਼ਤੇ ਹਰਨਾਕਸ਼ ਵਰਗੇ, ਹਾਉਮੈ ਦੇ ਵਿਚ ਸੜੇ ਹੋਏ ਨੇ
ਕੁਝ ਰਿਸ਼ਤੇ ਦਰਵੇਸ਼ਾਂ ਵਰਗੇ, ਨਿਮਰਤ ਦੇ ਵਿਚ ਮੜ੍ਹੇ ਹੋਏ ਨੇ

-ਕੁਝ ਰਿਸ਼ਤੇ ਸ਼ਹੀਦਾਂ ਵਰਗੇ, ਮਰੇ ਹੋਏ ਵੀ ਯਾਦ ਨੇ ਆਉਂਦੇ
ਕੁਝ ਰਿਸ਼ਤੇ ਮਰੀਜ਼ਾਂ ਵਰਗੇ, ਮਾਰਨ ਹੂੰਗਾ ਤੇ ਕੁਰਲਾਉਂਦੇ

-ਕੁਝ ਰਿਸ਼ਤੇ ਭੈੜ੍ਹੀ ਸੱਸ ਵਰਗੇ, ਕਰਨ ਨਿਘੋਚਾਂ ਤੇ ਚਤਰਾਈਆਂ
ਕੁਝ ਰਿਸ਼ਤੇ ਸਾਊ-ਨੂੰਹ ਵਰਗੇ, ਸਹਿਣ ਮੁਸ਼ੱਕਤ, ਦੇਣ ਸਫ਼ਾਈਆਂ

-ਕਈ ਰਿਸ਼ਤੇ ਕਿਸਾਈਆਂ ਵਰਗੇ, ਪੂਛੋਂ ਚੁੱਕ-ਚੁੱਕ ਬੱਕਰਾ ਤੋਲਣ
ਕੁਝ ਰਿਸ਼ਤੇ ਉਸਤਾਦਾਂ ਵਰਗੇ, ਬਖ਼ਸ਼ਣ ਬੁੱਧੀ ਤੇ ਘੱਟ ਬੋਲਣ

-ਕੁਝ ਰਿਸ਼ਤੇ ਮੇਰੇ ਸਿਵਿਆਂ ਵਰਗੇ, ਸੜੀ ਜਾਣ ਤੇ ਮੱਚੀ ਜਾਵਣ
ਕਈ ਰਿਸ਼ਤੇ "ਜੱਗੀ ਕੁੱਸਾ" ਵਰਗੇ, ਆਖੀ ਹਰ ਗੱਲ ਸੱਚੀ ਜਾਵਣ ।

ਨਜ਼ਮ - ਬਾਬਾ ਨਜਮੀ


ਮੇਰੇ ਹੱਥੀਂ ਛਾਲੇ ਪਏ ਮਜ਼ਦੂਰੀ ਨਾਲ 
ਫਿਰ ਵੀ ਨਹੀਉਂ ਭਰਿਆ ਛੰਨਾਂ ਚੂਰੀ ਨਾਲ 

ਖੁਸ਼ੀਆਂ ਨਾਲ ਨਹੀਂ ਛੱਡੀ ਆਪਣੀ ਜੰਮਣ-ਭੋਂ,
ਤੇਰੇ ਸ਼ਹਿਰ 'ਚ ਆਇਆ ਵਾਂ ਮਜ਼ਬੂਰੀ ਨਾਲ 

ਮੇਰੇ ਨਾਲੋਂ ਕੁਹਝਾ ਪੁੱਤਰ ਲੰਬੜਾਂ ਦਾ,
ਧਰਤੀ ਉੱਤੇ ਫਿਰਦਾ ਏ ਮਗ਼ਰੂਰੀ ਨਾਲ 

'ਭਗਤ ਸਿੰਘ' ਤੇ 'ਦੁੱਲਾ', 'ਜਬਰੂ' ਮੇਰਾ ਲਹੂ,
ਕਿੰਝ ਖਲੋਵਾਂ 'ਗਜਨੀ' ਤੇ 'ਤੈਮੂਰੀ' ਨਾਲ 

ਮੇਰਾ ਕਲਮ-ਕਬੀਲਾ ਉਹਨਾਂ ਵਿੱਚੋਂ ਨਈਂ,
ਅੱਖਰ ਜਿਹੜੇ ਲਿਖਦੇ ਨੇ ਮਨਜੂਰੀ ਨਾਲ 

ਸ਼ੀਸ਼ੇ ਵੱਲੇ ਕਰਕੇ ਕੰਡ ਖਲੋਣਾ ਨਈਂ,
ਜਿੰਨਾ ਮਰਜ਼ੀ ਵੇਖੋ ਮੈਨੂੰ ਘੂਰੀ ਨਾਲ 

'ਬਾਬਾ' ਉਹ ਵੀ ਸੋਚੇ ਮੇਰੇ ਬਾਲਾਂ ਲਈ,
ਜਿਸਦਾ ਖੀਸਾ ਭਰਨਾ ਵਾਂ ਕਸਤੂਰੀ ਨਾਲ 

Thursday, 27 June 2013


ਗ਼ਜ਼ਲ - ਅਮਰਜੀਤ ਸਿੰਘ ਵੜੈਚ


ਢੰਗ ਬਦਲ ਜਾਂਦੇ ਉਦੋਂ ਸਰਕਾਰਾਂ ਦੇ
ਰੰਗ ਬਦਲ ਜਾਂਦੇ ਨੇ ਜਦ ਦਸਤਾਰਾਂ ਦੇ।

ਵਾਰੋ-ਵਾਰੀ ਲੁੱਟਦੇ ਨੇਤਾ ਲੋਕਾਂ ਨੂੰ
ਝੂਟੇ ਲੈਂਦੇ ਨੇ ਸਰਕਾਰੀ ਕਾਰਾਂ ਦੇ।

ਸੇਕ ਸਿਕੰਦਰ ਤਕ ਸਕੈਂਡਲ ਦਾ ਪਹੁੰਚੇ
ਮਘ ਜਾਂਦੇ ਨੇ ਕਾਲਮ ਜਦ ਅਖ਼ਬਾਰਾਂ ਦੇ।

ਵਰਦੀ ਵਾਲੇ ਵੀ ਵੇਖੋ ਬੇਵੱਸ ਹੋਏ,
ਕਾਰਾਂ ਦੇ ਵਿੱਚ ਘੁੰਮਣ ਝੁੰਡ ਬਦਕਾਰਾਂ ਦੇ।

ਜੇ ਸਰਕਾਰਾਂ ਚਾਹੁਣ ਤਾਂ ਕੀ ਨਹੀਂ ਹੋ ਸਕਦਾ
ਪੱਤਝੜ ਵਿੱਚ ਖਿੜ ਜਾਵਣ ਫੁੱਲ ਬਹਾਰਾਂ ਦੇ।

ਫੱਟ ਜ਼ੁਬਾਂ ਦੇ ਲੱਗੇ ਯਾਰੋ ਮਿਟਦੇ ਨਹੀਂ
ਮਿਟ ਜਾਂਦੇ ਨੇ ਫੱਟ ਲੱਗੇ ਤਲਵਾਰਾਂ ਦੇ।

ਸਾਡੀ ਬਦਲਣਗੇ ਕਿਸਮਤ ਜੋ ਕਹਿੰਦੇ ਸੀ
ਰੰਗ ਉਨ੍ਹਾਂ ਨੇ ਬਦਲ ਲਏ ਦਸਤਾਰਾਂ ਦੇ।

ਬਹਿਰ ਬਿਨਾਂ ਵੀ ਗ਼ਜ਼ਲ ਕਹੀ ਜਾ ਸਕਦੀ ਏ
ਦਿਲ ਹੋਣ ਨਾ ਤੰਗ ਜੇ ਸਾਹਿਤਕਾਰਾਂ ਦੇ।

ਗੁਆਚੇ ਪਿੰਡ ਦੀ ਗਾਥਾ…


ਚੰਗਾ ਵੇਲਾ ਸੀ ਜਦ ਪਿੰਡ ਵਿਚ, ਕੱਚਾ ਜੇਹਾ ਘਰ ਹੁੰਦਾ ਸੀ।
ਖੁੱਲ੍ਹਾ ਡੁੱਲ੍ਹਾ ਵਿਹੜਾ ਸੀ ਤੇ, ਵੱਡਾ ਸਾਰਾ ਦਰ ਹੁੰਦਾ ਸੀ।
ਵੱਡਾ ਸਾਰਾ ਕੱਚਾ ਕੋਠਾ, ਸਿਰਕੀ ਬਾਲੇ ਦੀ ਛੱਤ ਹੈ ਸੀ,
ਉਸ ਦੇ ਅੰਦਰ ਇਕ ਥਾਂ ਸੌਂਦਾ, ਸਾਰਾ ਹੀ ਟੱਬਰ ਹੁੰਦਾ ਸੀ।

ਵਿਹੜੇ ਵਿਚ ਇਕ ਨਿੰਮ ਹੁੰਦੀ ਸੀ, ਜਿਸ ਦੀ ਛਾਂ ਸੀ ਠੰਢੀ ਮਿੱਠੀ,
ਲੰਘਦੇ ਟੱਪਦੇ ਦਿਸਦੇ ਸਾਰੇ, ਹਰਦਮ ਚੌਪਟ ਦਰ ਹੁੰਦਾ ਸੀ।
ਸਾਗ ਸਰੋਂ ਦਾ, ਮੱਖਣ ਪਾ ਕੇ, ਰੋਟੀ ਮੱਕੀ ਦੀ ਖਾ ਲੈਂਦੇ,
ਲੱਸੀ ਪੀਣੀ ਚਾਟੀ ਦੀ ਤੇ ਮਿੱਠਾ ਗੁੜ ਸ਼ੱਕਰ ਹੁੰਦਾ ਸੀ।

ਸਿਰ ‘ਤੇ ਲੱਸੀ ਵਾਲਾ ਮੱਘਾ, ਪੋਣੇ ਵਿੱਚ ਪਰੌਂਠੇ ਮਿੱਸੇ,
ਚੂੜੇ ਵਾਲੀ ਭੱਤਾ ਢੋਂਦੀ, ਜਿੱਥੇ ਉਸ ਦਾ ਨਰ ਹੁੰਦਾ ਸੀ।
ਭੱਤਾ ਦੇ ਕੇ ਖੇਤੋਂ ਮੁੜਦੀ, ਥੱਬਾ ਪੱਠੇ ਚੁੱਕ ਲਿਆਉਂਦੀ,
ਔਰਤ ਹਿੰਮਤੀ ਹੁੰਦੀ ਜਿਸ ਨੇ, ਬੰਨ੍ਹਣਾ ਅਪਣਾ ਘਰ ਹੁੰਦਾ ਸੀ।

ਖੇਤੋਂ ਗੰਨੇ ਪੁੱਟ ਲਿਆਉਣੇ, ਮਾਰ ਸੁੜ੍ਹਾਕੇ ਚੂਪੀ ਜਾਣੇ,
ਗਾਜਰ, ਮੂਲੀ, ਗੰਢਾ-ਟੋਟਾ, ਬੀਜਿਆ ਸਭ ਕੁਝ ਘਰ ਹੁੰਦਾ ਸੀ।
ਰਾਮ ਧਨੇ ਦੇ ਵਾੜੇ ਵਿੱਚੋਂ, ਚੋਰੀ ਕਚਰੇ ਤੋੜ ਲਿਆਉਣੇ,
ਜੱਸਾ, ਕੁੱਕੂ, ਸੁੰਦਰ, ਗੋਗੀ, ਧਰਮਾ ਨਾਲ ਅਮਰ ਹੁੰਦਾ ਸੀ।

ਸਾਦਾ ਜੇਹਾ ਪਹਿਰਾਵਾ ਤੇ, ਸਿੱਧੀ ਸਾਦੀ ਬੋਲੀ ਹੈ ਸੀ,
ਨਿਰਛਲ ਤੱਕਣੀ, ਉੱਚਾ ਹਾਸਾ, ਸੁਣਦਾ ਤੀਜੇ ਘਰ ਹੁੰਦਾ ਸੀ।
ਭਾਬੀ ਭਜਨੋ ਦੀ ਭੱਠੀ ਦੇ, ਭੁੱਜੇ ਹੋਏ ਛੋਲੇ ਯਾਰੋ,
ਫੱਕੇ ਮਾਰ ਕੇ ਚੱਬਣੇ ਨਾਲ ਗੁੜ ਲੱਡੂਆ ਅਕਸਰ ਹੁੰਦਾ ਸੀ।

ਲੰਬੀ ਸਾਰੀ ਖੁਰਲੀ ਉੱਤੇ, ਛੇ ਸੱਤ ਮੱਝਾਂ ਬੱਝੀਆਂ ਹੁੰਦੀਆਂ,
ਘੋੜੀ, ਬਲਦਾਂ ਦੀ ਇੱਕ ਜੋੜੀ, ਪੱਠੇ ਢੋਣ ਨੂੰ ਖ਼ਰ ਹੁੰਦਾ ਸੀ।
ਵੈਸਾਖੀ ਤੋਂ ਮਗਰੋਂ ਖੇਤੀਂ, ਦਾਤੀ ਚੱਲਦੀ ਜ਼ੋਰੋ ਜ਼ੋਰੀ,
ਵਾਢੀ ਦੇ ਧੰਦੇ ਵਿੱਚ ਰੁੱਝਾ, ਘਰ ਦਾ ਹਰਿਕ ਬਸ਼ਰ ਹੁੰਦਾ ਸੀ।

ਵਾਢੀ ਕਰਦੇ ਛੇਕੜਲੇ ਦਿਨ, ਦੌਗ਼ੀ ਕਣਕ ਖੜ੍ਹੀ ਵੀ ਛੱਡਣੀ,
ਉਸ ਨੂੰ ਬੋਦੀ ਕਹਿ ਦਿੰਦੇ ਸੀ, ਲੁੱਟਦਾ ਜੋ ਹਾਜ਼ਰ ਹੁੰਦਾ ਸੀ।
ਵਿੱਚ ਪਿੜਾਂ ਦੇ ਫਲ੍ਹਿਆਂ ਦੇ, ਨਾਲ ਕਣਕ ਦਾ ਲਾਂਗਾ ਗਾਹੁੰਦੇ,
ਤੂੜੀ ਦਾਣੇ ਸਿਰ ‘ਤੇ ਢੋਂਦੇ, ਮੀਂਹ ਝੱਖੜ ਦਾ ਡਰ ਹੁੰਦਾ ਸੀ।

ਪਿੜ ‘ਚੋਂ ਜਦ ਵੀ ਬੋਹਲ ਚੁੱਕਣਾ, ਤਦ ਬੱਚੇ ਆਉਂਦੇ ਲੈਣ ਰਿੜੀ,
ਉਹਨਾਂ ਦੀ ਝੋਲ਼ੀ ਵਿੱਚ ਮਾਲਕ, ਪਾਉਂਦਾ ਬੁੱਕ ਭਰ ਭਰ ਹੁੰਦਾ ਸੀ।
ਰੂੜੀ ਤੇ ਤੂੜੀ ਦਾ ਕੰਮ ਹੀ, ਸਭ ਤੋਂ ਔਖਾ ਹੁੰਦਾ ਸੀ,
ਇਹ ਕੰਮ ਸਿਖ਼ਰ ਦੁਪਹਿਰੇ ਦੀ ਥਾਂ, ਠੰਢੇ ਠੰਢੇ ਕਰ ਹੁੰਦਾ ਸੀ।

ਵਿਹਲੇ ਵੇਲ਼ੇ ਸੱਥ ‘ਚ ਬਹਿਕੇ, ਜੱਕੜ ਵੱਢ ਕੇ ਵਕਤ ਟਪਾਉਂਦੇ,
ਨਾ ਕੋਈ ਸੰਸਾ ਜਾਨ ਦਾ ਖ਼ੌਅ ਸੀ, ਨਾ ਹੀ ਕੁਈ ਫ਼ਿਕਰ ਹੁੰਦਾ ਸੀ।
ਲੌਢੇ ਵੇਲੇ ਦੁੱਧ ਮਲਾਈ, ਛੰਨਾ ਛੰਨਾ ਡੀਕ ਕੇ ਪੀਣਾ,
ਪਿੜ ਵਿਚ ਜਾ ਕੇ ਬੋਰੀ ਚੁੱਕਣੀ, ਹਰ ਚੋਬਰ ਹਾਜ਼ਰ ਹੁੰਦਾ ਸੀ।

ਹਰ ਇਕ ਚੀਜ਼ ਬੜੀ ਰੈਲ਼ੀ ਸੀ, ਇਕ ਪੈਸੇ ਦੀ ਵੀ ਕੀਮਤ ਸੀ,
ਸੌ ਦਾ ਨੋਟ ਕਿਸੇ ਦੇ ਬੋਝੇ, ਤਾਂ ਕੀ, ਨਾ ਹੀ ਘਰ ਹੁੰਦਾ ਸੀ।
ਮੇਲਾ ਵੇਖਣ ਦੇ ਲਈ ਜੇਕਰ ਦੋ ਆਨੇ ਵੀ ਮਿਲ ਜਾਣੇ ਤਾਂ,
ਏਨਾ ਚਾਅ ਚੜ੍ਹ ਜਾਂਦਾ ਸੀ ਪੱਬ, ਧਰਤੀ ‘ਤੇ ਨਾ ਧਰ ਹੁੰਦਾ ਸੀ।

ਮੇਲੇ ਉੱਤੇ ਜਾ ਕੇ ਛਕਣੀ, ਦੁੱਧ-ਜਲੇਬੀ ਦੋ ਪੈਸੇ ਦੀ,
ਕੌਲਾ ਤੱਤਾ ਹੁੰਦਾ ਸੀ, ਨਾ ਛੇਤੀ ਦੇਣੇ ਠਰ ਹੁੰਦਾ ਸੀ।
ਵਿਹੜੇ ਵਾਲਾ ਤਾਇਆ ਹੰਸਾ, ਉਹ ਹੁੰਦਾ ਸੀ ਸਾਡਾ ਸੀਰੀ,
ਮਾਂ ਤੋਂ ਚੋਰੀ ਰੋਟੀ ਖਾਂਦਾ, ਮੈਂ ਉਹਨਾਂ ਦੇ ਘਰ ਹੁੰਦਾ ਸੀ।

ਕਈ ਵਾਰੀ ਜ਼ਿਦ ਕਰ ਕੇ ਯਾਰੋ, ਅਪਣੀ ਗੱਲ ਮਨਾ ਲੈਂਦੇ ਸਾਂ,
ਟਿੱਚ ਸਮਝਦੇ ਸਾਂ ਬੇਬੇ ਨੂੰ, ਪਰ ਬਾਪੂ ਦਾ ਡਰ ਹੁੰਦਾ ਸੀ।
ਆਥਣ ਵੇਲੇ ਮੱਝਾਂ ਲੈ ਕੇ, ਟੋਭੇ ਦੇ ਵਿੱਚ ਜਾ ਵੜਦੇ ਸਾਂ,
ਫੜ ਕੇ ਮਹਿੰ ਦੀ ਪੂਛ ਨਹਾਉਣਾ, ਡੋਬੂ ਜਲ ਨਾ ਤਰ ਹੁੰਦਾ ਸੀ।

ਜੇਕਰ ਕੋਈ ਮਰ ਜਾਣੀ ‘ਮਰ’ ਜਾਂਦੀ ਹਾਣੀ ਚੋਬਰ ‘ਤੇ ਤਾਂ,
ਇਸ ਗੱਲ ਦਾ ਚਰਚਾ ਹਰ ਹੱਟੀ, ਭੱਠੀ ਤੇ ਘਰ ਘਰ ਹੁੰਦਾ ਸੀ।
ਸ਼ਹਿਰੋਂ ਹਟਵੇਂ ਵਸਦੇ ਪਿੰਡ ‘ਚ, ਓਦੋਂ ਕੋਈ ਠੇਕਾ ਨਈਂ ਸੀ,
ਚਾਚਾ ਘਰ ਵਿੱਚ ਕੱਢ ਲੈਂਦਾ ਸੀ, ਛਾਪੇ ਦਾ ਨਾ ਡਰ ਹੁੰਦਾ ਸੀ।

ਤਾਏ ਸੋਹਣੇ ਕੀ ਖੂਹੀ ਤੋਂ, ਤੌੜੇ ਭਰਦੇ ਸਾਂ ਪਾਣੀ ਦੇ,
ਪਿੰਡ ‘ਚ ਕੋਈ ਨਲਕਾ ਨਈਂ ਸੀ, ਨਾ ਕੋਈ ਜਲ-ਘਰ ਹੁੰਦਾ ਸੀ।
ਪੂਰੇ ਇੱਕ ਵਰ੍ਹੇ ਦੇ ਪਿੱਛੋਂ, ਵੈਸਾਖੀ ਦੇ ਮੇਲੇ ਜਾਣਾ,
ਜਾਂ ਫਿਰ ਮਾਘੀ ਨ੍ਹਾ ਕੇ ਆਉਣੀ, ਇਹ ਮੇਲਾ ਮੁਕਸਰ ਹੁੰਦਾ ਸੀ।

ਅੱਧੀ ਰਾਤੋਂ ਗੋਰੇ ਸਾਵੇ, ਦੀ ਜੋੜੀ ਨੂੰ ਹਲ਼ ਜੋਅ ਲੈਣਾ,
ਸੂਰਜ ਚੜ੍ਹਦੇ ਨੂੰ ਲਾ ਜੋਤਾ, ਵਿਹਲਾ ਨਿੱਤ ਘੋਦਰ ਹੁੰਦਾ ਸੀ।
ਖੂਹ ਦੀ ਗਾਧੀ ਅੱਗੇ ਢੱਗੇ, ਜੁੱਤੇ ਹੁੰਦੇ ਚਾੜ੍ਹ ਕੇ ਖੋਪੇ,
ਟਿਕ ਟਿਕ ਕਰ ਕੇ ਖੂਹ ਚਲਦਾ ਸੀ, ਆਡੀਂ ਪਾਣੀ ਭਰ ਹੁੰਦਾ ਸੀ।

ਜੀਤੂ ਟੁੰਡਾ ਵਾਗੀ ਬਣਕੇ, ਰੋਜ਼ੀ ਰੋਟੀ ਤੋਰੀ ਫਿਰਦਾ,
ਕੱਚੀ ਨਹਿਰ ਕਿਨਾਰੇ ਚਾਰਨ, ਲੈ ਜਾਂਦਾ ਡੰਗਰ ਹੁੰਦਾ ਸੀ।
ਵਿਗਿਆਨ ਤਰੱਕੀ ਕਰ ਕੇ ਬੇਸ਼ਕ, ਮੰਗਲ ਤੱਕ ਵੀ ਜਾ ਪੁੱਜਿਐ,
ਨਾ ਲੋੜਾਂ ਥੋੜਾਂ, ਉਹ ਵੇਲਾ, ਹੁਣ ਨਾਲੋਂ ਬਿਹਤਰ ਹੁੰਦਾ ਸੀ।

ਛੱਪੜ ਦੀ ਕਾਲ਼ੀ ਮਿੱਟੀ ‘ਚ ਰਲਾਅ ਕੇ ਤੂੜੀ ਘਾਣੀ ਕਰ ਕੇ
ਕੰਧਾਂ ਕੋਠੇ ਲਿਪਦੇ ਸਾਂ, ਜਦ ਮੀਂਹ ਕਣੀ ਦਾ ਡਰ ਹੁੰਦਾ ਸੀ।
ਦੋ-ਪੋਰੀ ਨਾਲ ਕਣਕ ਬੀਜਦੇ, ਸਾਰੀ ਫ਼ਸਲ ਬਰਾਨੀ ਹੁੰਦੀ,
ਰੱਬੀ ਮੋਘਾ ਫ਼ਸਲਾਂ ਸਿੰਜਦਾ, ਸੋਕੇ ਦਾ ਨਾ ਡਰ ਹੁੰਦਾ ਸੀ।

ਸਾਈਕਲ, ਘੜੀ ਤੇ ਵਾਜਾ ਪੂਰੇ ਪਿੰਡ ‘ਚ ਮਿਲਦੇ ਟਾਂਵੇਂ ਹੀ,
ਸਰਦਾ ਪੁੱਜਦਾ ਉਸ ਨੂੰ ਮੰਨਦੇ, ਇਹ ਕੁਝ ਜਿਸ ਦੇ ਘਰ ਹੁੰਦਾ ਸੀ।
ਧਾਰਾਂ ਡੋਕੇ ਕੱਢਣ ਮੌਕੇ, ਜੀਅ ਭਰ ਕੇ ਲੈਂਦੇ ਸਾਂ ਧਾਰਾਂ,
ਮੱਝਾਂ ਚੋਵਣ ਤੇ ਚੁੰਘਣ ਦਾ, ਇਕ ਵੱਡਾ ਆਹਰ ਹੁੰਦਾ ਸੀ।

ੳ – ਉਂਕਾਰ ਦਾ ਸਿਮਰਨ ਕਰੀਏ
ਅ – ਆਏ-ਗਏ (ਪ੍ਰਾਹੁਣੇਂ) ਦਾ ਆਦਰ ਕਰੀਏ
ੲ – ਈਸ਼ਵਰ ਦੇ ਚਰਨੀਂ ਪਈਏ
ਸ – ਸਦਾ ਸਬਰ-ਸੰਤੋਖ ਚ’ ਰਹੀਏ
ਹ – ਹਰ ਕਾ ਨਾਮ ਸਵੇਰੇ ਲਈਏ
ਕ – ਕੰਮ-ਕਾਜ ਤੋਂ ਢਿੱਲ ਨਾਂ ਕਰੀਏ
ਖ – ਖਾਦਾ-ਪੀਤਾ ਹਰਾਮ ਨਾਂ ਕਰੀਏ
ਗ – ਗਊ-ਦਾਨ ਬ੍ਰਾਹਮਣ ਨੂੰ ਕਰੀਏ
ਘ – ਘਰ ਘਿਓ ਹੁੰਦਿਆਂ ਤੇਲ ਨਾਂ ਖਾਈਏ
ਙ – ਨਮਸ਼ਕਾਰ ਗੁਰੂ ਆਪਣੇ ਨੂੰ ਕਰੀਏ
ਚ – ਚੋਰ-ਚੁਗਲ ਦਾ ਸੰਗ ਨਾਂ ਕਰੀਏ
ਛ – ਛਾਲ ਮਾਰਕੇ ਬੇੜੀ ਨਾਂ ਚੜ੍ਹੀਏ
ਜ – ਜੁਆਰੀ ਨਾਲ ਵਰਤ-ਵਿਹਾਰ ਨਾਂ ਕਰੀਏ
ਝ – ਝੂਠੀ-ਮੂਠੀ ਕਦੇ ਬਾਤ ਨਾਂ ਕਰੀਏ
ਞ – ਨਾਣਕਿਆਂ ਪਿੰਡ ਥੋੜਾ ਰਹੀਏ
ਟ – ਟਿੱਚਰ-ਬਾਜ਼ੀ ਜਵਾਂ ਨਾਂ ਕਰੀਏ
ਠ – ਠਾਕੁਰ (ਭਗਵਾਨ ਕ੍ਰਿਸਣ) ਜੀ ਦੀ ਪੂਜਾ ਕਰੀਏ
ਡ – ਡੈਣਾਂ ਦੇ ਗਵਾਂਢ ਨਾਂ ਰਹੀਏ
ਢ – ਢੂੰਡ ਦਿਆਂ ਨੂੰ ਰਾਹ ਦਿਖਾਈਏ
ਣ – ਰਣ੍ਹ ਦੇ ਵਿੱਚ ਨਾਂ ਪਿੱਠ ਦਿਖਾਈਏ
ਤ – ਤਖਤ ਬੈਠ ਅਨਿਆਂ ਨਾਂ ਕਰੀਏ
ਥ – ਥਾਂ ਨੂੰ ਛੱਡ ਕਥਾਂਏ ਨਾਂ ਜਾਈਏ
ਦ – ਦੀਵੇ ਬਗੈਰ ਅਨਾਜ ਨਾਂ ਖਾਈਏ
ਧ – ਧਨ-ਜੋਬਨ ਦਾ ਮਾਣ ਨਾਂ ਕਰੀਏ
ਨ – ਨੂਣ ਖਾ ਹਰਮ ਨਾਂ ਕਰੀਏ
ਪ – ਪਾਪੀ ਦਾ ਵਸਾਹ ਨਾਂ ਕਰੀਏ
ਫ – ਫਲ ਦੀ ਇੱਛਾ ਕਦੇ ਨਾਂ ਚਾਹੀਏ
ਬ – ਬਾਗ-ਬਗੀਚੀਂ ਗੰਦ ਨਾਂ ਪਾਈਏ
ਭ – ਭਾਈ ਜੀ ਦਾ ਸਤਿਕਾਰ ਕਰੀਏ
ਮ – ਮਾਤ-ਪਿਤਾ ਦੀ ਸੇਵਾ ਕਰੀਏ
ਯ – ਯਾਰ ਬਣਾਕੇ ਦਗਾ ਨਾਂ ਕਰੀਏ
ਰ – ਰਾਮ-ਨਾਮ ਦਾ ਸਿਮਰਨ ਕਰੀਏ
ਲ – ਲਾਮ੍ਹ ਗਿਆਂ ਕਵੇਲਾ ਨਾਂ ਕਰੀਏ
ਵ – ਵਾਹਿਗੁਰੂ ਦਾ ਸ਼ੁਕਰ ਮਨਾਈਏ
ੜ – ਰੁੜਦੇ-ਖੁੜਦੇ ਤੀਰਥ ਜਾਈਏ

Wednesday, 26 June 2013


ਗ਼ਜ਼ਲ - ਗੁਰਬਿੰਦਰ ਬਾਜਵਾ 


ਤੁਸੀਂ ਬੜੇ ਖੁਸ਼ ਹੋਏ ਮਸ਼ਹੂਰ ਬਣ ਕੇ ।
ਅਸੀਂ ਰਹਿ 'ਗੇ ਆਂ ਖਲੋਤੇ ਦਸਤੂਰ ਬਣ ਕੇ ॥

ਅਸੀਂ ਚਾਹਤਾਂ ਤੁਹਾਡੀਆਂ 'ਤੇ ਸੌਂਕ ਬਲੀ ਚਾੜੇ ।
ਤੁਸੀਂ ਦਿਲ ਵਿੱਚ ਬੈਠ 'ਗੇ ਨਾਸੂਰ ਬਣ ਕੇ ॥

ਪਤਾ ਹੁੰਦਾ ਜੇ ਹਸ਼ਰ ਸਾਡੇ ਨਾਲ ਇਹ ਸੀ ਹੋਣਾਂ ।
ਅੱਜ ਫਿਰਦੇ ਨਾ ਏਦਾਂ ਮਜਬੂਰ ਬਣਕੇ ॥

ਮਸਾਂ ਜੋੜ ਸਰਮਾਇਆ ਅਸੀਂ ਹਾਰ ਸੀ ਪਰੋਇਆ ।
ਤੁਸੀਂ ਪੱਤੀ,ਪੱਤੀ ਕਰਤਾ ਕਰੂਰ ਬਣਕੇ ॥

ਇਹ ਹਕੀਕਤਾਂ ਦਾ ਭਾਰ ਸਾਡੇ ਸੋਹਲ ਜ਼ਜ੍ਬੇ 'ਤੇ ।
ਤੁਸੀਂ ਧਰ 'ਤਾ ਬੇਕਿਰਕੇ ਫਤੂਰ ਬਣ ਕੇ ॥

ਹੁਣ ਪੁਣਾਂਗੇ ਦੁਚਿੱਤੀਆਂ ਨੂੰ ਬੈਠ ਕੇ ਇੱਕਲੇ ।
ਤੁਸੀਂ ਪਾਇਆ ਜੋ ਭੁਲੇਖਾ ਕੋਹਿਨੂਰ ਬਣਕੇ ॥

ਤੁਸੀਂ ਪਾਠ ਜੋ ਪੜਾਇਆ ਯਾਦ ਰਖਾਂਗੇ ਸਦੀਵੀ ।
ਸਦਾ ਤੁਸੀਂ ਵੀ 'ਨੀ ਰਹਿਣਾ ਇਹ ਹਜੂਰ ਬਣ ਕੇ ॥

ਵਾਲ 'ਬਾਜਵੇ' ਦਾ ਵਿੰਗਾ ਕੋਈ ਸਕਦਾ ਨਾ ਕਰ ।
ਜੇ ਨਾ ਕਰਦਾ ਯਕੀਨ ਮਨਸੂਰ ਬਣ ਕੇ ॥

Sunday, 23 June 2013


ਮੱਠੀ ਮੱਠੀ ਬਰਸਾਤ {ਚਰਨਜੀਤ ਪੰਨੂ}


ਮੱਠੀ ਮੱਠੀ ਜਦ ਬਰਸਾਤ ਹੁੰਦੀ ਏ।
ਤਾਰਿਆਂ ਨਾਲ ਭਰੀ ਜਦ ਰਾਤ ਹੁੰਦੀ ਏ।
ਕੋਇਲਾਂ ਦੀ ਕੂਹ ਕੂਹ ਪ੍ਰਭਾਤ ਹੁੰਦੀ ਏ।
ਪਰ੍ਹਿਆਂ ਚ ਤੇਰੀ ਮੇਰੀ ਬਾਤ ਹੁੰਦੀ ਏ।
ਯਾਦ ਤੇਰੀ ਆਉਂਦੀ, ਆ ਜਾਂਦੀ ਸੋਹਣਿਆ।
ਮੈਨੂੰ ਬੜਾ ਹੀ ਸਤਾਂਦੀ, ਹੈ ਸਤਾਂਦੀ ਸੋਹਣਿਆਂ।

ਚੂੜੇ ਵਾਲੀ ਨਾਰ ਜਦ ਅੱਗ ਵਿਚ ਠਰਦੀ,
ਹਿਜ਼ਰਾਂ ਦੀ ਭੱਠੀ ਵਿਚ ਪੋਟਾ ਪੋਟਾ ਸੜਦੀ।
ਚੜ੍ਹਦੀ ਜਵਾਨੀ ਹਉਕੇ ਲੈ ਲੈ ਮਰਦੀ।
ਵੇਖ ਕੇ ਲੋਕਾਈ ਭੈੜੀ ਬੁੜ ਬੁੜ ਕਰਦੀ।
ਯਾਦ ਤੇਰੀ ਆਉਂਦੀ, ਫਿਰ ਆਉਂਦੀ ਸੋਹਣਿਆਂ।
ਮੈਨੂੰ ਬੜਾ ਹੀ ਸਤਾਂਦੀ, ਹੈ ਸਤਾਂਦੀ ਸੋਹਣਿਆਂ।

ਲਾਰਾ ਲਾ ਕੇ ਪਿਆਰ ਨੂੰ ਜਹਾਜ਼ ਕੋਈ ਚੜ੍ਹਦਾ।
ਪੱਬਾਂ ਵਿਚ ਬੈਠ ਗੱਪਾਂ ਤਾੜ ਤਾੜ ਕਰਦਾ।
ਭੁੱਲ ਜਾਂਦਾ ਪਿੱਛਾ ਲੱਕ ਗੋਰੀਆਂ ਦਾ ਫੜਦਾ।
ਸ਼ਮ੍ਹਾਂ ਪਰਵਾਨੇ ਵਾਂਗੂੰ ਬਿਨ ਆਈ ਸੜਦਾ।
ਯਾਦ ਤੇਰੀ ਆਉਂਦੀ, ਫਿਰ ਆਉਂਦੀ ਸੋਹਣਿਆਂ।
ਮੈਨੂੰ ਬੜਾ ਹੀ ਸਤਾਂਦੀ ਹੈ ਸਤਾਂਦੀ ਸੋਹਣਿਆਂ।

ਚੰਦ ਤੇ ਚਕੋਰ ਜਦ ਮਿਲਦੇ ਨੇ ਰਾਤ ਨੂੰ।
ਮੋਰਨੀ ਕੋਲ ਮੋਰ ਪੈਲਾਂ ਪਾਵੇ ਬਰਸਾਤ ਨੂੰ।
ਕੱਲੀ ਮੈਂ ਹੰਢਾਵਾਂ ਤੇਰੇ ਦਿੱਤੇ ਸੰਤਾਪ ਨੂੰ।
ਕੋਸਦੀ ਆਂ ਤੋੜ ਸੁੱਟਾਂ ਬੰਦ ਹਵਾਲਾਤ ਨੂੰ।
ਯਾਦ ਤੇਰੀ ਆਉਂਦੀ, ਆ ਜਾਂਦੀ ਸੋਹਣਿਆ।
ਮੈਨੂੰ ਬੜਾ ਹੀ ਸਤਾਂਦੀ, ਹੈ ਸਤਾਂਦੀ ਸੋਹਣਿਆ।

ਮਿਲ੍ਹੀ ਵਾਂਗ ਧੁਖਾ, ਉੱਭੇ ਸਾਹ ਭਰਦੀ।
ਤੇਰੀਆਂ ਯਾਦਾਂ ਦੇ ਕੱਸੀਦੇ ਰਹਾਂ ਕੱਢਦੀ।
ਸੱਸ ਰਹਿੰਦੀ ਘੂਰਦੀ ਤੇ ਬੁਰਾ ਭਲਾ ਕਰਦੀ।
ਪੰਨੂ ਨੂੰ ਉਡੀਕਾਂ, ਰਹਾਂ ਸਭ ਕੁੱਝ ਜਰਦੀ।
ਯਾਦ ਤੇਰੀ ਆਉਂਦੀ, ਆ ਜਾਂਦੀ ਸੋਹਣਿਆਂ।
ਮੈਨੂੰ ਬੜਾ ਹੀ ਸਤਾਂਦੀ, ਹੈ ਸਤਾਂਦੀ ਸੋਹਣਿਆਂ।

ਕਵਿਤਾ - ਜਗਤਾਰ ਪੱਖੋ ਕਲਾਂ


ਮੇਰੇ ਪਿੰਡ ਦੇ ਕੁਝ ਲੋਕੀ ਬਸ ਇਸ ਤਰਾਂ ਵਸਦੇ ਨੇ।
ਨਾਂ ਖੁੱਲ੍ਹ ਕੇ ਰੋਂਦੇ ਨੇ ਨਾਂ ਖੁੱਲ੍ਹਕੇ ਹੱਸਦੇ ਨੇ।

ਇਹਨਾਂ ਦੇ ਸੁਪਨੇ ਤਾਂ ਸਦੀਆਂ ਤੋਂ ਗਿਰਵੀ ਨੇ, 
ਮਾਰੇ ਮੁਫਲਿਸੀ ਦੇ ਫੋੜੇ ਵਾਂਗੂ ਰਸਦੇ ਨੇ।

ਜੀਅ ਇਹਨਾਂ ਦਾ ਕਰਦਾ ਨਿਜਾਮ ਬਦਲਣੇ ਨੂੰ,
ਮਾਰੇ ਮਜਬੂਰੀ ਦੇ ਗੱਲ ਦਿਲ ਵਿਚ ਰੱਖਦੇ ਨੇ।

ਨਾਂ ਜ਼ਿੰਦਗੀ ਵਿਚ ਆਈ ਕਦੇ ਰੁੱਤ ਬਹਾਂਰਾਂ ਦੀ;
ਸਰਦੀ ਵਿਚ ਠਰਦੇ ਨੇ ਗਰਮੀ ਵਿਚ ਤਪਦੇ ਨੇ।

ਦੇਸ਼ ਦੇ ਭੰਡਾਰਾਂ ਨੂੰ ਮਿਹਨਤ ਨਾਲ ਭਰਿਆ ਏ,
ਅਪਣਾ ਢਿੱਡ ਭਰਨ ਲਈ ਹੋਰਾਂ ਵੱਲ ਤਕਦੇ ਨੇ।

ਸਲਾਹ - ਜਸਬੀਰ ਸਿੰਘ  


ਚੋਰ ਡਾਕੂ ਕੱਠੇ ਹੋ ਕਰਨ ਸਲਾਹ ਯਾਰੋ 
ਵਕਵੇਂ ਦੌਲਤ ਤੇ ਸੌਹਰਤ ਕਮਾਈਏ ਜੀ

ਕੋਈ ਕਹਿੰਦਾ ਬਣ ਜਾਈਏ ਸਮਾਜ ਸੇਵਕ
ਕੋਈ ਕਹਿੰਦਾ ਨੇਤਾ ਬਣ ਜਾਈਏ ਜੀ

ਕੁੱਲਾਂ ਤਰਨਗੀਆਂ ਸੱਤੇ ਫਿਰ ਯਾਰੋ 
ਚੂਨਾ ਸਰਕਾਰੀ ਖਜਾਨੇ ਨੂੰ ਲਾਈਏ ਜੀ

ਐਸ ਕਰਾਂਗੇ ਮੂਰਖ ਬਣਾ ਲੋਕੀ 
ਪੰਗਾ ਧਰਮਾਂ ਦਾ ਆਪਾਂ ਪਾਈਏ ਜੀ

ਲੋਕੀ ਮਰਦੇ ਨੇ ਤਾਂ ਰਹਿਣ ਮਰਦੇ 
ਆਪਾਂ ਜਾ ਵਿਦੇਸ ਕਚਕਨ ਖਾਈਏ ਜੀ

ਭੁੱਖ ਨੰਗ ਤਾਂ ਰਹਿਣੀ ਸਦਾ ਏਥੇ 
ਆਪਾਂ ਰੇਸ਼ਮੀ ਪੱਟ ਹੰਢਾਈਏ ਜੀ

ਮਜਦੂਰ ਦੀ ਟੂਪ ਭਾਵੇਂ ਰਹੇ ਪਾਟੀ
ਕੋਈ ਗੱਡੀ ਵਿਦੇਸੋਂ ਮੰਗਵਾਈਏ ਜੀ

ਮੌਜ ਕਰਨੀ ਹੈ ਤਾਂ ਇੱਕ ਸਕੀਮ ਦੱਸਾਂ 
ਆਪਾਂ ਸਾਧਾਂ ਨੂੰ ਨਾਲ ਰਲਾਈਏ ਜੀ

ਸੋਹਣੀ ਕਾਰ ਤੇ ਨਾਰ ਪਹੁੰਚੂ ਕੋਲ ਆਪੇ
ਨਾਲ ਉਹਨਾਂ ਦੇ ਮੌਜ ਮਨਾਈਏ ਜੀ 

ਗੱਲ ਸਮਝਦਾ ਹੈ ਬੇਦਰਦ ਸਾਰੀ 
ਪੜਨੇ ਇਹੋ ਜਿਹਿਆਂ ਨੂੰ ਵੀ ਪਾਈਏ ਜੀ ।

ਬਾਬੁਲ - ਮਨਜੀਤ ਗਿੱਲ


ਹਰ ਘਰ ਇੱਕ ਨਵਾਬ ਹੈ ਬਾਬੁਲ 
ਅਮੀੰ ਦਾ ਸਿਰਤਾਜ ਏ ਬਾਬੁਲ 

ਦਾਦੀ ਮਾਂ ਦਾ ਲਾਲ ਹੈ ਬਾਬੁਲ 
ਪਿਆਰ ਦੀ ਇੱਕ ਮਿਸਾਲ ਹੈ ਬਾਬੁਲ 

ਘਰ ਦਾ ਜਿਮੇਵਾਰ ਹੈ ਬਾਬੁਲ 
ਦੁਖਾਂ ਲਈ ਪਹਾੜ ਹੈ ਬਾਬੁਲ

ਸਬਦਾ ਸੁਣਦਾ ਹਾਲ ਹੈ ਬਾਬੁਲ 
ਆਪੇ ਵਿਚ ਬੇਹਾਲ ਹੈ ਬਾਬੁਲ 

ਸਾਜਨਾ ਦਾ ਸਰਦਾਰ ਹੈ ਬਾਬੁਲ 
ਦੁਸ਼ਮਨ ਦੇ ਲਈ ਨਾਗ ਹੈ ਬਾਬੁਲ

ਹਰ ਕੰਨਿਆਂ ਦਾ ਭਾਗ ਹੈ ਬਾਬੁਲ 
ਮੁਸ਼ਕਿਲ ਲਈ ਮਿਸ਼ਾਲ ਹੈ ਬਾਬੁਲ 

ਸੁੰਨੇ ਵਿਹੜੇ ਪਿਆਰ ਹੈ ਬਾਬੁਲ 
ਕਰੌਧ-ਚ ਦਿੰਦਾ ਮਾਰ ਹੈ ਬਾਬੁਲ 

ਫਿਰ ਲਾਉਂਦਾ ਹਿੱਕ ਦੇ ਨਾਲ ਹੈ ਬਾਬੁਲ 
ਬੰਦਾ ਬੜਾ ਕਮਾਲ ਹੈ ਬਾਬੁਲ 

ਹਰ ਘਰ ਵਿਚ ਨਵਾਬ ਹੈ ਬਾਬੁਲ 
ਅੰਮੀ ਦਾ ਸਿਰਤਾਜ ਹੈ ਬਾਬੁਲ 
ਦਾਦੀ ਮਾਂ ਦਾ ਲਾਲ ਹੈ ਬਾਬੁਲ 

ਗਜ਼ਲ - ਜਗਤਾਰ ਪਖੋ ਕੱਲਾਂ 


ਪਿੰਡ ਵੱਲ ਆਉਂਦੇ ਰਾਹਾਂ ਤੋਂ ਡਰ ਲੱਗਦਾ ਏ।
ਹੁਣ ਤਾਂ ਆਪਣੀਆਂ ਬਾਹਵਾਂ ਤੋਂ ਡਰ ਲੱਗਦਾ ਏ।

ਨਫਰਤ ਈਰਖਾ ਭਰਗੀ ਵਿੱਚ ਫਿਜ਼ਾਵਾਂ ਦੇ,
ਹੁਣ ਤਾਂ ਆਪਣੇ ਸਾਹਾਂ ਤੋਂ ਡਰ ਲੱਗਦਾ ਏ।

ਜ਼ਿੰਦਗੀ ਦਾ ਹਰ ਨੁਕਤਾ ਜਿੱਥੋਂ ਸਿੱਖੇ ਸੀ,
ਹੁਣ ਤਾਂ ਉਹਨਾਂ ਥਾਵਾਂ ਤੋਂ ਡਰ ਲੱਗਦਾ ਏ।

ਧਰਮ ਦੇ ਨਾਂ ਤੇ ਵਿੱਚ ਚੁਰਾਹੇ ਕਤਲ ਹੋਇਆ,
ਇਹੋ ਜਿਹੀਆਂ ਅਫਵਾਹਾਂ ਤੋਂ ਡਰ ਲੱਗਦਾ ਏ।

ਇੱਕ ਬਾਬੇ ਨੇ ਸੰਗਤ ਸਾਰੀ ਵੇਚ ਦਿੱਤੀ,
ਇਹੋ ਜਿਹੇ ਮਲਾਹਾਂ ਤੋਂ ਡਰ ਲੱਗਦਾ ਏ।

ਗਰਦਿਸ਼ਾਂ ਵਿੱਚ ਜਗਤਾਰ ਕਿਉਂ ਚਾਨਣ ਵੰਡਦਾ ਏ,
ਤੇਰੀਆਂ ਨੇਕ ਸਲਾਹਾਂ ਤੋਂ ਡਰ ਲੱਗਦਾ ਏ।

ਕਵਿਤਾ - ਜਗਤਾਰ ਪੱਖੋ ਕਲਾਂ


ਸੁਖਨਵਰਾਂ ਦੇ ਆਪਣੇ ਹੀ ਖਿਆਲਾਤ ਹੁੰਦੇ ਨੇ।
ਹੱਥ ਵਿਚ ਕਲਮ ਦਿਲ ਦੇ ਵਿਚ ਜਜਬਾਤ ਹੁੰਦੇ ਨੇ।

ਜਿਹਨਾਂ ਦੇ ਜਿਹਨ ਵਿਚ ਲੋਕ ਹਿਤਾਂ ਦੀ ਗੱਲ ਹੋਵੇ,
ਕੁਲ ਆਲਮ ਦੇ ਲਈ ਉਹੀ ਲੋਕ ਸੌਗਾਤ ਹੁੰਦੇ ਨੇ।

ਉਹਨਾਂ ਸ਼ਬਦਾਂ ਨੂੰ ਮਿਲਦਾ ਰੂਹਾਨੀਅਤ ਦਾ ਦਰਜਾ,
ਜੋ ਹਰਫ ਸੱਚੇ ਸੁਚੇ ਤੇ ਬੇਬਾਕ ਹੁੰਦੇ ਨੇ।

ਉਹਨਾਂ ਦੇ ਸਿਰਨਾਵੇਂ ਨੂੰ ਕੋਈ ਮੇਟ ਨਹੀਂ ਸਕਦਾ
ਜਿਹੜੀਆਂ ਕੌਮਾਂ ਕੋਲ ਆਪਣੇ ਇਤਿਹਾਸ ਹੁੰਦੇ ਨੇ।

ਕਈ ਅਜਨਬੀ ਇਹੋ ਜਿਹਾ ਮੁਕਾਮ ਪਾ ਲੈਂਦੇ,
ਜੋ ਦੂਰ ਰਹਿੰਦੇ ਹੋਏ ਵੀ ਦਿਲਾਂ ਦੇ ਪਾਸ ਹੁੰਦੇ ਨੇ।

Friday, 21 June 2013

ਗਜ਼ਲ - ਬਲਜੀਤ ਸੈਣੀ


ਧੁੱਪ ਤੇ ਪਰਛਾਂਵਿਆਂ ਦਾ ਸਿਲਸਿਲਾ ਬਣਿਆਂ ਰਹੇ । 
ਇਸਤਰਾਂ ਇਕ ਦੂਸਰੇ ਦਾ ਆਸਰਾ ਬਣਿਆਂ ਰਹੇ । 

ਦੁਸ਼ਮਣਾਂ ਦੇ ਵਾਂਗ ਤੂੰ ਹੋਵੀ ਨਾ ਮੇਰੇ ਰੂਬਰੂ , 
ਰਹਿਣਦੇ ਇਕ ਭਰਮ ਮੇਰਾ ਸਾਬਤਾ ਬਣਿਆਂ ਰਹੇ । 

ਕੀ ਪਤਾ,ਕਿਸ ਵਕਤ, ਕਿੱਥੋਂ,ਮਿਲ ਪਵੇ ਉਹ ਹਾਦਸਾ . 
ਉਮਰ ਭਰ ਫਿਰ ਨਾਲ ਜਿਸਦੇ ਵਾਸਤਾ ਬਣਿਆਂ ਰਹੇ । 

ਇਹ ਅਵੱਲੀ ਭਟਕਣਾ ਤਾਂ ਦੇਣ ਹੈ ਹਾਲਾਤ ਦੀ , 
ਦਿਲ ਕਦੋਂ ਚਹੁੰਦੈ ਕਿ ਜੀਵਨ ਕਰਬਲਾ ਬਣਿਆਂ ਰਹੇ । 

ਸਬਰ ਪੈਰਾਂ ਦਾ ਜਰਾ ਤੂੰ ਆਜ਼ਮਾ ਕੇ ਵੇਖ ਲੈ , 
ਇਹ ਨਾ ਹੋਵੇ ਰਸਤਿਆਂ ਤੇ ਫਿਰ ਗਿਲਾ ਬਣਿਆਂ ਰਹੇ ।

Saturday, 15 June 2013


ਟੱਪੇ - ਸੁਰਜੀਤ ਗਿੱਲ ਘੋਲੀਆ [ਮੋਗਾ]


ਫੁੱਲ ਸੱਜਰੇ ਗੁਲਾਬ ਦਿਆ
ਤੇਰੇ ਉੱਤੋਂ ਜਾਵਾਂ ਵਾਰੀ ਮੈਂ 
ਸ਼ੇਰਾ ਵੇ ਪੰਜਾਬ ਦਿਆ ।

ਫੁੱਲ ਸੋਹਣੇ ਨੇ ਕਿੱਕਰਾਂ ਦੇ
ਕੋਠੇ ਚੜੱ ਨਿੱਤ ਕਰਦੀ 
ਮੈਂ ਦਰਸ਼ਨ ਮਿੱਤਰਾਂ ਦੇ ।

ਗਲ ਸੱਜਣਾ ਦੇ ਗਾਨੀ ਏ,
ਮਿੱਠੀ ਸਾਡੀ ਮਾਂ ਬੋਲੀ 
ਕੋਈ ਹੋਰ ਨਹੀਂ ਸਾਨੀ ਏ॥

ਗਲ ਕਾਲੀ ਗਾਨੀ ਏਂ,
ਦਿਲ ਸਾਡਾ ਤੇਰਾ ਹੋ ਗਿਆ ,
ਸਾਡੇ ਦਿਲ ਦੀ ਨਾਧਾਨੀ ਏਂ ,

ਗਲ ਸੱਜਣਾ ਦੇ ਗਾਨੀ ਏਂ ,
ਦਿਲ ਵੱਟੇ ਦਿਲ ਦੇਣਾ 
ਏਹੇ ਕਾਹਦੀ ਨਾਧਾਨੀ ਏਂ ,

ਗੱਡੀ ਆ ਚੱਲੀ ਟੇਸ਼ਨ ਤੇ ,
ਛੇਤੀ ਛੇਤੀ ਰੋਕ ਬਾਬੂਆ 
ਸੋਹਣਾ ਮੁਖੜਾ ਵੇਖਣ ਦੇ ,

ਗੱਡੀ ਰੁੱਕ ਗਈ ਟੇਸ਼ਨ ਤੇ ,
ਆਜਾ ਮਾਹੀ ਮੁਖ ਆਪਣਾ 
ਸਾਨੂੰ ਰੱਜ ਰੱਜ ਵੇਖਣ ਦੇ ,

ਉਠ ਜਾਗ ਪੰਜਾਬ ਦਿਆ ਵਾਰਸਾ - ਸੁਰਜੀਤ ਗਿੱਲ ਘੋਲੀਆ [ਮੋਗਾ] 

ਉਠ ਜਾਗ ਪੰਜਾਬ ਦਿਆ ਵਾਰਸਾ, ਉਠ ਤੱਕ ਆਪਣਾ ਪੰਜਾਬ ,
ਅੱਜ ਜ਼ਹਿਰਾਂ ਦੂਸ਼ਤ ਕਰ ਦਿੱਤੇ, ਤੇਰੇ ਸ਼ੀਤਲ ਪੰਜੇ ਆਬ ।

ਜ਼ਹਿਰਾਂ ਧਰਤੀ ਹੇਠ ਵੀ ਪਹੁੰਚੀਆਂ, ਹੈ ਪਾਣੀ ਕੀਤੇ ਜ਼ਹਿਰੀ ,
ਪੰਜਾਬ ਮਾਰੂ ਰੋਗਾਂ ਗ੍ਰਸਿਆ, ਲੱਗਦੀ ਕੋਈ ਸਾਜਿਸ਼ ਗਹਿਰੀ,
ਦਰਿਆ ਛੇਵਾਂ ਜੋਰੀਂ ਵਗ ਰਿਹਾ, ਭਰ ਟੀਕੇ ਨਸ਼ੇ ਸ਼ਰਾਬ ।
ਉਠ ਜਾਗ ਪੰਜਾਬ ਦਿਆ ਵਾਰਸਾ,ਉਠ ਤੱਕ ਆਪਣਾ ਪੰਜਾਬ ,
ਅੱਜ ਜ਼ਹਿਰਾਂ ਦੂਸ਼ਤ ਕਰ ਦਿੱਤੇ, ਤੇਰੇ ਸ਼ੀਤਲ ਪੰਜੇ ਆਬ ।

ਸਿਰਫ ਵੋਟਾਂ ਦੇ ਵਣਜ ਵਪਾਰ ਲਈ ਸਾਡੇ ਨੇੜੇ ਢੁੱਕਦੇ,
ਸਾਡੀ ਅਣਖ ਨੂੰ ਮਾਰ ਮੁਕਾਣ ਲਈ ਇਹ ਸੌਂਹਾਂ ਚੁੱਕਦੇ ,
ਜਦੋਂ ਜਾ ਕੁਰਸੀ ਹੈ ਮੱਲਦੇ ਫੇਰ ਨਹੀਂ ਸੁਣਦੇ ਫਰਿਆਦ ।
ਉਠ ਜਾਗ ਪੰਜਾਬ ਦਿਆ ਵਾਰਸਾ, ਉਠ ਤੱਕ ਆਪਣਾ ਪੰਜਾਬ ,
ਅੱਜ ਜ਼ਹਿਰਾਂ ਦੂਸ਼ਤ ਕਰ ਦਿੱਤੇ, ਤੇਰੇ ਸ਼ੀਤਲ ਪੰਜੇ ਆਬ ।

ਸਭ ਲੋਟੂ ਧਾੜਾਂ ਰਲ ਗਈਆਂ ਤੇ ਸਭ ਲੁੱਟਦੇ ਰਲਕੇ ,
ਬਣੇ ਲੋਕ ਕੁਰਬਾਨੀ ਦਾ ਬੱਕਰਾ ਹੈ ਤਲਵਾਰਾਂ ਗਲਤੇ ,
ਧਰਮ ਨੂੰ ਗੱਡੀ ਜੋੜਦੇ ਫੜ ਆਪਨੇ ਹਥ ਵਿਚ ਵਾਗ ।
ਉਠ ਜਾਗ ਪੰਜਾਬ ਦਿਆ ਵਾਰਸਾ, ਉਠ ਤੱਕ ਆਪਣਾ ਪੰਜਾਬ ,
ਅੱਜ ਜ਼ਹਿਰਾਂ ਦੂਸ਼ਤ ਕਰ ਦਿੱਤੇ, ਤੇਰੇ ਸ਼ੀਤਲ ਪੰਜੇ ਆਬ ।

ਹਾਲੇ ਤੱਕ ਵਿਚ ਆਲ੍ਣੀ ਤੇਰੀਆਂ ਆਸਾਂ ਦੇ ਬੋਟ ,
ਪਰ ਆਲ੍ਣੇ ਦੇ ਰਾਖਿਆਂ ਦੇ ਮਨਾਂ ਚ ਦਿਸਦੇ ਖੋਟ ,
ਜੇ ਉਠ ਨਾ ਮੌਕਾ ਸਾਂਭਿਆ ਤਾਂ ਮਿੱਟੀ ਮਿਲਣੇ ਖਾਬ ।
ਉਠ ਜਾਗ ਪੰਜਾਬ ਦਿਆ ਵਾਰਸਾ, ਉਠ ਤੱਕ ਆਪਣਾ ਪੰਜਾਬ ,
ਅੱਜ ਜ਼ਹਿਰਾਂ ਦੂਸ਼ਤ ਕਰ ਦਿੱਤੇ , ਤੇਰੇ ਸ਼ੀਤਲ ਪੰਜੇ ਆਬ ।

ਉਠ ਖੜ ਵੇ ਦੁੱਲਿਆ ਪੁੱਤਰਾ ਕਿਤੇ ਦੇਰ ਨਾ ਹੋਜੇ ,
ਤੇਰੀ ਮਾਂ ਪੰਜਾਬੋ ਪਈ ਪਿੱਟਦੀ ਸੁਣ ਵੈਣ ਖਲੋਕੇ ,
ਘੋਲੀਆ ਚੋਰ ਉਚੱਕੇ ਚੌਧਰੀ ਅੱਜ ਜੇਹੜੇ ਕਰਨ ਹਿਸਾਬ ।
ਉਠ ਜਾਗ ਪੰਜਾਬ ਦਿਆ ਵਾਰਸਾ, ਉਠ ਤੱਕ ਆਪਣਾ ਪੰਜਾਬ ।
ਅੱਜ ਜ਼ਹਿਰਾਂ ਦੂਸ਼ਤ ਕਰ ਦਿੱਤੇ ਤੇਰੇ ਸ਼ੀਤਲ ਪੰਜੇ ਆਬ ॥

Friday, 14 June 2013


ਮਾਂ ਬੋਲੀਏ ਭੋਰਾ ਵੀ ਨਾ ਫਿਕਰ ਕਰੀਂ - ਬਲਵਿੰਦਰ ਸਿੰਘ ਕਾਲੀਆ

ਸੱਤ ਸਮੁੰਦਰੋਂ ਪਾਰ ਵੀ ਹੇਕਾਂ ਲਾਉਂਦੇ ਜੋ, 
ਜੁੱਗ-ਜੁੱਗ ਜਿਉਂਦੇ ਰਹਿਣ ਸਦਾ ਉਹ ਵੀਰ ਮੇਰੇ।
ਮਾਂ ਬੋਲੀਏ ਭੋਰਾ ਵੀ ਨਾ ਫਿਕਰ ਕਰੀਂ, 
ਜਿਉਂਦੇ ਜੀਅ ਅਸੀਂ ਵਹਿਣ ਨੀਂ ਦਿੰਦੇ ਨੀਰ ਤੇਰੇ।

ਮਾਂ ਬੋਲੀ 'ਤੇ ਕਿਉਂ ਨਾ ਕੋਈ ਮਾਣ ਕਰੇ, 
ਪੁੱਤ ਕਾਹਦਾ ਜੋ ਮਾਂਵਾਂ ਦਾ ਅਪਮਾਣ ਕਰੇ।
ਮਾਂ ਬੋਲੀ ਤਾਂ ਮਿੱਠੀ ਮਾਂ ਦੇ ਸ਼ੀਰ ਜਿਹੀ, 
ਰੱਖ ਪਰਾਂ ਕੀ ਕਰਨੇ ਅਸੀਂ ਖਮੀਰ ਤੇਰੇ।
ਮਾਂ ਬੋਲੀਏ ਭੋਰਾ ਵੀ ਨਾ ਫਿਕਰ ਕਰੀਂ………।

ਪੀਰ ਪੈਗੰਬਰਾਂ, ਗੁਰੂਆਂ ਦੀ ਤੂੰ ਜਾਈ ਹੈਂ,
ਸਭ ਧਰਮਾਂ, ਕੌਮਾਂ ਨੇ ਤੂੰ ਅਪਣਾਈ ਹੈਂ।
(ਮੈਨੂੰ) ਭਾਗਾਂ ਦੇ ਨਾਲ ਜਨਮ ਤੇਰੇ ਘਰ ਮਿਲਿਆ ਹੈ, 
ਮੈਂ ਹਿਕੜੀ ਲਾ ਰੱਖੇ ਸ਼ਬਦ ਅਮੀਰ ਤੇਰੇ।
ਮਾਂ ਬੋਲੀਏ ਭੋਰਾ ਵੀ ਨਾ ਫਿਕਰ ਕਰੀਂ………….।

ਤੇਰੇ ਕਰਕੇ ਅਕਲ, ਸਮਝ ਕੁਝ ਆਈ ਹੈ, 
ਤੇਰੇ ਬਲ ਕਰਕੇ ਹੀ ਕਰੀ ਪੜ੍ਹਾਈ ਹੈ।
ਤੇਰੇ ਨਾਲ਼ ਹੀ ਪੰਜ-ਆਬਾਂ ਦੇ ਮਾਲਕ ਹਾਂ, 
ਤੈਨੂੰ ਭੁੱਲ ਕੇ ਲੱਗਣ ਪੁੱਤ ਫਕੀਰ ਤੇਰੇ।
ਮਾਂ ਬੋਲੀਏ ਭੋਰਾ ਵੀ ਨਾ ਫਿਕਰ ਕਰੀਂ………….।

ਰਹਿੰਦੀ ਦੁਨੀਆਂ ਤੀਕਰ ਗੂੰਜਾਂ ਪੈਣਗੀਆਂ, 
ਮਾਂ ਬੋਲੀ ਵਿਚ ਲੋਰੀਆਂ ਮਿਲਦੀਆਂ ਰਹਿਣਗੀਆਂ।
ਅਸੀਂ ਨੈੱਟ ਰਾਹੀਂ ਤੈਨੂੰ ਅੰਬਰਾਂ ਤੱਕ ਪੁਚਾਇਆ ਹੈ, 
ਹੁਣ ਕਿਹੜਾ ਭੜੂਆ ਮਾਰੂ ਸੀਨੇ ਤੀਰ ਤੇਰੇ।
ਮਾਂ ਬੋਲੀਏ ਭੋਰਾ ਵੀ ਨਾ ਫਿਕਰ ਕਰੀਂ…...…।
----------0-----------

1984 ਦੇ ਦਿੱਲੀ ਕਤਲੇਆਮ  - Kavinder Chaand

ਇੱਜ਼ਤ ਮਿੱਟੀ ਹੁੰਦੀ ਤੱਕੀ ,ਤਰਸ ਭਰੀ ਖ਼ੁਦਦਾਰੀ ਤੱਕੀ 
ਦਿੱਲੀ ਦੇ ਬਜ਼ਾਰਾਂ ਅੰਦਰ , ਵਿਲਕ ਰਹੀ ਸਰਦਾਰੀ ਤੱਕੀ 

ਇੱਕ ਉਚੇਚੀ ਸ਼ਕਲ ਦੇ ਬੰਦੇ ,ਮਾਈਆਂ,ਬੱਚੇ ਲੱਭਦੀ ਹੋਈ
ਸਰੇਆਮ ਬਾਜ਼ਾਰੀਂ ਫਿਰਦੀ ,ਇੱਕ ਰਾਈਫਲ ਸਰਕਾਰੀ ਤੱਕੀ 

ਅੱਖਾਂ ਸਾਹਵੇਂ ਮਰੇ ਪਤੀ ਤੇ ਪੁੱਤਰ ਦੀ ਤਸਵੀਰ ਦੇ ਮੂਹਰੇ 
ਭਾਰਤ ਮਾਂ ਦੀ ਮੂਰਤ ਵਰਗੀ ,ਇੱਕ ਭਾਰਤੀ ਨਾਰੀ ਤੱਕੀ 

ਨਹੁੰ ਤੇ ਮਾਸ ਦੇ ਰਿਸ਼ਤੇ ਟੁੱਟੇ ,ਸਾਥੀ ਰੂਪ ਬਦਲਦੇ ਵੇਖੇ
ਸੱਜਣਾਂ ਦੀ ਠੱਗੀ ਵੀ ਤੱਕੀ ,ਭਗਤਾਂ ਦੀ ਬਦਕਾਰੀ ਤੱਕੀ

ਬਹੁੱਤ ਉਡੀਕਾਂ ਪਿਛੋਂ ਜਾਕੇ ਲਾਸ਼ ਮਿਲੀ ਇਨਸਾਫ਼ ਦੀ ਨੰਗੀ
ਹੰਝੂਆਂ ਦੇ ਇਸ ਹੜ੍ ਦੇ ਓੁਹਲੇ ,ਇੱਕ ਖਚਰੀ ਕਿਲਕਾਰੀ ਤੱਕੀ

ਰੋਸੇ ,ਹੰਝੂ ,ਬੇਇਨਸਾਫੀ ,ਬੇਗਾਨੇਪਨ ਦਾ ਅਹਿਸਾਸ
ਸਿਵਿਆਂ ਜਹੇ ਸੀਨਿਆਂ ਅੰਦਰ ਸੁਲਘ ਰਹੀ ਚਿੰਗਾਰੀ ਤੱਕੀ

ਮੁੱਖ-ਧਾਰਾ ਵਿੱਚ ਮੁੜ ਆਏ ਹਾਂ , ਆਖ਼ਰ ਦੇਸ਼ ਭਗਤ ਜੋ ਹੋਏ
ਆਪਣੇ ਹੀ ਆਜ਼ਾਦ ਮੁਲਕ ਵਿੱਚ ਘੱਟ ਗਿਣਤੀ ਬੇਚਾਰੀ ਤੱਕੀ

ਪੱਗਾਂ ਸਿਰ ਤੇ ਸੋਭਦੀਆਂ ਨੇ ,ਪੱਗਾਂ ਨੂੰ ਪੈਰੀਂ ਨਾ ਰੋਲੋ
ਪੱਗਾਂ ਦੀ ਖ਼ੁਦਦਾਰੀ ਹੇਠਾਂ ,ਪੱਗਾਂ ਦੀ ਲਾਚਾਰੀ ਤੱਕੀ

ਕਦੇ ਅਨਮੋਲ ਵਿਰਸੇ ਇੰਝ ਨਹੀ ਖੋਈ ਦੇ - Preet Sran


ਤੁਹਾਨੂੰ ਸਮੇਂ ਪੁਰਾਣੇ ਚ ਹਾਂ ਲਿਜਾਣ ਲੱਗੀ ,
ਜਿਥੇ ਵੱਸਦਾ ਸੀ ਪੁਰਾਣਾ ਪੰਜਾਬ ਸਾਡਾ !
ਲੋਕੀਂ ਭੁੱਲਦੇ ਜਾਂਦੇ ਕੁੱਝ ਚੀਜ਼ਾਂ ਨੂੰ,
ਸੁਣਕੇ ਇਹਨਾਂ ਬਾਰੇ ਲੱਗੇ ਦੁੱਖ ਡਾਢਾ !

ਚਲੋ ਚਰਖੇ ਨੂੰ ਤਾਂ ਸਭ ਜਾਣਦੇ ਈ ਨੇ,
ਸ਼ਬਦ ਤੰਦ, ਗਲੋਟੇ, ਪੂਣੀਆਂ ਵੀ ਪਹਿਚਾਣਦੇ ਈ ਨੇ !
ਪਰ ਕੁੱਝ ਵਿਸਰੇ ਨਾਮ ਯਾਦ ਕਰਵਾ ਦੇਵਾਂ,
ਮਾਹਲ, ਤੱਕਲਾ, ਟੇਰਨ ਤੇ ਕੱਤਣੀ,
ਤੁਹਾਡੇ ਚੇਤਿਆਂ ਚ ਫਿਰ ਵਸਾ ਦੇਵਾਂ !

ਹੋਲੀ-ਹੋਲੀ ਹੋ ਰਹੀ ਆਲੋਪ ਮਧਾਣੀ,
ਕੁੱਝ ਇਸਦੇ ਬਾਰੇ ਵੀ ਵਿਚਾਰ ਕਰੀਏ !
ਸ਼ਬਦ ਚਾਟੀ, ਨੇਤਰਾ ਅਤੇ ਨੇਹੀ,
ਕੁੱਝ ਇਹਨਾਂ ਦਾ ਵੀ ਗਿਆਨ ਕਰੀਏ !

"ਖੂਹ" ਸ਼ਬਦ ਤਾਂ ਆਉਂਦਾ ਏ ਗੀਤਾਂ ਵਿਚ ਵੀ
ਪਰ ਸ਼ਬਦ ਟਿੰਡਾਂ ਤੇ ਮੌਣ ਵਿਸਾਰ ਗਏ !
ਬੋਹਲ, ਫਲਾ ਤੇ ਝਾਫੇ ਕੀ ਹੁੰਦੇ ?
ਇਹ ਸ਼ਬਦ ਵੀ ਉਡਾਰੀ ਮਾਰ ਗਏ !

ਖੇਤੀ ਧਾਰ ਗਈ ਰੂਪ ਆਧੁਨਿਕਤਾ ਦਾ,
ਸੰਦ ਪੁਰਾਣਿਆਂ ਨੂੰ ਜੰਗਾਲ ਖਾ ਗਿਆ !
ਪੰਜਾਲੀ, ਤ੍ਰ੍ਪਾਲੀ, ਜੀਉੜਾ, ਤੰਗਲੀ
ਸ੍ਲਗ, ਦੁਸਾਂਗਾ, ਬਘਿਆੜ ਤੇ ਪੋਰ,
ਸਾਰੇ ਸੰਦਾਂ ਦਾ ਰੂਪ ਨਵਾਂ ਆ ਗਿਆ !

ਕੁਲਾੜੀ, ਪੇਂਜਾ, ਤਾੜਾ ਤੇ ਘਰਾਟ,
ਸਾਰੇ ਸ਼ਬਦ ਤਾਂ ਆਚੰਭਾ ਹੋ ਗਏ !
ਭੜੋਲੀ, ਆਲਾ ਤੇ ਅਗੀਠੀ ਕਿਥੋਂ ਯਾਦ ਰਹਿਣੀ ?
ਸਾਰੇ ਬੀਤੇ ਵੇਲਿਆਂ ਦੇ ਵਿਚ ਖੋ ਗਏ !

ਪੰਜਾਬੀ ਪਹਿਰਾਵੇ ਵੀ ਵਿਚ 
ਕਈ ਰੰਗਾਂ ਦੇ ਰੰਗੇ ਗਏ,
ਘੱਗਰੇ, ਗਰਾਰੇ, ਦੋਸ਼ਾਲੇ, ਬਾਗ, ਫੁਲਕਾਰੀ
ਸ਼ਬਦ ਕਿੱਲੀਆਂ ਉੱਤੇ ਟੰਗੇ ਗਏ !

ਬਲਟੋਹੀ, ਛੰਨਾ, ਕੌਲ, ਗੜਵਾ
ਕਦੇ ਸੀ ਸ਼ਿੰਗਾਰ ਰਸੋਈ ਦੇ,
"ਪ੍ਰੀਤ" ਵਿਰਸਾ ਸਾਡਾ ਬੜਾ ਅਮੀਰ ਹੈ !
ਵਿਚ ਚੇਤਿਆਂ ਦੇ ਅਸੀਂ ਵਸਾ ਲਈਏ,
ਕਦੇ ਅਨਮੋਲ ਵਿਰਸੇ ਇੰਝ ਨਹੀ ਖੋਈ ਦੇ !!

ਲੋਕਾਂ ਨੂੰ ਲੁੱਟਣ ਪਾਖੰਡੀ - ਜਰਨੈਲ ਘੁਮਾਣ


ਭਰੇ ਭਰੇ ਨੇ ਪੰਨੇ ਅੱਜ ਕੱਲ੍ਹ , ਸਭ ਅਖ਼ਬਾਰਾਂ ਦੇ ।
ਜੋਤਿਸ਼ , ਕਾਲਾ ਜਾਦੂ ਵਰਗੇ ਕੁੱਲ ਇਸ਼ਤਿਹਾਰਾਂ ਦੇ ।
ਲਾਲ ਕਿਤਾਬ’ ਪੜ੍ਹਨ ਵਿੱਚ ਕੋਈ , ਮੈਥੋਂ ਮਾਹਿਰ ਨਹੀਂ ।
ਜੰਤਾ ਨੂੰ ਜੋਤਸ਼ੀ ਲੁੱਟਦੇ , ਨੱਥ ਪਾਉਂਦੀ ਸਰਕਾਰ ਨਹੀਂ ॥
ਲੋਕਾਂ ਨੂੰ ਲੁੱਟਣ ਪਾਖੰਡੀ , ਹੱਥ ਪਾਉਂਦੀ ਸਰਕਾਰ ਨਹੀਂ ॥

ਕੋਈ ਕਹੇ ਮੈਂ ਕਾਲੇ ਮਾਂਹ ਜੇ ਦਾਨ ਕਰਾ ਦੇਵਾਂ ,
ਮੂੰਗਾ ਜਾਂ ਫਿਰ ਪੁਖਰਾਜ ਉਂਗਲੀ ਵਿੱਚ ਪਾ ਦੇਵਾਂ ,
ਮੇਰੇ ਕਹਿਣ ’ਤੇ ਬੰਦਾ ਜੇਕਰ, ਰੱਖ ਉਪਵਾਸ ਲਵੇ,
ਚਾਲੀ ਦਿਨ ਵਿੱਚ ਸਭ ਕਸ਼ਟਾਂ ਦਾ ਹੋਇਆ ਨਾਸ ਲਵੇ,
ਫੀਸ ਇੱਕੀ ਸੌ ਪਹਿਲਾਂ, ਕਰਨਾ ਧੇਲਾ ਉਧਾਰ ਨਹੀਂ ।
ਲੋਕਾਂ ਨੂੰ ਲੁੱਟਣ ਪਾਖੰਡੀ, ਹੱਥ ਪਾਉਂਦੀ ਸਰਕਾਰ ਨਹੀਂ ॥
ਜੰਤਾ ਨੂੰ ਜੋਤਸ਼ੀ ਲੁੱਟਦੇ, ਨੱਥ ਪਾਉਂਦੀ ਸਰਕਾਰ ਨਹੀਂ ॥

ਕਾਲੇ ਤਿਲ ਜੇ ਸੱਤ ਘਰਾਂ ਦੇ ਬੂਹੇ ਧਰ ਆਵੇਂ,
ਕੱਚੇ ਕੋਅਲੇ ਵਜ਼ਨ ਬਰਾਬਰ ਖੂਹ ਵਿੱਚ ਭਰ ਆਵੇਂ,
ਬੁੱਧਵਾਰ ਨੂੰ ਸੱਤ ਸੱਪਾਂ ਨੂੰ ਦੁੱਧ ਪਿਲਾ ਦੇਂ ਜੇ,
ਪੀਲੇ ਬਸਤਰ ਵੀਰਵਾਰ ਨੂੰ ਦਾਨ ਕਰਾਦੇਂ ਜੇ,
ਫੇਰ ਵੇਖਦਿਆਂ ਕਾਕਾ ਕਿੱਦਾਂ ਜਾਂਦਾ ਬਾਹਰ ਨਹੀਂ ।
ਲੋਕਾਂ ਨੂੰ ਲੁੱਟਣ ਪਾਖੰਡੀ, ਹੱਥ ਪਾਉਂਦੀ ਸਰਕਾਰ ਨਹੀਂ ॥
ਜੰਤਾ ਨੂੰ ਜੋਤਸ਼ੀ ਲੁੱਟਦੇ, ਨੱਥ ਪਾਉਂਦੀ ਸਰਕਾਰ ਨਹੀਂ ॥

ਔਤ ਮਰਿਆ ਘਰ ਥੋਡੇ, ਬਣ ਪ੍ਰੇਤ ਸਤਾਉਂਦੈ ਜੋ,
ਬਣਦੇ ਬਣਦੇ ਕੰਮਾਂ ਵਿੱਚ, ਅੜਿਕਾ ਡਾਹੁੰਦੈ ਜੋ,
ਘਰ ਕੀਲਣਾ ਪੈਣਾ, ਖੂੰਜੇ ਮੇਖਾਂ ਗੱਡਣੀਆਂ,
ਕਾਲਾ ਮੰਤਰ ਫੂਕ, ਭਟਕਦੀਆਂ ਰੂਹਾਂ ਕੱਢਣੀਆਂ,
ਜਾਊ ਚੀਕਦਾ ਭੂਤ, ਘੜੀ ਉਹ ਟਿਕਣਾ ਚਾਰ ਨਹੀਂ ।
ਲੋਕਾਂ ਨੂੰ ਲੁੱਟਣ ਪਾਖੰਡੀ, ਹੱਥ ਪਾਉਂਦੀ ਸਰਕਾਰ ਨਹੀਂ ॥
ਜੰਤਾ ਨੂੰ ਜੋਤਸ਼ੀ ਲੁੱਟਦੇ , ਨੱਥ ਪਾਉਂਦੀ ਸਰਕਾਰ ਨਹੀਂ ॥

ਸੰਦੂਰ, ਬਿੰਦੀ ’ਤੇ ਟਿੱਕੀ, ਦੀਵਾ ਬਾਲ ਚੁਰੱਸਤੇ ਵਿੱਚ ,
ਤੇਲ ਦੀਆਂ ਪਕਾ ਦੇਈਂ ਪੂਰੀਆਂ, ਸਰ ਜਾਊ ਸਸਤੇ ਵਿੱਚ,
ਸੱਤ ਸਵਾਹ ਦੀਆਂ ਪਿੰਨੀਆਂ ’ਤੇ ਇੱਕ ਕੁੱਜਾ ਸ਼ਰਬਤ ਦਾ,
ਇੱਲ੍ਹ ਦੀ ਬਿੱਠ ਨਾਲ ਲਿਬੜਿਆ, ਚਿੱਟਾ ਪੱਥਰ ਪਰਬਤ ਦਾ,
ਇਹ ਸਭ ਕਰਕੇ, ਕੁੱਖੋਂ ਸੱਖਣੀ ਰਹਿੰਦੀ ਨਾਰ ਨਹੀਂ ।
ਲੋਕਾਂ ਨੂੰ ਲੁੱਟਣ ਪਾਖੰਡੀ, ਹੱਥ ਪਾਉਂਦੀ ਸਰਕਾਰ ਨਹੀਂ ॥
ਜੰਤਾ ਨੂੰ ਜੋਤਸ਼ੀ ਲੁੱਟਦੇ, ਨੱਥ ਪਾਉਂਦੀ ਸਰਕਾਰ ਨਹੀਂ ॥

ਇੱਕ ਸਿਵੇ ਦੀ ਹੱਡੀ, ਖੋਪੜੀ ਛੜੇ ਜਾਂ ਰੰਡੇ ਦੀ,
ਅੱਕ ਦੇ ਦੁੱਧ ਵਿੱਚ ਧੋ ਕੇ, ਭੂੰਕ ਮਚਾ ਕੇ ਗੰਢੇ ਦੀ ,
ਸ਼ਮਸਾਨ ਵਿੱਚ ਬੈਠ, ਇਹ ਮੰਤਰ ਰਾਖ ਬਣਾ ਆਵੋ,
ਕਾਲੇ ਕਪੜੇ ਵਿੱਚ ਲਪੇਟ ਕੇ, ਖੂਹ ਵਿੱਚ ਪਾ ਆਵੋ,
ਆਉਂਦੀ ਪੇਸ਼ੀ ’ਤੇ ਜਿੱਤ ਜਾਓਗੇ , ਹੁੰਦੀ ਹਾਰ ਨਹੀਂ ।
ਲੋਕਾਂ ਨੂੰ ਲੁੱਟਣ ਪਾਖੰਡੀ, ਹੱਥ ਪਾਉਂਦੀ ਸਰਕਾਰ ਨਹੀਂ ॥
ਜੰਤਾ ਨੂੰ ਜੋਤਸ਼ੀ ਲੁੱਟਦੇ, ਨੱਥ ਪਾਉਂਦੀ ਸਰਕਾਰ ਨਹੀਂ ॥

ਇਸ਼ਕ ’ਚ ਧੋਖਾ ਖਾ ਗਏ ਜਾਂ ਵਸ ਕਰਨੈ ਨਾਰੀ ਨੂੰ,
ਅੰਗ ਸੰਗ ਹੈ ਰੱਖਣਾ, ਸੁਪਨਿਆਂ ਵਿੱਚ ਸ਼ਿੰਗਾਰੀ ਨੂੰ,
ਪੈਰ ਓਹਦੇ ਦੀ ਮਿੱਟੀ ਮੈਨੂੰ ਲਿਆ ਕੇ ਦੇ ਕੇਰਾਂ,
ਆਹ ਮੰਤਰ ਨੂੰ ਉਸਦੇ ਸਿਰੋਂ ਘੁੰਮਾ ਕੇ ਦੇ ਕੇਰਾਂ,
ਲਾਟੂ ਵਾਗੂੰ ਘੁੰਮੂ ਦੁਆਲੇ, ਖੁੱਸਣਾ ਪਿਆਰ ਨਹੀਂ ।
ਲੋਕਾਂ ਨੂੰ ਲੁੱਟਣ ਪਾਖੰਡੀ, ਹੱਥ ਪਾਉਂਦੀ ਸਰਕਾਰ ਨਹੀਂ ॥
ਜੰਤਾ ਨੂੰ ਜੋਤਸ਼ੀ ਲੁੱਟਦੇ, ਨੱਥ ਪਾਉਂਦੀ ਸਰਕਾਰ ਨਹੀਂ ॥

ਇੰਟਰਨੈੱਟ ਦੇ ਜ਼ਰੀਏ, ਆਨ ਲਾਇਨ ਹੀ ਚੈਟ ਕਰੋ,
ਇੱਕ ਸਵਾਲ ਦੇ ਪੰਜ ਕੁ ਡਾਲਰ, ਖਾਤੇ ਵਿੱਚ ਭਰੋ,
ਲਾਲ ਕਿਤਾਬ ਦਾ ਜਾਣੂ, ਫਟਾ ਫਟ ਜੁਵਾਬ ਦੇਊਂ,
ਪੀ.ਆਰ. ਕਦ ਮਿਲੂ, ਲਗਾ ਪੱਕੇ ਹਿਸਾਬ ਦੇਊਂ,
ਡਾਈਬੋਰਸ ਨਹੀਂ ਹੁੰਦਾ ਜਾਂ ਚਲਦਾ ਵਿਉਪਾਰ ਨਹੀਂ ।
ਲੋਕਾਂ ਨੂੰ ਲੁੱਟਣ ਪਾਖੰਡੀ, ਹੱਥ ਪਾਉਂਦੀ ਸਰਕਾਰ ਨਹੀਂ ॥
ਜੰਤਾ ਨੂੰ ਜੋਤਸ਼ੀ ਲੁੱਟਦੇ, ਨੱਥ ਪਾਉਂਦੀ ਸਰਕਾਰ ਨਹੀਂ ॥

ਵਧ ਰਹੀਆਂ ਨੇ ਧੋਖੇਧੜੀਆਂ, ਢੰਗ ਅਨੇਕਾਂ ਨੇ ,
ਖਾ ਲਈ ਭੋਲੀ ਜੰਤਾਂ, ਜੋਤਿਸ਼ੀ , ਬਾਬਿਆਂ, ਭੇਖਾਂ ਨੇ,
ਸੰਭਲੋ ਲੋਕੋ ਸੰਭਲੋ, ਹੋਕਾ ਦੇਵੇ ‘ਘੁਮਾਣ’ ਏਹੋ,
ਛਿੱਤਰਾਂ ਦੇ ਪੀਰ ਬਨਾਉਟੀ ਜੋ, ਸਾਰੇ ਭਗਵਾਨ ਏਹੋ,
ਟੂੰਣੇ ਟਾਮਣ, ਕਿਸਮਤ ਬਦਲਣ ਦੇ ਉਪਚਾਰ ਨਹੀਂ ।
ਲੋਕਾਂ ਨੂੰ ਲੁੱਟਣ ਪਾਖੰਡੀ, ਹੱਥ ਪਾਉਂਦੀ ਸਰਕਾਰ ਨਹੀਂ ॥
ਜੰਤਾ ਨੂੰ ਜੋਤਸ਼ੀ ਲੁੱਟਦੇ, ਨੱਥ ਪਾਉਂਦੀ ਸਰਕਾਰ ਨਹੀਂ ॥
--------੦--------

ਚੰਗਾ ਸੁਣੀਏ, ਚੰਗੇ ਬਣੀਏ - ਸੋਨੂੰ ਛਾਬੜਾ

ਚੰਗਾ ਸੁਣੀਏ, ਚੰਗੇ ਬਣੀਏ
ਚੰਗੇ ਸੰਗੀਤ ਦੀ ਇਹੀ ਪਹਿਚਾਣ ਦੋਸਤੋ,

ਜਿਸ ਨੂੰ ਸੁਣ ਕੇ ਮਨ ਖਿੜ ਜਾਵੇ,
ਨਾਲ ਮਿਲ ਜਾਏ ਭਗਵਾਨ ਦੋਸਤੋ,

ਇਹੋ ਜਿਹੇ ਗੀਤ ਨਾ ਸੁਣੀਏ ਜਿਸ ਨਾਲ,
ਰੱਬ ਵੀ ਲੱਗੇ ਸ਼ਰਮਾਣ ਦੋਸਤੋ।

ਧੀਆਂ-ਭੈਣਾਂ ਤੇ ਗੀਤ ਬਣਾ ਕੇ,
ਕਰਤਾ ਪੰਜਾਬੀ ਵਿਰਸਾ ਬੇਜਾਨ ਦੋਸਤੋ।

ਆਪਣੇ ਘਰ ਝਾਤੀ ਨੀ ਮਾਰਦੇ,
ਹਰ ਕੁੜੀ ਚਿੜੀ ਨੂੰ ਬੇਵਫ਼ਾ ਬਨਾਣ ਦੋਸਤੋ।

ਗੰਡਾਸੀਆਂ ਬੰਦੂਕਾਂ ਦਾ ਚੰਗਾ ਇਸਤੇਮਾਲ ਕਰਦੇ,
ਜਿਵੇਂ ਗੀਤ ਨਹੀਂ ਕੋਈ ਜੰਗ ਦਾ ਮੈਦਾਨ ਦੋਸਤੋ।

ਇਹੀ ਗੀਤ ਨੇ ਬੱਚਿਆਂ 'ਤੇ ਵਾਰ ਕਰਦੇ,
ਕੋਈ ਹੈ ਜੋ ਆਵੇ ਬਚਾਣ ਦੋਸਤੋ।

ਉਂਝ ਤਾਂ ਅਸੀਂ ਪੜ੍ਹੇ-ਲਿਖੇ ਵੀ ਹਾਂ,
ਪਰ ਮਿਲਿਆ ਹੈ ਅਨਪੜ੍ਹਤਾ ਦਾ ਵਰਦਾਨ ਦੋਸਤੋ।

ਫੱਤੋ ਦੇ ਯਾਰ ਬੜੇ ਬੱਚਾ ਬੱਚਾ ਗਾਈ ਫਿਰਦਾ,
ਕੀ ਇਹੋ ਈ ਹੈ ਸਾਡੀ ਪਹਿਚਾਣ ਦੋਸਤੋ।

ਚੰਗਾ ਸੁਣੀਏ, ਚੰਗੇ ਬਣੀਏ, ਚੰਗੀ ਪਹਿਚਾਣ ਰੱਖੀਏ,
ਕਰੀਏ ਪੰਜਾਬ ਦੀ ਉੱਚੀ ਸ਼ਾਨ ਦੋਸਤੋ।

ਸੋਨੂੰ ਛੋਬੜਾ ਨੇ ਚੰਗਾ ਕਿਹਾ ਜਾਂ ਫਿਰ ਮਾੜਾ,
ਫ਼ੈਸਲਾ ਤੁਸੀਂ ਕਰੋ, ਨਹੀਂ ਤਾਂ ਰੱਬ ਸਾਨੂੰ ਕਹੇਗਾ ਹੈਵਾਨ ਦੋਸਤੋ।


ਸੱਚ ਜਿਉਂਦਾ ਹੈ - ਰਘਬੀਰ ਮੰਡੇਰ


ਕੱਲ੍ਹ ਮੈਨੂੰ ਸੱਚ ਮਿਲਿਆ,
ਪਾਟੇ ਜਿਹੇ ਗਲ ਲੀੜੇ ਸੀ,

ਮਾਸੂਮ ਜਿਹਾ ਇੱਕ ਬਾਲ ਸੀ।
ਬੈਠਾ ਸੀ ਸੜਕ ਕਿਨਾਰੇ,

ਜੁੱਤੀ ਚਮਕਾਉਂਦਾ ਸੀ,
ਚਿਹਰਾ ਕੁਝ ਭੁੱਖਾ ਸੀ ਥੋੜ੍ਹਾ ਬੇਹਾਲ ਸੀ।

ਆਉਂਦਾ ਸੀ ਪਰ ਵੱਲ ਉਸ ਨੂੰ,
ਗਾਹਕ ਭਰਮਾਉਣ ਦਾ।

ਮੈਂ ਵੀ ਕੀਤਾ ਲਾਲਚ,
ਜੁੱਤੀ ਚਮਕਾਉਣ ਦਾ।

ਸੋਚਦਾ ਹਾਂ ਪੁੱਛਿਆ ਨਹੀਂ ਮਿਹਨਤਨਾਮਾ,
ਲੁੱਟ ਨਾ ਲਵੇ ਕਿਤੇ,
ਬਾਕੀਆਂ ਦੇ ਵਾਂਗ ਹੀ।

ਬੜੀ ਹੀ ਸਾਦਗੀ ਨਾਲ ਉਸ ਮੰਗੇ ਜਦ,
ਬਸ ਦੋ ਰੁਪਏ, ਅੱਜ ਦੇ ਸਮੇਂ ਵਿੱਚ।

ਮੈਂ ਆਪਣੀ ਸੁਧਾਰਵਾਦੀ,
ਸੋਚ ਚਮਕਾਉਣ ਲਈ,
ਪੰਜ ਦੇ ਆਖਿਆ ਰੱਖ ਲੈ ਬਾਕੀ ਵੀ।

ਨਾ ਨਾ ਸਾਭ੍ਹ ਜੀ,
ਮੈਂ ਭੀਖ ਨਹੀਂ ਮੰਗਦਾ।

ਮੇਰੀ ਸੁਧਾਰਵਾਦੀ ਸੋਚ ਨੂੰ,
ਮਾਸੂਮ ਸੱਚ ਅੱਜ ਵੀ ਹੈ ਡੰਗਦਾ।

ਨੀ ਕੁੜੀਓ ਹੱਸਦੀਆਂ ਰਹੋ - ਦੇਵਿੰਦਰ ਸੈਫੀ


ਨੀ ਕੁੜੀਓ ਹੱਸਦੀਆਂ ਰਹੋ, ਹੱਸਦੀਆਂ ਲੱਗਦੀਆਂ ਚੰਗੀਆਂ
ਰੀਝਾਂ ਵਾਲੀਆਂ ਰਾਤ ਰਾਣੀਆਂ ਰਹਿਣ ਖੁਸ਼ੀ ਵਿੱਚ ਰੰਗੀਆਂ

ਜੇ ਤੁਸੀਂ ਹੱਸੋ ਧਰਤੀ ਹੱਸਦੀ, ਰਿਸ਼ਤਿਆਂ ਦੀ ਇਹ ਦੁਨੀਆ ਵੱਸਦੀ
ਆਸਾਂ ਦੀ ਹਰ ਅੰਬੀ ਰਸਦੀ, ਹਰ ਮੰਜ਼ਿਲ ਖੁਦ ਰਸਤੇ ਦੱਸਦੀ
ਹਾਸੇ ਥੋਡੇ ਸੁਣ ਕੇ ਬਾਬਲ ਭੁੱਲਦੇ ਤੁਰਸ਼ੀਆਂ ਤੰਗੀਆਂ
ਨੀ ਕੁੜੀਓ ਹੱਸਦੀਆਂ ਰਹੋ, ਹੱਸਦੀਆਂ ਲੱਗਦੀਆਂ ਚੰਗੀਆਂ
ਰੀਝਾਂ ਵਾਲੀਆਂ ਰਾਤ ਰਾਣੀਆਂ ਰਹਿਣ ਖੁਸ਼ੀ ਵਿੱਚ ਰੰਗੀਆਂ

ਤੁਸਾਂ ਦੇ ਕਾਰਨ ਜਗਦੇ ਦੀਵੇ, ਹਰ ਲੋਹੜੀ ਦੀ ਅਗਨੀ ਜੀਵੇ
ਰੱਖੜੀ ਪਿਆਰ ਦਾ ਅੰਮ੍ਰਿਤ ਪੀਵੇ, ਈਦ ਵੀ ਉਧੜੇ ਰਿਸ਼ਤੇ ਸੀਵੇ
ਨਾਲ ਤੁਸਾਂ ਦੇ ਹੱਸਦੀਆਂ ਇਥੇ ਹੋਲੀਆਂ ਰੰਗ ਬਿਰੰਗੀਆ
ਨੀ ਕੁੜੀਓ ਹੱਸਦੀਆਂ ਰਹੋ, ਹੱਸਦੀਆਂ ਲੱਗਦੀਆਂ ਚੰਗੀਆਂ
ਰੀਝਾਂ ਵਾਲੀਆਂ ਰਾਤ ਰਾਣੀਆਂ ਰਹਿਣ ਖੁਸ਼ੀ ਵਿੱਚ ਰੰਗੀਆਂ

ਟੂਣੇਹਾਰੀ ਪੌਣ ਹੈ ਵਗਦੀ, ਸਾਰੇ ਜੱਗ ਦੀਆਂ ਨਜ਼ਰਾਂ ਠੱਗਦੀ
ਰੰਗਾਂ ਦੀ ਇਕ ਮੰਡੀ ਲੱਗਦੀ, ਮੰਡੀ ਦੇ ਹੱਥ ਸੂਲੀ ਅੱਗ ਦੀ
ਇਸ ਸੂਲੀ ‘ਤੇ ਸੋਹਲ ਸੁਪਨਮਈ ਤਿਤਲੀਆਂ ਜਾਣ ਨਾ ਟੰਗੀਆਂ
ਨੀ ਕੁੜੀਓ ਹੱਸਦੀਆਂ ਰਹੋ, ਹੱਸਦੀਆਂ ਲੱਗਦੀਆਂ ਚੰਗੀਆਂ
ਰੀਝਾਂ ਵਾਲੀਆਂ ਰਾਤ ਰਾਣੀਆਂ ਰਹਿਣ ਖੁਸ਼ੀ ਵਿੱਚ ਰੰਗੀਆਂ

ਜੋ ਆਲ੍ਹਣਿਆਂ ਦੇ ਮੰਗਣ ਕਿਰਾਏ, ਦਾਤਾ ਉਹ ਨਾ ਰੁੱਖ ਮਿਲਾਏ
ਨਾ ਕੋਈ ਸ਼ੱਕੀ ਰਾਮ ਸਤਾਏ, ਰੂਹਾਂ ਤੱਕ ਸਮਝਣ ਹਮਸਾਏ
ਚਾਵਾਂ ਦੀਆਂ ਕਰੂੰਬਲਾਂ ‘ਸੈਫੀ’ ਕਦੇ ਨਾ ਜਾਵਣ ਡੰਗੀਆਂ
ਨੀ ਕੁੜੀਓ ਹੱਸਦੀਆਂ ਰਹੋ, ਹੱਸਦੀਆਂ ਲੱਗਦੀਆਂ ਚੰਗੀਆਂ
ਰੀਝਾਂ ਵਾਲੀਆਂ ਰਾਤ ਰਾਣੀਆਂ ਰਹਿਣ ਖੁਸ਼ੀ ਵਿੱਚ ਰੰਗੀਆਂ

ਵੇ ਕਲਮਾਂ ਦੇ ਮਾਲਕੋ - ਜਗਤਾਰ ਗਾਗਾ


ਵੇ ਕਲਮਾਂ ਦੇ ਮਾਲਕੋ ਥੋਡੀ ਅਕਲ ਨੂੰ ਹੋ ਗਿਆ ਕੀ?
ਕੰਧਾਂ ਕੋਠੇ ਟੱਪਦੀ ਗੀਤਾਂ ਵਿੱਚ ਪੰਜਾਬ ਦੀ ਧੀ

-ਕੁੱਖ ਵਿੱਚ ਕਤਲ ਤੇ ਦਾਜ ਸਮੱਸਿਆ, ‘ਤੇ ਨਈਂ ਗੀਤ ਬਣਾਉਂਦੇ
ਐੱਨ ਆਰ ਆਈਆਂ ਜੋ ਛੱਡ ਦਿੱਤੀਆਂ, ਦੇ ਨਈਂ ਦਰਦ ਵੰਡਾਉਂਦੇ
ਸੱਭਿਆਚਾਰ ਦੇ ਪਹਿਰੇਦਾਰਾਂ ਬੁੱਲ ਲਏ ਨੇ ਸੀਅ?
ਕੰਧਾਂ ਕੋਠੇ ਟੱਪਦੀ ਗੀਤਾਂ ਵਿੱਚ ਪੰਜਾਬ ਦੀ ਧੀ
ਵੇ ਕਲਮਾਂ ਦੇ ਮਾਲਕੋ ਥੋਡੀ ਅਕਲ ਨੂੰ ਹੋ ਗਿਆ ਕੀ ?

-ਇੱਕੋ ਪਿੰਡ ਦੇ ਮੁੰਡੇ ਕੁੜੀਆਂ, ਤੇ ਨਾ ਗੀਤ ਬਣਾਇਓ
ਪਿੰਡ ਦੀਆਂ ਕੁੜੀਆਂ ਧੀਆਂ ਭੈਣਾਂ, ਸਭਨਾਂ ਨੂੰ ਸਮਝਾਇਓ
ਪਿੰਡ ਹੁੰਦਾ ਪਰਿਵਾਰ ਤੇ ਹੁੰਦੇ ਅਸੀਂ ਏਸ ਦੇ ਜੀਅ
ਕੰਧਾਂ ਕੋਠੇ ਟੱਪਦੀ ਗੀਤਾਂ ਵਿੱਚ ਪੰਜਾਬ ਦੀ ਧੀ
ਵੇ ਕਲਮਾਂ ਦੇ ਮਾਲਕੋ ਥੋਡੀ ਅਲਕ ਨੂੰ ਹੋ ਗਿਆ ਕੀ?

-ਮਾਂ ਧੀ ਭੈਣ ਔਰਤ ਦੇ ਰਿਸ਼ਤੇ, ਇਹ ਰਿਸ਼ਤੇ ਨਾ ਛੂਹੇ
ਇੱਕੋ ਬੀਨ ਵਜਾਈ ਜਾਵੋਂ, ਲੱਚਰਤਾ ਦੇ ਬੂਹੇ
ਇਹ ਬੂਹਿਆਂ ਤੋਂ ਮਾਂ ਬੋਲੀ ਦੀ ਖੈਰ ਕਦੇ ਨਾ ਪਈ
ਕੰਧਾਂ ਕੋਠੇ ਟੱਪਦੀ ਗੀਤਾਂ ਵਿੱਚ ਪੰਜਾਬ ਦੀ ਧੀ
ਵੇ ਕਲਮਾਂ ਦੇ ਮਾਲਕੋ ਥੋਡੀ ਅਲਕ ਨੂੰ ਹੋ ਗਿਆ ਕੀ ?

-ਚੰਡੀਗੜ੍ਹ ਵਿੱਚ ਪੜਨ ਲਈ ਕੁੜੀਆਂ, ਆਪਣੀਆਂ ਹੀ ਗਈਆਂ 
ਜਾਣ ਨਾ ਸੁਣੀਆਂ ਗੱਲਾਂ ਜੋ ਤੁਸੀਂ, ਗੀਤਾਂ ਦੇ ਵਿੱਚ ਕਹੀਆਂ
ਥੋੜਾ ਰਹਿਮ ਗੁਜਾਰੋ ਵੀਰੋ ਪੜਨ ਲਿਖਣ ਦਿਓ ਧੀ
ਵੇ ਕਲਮਾਂ ਦੇ ਮਾਲਕੋ ਥੋਡੀ ਅਕਲ ਨੂੰ ਹੋ ਗਿਆ ਕੀ?
ਕੰਧਾਂ ਕੋਠੇ ਟੱਪਦੀ ਗੀਤਾਂ ਵਿੱਚ ਪੰਜਾਬ ਦੀ ਧੀ
---------੦---------

ਗ਼ਜ਼ਲ - ਬਲਜੀਤ ਪਾਲ ਸਿੰਘ


ਉਸਦਾ ਮਨ ਹੈ ਮੰਦਰ ਜੇਹਾ
ਪਰ ਮੇਰਾ ਦਿਲ ਖੰਡਰ ਜੇਹਾ

ਅੱਖਾਂ ਦੇ ਵਿਚ ਕੋਸਾ ਪਾਣੀ
ਸਭ ਦੇ ਕੋਲ ਸਮੁੰਦਰ ਜੇਹਾ

ਮਨ ਦੀ ਗੁਫ਼ਾ 'ਚ ਬੜਾ ਹਨੇਰਾ
ਕਾਲ ਕੋਠੜੀ ਅੰਦਰ ਜੇਹਾ

ਉਡਣਾ ਤਾਂ ਹਰ ਕੋਈ ਚਾਹੇ
ਪਰ ਕੁਝ ਮਿਲੇ ਤਾਂ ਅੰਬਰ ਜੇਹਾ

ਕਰਦਾ ਕ਼ਤਲ ਜੋ ਚੁੱਪ ਚੁਪੀਤੇ
ਇਸ਼ਕ ਵੀ ਤਿੱਖੇ ਖੰਜ਼ਰ ਜੇਹਾ

ਅਨਪੜ੍ਹ ਨੇਤਾ ਭਾਸ਼ਣ ਦੇਵੇ
ਲੱਗਦਾ ਨਿਰ੍ਹਾ ਕਲੰਦਰ ਜੇਹਾ

ਸਰਕਾਰਾਂ ਦੇ ਝੂਠੇ ਵਾਅਦੇ
ਸਭ ਕੁਝ ਝੂਠ ਅਡੰਬਰ ਜੇਹਾ



ਉਚੀਆਂ ਲੰਮੀਆਂ ਟਾਹਲੀਆਂ  - ਸੁਰਜੀਤ ਗਿੱਲ ਘੋਲੀਆ [ਮੋਗਾ]


ਉਚੀਆਂ ਲੰਮੀਆਂ ਟਾਹਲੀਆਂ ਵੇ ,ਉੱਤੇ ਪੀਂਘ ਲਈ ਅਸੀਂ ਪਾ ,
ਦੂਰ ਵਸੇਂਦਿਆ ਸੋਹਣਿਆਂ ਵੇ ,ਕਿਤੇ ਮਾਰ ਉਡਾਰੀ ਘਰ ਆ ,

ਮੈਂ ਕਤ੍ਤਾਂ ਜਿੰਦ ਦੀਆਂ ਪੂਣੀਆਂ,ਨਿੱਤ ਗਮਾਂ ਦਾ ਚਰਖਾ ਡਾਹ,
ਸਾਡਾ ਛੋਪ ਮੁੱਕਣ ਦੇ ਨੇੜ ਐ, ਝੱਟ ਆਕੇ ਮੁਖ ਦਿਖਲਾ ,
ਅਸੀਂ ਬਹੁਤ ਗਲੋਟੇ ਲਾਹ ਲਏ ਲੰਮੇ ਤੰਦ ਹਿਜਰਾਂ ਦੇ ਪਾ ,
ਦੂਰ ਵਸੇਂਦਿਆ ਸੋਹਣਿਆ ਵੇ ___________________।

ਸਾਡੀ ਆਸਾਂ ਵਾਲੀ ਸ਼ਾਮ ਵੀ ਹੁਣ ਢਲਦੀ ਜਾਵੇ ,
ਦੀਦ ਤੇਰੀ ਲਈ ਸੋਹਣਿਆ ਵੇ ਜਿੰਦ ਤਰਲੇ ਪਾਵੇ ,
ਕਿਤੇ ਪਾ ਆਸਾਂ ਨੂੰ ਬੂਰ ਵੇ ਬਣ ਸ਼ਾਮ ਸੰਧੂਰੀ ਆ ,
ਦੂਰ ਵਸੇਂਦਿਆ ਸੋਹਣਿਆ ਵੇ ____________________।

ਨੀਂਦ ਸਾਡੀ ਵੀ ਭੁੱਲਗੀ ਨੈਣਾ ਦੇ ਬੂਹੇ ,
ਯਾਦ ਤੇਰੀ ਹੈ ਬੈਠਗੀ ਸਾਡੇ ਮੱਲ ਬਰੂਹੇ,
ਪਹੁ ਫੁੱਟ ਚੱਲੀ ਸੋਹਣਿਆ ਵੇ ਬਣ ਸੁਰਖ ਸਵੇਰਾ ਆ ,
ਦੂਰ ਵਸੇਂਦਿਆ ਸੋਹਣਿਆ ਵੇ ____________________।

ਓਹ ਵਾਦੇ ਕਿਤੇ ਨਾ ਭੁੱਲਜੀਂ ਜੋ ਤੈਂ ਸੀ ਕੀਤੇ ,
ਜਿੰਨਾ ਦੇ ਸਿਰ ਤੇ ਮੈਂ ਸੀ ਪਿਆਲੇ ਹਿਜਰ ਦੇ ਪੀਤੇ ,
ਅਸੀਂ ਤਾਂ ਜਿੰਦ ਵੀ ਆਪਣੀ ਦਿੱਤੀ ਤੇਰੇ ਨਾਮ ਲਿਖਵਾ ,
ਦੂਰ ਵਸੇਂਦਿਆ ਸੋਹਣਿਆ ਵੇ _____________________।

ਪਲ ਪਲ ਸਾਡੀ ਜਿੰਦ ਦਾ ਹੈ ਸਾਲਾਂ ਵਾਂਗ ਗਿਆ ,
ਲੋਕੀਂ ਵੀ ਤਾਹਨੇ ਮਾਰਦੇ ਅਸੀਂ ਬਿਰਹਾ ਲਿਆ ਵਿਆਹ ,
ਤੂੰ ਸਿਰਫ ਸਾਡਾ ਹੈ ਸੋਹਣਿਆ ਜਦ ਤੱਕ ਹੈ ਸਾਡੇ ਸਾਹ ,
ਉਚੀਆਂ ਲੰਮੀਆਂ ਟਾਹਲੀਆਂ ਵੇ ,ਉੱਤੇ ਪੀਂਘ ਲਈ ਅਸੀਂ ਪਾ ,
ਦੂਰ ਵਸੇਂਦਿਆ ਸੋਹਣਿਆਂ ਵੇ ,ਕਿਤੇ ਮਾਰ ਉਡਾਰੀ ਘਰ ਆ