Friday, 14 June 2013


1984 ਦੇ ਦਿੱਲੀ ਕਤਲੇਆਮ  - Kavinder Chaand

ਇੱਜ਼ਤ ਮਿੱਟੀ ਹੁੰਦੀ ਤੱਕੀ ,ਤਰਸ ਭਰੀ ਖ਼ੁਦਦਾਰੀ ਤੱਕੀ 
ਦਿੱਲੀ ਦੇ ਬਜ਼ਾਰਾਂ ਅੰਦਰ , ਵਿਲਕ ਰਹੀ ਸਰਦਾਰੀ ਤੱਕੀ 

ਇੱਕ ਉਚੇਚੀ ਸ਼ਕਲ ਦੇ ਬੰਦੇ ,ਮਾਈਆਂ,ਬੱਚੇ ਲੱਭਦੀ ਹੋਈ
ਸਰੇਆਮ ਬਾਜ਼ਾਰੀਂ ਫਿਰਦੀ ,ਇੱਕ ਰਾਈਫਲ ਸਰਕਾਰੀ ਤੱਕੀ 

ਅੱਖਾਂ ਸਾਹਵੇਂ ਮਰੇ ਪਤੀ ਤੇ ਪੁੱਤਰ ਦੀ ਤਸਵੀਰ ਦੇ ਮੂਹਰੇ 
ਭਾਰਤ ਮਾਂ ਦੀ ਮੂਰਤ ਵਰਗੀ ,ਇੱਕ ਭਾਰਤੀ ਨਾਰੀ ਤੱਕੀ 

ਨਹੁੰ ਤੇ ਮਾਸ ਦੇ ਰਿਸ਼ਤੇ ਟੁੱਟੇ ,ਸਾਥੀ ਰੂਪ ਬਦਲਦੇ ਵੇਖੇ
ਸੱਜਣਾਂ ਦੀ ਠੱਗੀ ਵੀ ਤੱਕੀ ,ਭਗਤਾਂ ਦੀ ਬਦਕਾਰੀ ਤੱਕੀ

ਬਹੁੱਤ ਉਡੀਕਾਂ ਪਿਛੋਂ ਜਾਕੇ ਲਾਸ਼ ਮਿਲੀ ਇਨਸਾਫ਼ ਦੀ ਨੰਗੀ
ਹੰਝੂਆਂ ਦੇ ਇਸ ਹੜ੍ ਦੇ ਓੁਹਲੇ ,ਇੱਕ ਖਚਰੀ ਕਿਲਕਾਰੀ ਤੱਕੀ

ਰੋਸੇ ,ਹੰਝੂ ,ਬੇਇਨਸਾਫੀ ,ਬੇਗਾਨੇਪਨ ਦਾ ਅਹਿਸਾਸ
ਸਿਵਿਆਂ ਜਹੇ ਸੀਨਿਆਂ ਅੰਦਰ ਸੁਲਘ ਰਹੀ ਚਿੰਗਾਰੀ ਤੱਕੀ

ਮੁੱਖ-ਧਾਰਾ ਵਿੱਚ ਮੁੜ ਆਏ ਹਾਂ , ਆਖ਼ਰ ਦੇਸ਼ ਭਗਤ ਜੋ ਹੋਏ
ਆਪਣੇ ਹੀ ਆਜ਼ਾਦ ਮੁਲਕ ਵਿੱਚ ਘੱਟ ਗਿਣਤੀ ਬੇਚਾਰੀ ਤੱਕੀ

ਪੱਗਾਂ ਸਿਰ ਤੇ ਸੋਭਦੀਆਂ ਨੇ ,ਪੱਗਾਂ ਨੂੰ ਪੈਰੀਂ ਨਾ ਰੋਲੋ
ਪੱਗਾਂ ਦੀ ਖ਼ੁਦਦਾਰੀ ਹੇਠਾਂ ,ਪੱਗਾਂ ਦੀ ਲਾਚਾਰੀ ਤੱਕੀ

No comments:

Post a Comment