Sunday, 23 June 2013


ਗਜ਼ਲ - ਜਗਤਾਰ ਪਖੋ ਕੱਲਾਂ 


ਪਿੰਡ ਵੱਲ ਆਉਂਦੇ ਰਾਹਾਂ ਤੋਂ ਡਰ ਲੱਗਦਾ ਏ।
ਹੁਣ ਤਾਂ ਆਪਣੀਆਂ ਬਾਹਵਾਂ ਤੋਂ ਡਰ ਲੱਗਦਾ ਏ।

ਨਫਰਤ ਈਰਖਾ ਭਰਗੀ ਵਿੱਚ ਫਿਜ਼ਾਵਾਂ ਦੇ,
ਹੁਣ ਤਾਂ ਆਪਣੇ ਸਾਹਾਂ ਤੋਂ ਡਰ ਲੱਗਦਾ ਏ।

ਜ਼ਿੰਦਗੀ ਦਾ ਹਰ ਨੁਕਤਾ ਜਿੱਥੋਂ ਸਿੱਖੇ ਸੀ,
ਹੁਣ ਤਾਂ ਉਹਨਾਂ ਥਾਵਾਂ ਤੋਂ ਡਰ ਲੱਗਦਾ ਏ।

ਧਰਮ ਦੇ ਨਾਂ ਤੇ ਵਿੱਚ ਚੁਰਾਹੇ ਕਤਲ ਹੋਇਆ,
ਇਹੋ ਜਿਹੀਆਂ ਅਫਵਾਹਾਂ ਤੋਂ ਡਰ ਲੱਗਦਾ ਏ।

ਇੱਕ ਬਾਬੇ ਨੇ ਸੰਗਤ ਸਾਰੀ ਵੇਚ ਦਿੱਤੀ,
ਇਹੋ ਜਿਹੇ ਮਲਾਹਾਂ ਤੋਂ ਡਰ ਲੱਗਦਾ ਏ।

ਗਰਦਿਸ਼ਾਂ ਵਿੱਚ ਜਗਤਾਰ ਕਿਉਂ ਚਾਨਣ ਵੰਡਦਾ ਏ,
ਤੇਰੀਆਂ ਨੇਕ ਸਲਾਹਾਂ ਤੋਂ ਡਰ ਲੱਗਦਾ ਏ।

No comments:

Post a Comment