Sunday, 23 June 2013


ਮੱਠੀ ਮੱਠੀ ਬਰਸਾਤ {ਚਰਨਜੀਤ ਪੰਨੂ}


ਮੱਠੀ ਮੱਠੀ ਜਦ ਬਰਸਾਤ ਹੁੰਦੀ ਏ।
ਤਾਰਿਆਂ ਨਾਲ ਭਰੀ ਜਦ ਰਾਤ ਹੁੰਦੀ ਏ।
ਕੋਇਲਾਂ ਦੀ ਕੂਹ ਕੂਹ ਪ੍ਰਭਾਤ ਹੁੰਦੀ ਏ।
ਪਰ੍ਹਿਆਂ ਚ ਤੇਰੀ ਮੇਰੀ ਬਾਤ ਹੁੰਦੀ ਏ।
ਯਾਦ ਤੇਰੀ ਆਉਂਦੀ, ਆ ਜਾਂਦੀ ਸੋਹਣਿਆ।
ਮੈਨੂੰ ਬੜਾ ਹੀ ਸਤਾਂਦੀ, ਹੈ ਸਤਾਂਦੀ ਸੋਹਣਿਆਂ।

ਚੂੜੇ ਵਾਲੀ ਨਾਰ ਜਦ ਅੱਗ ਵਿਚ ਠਰਦੀ,
ਹਿਜ਼ਰਾਂ ਦੀ ਭੱਠੀ ਵਿਚ ਪੋਟਾ ਪੋਟਾ ਸੜਦੀ।
ਚੜ੍ਹਦੀ ਜਵਾਨੀ ਹਉਕੇ ਲੈ ਲੈ ਮਰਦੀ।
ਵੇਖ ਕੇ ਲੋਕਾਈ ਭੈੜੀ ਬੁੜ ਬੁੜ ਕਰਦੀ।
ਯਾਦ ਤੇਰੀ ਆਉਂਦੀ, ਫਿਰ ਆਉਂਦੀ ਸੋਹਣਿਆਂ।
ਮੈਨੂੰ ਬੜਾ ਹੀ ਸਤਾਂਦੀ, ਹੈ ਸਤਾਂਦੀ ਸੋਹਣਿਆਂ।

ਲਾਰਾ ਲਾ ਕੇ ਪਿਆਰ ਨੂੰ ਜਹਾਜ਼ ਕੋਈ ਚੜ੍ਹਦਾ।
ਪੱਬਾਂ ਵਿਚ ਬੈਠ ਗੱਪਾਂ ਤਾੜ ਤਾੜ ਕਰਦਾ।
ਭੁੱਲ ਜਾਂਦਾ ਪਿੱਛਾ ਲੱਕ ਗੋਰੀਆਂ ਦਾ ਫੜਦਾ।
ਸ਼ਮ੍ਹਾਂ ਪਰਵਾਨੇ ਵਾਂਗੂੰ ਬਿਨ ਆਈ ਸੜਦਾ।
ਯਾਦ ਤੇਰੀ ਆਉਂਦੀ, ਫਿਰ ਆਉਂਦੀ ਸੋਹਣਿਆਂ।
ਮੈਨੂੰ ਬੜਾ ਹੀ ਸਤਾਂਦੀ ਹੈ ਸਤਾਂਦੀ ਸੋਹਣਿਆਂ।

ਚੰਦ ਤੇ ਚਕੋਰ ਜਦ ਮਿਲਦੇ ਨੇ ਰਾਤ ਨੂੰ।
ਮੋਰਨੀ ਕੋਲ ਮੋਰ ਪੈਲਾਂ ਪਾਵੇ ਬਰਸਾਤ ਨੂੰ।
ਕੱਲੀ ਮੈਂ ਹੰਢਾਵਾਂ ਤੇਰੇ ਦਿੱਤੇ ਸੰਤਾਪ ਨੂੰ।
ਕੋਸਦੀ ਆਂ ਤੋੜ ਸੁੱਟਾਂ ਬੰਦ ਹਵਾਲਾਤ ਨੂੰ।
ਯਾਦ ਤੇਰੀ ਆਉਂਦੀ, ਆ ਜਾਂਦੀ ਸੋਹਣਿਆ।
ਮੈਨੂੰ ਬੜਾ ਹੀ ਸਤਾਂਦੀ, ਹੈ ਸਤਾਂਦੀ ਸੋਹਣਿਆ।

ਮਿਲ੍ਹੀ ਵਾਂਗ ਧੁਖਾ, ਉੱਭੇ ਸਾਹ ਭਰਦੀ।
ਤੇਰੀਆਂ ਯਾਦਾਂ ਦੇ ਕੱਸੀਦੇ ਰਹਾਂ ਕੱਢਦੀ।
ਸੱਸ ਰਹਿੰਦੀ ਘੂਰਦੀ ਤੇ ਬੁਰਾ ਭਲਾ ਕਰਦੀ।
ਪੰਨੂ ਨੂੰ ਉਡੀਕਾਂ, ਰਹਾਂ ਸਭ ਕੁੱਝ ਜਰਦੀ।
ਯਾਦ ਤੇਰੀ ਆਉਂਦੀ, ਆ ਜਾਂਦੀ ਸੋਹਣਿਆਂ।
ਮੈਨੂੰ ਬੜਾ ਹੀ ਸਤਾਂਦੀ, ਹੈ ਸਤਾਂਦੀ ਸੋਹਣਿਆਂ।

No comments:

Post a Comment