ਗ਼ਜ਼ਲ - ਗੁਰਬਿੰਦਰ ਬਾਜਵਾ
ਤੁਸੀਂ ਬੜੇ ਖੁਸ਼ ਹੋਏ ਮਸ਼ਹੂਰ ਬਣ ਕੇ ।
ਅਸੀਂ ਰਹਿ 'ਗੇ ਆਂ ਖਲੋਤੇ ਦਸਤੂਰ ਬਣ ਕੇ ॥
ਅਸੀਂ ਚਾਹਤਾਂ ਤੁਹਾਡੀਆਂ 'ਤੇ ਸੌਂਕ ਬਲੀ ਚਾੜੇ ।
ਤੁਸੀਂ ਦਿਲ ਵਿੱਚ ਬੈਠ 'ਗੇ ਨਾਸੂਰ ਬਣ ਕੇ ॥
ਪਤਾ ਹੁੰਦਾ ਜੇ ਹਸ਼ਰ ਸਾਡੇ ਨਾਲ ਇਹ ਸੀ ਹੋਣਾਂ ।
ਅੱਜ ਫਿਰਦੇ ਨਾ ਏਦਾਂ ਮਜਬੂਰ ਬਣਕੇ ॥
ਮਸਾਂ ਜੋੜ ਸਰਮਾਇਆ ਅਸੀਂ ਹਾਰ ਸੀ ਪਰੋਇਆ ।
ਤੁਸੀਂ ਪੱਤੀ,ਪੱਤੀ ਕਰਤਾ ਕਰੂਰ ਬਣਕੇ ॥
ਇਹ ਹਕੀਕਤਾਂ ਦਾ ਭਾਰ ਸਾਡੇ ਸੋਹਲ ਜ਼ਜ੍ਬੇ 'ਤੇ ।
ਤੁਸੀਂ ਧਰ 'ਤਾ ਬੇਕਿਰਕੇ ਫਤੂਰ ਬਣ ਕੇ ॥
ਹੁਣ ਪੁਣਾਂਗੇ ਦੁਚਿੱਤੀਆਂ ਨੂੰ ਬੈਠ ਕੇ ਇੱਕਲੇ ।
ਤੁਸੀਂ ਪਾਇਆ ਜੋ ਭੁਲੇਖਾ ਕੋਹਿਨੂਰ ਬਣਕੇ ॥
ਤੁਸੀਂ ਪਾਠ ਜੋ ਪੜਾਇਆ ਯਾਦ ਰਖਾਂਗੇ ਸਦੀਵੀ ।
ਸਦਾ ਤੁਸੀਂ ਵੀ 'ਨੀ ਰਹਿਣਾ ਇਹ ਹਜੂਰ ਬਣ ਕੇ ॥
ਵਾਲ 'ਬਾਜਵੇ' ਦਾ ਵਿੰਗਾ ਕੋਈ ਸਕਦਾ ਨਾ ਕਰ ।
ਜੇ ਨਾ ਕਰਦਾ ਯਕੀਨ ਮਨਸੂਰ ਬਣ ਕੇ ॥
No comments:
Post a Comment