Friday, 14 June 2013


ਉਚੀਆਂ ਲੰਮੀਆਂ ਟਾਹਲੀਆਂ  - ਸੁਰਜੀਤ ਗਿੱਲ ਘੋਲੀਆ [ਮੋਗਾ]


ਉਚੀਆਂ ਲੰਮੀਆਂ ਟਾਹਲੀਆਂ ਵੇ ,ਉੱਤੇ ਪੀਂਘ ਲਈ ਅਸੀਂ ਪਾ ,
ਦੂਰ ਵਸੇਂਦਿਆ ਸੋਹਣਿਆਂ ਵੇ ,ਕਿਤੇ ਮਾਰ ਉਡਾਰੀ ਘਰ ਆ ,

ਮੈਂ ਕਤ੍ਤਾਂ ਜਿੰਦ ਦੀਆਂ ਪੂਣੀਆਂ,ਨਿੱਤ ਗਮਾਂ ਦਾ ਚਰਖਾ ਡਾਹ,
ਸਾਡਾ ਛੋਪ ਮੁੱਕਣ ਦੇ ਨੇੜ ਐ, ਝੱਟ ਆਕੇ ਮੁਖ ਦਿਖਲਾ ,
ਅਸੀਂ ਬਹੁਤ ਗਲੋਟੇ ਲਾਹ ਲਏ ਲੰਮੇ ਤੰਦ ਹਿਜਰਾਂ ਦੇ ਪਾ ,
ਦੂਰ ਵਸੇਂਦਿਆ ਸੋਹਣਿਆ ਵੇ ___________________।

ਸਾਡੀ ਆਸਾਂ ਵਾਲੀ ਸ਼ਾਮ ਵੀ ਹੁਣ ਢਲਦੀ ਜਾਵੇ ,
ਦੀਦ ਤੇਰੀ ਲਈ ਸੋਹਣਿਆ ਵੇ ਜਿੰਦ ਤਰਲੇ ਪਾਵੇ ,
ਕਿਤੇ ਪਾ ਆਸਾਂ ਨੂੰ ਬੂਰ ਵੇ ਬਣ ਸ਼ਾਮ ਸੰਧੂਰੀ ਆ ,
ਦੂਰ ਵਸੇਂਦਿਆ ਸੋਹਣਿਆ ਵੇ ____________________।

ਨੀਂਦ ਸਾਡੀ ਵੀ ਭੁੱਲਗੀ ਨੈਣਾ ਦੇ ਬੂਹੇ ,
ਯਾਦ ਤੇਰੀ ਹੈ ਬੈਠਗੀ ਸਾਡੇ ਮੱਲ ਬਰੂਹੇ,
ਪਹੁ ਫੁੱਟ ਚੱਲੀ ਸੋਹਣਿਆ ਵੇ ਬਣ ਸੁਰਖ ਸਵੇਰਾ ਆ ,
ਦੂਰ ਵਸੇਂਦਿਆ ਸੋਹਣਿਆ ਵੇ ____________________।

ਓਹ ਵਾਦੇ ਕਿਤੇ ਨਾ ਭੁੱਲਜੀਂ ਜੋ ਤੈਂ ਸੀ ਕੀਤੇ ,
ਜਿੰਨਾ ਦੇ ਸਿਰ ਤੇ ਮੈਂ ਸੀ ਪਿਆਲੇ ਹਿਜਰ ਦੇ ਪੀਤੇ ,
ਅਸੀਂ ਤਾਂ ਜਿੰਦ ਵੀ ਆਪਣੀ ਦਿੱਤੀ ਤੇਰੇ ਨਾਮ ਲਿਖਵਾ ,
ਦੂਰ ਵਸੇਂਦਿਆ ਸੋਹਣਿਆ ਵੇ _____________________।

ਪਲ ਪਲ ਸਾਡੀ ਜਿੰਦ ਦਾ ਹੈ ਸਾਲਾਂ ਵਾਂਗ ਗਿਆ ,
ਲੋਕੀਂ ਵੀ ਤਾਹਨੇ ਮਾਰਦੇ ਅਸੀਂ ਬਿਰਹਾ ਲਿਆ ਵਿਆਹ ,
ਤੂੰ ਸਿਰਫ ਸਾਡਾ ਹੈ ਸੋਹਣਿਆ ਜਦ ਤੱਕ ਹੈ ਸਾਡੇ ਸਾਹ ,
ਉਚੀਆਂ ਲੰਮੀਆਂ ਟਾਹਲੀਆਂ ਵੇ ,ਉੱਤੇ ਪੀਂਘ ਲਈ ਅਸੀਂ ਪਾ ,
ਦੂਰ ਵਸੇਂਦਿਆ ਸੋਹਣਿਆਂ ਵੇ ,ਕਿਤੇ ਮਾਰ ਉਡਾਰੀ ਘਰ ਆ


No comments:

Post a Comment