Friday, 14 June 2013

ਨੀ ਕੁੜੀਓ ਹੱਸਦੀਆਂ ਰਹੋ - ਦੇਵਿੰਦਰ ਸੈਫੀ

ਨੀ ਕੁੜੀਓ ਹੱਸਦੀਆਂ ਰਹੋ, ਹੱਸਦੀਆਂ ਲੱਗਦੀਆਂ ਚੰਗੀਆਂ
ਰੀਝਾਂ ਵਾਲੀਆਂ ਰਾਤ ਰਾਣੀਆਂ ਰਹਿਣ ਖੁਸ਼ੀ ਵਿੱਚ ਰੰਗੀਆਂ

ਜੇ ਤੁਸੀਂ ਹੱਸੋ ਧਰਤੀ ਹੱਸਦੀ, ਰਿਸ਼ਤਿਆਂ ਦੀ ਇਹ ਦੁਨੀਆ ਵੱਸਦੀ
ਆਸਾਂ ਦੀ ਹਰ ਅੰਬੀ ਰਸਦੀ, ਹਰ ਮੰਜ਼ਿਲ ਖੁਦ ਰਸਤੇ ਦੱਸਦੀ
ਹਾਸੇ ਥੋਡੇ ਸੁਣ ਕੇ ਬਾਬਲ ਭੁੱਲਦੇ ਤੁਰਸ਼ੀਆਂ ਤੰਗੀਆਂ
ਨੀ ਕੁੜੀਓ ਹੱਸਦੀਆਂ ਰਹੋ, ਹੱਸਦੀਆਂ ਲੱਗਦੀਆਂ ਚੰਗੀਆਂ
ਰੀਝਾਂ ਵਾਲੀਆਂ ਰਾਤ ਰਾਣੀਆਂ ਰਹਿਣ ਖੁਸ਼ੀ ਵਿੱਚ ਰੰਗੀਆਂ

ਤੁਸਾਂ ਦੇ ਕਾਰਨ ਜਗਦੇ ਦੀਵੇ, ਹਰ ਲੋਹੜੀ ਦੀ ਅਗਨੀ ਜੀਵੇ
ਰੱਖੜੀ ਪਿਆਰ ਦਾ ਅੰਮ੍ਰਿਤ ਪੀਵੇ, ਈਦ ਵੀ ਉਧੜੇ ਰਿਸ਼ਤੇ ਸੀਵੇ
ਨਾਲ ਤੁਸਾਂ ਦੇ ਹੱਸਦੀਆਂ ਇਥੇ ਹੋਲੀਆਂ ਰੰਗ ਬਿਰੰਗੀਆ
ਨੀ ਕੁੜੀਓ ਹੱਸਦੀਆਂ ਰਹੋ, ਹੱਸਦੀਆਂ ਲੱਗਦੀਆਂ ਚੰਗੀਆਂ
ਰੀਝਾਂ ਵਾਲੀਆਂ ਰਾਤ ਰਾਣੀਆਂ ਰਹਿਣ ਖੁਸ਼ੀ ਵਿੱਚ ਰੰਗੀਆਂ

ਟੂਣੇਹਾਰੀ ਪੌਣ ਹੈ ਵਗਦੀ, ਸਾਰੇ ਜੱਗ ਦੀਆਂ ਨਜ਼ਰਾਂ ਠੱਗਦੀ
ਰੰਗਾਂ ਦੀ ਇਕ ਮੰਡੀ ਲੱਗਦੀ, ਮੰਡੀ ਦੇ ਹੱਥ ਸੂਲੀ ਅੱਗ ਦੀ
ਇਸ ਸੂਲੀ ‘ਤੇ ਸੋਹਲ ਸੁਪਨਮਈ ਤਿਤਲੀਆਂ ਜਾਣ ਨਾ ਟੰਗੀਆਂ
ਨੀ ਕੁੜੀਓ ਹੱਸਦੀਆਂ ਰਹੋ, ਹੱਸਦੀਆਂ ਲੱਗਦੀਆਂ ਚੰਗੀਆਂ
ਰੀਝਾਂ ਵਾਲੀਆਂ ਰਾਤ ਰਾਣੀਆਂ ਰਹਿਣ ਖੁਸ਼ੀ ਵਿੱਚ ਰੰਗੀਆਂ

ਜੋ ਆਲ੍ਹਣਿਆਂ ਦੇ ਮੰਗਣ ਕਿਰਾਏ, ਦਾਤਾ ਉਹ ਨਾ ਰੁੱਖ ਮਿਲਾਏ
ਨਾ ਕੋਈ ਸ਼ੱਕੀ ਰਾਮ ਸਤਾਏ, ਰੂਹਾਂ ਤੱਕ ਸਮਝਣ ਹਮਸਾਏ
ਚਾਵਾਂ ਦੀਆਂ ਕਰੂੰਬਲਾਂ ‘ਸੈਫੀ’ ਕਦੇ ਨਾ ਜਾਵਣ ਡੰਗੀਆਂ
ਨੀ ਕੁੜੀਓ ਹੱਸਦੀਆਂ ਰਹੋ, ਹੱਸਦੀਆਂ ਲੱਗਦੀਆਂ ਚੰਗੀਆਂ
ਰੀਝਾਂ ਵਾਲੀਆਂ ਰਾਤ ਰਾਣੀਆਂ ਰਹਿਣ ਖੁਸ਼ੀ ਵਿੱਚ ਰੰਗੀਆਂ

No comments:

Post a Comment