ਗ਼ਜ਼ਲ - ਅਮਰਜੀਤ ਸਿੰਘ ਵੜੈਚ
ਢੰਗ ਬਦਲ ਜਾਂਦੇ ਉਦੋਂ ਸਰਕਾਰਾਂ ਦੇ
ਰੰਗ ਬਦਲ ਜਾਂਦੇ ਨੇ ਜਦ ਦਸਤਾਰਾਂ ਦੇ।
ਵਾਰੋ-ਵਾਰੀ ਲੁੱਟਦੇ ਨੇਤਾ ਲੋਕਾਂ ਨੂੰ
ਝੂਟੇ ਲੈਂਦੇ ਨੇ ਸਰਕਾਰੀ ਕਾਰਾਂ ਦੇ।
ਸੇਕ ਸਿਕੰਦਰ ਤਕ ਸਕੈਂਡਲ ਦਾ ਪਹੁੰਚੇ
ਮਘ ਜਾਂਦੇ ਨੇ ਕਾਲਮ ਜਦ ਅਖ਼ਬਾਰਾਂ ਦੇ।
ਵਰਦੀ ਵਾਲੇ ਵੀ ਵੇਖੋ ਬੇਵੱਸ ਹੋਏ,
ਕਾਰਾਂ ਦੇ ਵਿੱਚ ਘੁੰਮਣ ਝੁੰਡ ਬਦਕਾਰਾਂ ਦੇ।
ਜੇ ਸਰਕਾਰਾਂ ਚਾਹੁਣ ਤਾਂ ਕੀ ਨਹੀਂ ਹੋ ਸਕਦਾ
ਪੱਤਝੜ ਵਿੱਚ ਖਿੜ ਜਾਵਣ ਫੁੱਲ ਬਹਾਰਾਂ ਦੇ।
ਫੱਟ ਜ਼ੁਬਾਂ ਦੇ ਲੱਗੇ ਯਾਰੋ ਮਿਟਦੇ ਨਹੀਂ
ਮਿਟ ਜਾਂਦੇ ਨੇ ਫੱਟ ਲੱਗੇ ਤਲਵਾਰਾਂ ਦੇ।
ਸਾਡੀ ਬਦਲਣਗੇ ਕਿਸਮਤ ਜੋ ਕਹਿੰਦੇ ਸੀ
ਰੰਗ ਉਨ੍ਹਾਂ ਨੇ ਬਦਲ ਲਏ ਦਸਤਾਰਾਂ ਦੇ।
ਬਹਿਰ ਬਿਨਾਂ ਵੀ ਗ਼ਜ਼ਲ ਕਹੀ ਜਾ ਸਕਦੀ ਏ
ਦਿਲ ਹੋਣ ਨਾ ਤੰਗ ਜੇ ਸਾਹਿਤਕਾਰਾਂ ਦੇ।
No comments:
Post a Comment