Saturday, 13 August 2016

ਫੇਸਬੁੱਕ ਗਰੁੱਪ ਜਲਾਲ-ਏ-ਸ਼ਾਇਰੀ ਚੋਂ 

ਸਾਰਾ ਲੁਤਫ਼ ਗੱਲ ਕਹਿਣ ਦੇ ਅੰਦਾਜ਼ ਤੇ ਹੀ ਨਿਰਭਰ ਕਰਦਾ ਹੈ, ਅਤੇ ਸ਼ਾਇਰੀ ਲਈ ਤਾਂ ਇਹ ਲਾਜਿਮ ਹੈ। ਸ਼ਬਦਾਂ ਨੂੰ ਕਾਵਿਕ ਰਸ ਵਿੱਚ ਭਿਓਂ ਕੇ ਸਵਾਦ ਨਾਲ ਭਰ ਦੇਣਾ, ਇਹ ਕਲਾ ਕੋਈ ਜਨਾਬ Tajammul Kaleem ਸਾਬ ਹੋਰਾਂ ਤੋਂ ਸਿੱਖੇ !!
ਰੁੱਖਾਂ ਵਾਂਗ ਉਚੇਰੀ ਉੱਗੇ,
ਗਾਟਾ ਬੀਜ ਦਲੇਰੀ ਉੱਗੇ।
ਮੇਰੀ ਵਾਰ ਦਾ ਪਾਣੀ ਲਾ ਲੈ,
ਮੇਰੀ ਨਈਂ ਤੇ ਤੇਰੀ ਉੱਗੇ।
ਮੈਨੂੰ ਪੱਥਰ ਮਾਰਣ ਵਾਲੇ,
ਤੇਰੇ ਘਰ ਵਿਚ ਬੇਰੀ ਉੱਗੇ।
ਡਾਹਡਾ ਡੰਗਰ ਛੱਡ ਦਿੰਦਾ ਏ,
ਨਈਂ ਤੇ ਕਣਕ ਬਥੇਰੀ ਉੱਗੇ।
ਇਕੋ ਸ਼ਰਤੇ ਮੌਤ ਕਬੂਲੀ,
ਧਰਤੀ ਤੇ ਇਕ ਢੇਰੀ ਉੱਗੇ।
- ਤਜੰਮੁਲ ਕਲੀਮ 
(ਲਿਪੀ ਰੂਪਾਂਤਣ ਜਨਾਬ Qamar Uz Zaman ਵੀਰ ਜੀ,

ਗ਼ਜ਼ਲ
ਨਵੇਕਲੀ ਜਿਹੀ ਜ਼ਮੀਨ ਜੋਗਾ
ਖ਼ਿਆਲ ਅੱਥਰ ਏ ਪੀਣ ਜੋਗਾ
ਬੜਾ ਈ ਸੁੱਚਾ ਏ ਪਿਆਰ ਮਾਂ ਦਾ
ਬੁਰਾ ਵੀ ਆਖੇ, ਤੇ ਜੀਣ ਜੋਗਾ
ਯਾ ਮਾਲ ਹੁੰਦਾ ਯਾ ਢੇਰ ਸੱਜਦੇ
ਤੇ ਮੈਂ ਨਾ ਦੁਨੀਆ ਨਾ ਦੀਨ ਜੋਗਾ
ਇਹ ਰੋਜ਼ ਸੋਣਾ ਤੇ ਰੋਜ਼ ਉੱਠਣਾ
ਬੜਾ ਏ ਰੱਬ ਤੇ ਯਕੀਨ ਜੋਗਾ
ਕਲੀਮ ਧਰਤੀ ਦੇ ਪਾੜ ਹੈ ਨੇਂ
ਤੇ ਅਪਣਾ ਗਲਮਾ ਏ ਸੀਣ ਜੋਗਾ
ਤਜੰਮੁਲ ਕਲੀਮ

ਗ਼ਜ਼ਲ
ਹੱਥੀਂ ਯਾਦਾਂ ਦੇ ਸ਼ਹਿਰ ਉਜਾੜ ਦਿੱਤੇ
ਖ਼ਤ ਯਾਰ ਦੇ ਚੁੰਮੇ ਤੇ ਪਾੜ ਦਿੱਤੇ
ਸਾਡੇ ਨਾਲ਼ ਦੇ ਵਿਕ ਕੇ ਮਹਿਲ ਲੈ ਗਏ
ਅਸੀਂ ਕੁੱਲੀ ਦੇ ਕੱਖ ਵੀ ਸਾੜ ਦਿੱਤੇ
ਜਿੰਨੇ ਦੁੱਖ ਸੀ ਦਿਲ ਦੀ ਜੇਲ੍ਹ ਅੰਦਰ
ਤਾਲ਼ਾ ਸਬਰ ਦਾ ਲਾਇਆ ਤੇ ਤਾੜ ਦਿੱਤੇ
ਕਿਤੇ ਇਟਾਂ ਦਾ ਮੀਂਹ ਤੇ ਇਸ਼ਕ ਝੱਲਾ
ਕਿਤੇ ਇਸ਼ਕ ਨੇ ਕੱਟ ਪਹਾੜ ਦਿੱਤੇ
ਜੁੱਤੀ ਬਾਲਾਂ ਦੀ ਲੇਣ ਲਈ ਮਾਲ ਵੀ ਦੇ
ਰੱਬਾ ਜਿਹਨੂੰ ਇਹ ਜੇਠ ਤੇ ਹਾੜ ਦਿੱਤੇ
ਤਜੰਮੁਲ ਕਲੀਮ

ਬਹਿਸ਼ਤੀ ਅਬਦੁਲ ਸੱਤਾਰ ਈਧੀ ਜੀ ਲਈ
---------------------------------
ਇਸ ਲਈ ਗੂਹੜੀ ਛਾਂ ਵਰਗਾ ਸੀ
ਉਹਦਾ ਦਿਲ ਇਕ ਮਾਂ ਵਰਗਾ ਸੀ
ਰਹਿਮਤ ਕਿਉਂ ਨਾ ਪਿੱਛਾ ਕਰਦੀ
ਹੈ ਈ ਨੀਵੀਂ ਥਾਂ ਵਰਗਾ ਸੀ
ਲੱਖਾਂ ਅੱਖਾਂ ਜਿਸ ਦਮ ਰੋਈਆਂ
ਰੜਾ ਮਦਾਨ ਚੰਨ੍ਹਾਂ ਵਰਗਾ ਸੀ
ਤਜੰਮੁਲ ਕਲੀਮ

ਫ਼ੇਰ ਇਕ ਵੱਖਰੇ ਪੱਜ ਦੇ ਨਾਲ਼
ਕੱਲ੍ਹ ਨਾ ਜੋੜੀਂ ਅੱਜ ਦੇ ਨਾਲ਼
ਭੁੱਖ ਮੋਏ ਨੂੰ ਖੱਫਣ ਦੇ
ਵਿਚ ਇਕ ਰੋਟੀ ਕੱਜ ਦੇ ਨਾਲ਼
ਮੈਂ ਸਿਰ ਚੜ੍ਹ ਕੇ ਮਰਨਾ ਏ
ਮਰਨ ਤੇ ਦੇਵੋ ਚੱਜ ਦੇ ਨਾਲ਼
ਇਹ ਤੇ ਦਾਗ਼ ਨੇ ਲੁੱਟਣ ਦੇ
ਇਹ ਨਈਂ ਲਹਿਣੇ ਹੱਜ ਦੇ ਨਾਲ਼
ਫਾਂਸੀ ਕਹਿ ਕੇ ਉਠਿਆ ਤੇ
ਸੂਲੀ ਟੁਰ ਪਈ ਜੱਜ ਦੇ ਨਾਲ਼
ਤਜੰਮੁਲ ਕਲੀਮ

ਆਪਣੇ ਹਮਾਮਾਂ ਚ ਸਾਰੇ ਹੀ ਨੰਗੇ - ਸਤਨਾਮ ਸਿੰਘ ਬੋਪਾਰਾਏ 

ਨਾ ਕੋਊ ਮਾੜੇ, ਨਾ ਕੋਊ ਚੰਗੇ,
ਆਪਣੇ ਹਮਾਮਾਂ ਚ ਸਾਰੇ ਹੀ ਨੰਗੇ !!
ਅਕਲਾਂ ਤੋਂ ਖਾਲੀ ਸੱਪਾਂ ਦੇ ਡੰਗੇ,
ਧਰਮਾਂ ਦੇ ਨਾ ਤੇ ਕਰਦੇ ਨੇ ਦੰਗੇ !!
ਦੋਸ਼ਾਂ ਨੂੰ ਦੂਜੇ ਦੇ ਮੱਥੇ ਜਾ ਮੜ੍ਹਨਾ,
ਆਪਣੀ ਪਸੰਦ ਦਾ ਅੱਖਰ ਹੀ ਪੜ੍ਹਨਾ,
ਝੋਲੇ ਕਿਤਾਬਾਂ ਦੇ ਕਿੱਲੀਆਂ ਤੇ ਟੰਗੇ,
ਆਪਣੇ ਹਮਾਮਾਂ ਚ ਸਾਰੇ ਹੀ ਨੰਗੇ !!
ਕੋਈ ਕਰੇ ਤਾਂ ਉਹ ਮਾੜੀ ਹੀ ਕੀਤੀ,
ਵਾਜਿਬ ਹੈ ਮੇਰੀ ਤਾਂ ਹਰ ਇੱਕ ਨੀਤੀ,
ਨੀਅਤ ਦੇ ਖੇਤੀਂ, ਵਿਛਦਾਰ ਕੰਡੇ,
ਆਪਣੇ ਹਮਾਮਾਂ ਚ ਸਾਰੇ ਹੀ ਨੰਗੇ !!
ਚਾਦਰ ਤੋਂ ਜਿਆਦਾ ਹੀ ਪੈਰ ਪਸਾਰੇ,
ਗੈਰਾਂ ਦੀਆਂ ਪੀਂਘਾਂ ਤੇ ਲੈਣ ਹੁਲਾਰੇ,
ਟੁੱਟੀ ਹੋਈ ਤਾਣੀ ਨੂੰ ਦੱਸ ਕੌਣ ਗੰਢੇ,
ਆਪਣੇ ਹਮਾਮਾਂ ਚ ਸਾਰੇ ਹੀ ਨੰਗੇ !!
ਰਿਸ਼ਵਤ ਦੀ ਰੋਟੀ ਹੀ ਪਚਦੀ ਹੈ ਹੁਣ ਤਾਂ,
ਨਫਰਤ ਦੀ ਗੱਲ ਹੀ ਜਚਦੀ ਹੈ ਹੁਣ ਤਾਂ,
ਕਰੱਪਸ਼ਨ ਦੇ ਹਰ ਥਾਂ ਝੁੱਲਦੇ ਨੇ ਝੰਡੇ,
ਆਪਣੇ ਹਮਾਮਾਂ ਚ ਸਾਰੇ ਹੀ ਨੰਗੇ !!
ਨਾ ਕੋਈ ਰਿਸ਼ਤਾ ਤੇ ਨਾ ਕੋਈ ਯਾਰੀ,
ਨਾ ਮਾਂ ਦਾ ਚੁੰਨੀ, ਨਾ ਪਿਓ ਦੀ ਦਾੜੀ,
ਹਰ ਗੱਲ ਤੇ ਗਾਲੀ ਹਰ ਇੱਕ ਨਾਲ ਪੰਗੇ,
ਆਪਣੇ ਹਮਾਮਾਂ ਚ ਸਾਰੇ ਹੀ ਨੰਗੇ !!
ਨਾ ਕੋਈ ਬੈਰਿ , ਨਾਹਿ ਬੇਗਾਨਾ,
ਬਾਣੀ ਦੀ ਹਰ ਗੱਲ ਬਣੀ ਹੈ ਫ਼ਸਾਨਾ,
ਇਨਸਾਂ ਦਾ ਡੰਗਿਆ ਪਾਣੀ ਨਾ ਮੰਗੇ,
ਆਪਣੇ ਹਮਾਮਾਂ ਚ ਸਾਰੇ ਹੀ ਨੰਗੇ !!
ਅਮ੍ਰਿਤ ਦੀ ਦਾਤ, ਅਦਾਵਤ ਹੀ ਹੋਈ,
ਨਸ਼ਿਆਂ ਬਿਨਾ ਗੱਲ ਕਰਦਾ ਨਾ ਕੋਈ,
ਗੈਰਤ ਦੇ ਗਲ ਵਿੱਚ ਨਸ਼ਿਆਂ ਦੇ ਫੰਦੇ,
ਆਪਣੇ ਹਮਾਮਾਂ ਚ ਸਾਰੇ ਹੀ ਨੰਗੇ !!

ਚਿੜ੍ਹੀਆਂ ਦਾ ਮਰਣਾ, ਗੰਵਾਰਾਂ ਦਾ ਹਾਸਾ - ਸਤਨਾਮ ਸਿੰਘ ਬੋਪਾਰਾਏ 


ਦਰਿਆ ਦੇ ਕੰਢੇ ਤੇ ਪੰਛੀ ਪਿਆਸਾ, 
ਚਿੜ੍ਹੀਆਂ ਦਾ ਮਰਣਾ, ਗੰਵਾਰਾਂ ਦਾ ਹਾਸਾ !!
ਇੱਥੇ ਮਿਹਨਤ ਦੇ ਖੇਤੀਂ ਉੱਗਦੀ ਹਾਤਾਸ਼ਾ, 
ਚਿੜ੍ਹੀਆਂ ਦਾ ਮਰਣਾ, ਗੰਵਾਰਾਂ ਦਾ ਹਾਸਾ !!

ਭੁੱਖਾਂ ਦੇ ਕੋਠੇ ਤੇ ਇੱਜ਼ਤਾਂ ਦਾ ਵਿਕਣਾ,
ਜਿਸਮਾਂ ਦੀ ਅੱਗ ਤੇ ਰੋਟੀ ਦਾ ਸਿਕਣਾ,
ਇਹ ਬਾਜ਼ਾਰ ਸਮਝੇ ਪੈਸੇ ਦੀ ਭਾਸ਼ਾ, 
ਚਿੜ੍ਹੀਆਂ ਦਾ ਮਰਣਾ, ਗੰਵਾਰਾਂ ਦਾ ਹਾਸਾ !!

ਖਰਿਆਂ ਦੀ, ਮੰਡੀ ਚ ਧੇਲਾ ਨਾ ਕੀਮਤ, 
ਖੋਟੇ ਦੇ ਸਿਰ ਤੇ ਰੱਬ ਦੀ ਹੈ ਰਹਿਮਤ,
ਇਹ ਦਸਤੂਰ ਵੇਖੋ, ਇਹ ਵੇਖੋ ਤਮਾਸ਼ਾ, 
ਚਿੜ੍ਹੀਆਂ ਦਾ ਮਰਣਾ, ਗੰਵਾਰਾਂ ਦਾ ਹਾਸਾ !!

ਹਾਸੇ ਦੇ ਮੰਜਰ ਚ ਹੰਝੂਆਂ ਦਾ ਵਹਿਣਾ, 
ਸੋਨੇ ਜਿਹੇ ਦਿਲ ਤੇ ਕਾਲਿਖ ਦਾ ਗਹਿਣਾ,
ਅੱਖਾਂ ਚ ਸ਼ੂਲਾਂ ਜਿਹੀ ਚੁਭਦੀ ਨਿਰਾਸ਼ਾ, 
ਚਿੜ੍ਹੀਆਂ ਦਾ ਮਰਣਾ, ਗੰਵਾਰਾਂ ਦਾ ਹਾਸਾ !!

ਮਖ਼ਮਲ ਦੇ ਨਾਲ ਜਦ ਵੀ ਖਹਿੰਦਾ ਹੈ ਤੱਪੜ, 
ਗੁਰਬਤ ਦਾ ਚਿਹਰਾ ਦੌਲਤ ਦਾ ਥੱਪੜ,
ਬੁੱਲਾਂ ਦੀ ਥਿਰਕਣ ਚ ਕੰਬਦਾ ਦੰਦਾਸਾ, 
ਚਿੜ੍ਹੀਆਂ ਦਾ ਮਰਣਾ, ਗੰਵਾਰਾਂ ਦਾ ਹਾਸਾ !!

ਦੂਜੇ ਤੋਂ ਖੋਹ ਕੇ ਸਾਂਭਣ ਦਾ ਲਾਲਚ, 
ਆਪਣੀ ਚਿਤਾ ਦੇ ਬਾਲ੍ਹਣ ਦਾ ਲਾਲਚ,
ਜੀਵਨ ਹੈ ਪਾਣੀ ਚ ਖੁਰਦਾ ਪਤਾਸ਼ਾ, 
ਚਿੜ੍ਹੀਆਂ ਦਾ ਮਰਣਾ, ਗੰਵਾਰਾਂ ਦਾ ਹਾਸਾ !!

ਖਾਲੀ ਜਿਹਾ ਜੀਣਾ, ਖਾਲੀ ਜਿਹਾ ਮਰਣਾ, 
ਸਮਝਣ ਤੇ ਪਰਖਣ ਤੋਂ ਅਕਲਾਂ ਦਾ ਡਰਨਾ,
ਨਾ ਗਰਮੀ ਨਾ ਸ਼ਰਦੀ ਨਾ ਮੀਂਹ ਨਾ ਚੁਮਾਸਾ, 
ਚਿੜ੍ਹੀਆਂ ਦਾ ਮਰਣਾ, ਗੰਵਾਰਾਂ ਦਾ ਹਾਸਾ !!

ਇਹ ਵੰਡ ਦੀਆਂ ਗੱਲਾਂ, ਇਹ ਨਫਰਤ ਦੇ ਸ਼ੋਲੇ, 
ਸੋਚਾਂ ਨੂੰ ਕਬਜ਼ਾ ਰਹੇ ਹੌਲੇ ਹੌਲੇ,
ਵਕਤ ਕਿਸੇ ਨੂੰ ਨਹੀਂ ਦਿੰਦਾ ਦਿਲਾਸਾ, 
ਚਿੜ੍ਹੀਆਂ ਦਾ ਮਰਣਾ, ਗੰਵਾਰਾਂ ਦਾ ਹਾਸਾ !!


ਮੁੱਖ ਬੰਦ / ਨਜ਼ਮ

ਪੁਸਤਕ ਚਾਹੇ
ਵਾਰਤਕ ਦੀ ਹੋਵੇ ।
ਜਾਂ
ਕਵਿਤਾ, ਗ਼ਜ਼ਲ
ਗੀਤਾਂ ਦੀ ਹੋਵੇ ।
ਪੁਸਤਕ ਦਾ
ਮਾਣ ਤਾਂ
ਉਹ ਹੁੰਦਾ ਹੈ
ਜੋ ਉਸ ਵਿਚ
ਲਿਖਿਆ ਹੈ ।
ਮੁੱਖ ਬੰਦ
ਲਿਖਣ ਨਾਲ
ਪੁਸਤਕ
ਹਰਮਨ-ਪਿਆਰੀ
ਨਹੀ ਹੁੰਦੀ ।
ਮੁੱਖਬੰਦ ਚਾਹੇ
ਉਸਤਾਦਾਂ ਦੇ
ਉਸਤਾਦ ਲਿਖ ਲੈਣ!!
ਹਰਮਨ ਪਿਆਰਾ
ਉਹ ਹੀ ਹੁੰਦਾ ਹੈ।
ਜੋ ਅਵਾਮ
ਦੀ ਗੱਲ ਕਰਦਾ ਹੈ ।
ਚਾਹੇ ਉਹ
ਗੀਤਾਂ ਵਿਚ ਕਰੇ
ਜਾਂ ਕਵਿਤਾ ਵਿਚ!!
- ਅਜੈ ਤਨਵੀਰ 

Monday, 18 July 2016

ਰਾਜਦੀਪ ਸਿੰਘ ਤੂਰ

ਬਣਿਆ ਫਿਰਦੈ ਜਿਹੜਾ ਲੰਬੜਦਾਰ ਪੰਜਾਬੀ ਦਾ।
ਤਾਂ ਮੰਨੀਏ ਜੇ ਬਣ ਜਾਏ ਪਹਿਰੇਦਾਰ ਪੰਜਾਬੀ ਦਾ।

ਬੜੀ ਕਮਾਈ ਕੀਤੀ ਕਈਆਂ ਇਸ ਦੇ ਨਾ ਉੱਤੋਂ,
ਕੋਈ ਨਾ ਬਣਿਆ ਮਨ ਤੋਂ ਸੱਚਾ ਯਾਰ ਪੰਜਾਬੀ ਦਾ।

ਇਸ ਦੇ ਪੁੱਤਰ ਖ਼ੁਦ ਹੀ ਜਦ ਭੁੱਲ ਬੈਠੇ ਨੇ ਇਸਨੂੰ,
ਕੌਣ ਕਰੂਗਾ ਦੱਸੋ ਫਿਰ ਸਤਿਕਾਰ ਪੰਜਾਬੀ ਦਾ।

ਨਾਨਕ, ਬੁੱਲ੍ਹੇ, ਵਾਰਿਸ, ਹਾਸ਼ਿਮ ਜਿਹੜਾ ਰਚਿਆ ਸੀ,
ਕਿਵੇਂ ਭੁੱਲਾਵਾਂ ਦਿਲ ਵਿੱਚੋਂ ਉਹ ਸੰਸਾਰ ਪੰਜਾਬੀ ਦਾ।

ਗੁਰਬਾਣੀ ਨੂੰ ਇਕ ਵਾਰੀ ਤੂੰ ਪੜ੍ਹ ਤਾਂ ਮਨ ਲਾ ਕੇ,
ਸਿੱਧਾ ਰੱਬ ਸੰਗ ਜੋੜੇ ਤੈਨੂੰ ਤਾਰ ਪੰਜਾਬੀ ਦਾ।

ਨੂਰਪੁਰੀ, ਸ਼ਿਵ ਵਰਗੇ ਹਨ ਸਭ ਮਾਣ ਪੰਜਾਬੀ ਦੇ,
ਜਿਨ੍ਹਾਂ ਹੋਰ ਵੀ ਭਰਿਆ ਹੈ ਭੰਡਾਰ ਪੰਜਾਬੀ ਦਾ।

ਜਿਸਦੇ ਹਰ ਇਕ ਸਾਹ ਵਿੱਚੋਂ ਇਸਦੀ ਹੀ ਖ਼ੁਸ਼ਬੂ ਆਵੇ,
ਓਹੀ ਪੁੱਤ ਕਹਾਉਣ ਦਾ ਹੈ ਹੱਕਦਾਰ ਪੰਜਾਬੀ ਦਾ।

ਹੇ ਰੱਬ ਸੱਚਿਆ ਤੇਰੇ ਅੱਗੇ ਅਰਜ਼ ਗੁਜ਼ਾਰੇ 'ਤੂਰ'।
ਖਿੜ੍ਹਿਆ ਰਹੇ ਹਮੇਸ਼ਾਂ ਹੀ ਗ਼ੁਲਜ਼ਾਰ ਪੰਜਾਬੀ ਦਾ।


ਜਿੰਦਗੀ - ਪੂਰਨ ਕਾਉਂਕੇ

ਅਸੀਂ ਤਾਂ
ਜਿੰਦਗੀ ਜਿਉਣ ਆਏ ਸਾਂ
ਨਹੀਂ ਪਤਾ ਸੀ
ਕਿ ਇਥੇ ਤਾਂ
ਅਹਿਸਾਨ ਉਤਾਰੇ ਜਾਂਦੇ ਨੇ
ਬਸ ਕੁਝ ਇਸ ਤਰ੍ਹਾਂ ਹੀ
ਦਿਨ ਗੁਜ਼ਾਰੇ ਜਾਂਦੇ ਨੇ...
ਨਹੀਂ ਸੀ ਪਤਾ
ਕਿ
ਸਾਡਾ ਆਉਣਾ ਤਾਂ ਸੀ
ਮਹਿਜ ਜਿਸਮ-ਸਮਾਗਮ
ਨਹੀਂ ਸੀ ਜਾਣਦੇ
ਕਿ
ਬੰਧਨਾਂ ਦੀ ਪਰਕਰਮਾਂ ਕਰਦੇ
ਸੁਣਦੇ ਰਹਾਂਗੇ ਦੇਹੀ-ਨਾਦ...
ਨਹੀਂ ਸੀ ਜਾਣਦੇ
ਕਿ
ਰੂਹਾਂ ਦਾ ਮੇਲ
ਮਹਿਜ
ਇਕ ਭਰਮ
ਤੇ ਇੱਛਾ ਪੂਰਤੀ ਪਿੱਛੋਂ
ਹੋਵੇਗਾ ਬੇ-ਮੇਲ...

ਨਹੀਂ ਸੀ ਜਾਣਦੇ
ਕਿ ਉਮਰਾਂ ਦੇ ਪੰਧ ਤੇ
ਰਹਾਂਗੇ ਟਿੰਡਾਂ ਬਣ ਗਿੜਦੇ
ਰਸਮਾਂ ਦੇ ਕਰਜ਼ਈ
ਫ਼ਰਜਾਂ ਦੀ ਚੱਕੀ ਪੀਸ ਦਿਆਂ
ਅਨਹਦ ਨਾਦ ਨੂੰ ਉਡੀਕਦੇ
ਸੂਰਜ ਢਲ ਜਾਵੇਗਾ
ਨਹੀਂ ਸੀ ਜਾਣਦੇ।

ਹਿੰਸਾ - ਪੂਰਨ ਕਾਉਂਕੇ

ਅਹਿੰਸਾ ਦੇ ਪੁਜਾਰੀ,
ਹਿੰਸਾ ਕੇਵਲ ਇਹੀ ਨਹੀਂ ਹੁੰਦੀ
ਕਿ ਕੋਈ ਕਿਸੇ ਦਾ ਕਤਲ ਕਰ ਦੇਵੇ,
ਖੂਨ ਵਹਾ ਦੇਵੇ,
ਨਿੱਜੀ ਸਵਾਰਥਾਂ ਲਈ
ਜਾਂ ਫਿਰ
ਦੰਗੇ ਭੜਕਾ ਦੇਵੇ।
ਹਿੰਸਾ ਤਾਂ ਇਹ ਵੀ ਹੁੰਦੀ ਹੈ
ਕਿ
ਕਿਸੇ ਨੂੰ ਬਿਨਾਂ ਕੁਝ ਕਹੇ
ਖਾਮੋਸ਼ ਅੱਤਿਆਚਾਰ ਕਰਦੇ ਰਹੀਏ
ਤੇ ਪਾਲ਼ਦੇ ਰਹੀਏ ਖਚਰੇ ਹਾਸੇ,
ਸਾਧੂਆਂ ਦੇ ਭੇਸ ਵਿਚ
ਸੱਜਣ ਠੱਗ ਹੋਣਾ ਵੀ ਤਾਂ
ਹਿੰਸਾ ਹੁੰਦੀ ਹੈ।
ਆਪਣੀ ਹੋਂਦ ਨੂੰ ਬਰਕਰਾਰ
ਰੱਖਣ ਲਈ
ਦੂਸਰਿਆਂ ਦੀ ਹੋਂਦ ਲਈ
ਬਣ ਜਾਣਾ ਖਤਰਾ
ਤੇ ਬਿਨਾਂ ਸੋਚੇ ਸਮਝੇ
ਦਾਗ ਦੇਣਾ ਕੋਈ ਵੀ ਬਿਆਨ,
ਮੁੱਕਰ ਜਾਣਾ
ਲੋੜ ਪੈਣ ਤੇ
ਇਹ ਵੀ ਤਾਂ ਹਿੰਸਾ ਹੁੰਦੀ ਹੈ।
ਸ਼ਬਦਾਂ ਦੇ ਅਰਥਾਂ ਦਾ
ਅਨਰਥ ਕਰਦਿਆਂ
ਵਕਤ ਨੂੰ ਮੋੜ ਦੇਣਾ,
ਢਾਲ ਦੇਣਾ ਕਰੂਪ ਢਾਂਚੇ ਵਿੱਚ
ਸਰਘੀ ਦੇ ਸੂਰਜ ਨੂੰ
ਲਾਲਚ ਦੀ ਸੂਲ਼ੀ 'ਤੇ
ਪੁੱਠਾ ਲਟਕਾ ਦੇਣਾ
ਇਹ ਵੀ ਤਾਂ ਹਿੰਸਾ ਹੁੰਦੀ ਹੈ।
ਅਹਿੰਸਾ ਦੀ ਮਾਲ਼ਾ ਜਪਦਿਆਂ
ਖੁੱਦਾਰੀ ਦੀ ਧਾਰ ਨੂੰ
ਖੁੰਢਾ ਕਰ ਦੇਣਾ
'ਤੇ ਹੱਥ ਤੇ ਹੱਥ ਧਰ
ਬੁਜ਼ਦਿਲੀ ਦਾ ਨਾਚ ਦੇਖਣਾ,
ਕੁਝ ਕਰ ਗੁਜ਼ਰਨ ਦੀ ਲਾਲਸਾ
ਨੂੰ ਜੜੋਂ ਪੁੱਟ ਦੇਣਾ,
ਸੂਰਜ ਦੀ ਲੋਅ ਨੂੰ
ਦੀਵਿਆਂ ਸੰਗ ਤੋਲਣਾ,
ਜੁਗਨੂੰਆਂ ਦੇ ਫਨ੍ਹਾ ਹੋਣ ਨੂੰ
ਸਿਰ ਫਿਰੀ ਸੋਚ ਗਰਦਾਨ ਦੇਣਾ
ਇਹ ਵੀ ਤਾਂ ਹਿੰਸਾ ਹੁੰਦੀ ਹੈ।
ਇਹ ਸਭ ਕੁਝ ਹੋਣ ਦੇ ਬਾਵਜੂਦ
ਜੇ ਫਿਰ ਵੀ
ਅਹਿੰਸਾ ਦਾ ਪਾਠ
ਜਬਰੀ ਯਾਦ ਕਰਵਾਇਆ ਜਾਂਦਾ ਹੈ
ਤਾਂ ਮੈਂ
ਇਸ ਨੂੰ ਯਾਦ ਕਰਨ ਤੋਂ ਮੁਨਕਰ ਹਾਂ
ਕਿਉਂਕਿ
ਅਹਿੰਸਾ ਵਿੱਚ ਵੀ ਤਾਂ ਹਿੰਸਾ ਹੁੰਦੀ ਹੈ।
ਚਰਖਾ ਚੰਨਣ ਦਾ - ਹਰਬੰਸ ਸਿੰਘ 'ਅਖਾੜਾ'

ਚਰਖਾ ਚੰਨਣ ਦਾ
ਮੇਰਾ ਵੀਰ ਲਿਆਇਆ ਨੀ।
ਪੂਣੀਆਂ ਕੱਤ-ਕੱਤ ਕੇ
ਮੈਂ ਸੂਤ ਬਣਾਇਆ ਨੀ।

ਚਰਖਾ ਚੰਨਣ ਦਾ
ਮੈਂ ਕੱਤੇ ਗੋਹੜੇ ਨੀ।
ਮਾਵਾਂ ਧੀਆਂ ਦੇ
ਪੈ ਗਏ ਵਿਛੋੜੇ ਨੀ।

ਚਰਖਾ ਚੰਨਣ ਦਾ
ਇਹਦੀ ਗੂੰਜ ਸਤਾ ਜਾਵੇ।
ਸਹੁਰੀਂ ਬੈਠੀ ਨੂੰ
ਮਾਂ ਚੇਤੇ ਆ ਜਾਵੇ।

ਚਰਖਾ ਚੰਨਣ ਦਾ
ਅੰਬੀ ਹੇਠਾਂ ਕੱਤਾਂ ਨੀ।
ਪੱਲੇ ਬੰਨ੍ਹ ਲਈਆਂ
ਮਾਏ ਤੇਰੀਆਂ ਮੱਤਾਂ ਨੀ।

ਚਰਖਾ ਚੰਨਣ ਦਾ
ਸੁਹਾਗ ਪਟਾਰੀ ਵੇ।
ਬਾਬਲ ਘਰ ਤੇਰੇ
ਮੇਰੀ ਸੀ ਸਰਦਾਰੀ ਵੇ।

ਚਰਖਾ ਚੰਨਣ ਦਾ
ਤੇ ਤੀਆਂ ਸਾਉਣ ਦੀਆਂ।
ਸਹੁਰੇ ਬੈਠੀ ਨੂੰ ਮਾਂ
ਯਾਦਾਂ ਆਉਣਗੀਆਂ।

ਚਰਖਾ ਚੰਨਣ ਦਾ
ਯੁੱਗਾਂ ਤੱਕ ਚੱਲੇ ਵੇ।
ਵੀਰ ਘਰ ਪੁੱਤ ਜੰਮਿਆ
ਹੋਏ ਭਾਗ ਸਵੱਲੇ ਵੇ।

ਚਰਖਾ ਚੰਨਣ ਦਾ
ਘਰ ਬਾਰ ਸਵਾਰੇ ਵੇ।
ਜਿਉਂਦਾ ਰਹਿ ਵੀਰਾ
ਤੇਰੇ ਵਸਣ ਚੁਬਾਰੇ ਵੇ।

ਚਰਖਾ ਚੰਨਣ ਦਾ
ਮੈਨੂੰ ਜਾਨ ਤੋਂ ਪਿਆਰਾ ਵੇ।
'ਅਖਾੜੇ' ਵਾਲੇ ਵੀਰਾ
ਮੈਨੂੰ ਤੇਰਾ ਸਹਾਰਾ ਵੇ।

Sunday, 3 July 2016

ਪੰਜਾਬੀ ਟੱਪੇ, ਮਾਹੀਆ

ਫੇਸਬੁਕ ਦੇ ਪੰਜਾਬੀ ਲੋਕਧਾਰਾ ਗਰੁੱਪ ਦਾ ਬਹੁਤ ਬਹੁਤ ਧੰਨਵਾਦ

ਟੱਪ ਟੱਪਿਆਂ ਦੀ ਆਈ ਵਾਰੀ
ਪੰਜਾਬੀ ਲੋਕ ਧਾਰਾ
ਟੱਪਿਆਂ ਤੋਂ ਨਾ ਹਾਰੀ

ਕੋਠੇ ਤੇ ਖਲੋ ਮਾਹੀਆ
ਚੰਨ ਭਾਵੇਂ ਚੜੇ ਨਾ ਚੜੇ
ਸਾਨੂੰ ਤੇਰੀ ਲੋਅ ਮਾਹੀਆ

ਦੋ ਪੱਤਰ ਅਨਾਰਾਂ ਦੇ,
ਸਾਡੀ ਗਲੀ ਲੰਘ ਮਾਹੀਆ,
ਦੁੱਖ ਟੁੱਟਣ ਬਿਮਾਰਾਂ ਦੇ।

ਗੱਡੀ ਚੱਲਦੀ ਏ ਤਾਰਾਂ ’ਤੇ
ਅੱਗੇ ਮਾਹੀਆ ਨਿੱਤ ਮਿਲਦਾ,
ਹੁਣ ਮਿਲਦਾ ਕਰਾਰਾਂ ’ਤੇ।

ਵਿੱਚ ਕਬਰ ਖ਼ਿਆਲ ਆਇਆ,
ਬੁੱਤ ਕੋਲੋਂ ਰੂਹ ਪੁੱਛਦੀ,
ਮਾਹੀ ਕਿੱਥੋਂ ਤੀਕ ਨਾਲ ਆਇਆ।

ਕਾਲੇ ਖੰਭ ਨੇ ਕਾਵਾਂ ਦੇ
ਧੀਆਂ ਪ੍ਰਦੇਸ ਗਈਆਂ
ਧੰਨ ਜਿਗਰੇ ਮਾਵਾਂ ਦੇ ।

ਸੋਟੀ ਦੇ ਬੰਦ ਕਾਲੇ
ਆਖੀਂ ਮੇਰੇ ਮਾਹੀਏ ਨੂੰ
ਲੱਗੀ ਯਾਰੀ ਦੀ ਲੱਜ ਪਾਲੇ ।

ਪੈਸੇ ਦੀ ਚਾਹ ਪੀਤੀ
ਲੱਖਾਂ ਦੀ ਜਿੰਦੜੀ ਮੈਂ
ਤੇਰੇ ਪਿਆਰ 'ਚ ਤਬਾਹ ਕੀਤੀ ।

ਚਿੜੀਆਂ ਵੇ ਬਾਰ ਦੀਆਂ
ਰੱਜ ਕੇ ਨਾ ਦੇਖੀਆਂ ਵੇ
ਅੱਖਾਂ ਸਾਂਵਲੇ ਯਾਰ ਦੀਆਂ ।

ਇਹ ਕੀ ਖੇਡ ਹੈ ਨਸੀਬਾਂ ਦੀ
ਧੱਕਾ ਵਿਚਕਾਰ ਦੇ ਗਿਉਂ
ਕੁੜੀ ਤੱਕ ਕੇ ਗ਼ਰੀਬਾਂ ਦੀ ।

ਪਾਣੀ ਦੇ ਜਾ ਤਿਹਾਇਆਂ ਨੂੰ
ਭੌਰੇ ਵਾਂਗ ਉੱਡ ਤੂੰ ਗਿਉਂ
ਤੱਕ ਫੁੱਲ ਕੁਮਲਾਇਆਂ ਨੂੰ ।

ਸਾਂ ਚੰਨ ਨੂੰ ਗਵਾਹ ਕੀਤਾ
ਮੋਤੀਏ ਦੇ ਫੁੱਲ ਵਰਗਾ ਨੀ
ਦਿੱਲ ਤੇਰੇ ਤੇ ਫਿਦਾ ਕੀਤਾ।

ਮਹਿੰਗਾ ਹੋ ਗਿਆ ਸੋਨਾ ਵੇ
ਇਕ ਪਲ ਕੀ ਹੱਸਿਆ
ਪਿਆ ਉਮਰਾਂ ਦਾ ਰੋਣਾ ਵੇ ।

ਖੂਹੇ ਤੇ ਆ ਮਾਹੀਆ
ਨਾਲੇ ਕੋਈ ਗੱਲ ਕਰ ਜਾਹ
ਨਾਲੇ ਘੜਾ ਵੇ ਚੁਕਾ ਮਾਹੀਆ ।

ਮੈਂ ਖੜੀ ਆਂ ਬਨੇਰੇ ਤੇ
ਬੁੱਤ ਮੇਰਾ ਏਥੇ ਵਸਦਾ
ਰੂਹ ਮਾਹੀਏ ਦੇ ਡੇਰੇ ਤੇ ।

ਬੋਲਣ ਦੀ ਥਾਂ ਕੋਈ ਨਾਂ
ਜਿਹੜਾ ਸਾਨੂੰ ਲਾ ਵੇ ਦਿੱਤਾ
ਇਸ ਰੋਗ ਦਾ ਨਾਂ ਕੋਈ ਨਾ ।

ਪਾਣੀ ਦੇ ਜਾ ਤਿਹਾਇਆਂ ਨੂੰ
ਭੌਰੇ ਵਾਂਗ ਉੱਡ ਤੂੰ ਗਿਉਂ
ਤੱਕ ਫੁੱਲ ਕੁਮਲਾਇਆਂ ਨੂੰ ।

ਚਿੱਠੀ ਮਾਹੀਏ ਨੂੰ ਪਾਉਣੀ ਏਂ
ਸੌਖੀ ਏ ਲਾਉਣੀ ਚੰਨਾਂ
ਔਖੀ ਤੋੜ ਨਿਭਾਉਣੀ ਏਂ ।

ਕਟੋਰਾ ਕਾਂਸੀ ਦਾ
ਤੇਰੀ ਵੇ ਜੁਦਾਈ ਸੱਜਣਾ
ਜਿਵੇਂ ਝੂਟਾ ਫਾਂਸੀ ਦਾ ।

ਦੋ ਕਪੜੇ ਸਿਲੇ ਹੋਏ ਨੇ
ਬਾਹਰੋਂ ਭਾਵੇਂ ਰੁੱਸੇ ਹੋਏ ਹਾਂ
ਵਿਚੋਂ ਦਿਲ ਤਾਂ ਮਿਲੇ ਹੋਏ ਨੇ ।

ਹੋਇਆ ਗਲ ਗਲ ਪਾਣੀ ਏਂ
ਅਜੇ ਤਕ ਤੂੰ ਮਾਹੀਆ
ਸਾਡੀ ਕਦਰ ਨਾ ਜਾਣੀ ਏਂ ।

ਖੂਹੇ ਤੇ ਆ ਮਾਹੀਆ
ਨਾਲੇ ਕੋਈ ਗੱਲ ਕਰ ਜਾਹ
ਨਾਲੇ ਘੜਾ ਵੇ ਚੁਕਾ ਮਾਹੀਆ ।

ਗਲ ਗਾਨੀ ਪਾਈ ਰੱਖੀਏ
ਜੀਹਦੇ ਨਾਲ ਦਿਲ ਲਾਈਏ
ਸਦਾ ਦਿਲ ਨਾਲ ਲਾਈ ਰੱਖੀਏ ।

ਵੇ ਮੈਂ ਭਤ ਨਾ ਖੋਲ੍ਹਾਂਗੀ
ਲੱਖਾਂ ਜਿਹੀ ਜਿੰਦੜੀ ਚੰਨਾ
ਤੇਰੇ ਕਦਮਾਂ ਚ' ਰੋਲਾਂਗੀ

ਸੜਕੇ ਤੇ ਰੁੜ੍ਹ ਵੱਟਿਆ
ਜਿਨ੍ਹਾਂ ਯਾਰੀ ਨਹੀਉਂ ਲਾਈ
ਉਨ੍ਹਾਂ ਦੁਨੀਆਂ 'ਚ ਕੀ ਖੱਟਿਆ ।

ਮੌਜਾਂ ਪਿਆ ਜਗ ਮਾਣੇ
ਅਸੀਂ ਤੇਰੇ ਨੌਕਰ ਹਾਂ
ਤੇਰੇ ਦਿਲ ਦੀਆਂ ਰੱਬ ਜਾਣੇ ।

ਪਈ ਰਾਤ ਨਾ ਹਾਲਾਂ ਵੇ
ਵਿੱਚੋਂ ਤੇਰੀ ਸੁਖ ਮੰਗਦੀ
ਕੱਢਾਂ ਉਤੋਂ ਉਤੋਂ ਗਾਲਾਂ ਵੇ ।

ਮੈਂ ਖੜੀ ਆਂ ਬਨੇਰੇ ਤੇ
ਬੁੱਤ ਮੇਰਾ ਏਥੇ ਵਸਦਾ
ਰੂਹ ਮਾਹੀਏ ਦੇ ਡੇਰੇ ਤੇ ।

ਦੋ ਪੱਤਰ ਅਨਾਰਾਂ ਦੇ
ਸਾਡਾ ਦੁਖ ਸੁਣ ਮਾਹੀਆ
ਰੋਂਦੇ ਪੱਥਰ ਪਹਾੜਾਂ ਦੇ ।

ਮੰਦੇ ਹਾਲ ਬੀਮਾਰਾਂ ਦੇ
ਇਸ਼ਕੇ ਦੇ ਵਹਿਣ ਅੰਦਰ
ਬੇੜੇ ਡੁਬ ਗਏ ਹਜ਼ਾਰਾਂ ਦੇ ।

ਲੀਰਾਂ ਲਮਕਣ ਸੂਟ ਦੀਆਂ
ਮੈਂ ਪਈ ਰੋਂਵਦੀ ਚੰਨਾਂ
ਸਹੀਆਂ ਪੀਂਘਾਂ ਝੂਟਦੀਆਂ ।

ਕਿੱਥੇ ਟੁੱਟੀਆਂ ਮਿਲਣ ਪਈਆਂ
ਜਦੋਂ ਦਾ ਤੂੰ ਗਿਆ ਸੱਜਣਾ
ਕੰਧਾਂ ਦਿਲ ਦੀਆਂ ਹਿਲਣ ਪਈਆਂ ।

ਨਾਂ ਤੇਰਾ ਲੀਤਾ ਈ
ਸਚ ਦੱਸ ਤੂੰ ਮਾਹੀਆ
ਕਦੀ ਯਾਦ ਵੀ ਕੀਤਾ ਈ ।

ਬੋਲਣ ਦੀ ਥਾਂ ਕੋਈ ਨਾਂ
ਜਿਹੜਾ ਸਾਨੂੰ ਲਾ ਵੇ ਦਿੱਤਾ
ਇਸ ਰੋਗ ਦਾ ਨਾਂ ਕੋਈ ਨਾ ।

ਮੀਂਹ ਵਰਦਾ ਏ ਕਿੱਕਰਾਂ ਤੇ
ਇਕ ਵਾਰੀ ਮੇਲ ਵੇ ਰੱਬਾ
ਮੁੜ ਕਦੇ ਵੀ ਨਾ ਵਿਛੜਾਂਗੇ ।

ਮੀਂਹ ਪੈਂਦਾ ਏ ਫਾਂਡੇ ਦਾ
ਭਿੱਜ ਗਈ ਬਾਹਰ ਖੜੀ
ਬੂਹਾ ਖੋਲ੍ਹ ਬਰਾਂਡੇ ਦਾ ।

ਚਿੱਠੀ ਮਾਹੀਏ ਨੂੰ ਪਾਉਣੀ ਏਂ
ਸੌਖੀ ਏ ਲਾਉਣੀ ਚੰਨਾਂ
ਔਖੀ ਤੋੜ ਨਿਭਾਉਣੀ ਏਂ ।

ਦੋ ਫੁੱਲ ਕੁਮਲਾਏ ਹੋਏ ਨੇ
ਸਾਡੇ ਨਾਲੋਂ ਬਟਣ ਚੰਗੇ,
ਜਿਹੜੇ ਹਿਕ ਨਾਲ ਲਾਏ ਹੋਏ ਨੇ ।

ਹੋਇਆ ਗਲ ਗਲ ਪਾਣੀ ਏਂ
ਅਜੇ ਤਕ ਤੂੰ ਮਾਹੀਆ
ਸਾਡੀ ਕਦਰ ਨਾ ਜਾਣੀ ਏਂ ।

ਚੰਨ ਬੱਦਲਾਂ ਵਿੱਚ ਆ ਨੀ ਗਿਆ
ਕੱਚਿਆ ਨੇ ਕਚ ਕੀਤਾ
ਸਾਡੇ ਪੱਕੇ ਨੂੰ ਵਟਾ ਨੀ ਗਿਆ

ਗਲ ਗਾਨੀ ਪਾਈ ਰੱਖੀਏ
ਜੀਹਦੇ ਨਾਲ ਦਿਲ ਲਾਈਏ
ਸਦਾ ਦਿਲ ਨਾਲ ਲਾਈ ਰੱਖੀਏ ।

ਠੰਡੀ ਛਾਂ ਹੋਵੇ ਏਸ ਰੁਖ ਦੀ
ਕਿੱਥੇ ਮਹੀਂਵਾਲ ਮੇਰਾ
ਸੋਹਣੀ ਮੱਛੀਆਂ ਨੂੰ ਰਾਹ ਪੁੱਛਦੀ।

ਫੁੱਲਾ ਵੇ ਗੁਲਾਬ ਦਿਆ
ਕਿੱਥੇ ਤੈਨੂੰ ਸਾਂਭ ਰੱਖਾਂ
ਮੇਰੇ ਮਾਹੀਏ ਦੇ ਬਾਗ਼ ਦਿਆ ।

ਅਸਾਂ ਚੰਨ ਨੂੰ ਗਵਾਹ ਕੀਤਾ
ਮੋਤੀਏ ਦੇ ਫੁੱਲ ਵਰਗਾ
ਨੀ ਦਿਲ ਤੇਰੇ ਤੇ ਫਿਦਾ ਕੀਤਾ

ਸਭ ਸੌਦੇ ਤਕਦੀਰਾਂ ਦੇ,
ਅਮੀਰਾਂ ਦੀਆਂ ਰੋਣ ਕਬਰਾਂ,
ਮੇਲੇ ਲੱਗਦੇ ਫ਼ਕੀਰਾਂ ਦੇ..||

ਓ ਬੱਗਾ-ਕੁੱਕੜ ਬਨੇਰੇ ਤੇ,
ਨੀਂ ਰੇਸ਼ਮੀ-ਦੁਪੱਟੇ ਵਾਲੀਏ,
ਮੁੰਡਾ ਆਸ਼ਿਕ ਤੇਰੇ ਤੇ..||

ਪਾਣੀ ਛੰਨੇ ਵਿੱਚੋਂ ਕਾਂ ਪੀਤਾ,
ਤੇਰੇ ਵਿੱਚੋਂ ਰੱਬ ਦਿਸਿਆ,
ਤੈਨੂੰ ਸਜਦਾ ਮੈਂ ਤਾਂ ਕੀਤਾ..||

ਮੇਰਾ ਸੂਟ ੲੇ ਲਾਲ ਮਾਹੀਅਾ
ਚੱਲਿਅਾ ਜੇ ਲਾਮਾਂ ਨੂੰ
ਮੈਨੂੰ ਲੈ ਚਲ ਨਾਲ ਮਾਹੀਅਾ

ਤੇਰੀ ਯਾਦ ਸਤਾਉਂਦੀ ਏ,
ਗੱਡੀਆਂ ਚ’ ਬੈਠਦਿਆਂ,
ਓ ਯਾਦ ਗੱਡਿਆਂ ਦੀ ਆਉਂਦੀ ਏ..||

ਪਾਣੀ ਵਿੱਚ ਵੀ ਲਕੀਰਾਂ ਨੇਂ,
ਦੁਨੀਆ ਨੇਂ ਜੱਗ ਖੱਟਿਆ,
ਤੇ ਰੱਬ ਖੱਟਿਆ ਫ਼ਕੀਰਾਂ ਨੇਂ..||

ਸੋਨੇ ਦੀਅਾਂ ਮੇਖਾਂ ਵੇ
ਵਿਅਾਹ ਵਿਚ ਨੱਚਦੇ ਨੂੰ
ਤੈਨੂੰ ਚੋਰੀ ਚੋਰੀ ਵੇਖਾਂ ਵੇ

ਸੜਕਾਂ ਤੇ ਰੋੜ੍ਹੀ ਏ,
ਨਾਲੇ ਮੇਰਾ ਛੱਲਾ ਲਾ ਲਿਆ,
ਨਾਲੇ ਉਂਗਲੀ ਮਰੋੜੀ ਏ..||

ਕੀ ਕਰਨਾਂ ਨਿਸ਼ਾਨੀ ਦਾ,
ਉਨ੍ਹਾਂ ਤੈਨੂੰ ਪਿਆਰ ਨਹੀਂ,
ਜਿੰਨਾਂ ਮਾਣ ਜਵਾਨੀਂ ਦਾ..||

ਨਦੀ ਵਿਚ ਫੁੱਲ ਤਰਦਾ
ਏਸ ਜੁਦਾਈ ਨਾਲੋ
ਰੱਬ ਪੈਦਾ ਹੀ ਨਾ ਕਰਦਾ

ਲੱਕੜੀ ਚ ਕਿਲ ਮਾਹੀਆ
ਲੋਕਾ ਦੀਆ ਰੋਣ ਅੱਖੀਆ
ਸਾਡਾ ਰੋਦਾ ਏ ਦਿਲ ਮਾਹੀਆ

ਲੋਕਾ ਦਿਆ ਪੱਥਰਾ ਦੀ ਪੀੜ ਰਤਾ ਨਾ ਹੋਈ
ਮਾਹੀਏ ਨੇ ਫੁਲ ਮਾਰਿਆ
ਸਾਡੀ ਰੂਹ ਅੰਬਰਾਂ ਤੱਕ ਰੋਈ

ਖੰਭ ਕਾਲੇ ਤਿੱਤਰਾਂ ਦੇ
ਇੱਕ ਵਾਰੀ ਮੇਲ ਕਰੀਂ
ਰੱਬਾ ਵਿਛੜੇ ਮਿੱਤਰਾਂ ਦੇ....

ਵੇ ਮਾਹੀਆ,
ਕੋਈ ਮੁੰਦਰੀ ਪਾਈ ਹੋਵੇ,
ਵੇ ਨੀਂਦਰ ਨਹੀ ਆਉਂਦੀ,
ਕਿਸੇ ਨਾਲ ਜੇ ਲਾਈ ਹੋਵੇ,

ਗਾਨੀ ਦੀਆਂ ਦੋ ਲੜੀਆਂ
ਇੱਕ ਵਾਰੀ ਆ ਮਾਹੀਆ
ਭਾਵੇਂ ਬਹਿ ਜਾਵੀਂ ਦੋ ਘੜੀਆਂ...

ਛੱਪੜੀ ਚ ਚੰਨ ਤਰਦਾ
ਏਸ ਜੁਦਾਈ ਨਾਲੋਂ
ਰੱਬ ਪੈਦਾ ਹੀ ਨਾ ਕਰਦਾ...

ਓ ਵੇਲ੍ਹਾ ਆਵੇਗਾ,
ਅੱਜ ਵੀ ਮਿਲਾਇਆ ਰੱਬ ਨੇਂ,
ਤੇ ਰੱਬ ਫ਼ੇਰ ਮਿਲਾਵੇਗਾ..||

ਦੋ-ਬੋਲ ਪਿਆਰਾਂ ਦੇ,
ਦੁਨੀਆ ਨੇਂ ਤਰੱਕੀ ਕਰ ਲਈ,
ਮੇਲੇ ਮੁੱਕ ਗਏ ਨੇਂ ਯਾਰਾਂ ਦੇ..||

ਤਸਵੀਰਾਂ ਨਾ ਮਿਲੀਆ
ਦੋ ਦਿਲ ਮਿਲ ਬੈਠੇ
ਤਕਦੀਰਾਂ ਨਾ ਮਿਲੀਆਂ

ਕੀ ਜਿਓਂਈਏ ਤੇ ਕੀ ਮਰੀਏ,
ਫ਼ੁੱਲਾਂ ਨਾਲ ਜੋ ਭੇਜੇ..
ਉਨ੍ਹਾਂ ਕੰਢਿਆਂ ਦਾ ਕੀ ਕਰੀਏ..||

ਕੁੰਡੇ ਲਾਉਂਦੀਆਂ ਤਾਕਾਂ ਨੂੰ,
ਨਿੱਕੀ ਹੁੰਦੀ ਮਰ ਜਾਂਦੀ,
ਠੰਡ ਪੈ ਜਾਂਦੀ ਸਾਕਾਂ ਨੂੰ,

ਸਾਰੇ ਸੌਦੇ ਦਿਲ ਦੇ ਨੇਂ,
ਫ਼ੁੱਲਾਂ ਕੋਲੋਂ ਬਚ ਕੇ ਰਹੀਂ,
ਫ਼ੁੱਲ ਕੰਢਿਆਂ ਚ’ ਖਿਲ ਦੇ ਨੇਂ..||

ਪਾਣੀ ਪਾਕ ਸਮੁੰਦਰਾਂ ਦੇ
ਯਾਰੀ ਤਾਂ ਦੋ ਦਿਨ ਦੀ
ਮਿਹਨੇ ਸਾਰੀਆਂ ਉਮਰਾਂ ਦੇ..

ਕੋਠੇ ਤੇ ਖਲੋ ਮਾਹੀਆ
ਚੰਨ ਭਾਵੇਂ ਚੜੇ ਨਾਂ ਚੜੇ
ਸਾਨੂੰ ਤੇਰੀ ਲੋਅ ਮਾਹੀਆ...

ਸਾਰੇ ਸੌਦੇ ਦਿਲ ਦੇ ਨੇ,
ਸਾਇੰਸ ਨੇ ਤਰੱਕੀ ਕਰਤੀ,
ਫੁੱਲ ਕੰਢਿਆਂ ਤੋ ਬਿਨਾਂ ਮਿਲਦੇ ਨੇ,

ਕਾਲੇ ਕਾਂ ਮਾਹੀਆ।
ਓਥੇ ਗੱਲਾਂ ਕਰੀਏ,
ਗੱਲਾਂ ਕਰਨੇ ਦੀ ਥਾਂ ਮਾਹੀਆ।

ਗਲ ਕਰ ਕੇ ਕੀ ਲੈਣਾ ਏ।
ਦੁਨੀਆ ਤੋਂ ਡਰ ਚੰਨ ਵੇ,
ਅਸੀਂ ਦੁਨੀਆ ’ਚ ਰਹਿਣਾ ਏ।

ਫੁੱਲ ਲੱਗ ਗਏ ਅਨਾਰਾਂ ਨੂੰ
ਦਰਸ਼ ਦਿਖਾ ਪਤਲੋ
ਨੀ ਸਾਨੂੰ ਇਸ਼ਕ ਬੀਮਾਰਾਂ ਨੂੰ,,,

ਕਾਟੋ ਫੁੱਲਾਂ ਰਹਿੰਦੀ ਏ,
ਦੁਨੀਆਂ ਤੋਂ ਨਾ ਡਰ ਸੱਜਣਾ,
ਇਹ ਤਾਂ ਭੌਂਕਦੀ ਰਹਿੰਦੀ ਏ,

ਕੋਈ ਬੱਕਰਾ ਥਲ ਮੋਇਆ,
ਮਸਲਾ ਇਸ਼ਕੇ ਦਾ,
ਨਹੀਂ ਦੁਨੀਆਂ ਤੋਂ ਹੱਲ ਹੋਇਆ

ਮੁੱਠੀ ਭਰੀ ਹੋਈ ਕਲੀਆਂ ਦੀ,
ਯਾਰ ਗੁਆ ਬੈਠੀ ਆਂ,
ਨਹੀਂ ਸੀ ਵਾਕਿਫ਼ ਗਲੀਆਂ ਦੀ

ਉਏ ਸਾਨੂੰ ਮਿਲਦਾ ਵਹਿਲ ਨਹੀਂ
ਇਸ਼ਕ ਹਕੀਕੀ ਸੱਜਣਾ
ਬੱਚਿਆਂ ਦਾ ਖੇਲ ਨਹੀਂ

ਕਾਲੀ ਘਟਾ ਚੜ ਆਈ ਏ
ਗੱਭਰੂ ਜੁਆਨ ਪੁੱਤ ਨੇ
ਜੁਆਨੀ ਨਸ਼ੇ ਲੇਖੇ ਲਾਈ ਏ,,,

ਬੇਰੀ ਨਾਲ ਕੰਡਾ ਕੋਈ ਨਾ,
ਆ ਢੋਲਾ ਗਲ ਲੱਗੀਏ,
ਵਿਹੜੇ ਵਿੱਚ ਬੰਦਾ ਕੋਈ ਨਾ।

ਚੁੱਲ੍ਹੇ ’ਚੋਂ ਅੱਗ ਪਾ ਲਾਂ ।
ਤੂੰ ਮੇਰਾ ਦੁਸ਼ਮਣ ਏਂ,
ਮੈਂ ਲੱਗੀਆਂ ਦੀ ਲੱਜ ਪਾਲਾਂ।

ਸੋਨੇ ਦਿਆ ਵੇ ਕੰਗਣਾ,
ਸੱਜਣਾ ਨੇ ਬੂਹਾ ਢੋਅ ਲਿਆ,
ਹੁਣ ਗਲੀ ਵਿੱਚੋਂ ਕੀ ਲੰਘਣਾ।

ਛੱਪੜੀ ਵਿਚ ਜੋਕਾਂ ਨੇ,
ਜਿਨਾ ਪਿਛੇ ਸਾਨੂ ਛੱਡਿਅਾ
ਸਾਡੀ ਜੁਤੀ ਦੀਅਾਂ ਨੋਕਾਂ ਨੇ!

ਲਾਡਾਂ ਦੀਏ ਪਲੀਏ ਨੀ।
ਮਿੱਠੀ ਮਿੱਠੀ ਗੱਲ ਕਰ ਜਾ,
ਮਿਸ਼ਰੀ ਦੀਏ ਡਲੀਏ ਨੀ।

ਬਾਗ਼ਾਂ ਵਿੱਚ ਮਹਿੰਦੀ ਏ।
ਇੱਕ ਗੇੜਾ ਮਾਰ ਮਾਹੀਏ ਤੂੰ,
ਬਾਲੋ ਬਾਰੀ ’ਚ ਬਹਿੰਦੀ ਏ।

ਗੱਡੀ ਚੱਲਦੀ ਏ ਲੀਕਾਂ ’ਤੇ
ਅੱਗੇ ਬਾਲੋ ਨਿੱਤ ਮਿਲਦੀ,
ਹੁਣ ਮਿਲਦੀ ਤਰੀਕਾਂ ’ਤੇ।

ਹਾਰ ਦੀਆਂ ਤਿੰਨ ਲੜੀਆਂ,
ਤੇਰਾ ਪਿੱਛਾ ਨਹੀਂ ਛੱਡਣਾ,
ਭਾਵੇਂ ਲੱਗ ਜਾਣ ਹੱਥਕੜੀਆਂ।

ਦੁੱਖ ਸਾਰੇ ਜਰ ਜਾਂਗੇ।
ਤੇਰੇ ਬਿਨਾਂ ਬਾਲੋ ਮੇਰੀਏ,
ਅਸੀਂ ਜਿਊਂਦੇ ਈ ਮਰ ਜਾਂਗੇ।

ਬਸ ਨੌਂ ਸੋ ਛਿਆਹਠ ਆਈ ,
ਉਦੋਂ ਅਸੀਂ ਉੱਜੜ ਗਏ,
ਜਦੋਂ ਵੱਸਣੇ ਦੀ ਜਾਚ ਆਈ।

ਦੋ ਗਿੱਟਕਾਂ ਰੀਠੇ ਦੀਆਂ,
ਗਬਰੂ ਭੁੱਲੇ ਰੰਗ ਮੁਸ਼ਕੀ,
ਹੁਣ ਤਾਂ ਉਡੀਕਾਂ ਚਿੱਟੇ ਦੀਆਂ,

ਮੁੱਠੀ ਭਰੀ ਹੋਈ ਕਲੀਆਂ ਦੀ,
ਯਾਰ ਗੁਆ ਬੈਠੀ ਆਂ,
ਨਹੀਂ ਸੀ ਵਾਕਿਫ਼ ਗਲੀਆਂ ਦੀ।

ਕੋਠੇ ਤੇ ਆਇਆ ਕਰੋ
ਘਰੇ ਥੋਡੇ ਰੇਂਜ ਨਹੀਂ
ਨਵਾਂ ਸਿਮ ਕੋਈ ਪਾਇਆ ਕਰੋ

ਕੋਠੇ 'ਤੇ ਚੜ੍ਹਿਅਾ ਕਰੋ
ਫੂਨ ਕਾਲ ਮਹਿੰਗੀ ਹੋ ਗੲੀ
ਗੱਲ ਸੈਨਤਾਂ ਦੇ ਨਾਲ ਕਰੋ

ਅੱਖੀਆਂ ਚ ਨੀਰ ਆਇਆ,
ਓਦੋਂ ਸਾਨੂੰ ਮਾਹੀ ਮਿਲਿਆ,
ਜਦੋਂ ਵਕਤ ਅਖ਼ੀਰ ਆਇਆ।

ਕਾਲੇ ਰੰਗ ਦੇ ਮਲੋਕ ਹੁੰਦੇ,
ਲੱਗੀਆਂ ਨਹੀਂ ਭੁੱਲਦੇ,
ਜਿਹੜੇ ਅਸਲੀ ਲੋਕ ਹੁੰਦੇ।

ਵਿੱਚ ਕਬਰ ਖਿਆਲ ਆਇਆ,
ਰੂਹ ਕੋਲੋਂ ਬੁੱਤ ਪੁੱਛਦਾ ,
ਮਾਹੀਆ ਕਿੱਥੋਂ ਤੱਕ ਨਾਲ ਆਇਆ,

ਵੇ ਹਾਏ ਮੇਰਾ ਦਿੱਲ ਹਿੱਲਿਆ
ਪੱਕੀ ਰਹਿਗੀ ਵੇ ਤਵੇ 'ਤੇ ਰੋਟੀ,
ਮਾਹੀ ਬਸਰੇ ਨੂੰ ਤੁਰ ਚੱਲਿਆ,

ਤੈਨੂੰ ਆਉਂਦੀ ਨੀ ਸੰਗ ਮਾਹੀਆ
ਗਾਲੀ ਵਿੱਚ ਬੜਾ ਖੰਘਨੈ
ਹੁਣ ਸਾਹਮਣੇ ਵੀ ਖੰਘ ਮਾਹੀਆ

ਕੋਠੇ 'ਤੇ ਕਾਂ ਬੋਲੇ
ੲਿਸ਼ਕੇ ਦੀ ਗੱਲ ਚਲ ਪੲੀ
ੳੁਥੇ ਤੇਰਾ ਮੇਰਾ ਨਾਂ ਬੋਲੇ

ਕੋਠੇ ਤੇ ਕਾਨਾ ਏ
ਮਿਲਣਾ ਤੇ ਰੱਬ ਨੂੰ ਏ
ਤੇਰਾ ਪਿਆਰ ਬਹਾਨਾ ਏ

ਕੋਠੇ ਤੇ ਆਇਆ ਕਰੋ
ਜਦੋਂ ਅਸੀਂ ਸੌਂ ਜਾਈਏ
ਤੁਸੀਂ ਮੱਖੀਆਂ ਉਡਾਇਆ ਕਰੋ

ਗੁੜ ਥੋੜਾ ਖਾਇਆ ਕਰੋ
ਮੱਖੀਆਂ ਨਹੀਂ ਉਡਾਣੀਆਂ,
ਤੁਸੀਂ ਰੋਜ਼ ਨਹਾਇਆ ਕਰੋ।

ਬਾਰੀ ਵਿਚ ਸੀਖਾਂ ਨੇ ,
ਪਰਾਂ ਹੋ ਕੇ ਬਹਿ ਮਾਹੀਆ ,
ਤੇਰੇ ਸਿਰ ਵਿਚ ਲੀਖਾਂ ਨੇ।

ਬਾਕੀ ਸਾਰੇ ਕੰਮ ਛੱਡ ਕੁੜੀੲੇ
ਲੀਖਾਂ ਦੀਅਾਂ ਜੂੰਅਾਂ ਬਣੀਅਾਂ
ਹਾੜਾ, ਰੋਲ਼ ਪਾਕੇ ਕੱਢ ਕੁੜੀੲੇ

ਬਾਈਸਾਈਕਲ ਚਲਾਈ ਜਾਂਦੇ ਓ
ਨਾਲੇ ਤੁਹਾਡਾ ਨੱਕ ਵੱਗਦਾ
ਨਾਲੇ ਕੁਲਫੀ ਖਾਈ ਜਾਂਦੇ ਓ

ਜਾਨ ਸੂਲ਼ੀ ਤੇ ਨਾ ਟੰਗਿਅਾ ਕਰੋ
ਜੇ ਸਾਡੇ ਨਾਲ ਨਹੀਂ ਬੋਲਣਾ
ਸਾਡੀ ਗਲ਼ੀ ਵੀ ਨਾ ਲੰਘਿਅਾ ਕਰੋ

ਜਿੰਦ ਕੀ ਪਈ ਸਹਿੰਦੀ ਏ,
ਬਿਰਹੋਂ ਦਾ ਮਲ਼ ਵੱਟਣਾ,
ਹੱਥੀਂ ਅੱਗ ਦੀ ਮਹਿੰਦੀ ਏ

ਕਣੀਆਂ ਪਈਆਂ ਵਰ੍ਹਦੀਆਂ ਨੇ
ਧੀਆਂ ਨੂੰ ਸੰਧਾਰੇ ਬੇਜ ਕੇ
ਮਾਵਾਂ ਪਈਆਂ ਠਰਦੀਆਂ ਨੇ

ਘਟਾ ਕਾਲੀ ਛਾ ਜਾਣੀ ਏ
ਛਮ ਛਮ ਮੇਘ ਬਰਸੇ
ਹਰਿਆਲੀ ਆ ਜਾਣੀ ਏ

ਰੱਬਾ ਸਾਵਣ ਵਰ੍ਹਾਉਣਾ ਏ
ਖਿੜੀਆਂ ਫਸਲਾਂ ਵੇਖ
ਕਿਸਾਨ ਵੀਰ ਮੁਸਕਾਉਣਾ ਏ

ਪੈਲਾਂ ਮੋਰਾਂ ਨੇ ਪਾਉਣੀਆਂ ਨੇ
ਸਾਵਣ ਦੇ ਗੀਤ ਗਾ ਕੇ
ਅਸਾਂ ਰੌਣਕਾਂ ਲਾਉਣੀਆਂ ਨੇ

ਦਿਨ ਪਿਅਾਰੇ ਨੇ ਸਾਵਣ ਦੇ
ਹੌਲੀ ਹੋਲ਼ੀ ਵਰ੍ਹ ਸਾੳੁਣਾ
ਘਰ ਮਾਹੀੲੇ ਨੂੰ ਅਾਵਣ ਦੇ

ਗੱਡੀ ਆ ਗਈ ਏ ਟੇਸ਼ਣ ਤੇ,
ਪਰਾਂ ਹੱਟ ਵੇ ਬਾਬੂ
ਸਾਨੂੰ ਮਾਹੀਆ ਵੇਖਣ ਦੇ।

ਕਿੳੁਂ ਚੁੱਪ ਮਾਂ ਜਾੲਿਅਾ ਵੇ
ਸੱਸ ਮੇਰੀ ਨਿੱਤ ਪੁੱਛਦੀ
ਤੇਰਾ ਵੀਰ ਨਹੀਂ ਅਾੲਿਅਾ ੲੇ

ਰੰਗ ਹੋ ਗਿਅਾ ਬਸਾਰ ਭੈਣੇ
ਤਾਪ ਨਹੀਂ ਖਹਿੜਾ ਛੱਡਦਾ
ਤੇਰੀ ਭਾਬੀ ਬੀਮਾਰ ਭੈਣੇ

ਰੇ ਦੁੱਖੜੇ ਵੰਡਾ ਜਾੳੂਂਗੀ
ਕਾਂ ਹੱਥ ਸਨੇਹਾ ਘੱਲ ਦੲੀਂ
ਗੱਡੀ ਤੱੜਕੇ ਦੀ ਅਾ ਜਾੳੂਂਗੀ

ਮੋਰ ਚੁੰਨੀ ‘ਤੇ ਪੁਆ ਲੈਣੇ
ਪੈਲਾਂ ਅੰਗ ਸੰਗ ਪਾਉਣੀਆਂ
ਜਿੰਦੇ ਬੱਦਲਾਂ ਨੂੰ ਲਾ ਲੈਣੇ

ਬੂਟਾ ਹਰਿਆ ਸੁੱਕ ਚੱਲਿਆ
ਐਸ਼ ਅਸਾਂ ਕੀ ਕਰਨੀ
ਜਦੋਂ ਸਾਵਣ ਹੀ ਮੁੱਕ ਚੱਲਿਆ।

ਬੀਜ ਨਵੇਂ ਕੋਈ ਪਾ ਚੱਲੀਏ
ਮੁਹੱਬਤਾਂ ਦੀ ਛਾਂ ਹੋਵੇ
ਬੂਟੇ ਸਾਂਝਾਂ ਵਾਲੇ ਲਾ ਚੱਲੀਏ

ਗਜ ਟੁੱਟ ਗਿਆ ਦਰਜੀ ਦਾ,
ਨਾਂ ਸਾਨੂੰ ਘਰ ਜੁੜਿਆ,
ਨਾਂ ਮਾਹੀਆ ਮਰਜੀ ਦਾ|

ਘੋੜੀ ਨੇ ਲਿੱਦ ਕੀਤੀ,
ਵੇ ਜਿੱਥੇ ਸਾਡਾ ਸਹੁ ਨਾਂ ਡੁੱਬੇ
ਉਥੇ ਮਾਪਿਆਂ ਨੇ ਜਿਦ ਕੀਤੀ|

ਕੰਨੀ ਕਾਂਟੇ ਪਾਏ ਹੋਏ ਆ,
ਸਾਡੇ ਨਾਲੋ ਬਟਣ ਚੰਗੇ,
ਜ੍ਹੇੜੇ ਸੀਨੇ ਨਾਲ ਲਾਏ ਹੋਏ ਆ|

ਬਾਗੇ ਵਿਚ ਚੁਅਲਾ ਚੌਂਕਾ
ਹੁਣ ਦੀਆਂ ਕੁੜੀਆਂ ਦਾ,
ਭੀੜਾ ਕੁੜਤਾ ਤੇ ਤੰਗ ਪ੍ਹੌਚਾ|

ਦੋ ਤਾਰਾਂ ਪਿੱਤਲ ਦੀਆਂ,
ਜਦੋ ਮਾਹੀ ਯਾਦ ਆਵੇ,
ਅੱਗਾਂ ਬਲ ਬਲ ਨਿਕਲਦੀਆਂ|

ਕੋਰੇ ਘੜੇ ਤੇ ਪਿਆਲਾ ਏ,
ਸੱਜਣਾਂ ਨੇ ਹੱਥ ਮਾਰਿਆ,
ਜਿਉ ਗਰਮ ਮਸਾਲਾ ਏ|

ਦੋ ਫੁਲਕੇ ਫੁੱਲ ਗਏ ਨੇ ,
ਪ੍ਰੀਤ ਲਗਾ ਕੇ ਚੰਨਾਂ
ਅੱਜ ਚੇਤੇ ਭੁੱਲ ਗਏ ਨੇ |

ਸਾਬਣ ਦੀ ਗਾਚੀ ਆ,
ਸਾਨੂੰ ਤਾਂ ਛੋੜ ਚਲੇ,
ਪਰਦੇਸੀ ਜਾਤੀ ਆ|

 ਗੱਡੀ ਆਈ ਏ ਟੇਸ਼ਣ ’ਤੇ,
ਪਰਾਂ ਹੋ ਜਾ ਵੇ ਬਾਬੂ,
ਸਾਨੂੰ ਮਾਹੀਏ ਨੂੰ ਦੇਖਣ ਦੇ

ਗੱਡੀ ਤੁਰਦੀ ਨੂੰ ਪਾਵਾਂ ਰੱਸੀਆਂ
ਰੂਹੋਂ ਸੱਖਣੇ ਕਲਬੂਤ ਦੋ ਬੰਨ੍ਹਤੇ
ਰੂਹਾਂ ਕਿਤੇ ਹੋਰ ਵਸੀਆਂ

ਦਿਲ ਹੋ ਗਿਆ ਆਰੇ ਤੇ
ਵੇਖ ਕਾੜ੍ਹਨੀ ਦੇ ਦੁੱਧ ਵਰਗਾ
ਫੁੱਲ ਕਾਸ਼ਨੀ ਚੁਬਾਰੇ 'ਤੇ.

ਸਵਰਗਾਂ ਦਾ ਰਾਜ ਜਿਹਾ
ਪੰਜਾਬੀ ਲੋਕਧਾਰਾ ਸੱਜਣੋ
ਫੁੱਲਾਂ ਕਲੀਅਾਂ ਦਾ ਬਾਗ ਜਿਹਾ

ਗੱਡੀ ਚਲਦੀ ਏ ਸੰਗਲਾਂ ਤੇ,
ਅੱਗੇ ਮ੍ਹਾਈਆ ਨਿੱਤ ਮਿਲਦਾ,
ਹੁਣ ਮਿਲਦਾ ਏ ਮੰਗਲਾਂ ਤੇ|

ਗੱਡੀ ਚਲਦੀ ਸਲਾਖਾਂ ਤੇ,
ਜਦੋ ਮ੍ਹਾਈਆ ਯਾਦ ਆਵੇ,
ਹੰਝੂ ਡਿਗਦੇ ਕਿਤਾਬਾਂ ਤੇ|

ਗੱਡੀ ਚਲਦੀ ਸਲਾਖਾਂ ਤੇ,
ਅੱਗੇ ਮ੍ਹਾਈਆ ਨਿੱਤ ਮਿਲਦਾ,
ਹੁਣ ਮਿਲਦਾ ਏ ਆਖਾਂ ਤੇ|

ਭੁੱਗਾ ਤਿਲਾਂ ਦਾ ਬਣਾਉਣਾ ਏਾ,
ਲੋਹੜੀ ਦਾ ਨਿੱਘ ਮਾਣੀਏ,
ਵੈਰ ਦਿਲਾਂ 'ਚ ਨਾ ਪਾਉਣਾ ਏ

ਆਪਾਂ ਰੀਤ ਨਵੀਂ ਪਾਉਣੀ ਏ,
ਧੀ ਪੁੱਤ ਇੱਕੋ ਜਾਣ ਕੇ,
ਲੋਹੜੀ ਦੋਹਾਂ ਦੀ ਮਨਾਉਣੀ ਏ

ਦੋ ਤਾਰਾਂ ਲਿਸ਼ਕਦੀਆਂ
ਮੈਂ ਤੇਰੀ ਨਬਜ਼ ਵੇਖੀ
ਤੈਨੂੰ ਮਰਜ਼ਾਂ ਇਸ਼ਕ ਦੀਆਂ

ਇਸ਼ਕ਼ ਮਜਾਜੀ ਏ
ਸੰਭਲ ਕੇ ਚੱਲ ਸੱਜਣਾ
ਇਹ ਤਿਲਕਣ ਬਾਜੀ ਏ |

ਚਿੱਟਾ ਫੁੰਮਣ ਪਰਾਂਦੇ ਦਾ,
ਘਰ ਬੈਠੀ ਸੁਖਣਾਂ ਕਰਾਂ,
ਨਾਮਾਂ ਟੁੱਟ ਜਾਏ ਜਾਂਦੇ ਦਾ|

ਮਸਰਾਂ ਦੀਆਂ ਟੋਕਰੀਆਂ,
ਅਸੀ ਛੋਡੇ ਭੈਣ ਭਰਾ,
ਤੁਸੀ ਛੋਡੋ ਨੌਕਰੀਆਂ|

ਘੜਾ ਖੂਹ ਤੇ ਛੋੜ ਆਈ ਆਂ
ਕਿ ਅੱਜ ਦਿਲ ਖਫਾ ਏ ,
ਮੈਂ ਮਾਹੀਏ ਨੂੰ ਤੋਰ ਆਈ ਆਂ

ਦੀਵਾ ਬਲਦਾ ਬਨੇਰੇ ਤੇ
ਗਲੀ- ਗਲੀ ਤੂੰ ਫਿਰਦਾ
ਵੇ ਮੈਂ ਆਸ਼ਿਕ ਤੇਰੇ ਤੇ

ਮਸਰਾਂ ਦੀ ਗਹਾਈ ਕੀਤੀ,
ਮਾਪਿਆਂ ਦੀ ਧੀ ਲਾਡਲੀ,
ਤੁਸਾਂ ਬੇ ਪਰਵ੍ਹਾਈ ਕੀਤੀ|

ਕੋਟ ਕੀਲੀ ਉੰਤੇ ਟੰਗਿਆ ਕਰੋ,
ਸਾਡੇ ਨਾਲ ਨ੍ਹਈਉ ਬੋਲਣਾ,
ਸਾਡੀ ਗਲੀ ਵੀ ਨਾਂ ਲੰਘਿਆ ਕਰੋ|

ਕੋਟ ਕੀਲੀ ਨਾਲ ਟੰਗਣਾਂ ਏ ,
ਗਲੀ ਤੇਰੇ ਪੇ ਦੀ ਨ੍ਹਈਉਂ ,
ਅਸਾਂ ਸੌ ਬਾਰੀ ਲੰਘਣਾਂ ਏ |

ਕੋਠੋ ਤੇ ਰੱਸੀਆਂ ਨੇ
ਕਿ ਕੱਚੀਏ ਕਰਾਰਾਂ ਦੀਏ
ਗੱਲਾਂ ਘਰ ਜਾਕੇ ਦੱਸੀਆਂ ਨੇ

ਸਾਰੇ ਸੌਦੇ ਦਿਲ ਦੇ ਨੇਂ,
ਫ਼ੁੱਲਾਂ ਕੋਲੋਂ ਬਚ ਕੇ ਰਹੀਂ,
ਫ਼ੁੱਲ ਕੰਢਿਆਂ ਚ’ ਖਿਲ ਦੇ ਨੇਂ..||

ਤੇਰੀ ਯਾਦ ਸਤਾਉਂਦੀ ਏ,
ਗੱਡੀਆਂ ਚ’ ਬੈਠਦਿਆਂ,
ਓ ਯਾਦ ਗੱਡਿਆਂ ਦੀ ਆਉਂਦੀ ਏ..||

ਕੋਠੇ ਤੇ ਤਾਰ ਪਈ
ਫੁੱਲ ਵੇ ਗੁਲਾਬ ਦਿਆ
ਰਾਤੀਂ ਤੇਰੇ ਪਿੱਛੇ ਮਾਰ ਪਈ

ਕੀ ਜਿਓਂਈਏ ਤੇ ਕੀ ਮਰੀਏ,
ਫ਼ੁੱਲਾਂ ਨਾਲ ਜੋ ਭੇਜੇ..
ਉਨ੍ਹਾਂ ਕੰਢਿਆਂ ਦਾ ਕੀ ਕਰੀਏ..|

ਬਾਗੇ ਵਿੱਚ ਪਿੱਤਲ ਪਿਆ ,
ਮਾਹੀਏ ਮੈਨੂੰ ਅੱਖ ਮਾਰੀ ,
ਮੇਰਾ ਹਾਸਾ ਨਿਕਲ ਗਿਆ

ਆਟਾ ਗੁਅਨ ਕੇ ਪਲੱਥ ਕੀਤਾ,
ਅਸਾਂ ਤੈਨੂੰ ਕੀ ਆਖਿਆ,
ਕ੍ਹੇੜੀ ਗੱਲ ਦਾ ਤੂੰ ਵੱਟ ਕੀਤਾ|

ਚਿੱਟਾ ਕੁੱਕੜ ਬਨੇਰੇ ਤੇ,
ਕਾਸ਼ਨੀ ਡਵੱਟੇ ਵਾਲੀਏ
ਮੁੰਡਾ ਆਸ਼ਕ ਤੇਰੇ ਤੇ|

ਹੁਣ ਪੈ ਗਈਆਂ ਤਰਕਾਲਾਂ ਵੇ ,
ਕਿ ਵਿੱਚੋ ਤੇਰੀ ਸੁੱਖ ਮੰਗਦੀ
ਕੱਢਾ ਉੱਤੋਂ- ਉੱਤੋਂ ਗਾਲਾਂ ਵੇ

ਸੜਕਾਂ ਤੇ ਰੋੜ੍ਹੀ ਏ,
ਨਾਲੇ ਮੇਰਾ ਛੱਲਾ ਲਾ ਲਿਆ,
ਨਾਲੇ ਉਂਗਲੀ ਮਰੋੜੀ ਏ..||

ਚਿੱਟਾ ਫੁੰਮਣ ਪਰਾਂਦੇ ਦਾ,
ਬ੍ਹਾਰ ਖੜੀ ਮੈ ਭਿੱਜ ਗਈ,
ਬੂਹਾ ਖ੍ਹੋਲ ਵਰਾਂਡੇ ਦਾ|

ਕੀ ਕਰਨਾਂ ਨਿਸ਼ਾਨੀ ਦਾ,
ਉਨ੍ਹਾਂ ਤੈਨੂੰ ਪਿਆਰ ਨਹੀਂ,
ਜਿੰਨਾਂ ਮਾਣ ਜਵਾਨੀਂ ਦਾ..||

ਗੱਡੀ ਆ ਗਈ ਟੇਸ਼ਣ ਤੇ,
ਪ੍ਹਰਾਂ ਹੋ ਕੇ ਮਰ ਬਾਬੂ,
ਸਾਨੂੰ ਮ੍ਹਾਈਆ ਤਾਂ ਦੇਖਣ ਦੇ|

ਗੱਡੀ ਆ ਗਈ ਘੂੰ ਕਰ ਕੇ,
ਹੁਣ ਕਿਉ ਰੋਨੀ ਆਂ ਬਾਲੋ,
ਬਸਰੇ ਵਲ ਮੂੰਅ ਕਰ ਕੇ|

ਗੱਡੀ ਆਉ ਦੀ ਨੂੰ ਲੁੱਕ ਲਾਮਾਂ
ਮਾਹੀਏ ਆਉਂਦੇ ਨੂੰ,
ਬੋਦਾ ਵਾਹ ਕੇ ਕਲਿੱਪ ਲਾਮਾਂ|

ਗਿੱਲੀ ਕੰਧ ਤੇ ਮਧਾਣੀ ਏਂ ,
ਰੰਨਾਂ ਤੁਸੀ ਦੋ ਰੱਖੀਆਂ,
ਰੋਟੀ ਕ੍ਹੇਦੇ ਵਲ ਖਾਣੀ ਏ |

ਗਿੱਲੀ ਕੰਧ ਤੇ ਮਧਾਣੀ ਏਂ ,
ਰੰਨਾਂ ਅਸੀ ਦੋ ਰੱਖੀਆਂ,
ਰੋਟੀ ਦੋਹਾਂ ਵਲ ਖਾਣੀ ਏ |

ਪਛਵਾੜੇ ਖੂਅ ਮ੍ਹਾਈਆ,
ਘੜਾ ਸਾਡਾ ਡੁੱਬਦਾ ਨ੍ਹਈਉ ,
ਸਾਡਾ ਤਰਸਦਾ ਰੂਅ ਮ੍ਹਾਈਆ|

ਪਛਵਾੜੇ ਬੇਰੀ ਏ,
ਘੜਾ ਤੇਰਾ ਮੈ ਡੋਬਾਂ,
ਅੱਗੇ ਕਿਸਮਤ ਤੇਰੀ ਏ|

ਬਾਗੇ ਵਿਚ ਰੂਲ ਪਿਆ,
ਅੱਜ ਸਾਡੇ ਮ੍ਹਾਈਏ  ਆਉਣਾਂ,
ਲੋਕਾਂ ਨੂੰ ਸੂਲ ਪਿਆ|

ਕੀ ਲੈਣਾ ਏ ਖਾਬਾਂ ਤੋਂ..
ਸਾਲ ਕਈ ਲੰਘ ਨੇ ਗਏ
ਜਿੰਦ ਛੁੱਟੀ ਨਾ ਆਜ਼ਾਬਾਂ ਤੋਂ

ਭਰ ਨੈਣਾਂ ਵਿੱਚ ਖ਼ਾਬ ਅੜੀਏ..
ਇੱਕ ਦਿਨ ਮਹਿਕਣਗੇ
ਸਾਡੇ ਲੇਖਾਂ ਦੇ ਬਾਗ ਅੜੀਏ

ਬਾਗੇ ਵਿਚ ਖੰਡ ਪਈ ਏ,
ਅੱਜ ਸਾਡੇ ਮ੍ਹਾਈਏ ਨੇ ਆਉਣਾਂ,
ਸਾਡੇ ਸੀਨੇ ਠੰਢ ਪਈ ਏ|

ਰਾਤੀਂ ਚੰਨ ਜਦੋਂ ਚੜ੍ਹਦਾ ਸੀ..
ਕਾਹਦੀ ਮੈਨੂੰ ਈਦ ਸਖੀਓ
ਮੇਰਾ ਚੰਨ ਪਿਆ ਲੜਦਾ ਸੀ

ਗੱਡੀ ਚਲਦੀ ਖਲੋ ਗਈ ਏ,
ਜ੍ਹੇਨੂੰ ਖੜੀ ਤੂੰ ਡੀਕਣਾਂ,
ਓਅਦੀ ਬਦਲੀ ਹੋ ਗਈ ਏ|

ਕਾਲੀ ਪੂਰਨਮਾਸ਼ੀ ਏ..
ਸਾਰਾ ਦਿਨ ਦਿਲ ਰੋਂਦਾ
ਭਾਂਵੇ ਬੁੱਲ੍ਹੀਆਂ 'ਤੇ ਹਾਸੀ ਏ

ਪੀਲੀ ਮਿੱਟੀ ਆ ਜਲੰਧਰਾਂ ਦੀ,
ਮ੍ਹਾਈਆ ਪਰਦੇਸ ਗਿਆ,
ਸੁੰਨ ਪੈ ਗਈ ਅੰਦਰਾਂ ਦੀ|

ਨੈਣ ਬਾਰਿਸ਼ਾਂ ਨੂੰ ਕੱਜਦੇ ਨੇ..
ਸਾਉਣ ਖੌਰੇ ਕਿੱਥੇ ਬਰਸੇ
ਲੇਖੀਂ ਬੱਦਲ ਪਏ ਗੱਜਦੇ ਨੇ

ਰੋ ਰੋ ਦੀਦੇ ਨਾ ਰੱਜਦੇ ਨੇ..
ਲੋਕੀਂ ਕਹਿੰਦੇ ਅੱਖੀਆਂ ਉੱਤੇ
ਤੇਰੇ ਹੰਝੂ ਬੜੇ ਸੱਜਦੇ ਨੇ

ਸੜਕੇ ਤੇ ਰੋੜੀ ਏ,
ਨਾਲੇ ਮੇਰਾ ਛੱਲਾ ਲ੍ਹਾ ਲਿਆ,
ਨਾਲੇ ਉ ਗਲ ਮਰੋੜੀ ਏ|

ਸੜਕੇ ਤੋ ਰੋੜੀ ਏ,
ਕ੍ਹੇੜਾ ਤੇਰਾ ਛੱਲਾ ਲ੍ਹਾ ਲਿਆ,
ਕ੍ਹੇੜੀ ਉ ਗਲ ਮਰੋੜੀ ਏ|

ਸੜਕੇ ਤੇ ਰੋੜੀ ਏ,
ਸੱਜਾ ਮੇਰਾ ਛੱਲਾ ਲ੍ਹਾ ਲਿਆ,
ਖੱਬੀ ਉ ਗਲ ਮਰੋੜੀ ਏ|

ਢੋਲਾ ਹੱਸ ਨਾ ਬੁਲਾਇਆ ਕਦੀ..
ਮੁੱਠੀ ਵਿਚੋਂ ਰੇਤ ਫਿਸਲੀ
ਵਹਿ ਗਈ ਉਮਰਾ ਵੀ ਬਣਕੇ ਨਦੀ

ਕੁੰਡੇ ਟੁੱਟ ਗਏ ਕ੍ਹੜਾਈਆਂ ਦੇ,
ਖੇਖਣ ਕੁਆਰੀਆਂ ਦੇ,
ਮੰਦੇ ਹਾਲ ਵ੍ਹਿਆਈਆਂ ਦੇ|

ਵਹਿ ਗਈ ਉਮਰਾ ਵੀ ਬਣਕੇ ਨਦੀ..
ਨਦੀ ਵਾਲੇ ਪਾਣੀਆਂ ਵਿਚੋਂ
ਤੇਰਾ ਸਾਇਆ ਨਾ ਦਿਖਿਆ ਕਦੀ

Wednesday, 30 March 2016

"31 ਮਾਰਚ ਸ਼ਹੀਦੀ ਦਿਵਸ ਅਮਰ ਸ਼ਹੀਦ ਸਰਦਾਰ ਕੁਲਵੰਤ ਸਿੰਘ ਜੀ ਖੁਖਰਾਣਾ"

ਮੇਰੇ ਸਿਰ ਦਾ ਜੋ ਰੱਖਿਆ ਇਨਾਮ ਲਿਖ ਦੇਵੀਂ
ਮੇਰੇ ਯਾਰਾ! ਮੇਰਾ ਆਖਰੀ ਪੈਗਾਮ ਲਿਖ ਦੇਵੀਂ!
ਭਾਰ ਬਾਪੂ ਦਿਆਂ ਮੋਢਿਆਂ ਤੋਂ ਹੌਲਾ ਕਰ ਸਕਿਆ ਨਾ
ਹਾਕਮ ਜੋ ਚਾਹੁੰਦਾ ਸੀ ਮੈਂ ਮੌਤ ਮਰ ਸਕਿਆ ਨਾ
ਤੁਸੀਂ ਆਖ ਦੇਣਾ ਮਾਂ ਨੂੰ ਕਿ ਅੱਥਰੂ ਵਹਾਵੇ ਨਾ
ਹੋ ਸਕਦਾ ਏ ਲਾਸ਼ ਮੇਰੀ ਪਿੰਡ ਕਦੇ ਆਵੇ ਨਾ
ਪਰ ਪਿੰਡ ਦੀ ਹਵਾ ਤੇ ਮੇਰਾ ਨਾਮ ਲਿਖ ਦੇਵੀਂ
ਮੇਰੇ ਯਾਰਾ! ਮੇਰਾ ਆਖਰੀ ਪੈਗਾਮ ਲਿਖ ਦੇਵੀਂ!
ਕੁਝ ਸ਼ਿਕਵੇ ਵੀ ਹੁਣੇ ਮੇਰੇ ਭੈਣਾ ਤੇ ਭਰਾਵਾਂ ਦੇ
ਕੰਡੇ ਚੁਗ ਸਕਿਆ ਨਾ ਉਹਨਾਂ ਦਿਆਂ ਰਾਹਵਾਂ ਦੇ
ਤੂੰ ਅਣਖ ਨਾਂ ਜੀਣਾ, ਲਿਖ ਦੇਵੀਂ ਮੇਰੇ ਪੁੱਤ ਨੂੰ
ਨੇੜੇ ਆਉਣ ਦੇਵੇ ਨਾ ਉਹ ਗਮਾਂ ਵਾਲੀ ਰੁੱਤ ਨੂੰ
ਬਾਕੀ ਕਰਜ਼ ਜੋ ਮੇਰਾ ਉਹਦੇ ਨਾਮ ਲਿਖ ਦੇਵੀਂ
ਮੇਰੇ ਯਾਰਾ! ਮੇਰਾ ਆਖਰੀ ਪੈਗਾਮ ਲਿਖ ਦੇਵੀਂ!
ਰਣ ਤੱਤੇ ਵਿੱਚ ਵੀਰ ਮੇਰੇ ਜੂਝਦੇ ਜੋ ਪਏ ਨੇ
ਜਾਲਮਾਂ ਦੇ ਗਲੇ ਦੀ ਉਹ ਹੱਡੀ ਬਣ ਗਏ ਨੇ
ਸਦਾ ਚੜ੍ਹਦੀ ਕਲਾ ਚ ਉਹ ਰਹਿਣ ਲਿਖ ਦੇਵੀਂ
ਕੁਝ ਉਹਨਾਂ ਦੇ ਨਸੀਬਾਂ ਵਿੱਚ ਚੈਨ ਲਿਖ ਦੇਵੀਂ
ਸਿਰਲੱਥਾਂ ਦੀ ਉਹ ਫੌਜ ਨੂੰ ਸਲਾਮ ਲਿਖ ਦੇਵੀਂ
ਮੇਰੇ ਯਾਰਾ! ਮੇਰਾ ਆਖਰੀ ਪੈਗਾਮ ਲਿਖ ਦੇਵੀਂ!
ਕੌਮ ਉੱਤੇ ਭੀੜ ਦੇਖ ਦਿੱਤੇ ਨਹੀਂ ਬੇਦਾਵੇ ਜਿੰਨਾਂ
ਆਉਦਾਂ ਦੇਖ ਵੈਰੀਆਂ ਨੂੰ ਬੋਲ ਦਿੱਤੇ ਧਾਵੇ ਜਿੰਨਾਂ
ਕੱਚੀ ਗੜ੍ਹੀ ਵਿੱਚ ਜਿਹੜੇ ਪੱਕੀ ਕੰਧ ਬਣ ਗਏ
ਆਉਦੀ ਹਰ ਪੀੜ੍ਹੀ ਲਈ ਉਹ ਪੰਧ ਬਣ ਗਏ
ਜਿਹਦੇ ਲਈ ਸੀ ਤੁਰੇ ਉਹ ਮੁਕਾਮ ਲਿਖ ਦੇਵੀਂ
ਮੇਰੇ ਯਾਰਾ! ਮੇਰਾ ਆਖਰੀ ਪੈਗਾਮ ਲਿਖ ਦੇਵੀਂ!
‪#‎ਜੁਗਰਾਜਸਿੰਘ‬
੦੨/੦੪/੨੦੧੫

Saturday, 26 March 2016

ਕ੍ਰਿਸ਼ਨ ਭਨੋਟ

ਇਕ ਇਮਤਿਹਾਨ ਜ਼ਿੰਦਗੀ, ਹਿੰਮਤ ਨਾ ਹਾਰਨਾ.
ਹਿੰਮਤ ਨਾ ਹਾਰਨਾ ਕਦੀ, ਹਿੰਮਤ ਨਾ ਹਾਰਨਾ।

ਤਰਸੀ ਪਈ ਹੈ ਤੇਰਿਆਂ ਪੈਰਾਂ ਦੀ ਧੂੜ ਨੂੰ, 
ਮੰਜ਼ਿਲ ਉਡੀਕਦੀ ਖੜ੍ਹੀ, ਹਿੰਮਤ ਨਾ ਹਾਰਨਾ।

ਰੋਕੇਗਾ ਕੌਣ ਜਿੱਤਣੋਂ, ਕਿਸਦੀ ਮਜ਼ਾਲ ਹੈ,
ਇਕ ਸ਼ਰਤ ਹੈ ਕਿ ਆਪਣੀ, ਹਿੰਮਤ ਨਾ ਹਾਰਨਾ।

ਮਿਲਦੇ ਜ਼ਰੂਰ, ਮਿਲਣ ਪਰ ਸਹਿਕੇ ਮੁਸੀਬਤਾਂ,
ਰਸ, ਰਾਗ,ਰੰਗ,ਰੌਸ਼ਨੀ, ਹਿੰਮਤ ਨਾ ਹਾਰਨਾ।

ਛੇਕਾਂ ਦੇ ਨਾਲ ਬਾਂਸ ਜਿਉਂ, ਬਣਦਾ ਹੈ ਬੰਸਰੀ,
ਜ਼ਖ਼ਮਾਂ ਦੇ ਨਾਲ ਜ਼ਿੰਦਗੀ, ਹਿੰਮਤ ਨਾ ਹਾਰਨਾ।

ਹੋ ਕੇ ਨਿਰਾਸ਼ ਝੂਰਨਾ, ਕੁਝ ਨਾ ਸੁਆਰਦਾ,
ਜੀਵਨ ਸੰਘਰਸ਼ ਹੈ ਬਈ, ਹਿੰਮਤ ਨਾ ਹਾਰਨਾ।

ਮਿਲਣੀ, ਵਿਯੋਗ, ਗ਼ਮ,ਖ਼ੁਸ਼ੀ, ਪਤਝੜ ਅਤੇ ਬਹਾਰ,
ਇਹਨਾ ਦਾ ਮੇਲ ਕੁਦਰਤੀ, ਹਿੰਮਤ ਨਾ ਹਾਰਨਾ।

ਛੱਡਣਾ ਨਹੀਂ ਹੈ ਕ੍ਰਿਸ਼ਨ ਤੂੰ ਆਸ਼ਾ ਦਾ ਲੜ ਕਦੀ,
ਆਵੇ ਜਦੋਂ ਔਖੀ ਘੜੀ, ਹਿੰਮਤ ਨਾ ਹਾਰਨਾ।

Saturday, 27 February 2016

ਜਾਗੋ ਵਿੱਚੋਂ ਤੇਲ ਮੁੱਕਿਆ

-ਜਸਵਿੰਦਰ ਸਿੰਘ ਰੁਪਾਲ
ਜਾਗੋ ਸਾਡੇ ਪੰਜਾਬੀ ਸੱਭਿਆਚਾਰ ਦਾ ਇਕ ਮਜ਼ਬੂਤ ਅੰਗ ਹੈ, ਜੋ ਸਦੀਆਂ ਤੋਂ ਸ਼ੁਰੂ ਹੋਈ ਅੱਜ ਤੱਕ ਤੁਰੀ ਆ ਰਹੀ ਹੈ। ਭਾਵੇਂ ਇਸ ਦਾ ਰੂਪ ਅਤੇ ਭਾਵਨਾ ਬਦਲ ਗਈ ਹੈ, ਪਰ ਅੱਜ ਵੀ ਇਹ ਸਾਡੇ ਦਿਲਾਂ ਵਿੱਚ ਵਸਦੀ ਹੈ ਅਤੇ ਇਸ ਤੋਂ ਬਿਨਾਂ ਕੋਈ ਵਿਆਹ ਸੰਪੂਰਨ ਨਹੀਂ ਮੰਨਿਆ ਜਾ ਸਕਦਾ। ਪਹਿਲਾਂ ਇਹ ਸਿਰਫ ਮੁੰਡੇ ਦੇ ਵਿਆਹ ਤੋਂ ਇਕ ਦਿਨ ਪਹਿਲਾਂ ਕੱਢੀ ਜਾਂਦੀ ਸੀ ਅਤੇ ਸਿਰਫ ਔਰਤਾਂ ਹੀ ਜਾਗੋ ਕੱਢਦੀਆਂ ਸਨ, ਪਰ ਹੁਣ ਇਹ ਕੁੜੀਆਂ ਦੇ ਵਿਆਹ ਵਿੱਚ ਵੀ ਕੱਢੀ ਜਾਣ ਲੱਗੀ ਹੈ ਅਤੇ ਗੱਭਰੂ ਵੀ ਇਸ ਵਿੱਚ ਸ਼ਾਮਲ ਹੁੰਦੇ ਹਨ।
ਇਕੱਠੇ ਹੋਏ ਰਿਸ਼ਤੇਦਾਰ ਦੇਰ ਬਾਅਦ ਮਿਲੇ ਹੁੰਦੇ ਹਨ। ਆਪਸ ਵਿੱਚ ਇਕ ਦੂਜੇ ਦੇ ਦੁੱਖ ਸੁੱਖ ਸਾਂਝੇ ਕਰਦੇ ਹਨ। ਪਹਿਲੇ ਸਮਿਆਂ ਵਿੱਚ ਵਿਆਹ ਦੇ ਬਹੁਤੇ ਕੰਮ ਅਤੇ ਤਿਆਰੀ ਆਪ ਹੀ ਕੀਤੀ ਜਾਂਦੀ ਸੀ। ਮਰਦਾਂ ਨੇ ਬਾਹਰਲੇ ਕੰਮ ਕਰਨੇ ਹੁੰਦੇ ਸਨ ਅਤੇ ਔਰਤਾਂ ਨੇ ਅੰਦਰੂਨੀ। ਕੁਝ ਕੰਮ ਹਲਵਾਈ ਸੰਭਾਲ ਲੈਂਦਾ ਸੀ ਜੋ ਵਿਆਹ ਤੋਂ ਦੋ ਤਿੰਨ ਦਿਨ ਪਹਿਲਾਂ ਕੜਾਹੀ ਚੜ੍ਹਨ ਵੇਲੇ ਤੋਂ ਬੈਠਾ ਹੁੰਦਾ ਸੀ। ਸ਼ਾਮ ਨੂੰ ਕੰਮ ਦੀ ਥਕਾਵਟ ਲਾਹੁਣ ਲਈ ਅਤੇ ਸਾਰੇ ਪਿੰਡ ਨੂੰ ਵਿਆਹ ਬਾਰੇ ਦੱਸਣ ਲਈ ਜਾਗੋ ਕੱਢੀ ਜਾਂਦੀ ਸੀ।
ਇਕ ਪਿੱਤਲ ਦੀ ਢੋਕਣੀ ਦੇ ਮੂੰਹ ‘ਤੇ ਕੁਝ ਆਟੇ ਦੇ ਦੀਵੇ ਰੱਖੇ ਜਾਂਦੇ ਹਨ। ਇਸ ਜਗਦੇ ਦੀਵਿਆਂ ਵਾਲੇ ਖੂਬਸੂਰਤ ਘੜੇ ਦਾ ਨਾਂ ਹੀ ਜਾਗੋ ਹੈ, ਇਹ ਵਿਆਹ ਵਾਲੇ ਮੁੰਡੇ ਦੀ ਮਾਸੀ ਦੇ ਸਿਰ ‘ਤੇ ਰੱਖੀ ਹੁੰਦੀ ਹੈ। ਇਸ ਦੇ ਨਾਲ ਘੁੰਗਰੂਆਂ ਵਾਲੀ ਡਾਂਗ ਵੀ ਹੁੰਦੀ ਹੈ, ਜਿਸ ‘ਤੇ ਸ਼ਗਨਾਂ ਦਾ ਲਾਲ ਕੱਪੜਾ ਬੰਨ੍ਹ ਲਿਆ ਜਾਂਦਾ ਹੈ। ਇਸ ਨੂੰ ਧਰਤੀ ‘ਤੇ ਵਾਰ-ਵਾਰ ਪਟਕਾਉਂਦੇ ਰਹਿਣ ਨਾਲ ਇਹ ਗਿੱਧੇ ਦੀਆਂ ਬੋਲੀਆਂ, ਤਾਲ ਤੇ ਅੱਡੀਆਂ ਦੀ ਧਮਾਲ ਨਾਲ ਇਕ ਬੱਝਵਾਂ ਸੰਗੀਤ ਪੈਦਾ ਕਰਦਾ ਹੈ। ਬੋਲੀਆਂ ਤੇ ਗਿੱਧੇ ਦੀ ਧਮਾਲ ਨਾਲ ਜਾਗੋ ਵਿਆਹ ਵਾਲੇ ਘਰੋਂ ਪਿੰਡ ਵੱਲ ਚੱਲ ਪੈਂਦੀ ਹੈ:
ਜਾਗੋ ਕੱਢਣੀ ਮੜਕ ਨਾਲ ਤੁਰਨਾ, ਨੀਂ ਵਿਆਹ ਕਰਤਾਰੇ ਦਾ।
ਜੱਟਾ, ਜਾਗ ਬਈ, ਓ ਹੁਣ ਜਾਗੋ ਆਈ ਆ
ਚੁੱਪ ਕਰ ਬੀਬੀ ਮਸਾਂ ਸੁਆਈ ਆ, ਲੋਰੀ ਦੇ ਕੇ ਪਾਈ ਆ,
ਉਠ ਖੜੂਗੀ, ਔਖਾ ਕਰੂਗੀ, ਚੁੱਕਣੀ ਪਊਗੀ, ਜਾਗੋ ਆਈ ਆ।
ਸ਼ਾਵਾ ਬਈ ਹੁਣ ਜਾਗੋ ਆਈ ਆ।
ਹੌਲੀ-ਹੌਲੀ ਬੋਲੀਆਂ ਵਿੱਚ ਤੇਜ਼ੀ ਆਉਂਦੀ ਜਾਂਦੀ ਹੈ:
ਬੱਲੇ ਨੀਂ ਬੰਬੀਹਾ ਬੋਲੇ, ਸ਼ਾਵਾ ਨਾ ਬੰਬੀਹਾ ਬੋਲੇ।
ਪਰ ਜਾਗੋ ਕਿਸੇ ਤੋਂ ਡਰਨ ਵਾਲੀ ਨਹੀਂ, ਉਹ ਤਾਂ ਸਭ ਵੱਡੇ ਅਖਵਾਉਣ ਵਾਲਿਆਂ ਨੂੰ ਲਲਕਾਰਦੀ ਹੈ:
ਏਸ ਪਿੰਡ ਦਿਓ ਪੰਚੋ ਵੇ, ਸਰਪੰਚੋ ਲੰਬੜਦਾਰੋ,
ਬਈ ਮੇਲ ਆਇਆ ਚੰਦ ਕੁਰ ਦੇ,
ਜ਼ਰਾ ਹਟ ਕੇ ਪਰ੍ਹਾਂ ਨੂੰ ਲੰਘ ਜਾਇਓ, 
ਬਈ ਵੱਡੀ ਮਾਮੀ ਜ਼ੈਲਦਾਰਨੀ,
ਕਿਤੇ ਮਾਮੀ ਦੇ ਨਾ ਹੱਥ ਲੱਗ ਜਾਇਓ, 
ਬਈ ਵੱਡੀ ਮਾਮੀ ਜ਼ੈਲਦਾਰਨੀ।
ਵੱਡੀ ਮਾਮੀ, ਜਿਸ ਨੇ ਜਾਗੋ ਚੁੱਕੀ ਹੋਈ ਹੈ, ਉਸ ਦਿਨ ਉਹ ਔਰਤ ਸ਼ਕਤੀ ਦਾ ਪ੍ਰਤੀਕ ਬਣੀ ਹੁੰਦੀ ਹੈ, ਜਿਹੜੇ ਕਿਸੇ ਵੀ ਵੱਡੇ ਘਰ ਦੇ ਭਾਂਡੇ ਮੂਧੇ ਕਰ ਸਕਦੀ ਹੈ, ਮੰਜੇ ਉਲਟਾ ਸਕਦੀ ਹੈ, ਵੱਡੇ-ਵੱਡੇ ਨਾਢੂ ਖਾਂ ਅਖਵਾਉਣ ਵਾਲੇ ਨੂੰ ਟਿੱਚਰ ਕਰ ਸਕਦੀ ਹੈ, ਕਿਉਂਕਿ ਉਸ ਦੇ ਨਾਲ ਕਿਰਤ ਸ਼ਕਤੀ ਜੁੜੀ ਹੋਈ ਹੁੰਦੀ ਹੈ। ਇਸੇ ਲਈ ਉਹ ਜ਼ੈਲਦਾਰਨੀ ਹੁੰਦੀ ਹੈ ਤੇ ਨਾਨਕੇ ਪਰਿਵਾਰ ‘ਚੋਂ ਹੋਦ ਦੇ ਬਾਵਜੂਦ ਦਾਦਕਿਆਂ ਦਾ ਉਸ ਨੂੰ ਪੂਰਾ ਸਹਿਯੋਗ ਹਾਸਲ ਹੁੰਦਾ ਹੈ। ਉਹ ਘੁੰਡ ਵਿੱਚ ਲੁਕ ਕੇ ਰਹਿਣ ਵਾਲੀ ਔਰਤ ਨਹੀਂ, ਜਿਸ ‘ਤੇ ਮਰਦ ਨੇ ਸੈਂਕੜੇ ਪਾਬੰਦੀਆਂ ਲਾਈਆਂ ਹੋਣ, ਅੱਜ ਉਹ ਇਨ੍ਹਾਂ ਸਭ ਪਾਬੰਦੀਆਂ ਨੂੰ ਤੋੜ ਕੇ ਇਕ ਬਗਾਵਤ ਦਾ ਝੰਡਾ ਚੁੱਕੀ ਫਿਰਦੀ ਹੈ। ਇਸੇ ਲਈ ਤਾਂ ਉਹ ਜਾਣ ਬੁੱਝ ਕੇ ਪਤਵੰਤਿਆਂ ਨੂੰ ਛੇੜਦੀ ਹੈ:
ਲੰਬੜਾ ਜੋਰੂ ਜਗਾ ਲੈ ਬਈ ਹੁਣ ਜਾਗੋ ਆਈ ਆ।
ਵਿੱਚੋਂ ਕੋਈ ਆਕੜ ਕੰਨੇ ਜੱਟ ਵੱਲੋਂ ਜਵਾਬ ਵੀ ਦਿੰਦੀ ਹੈ:
ਨੀਂ ਜਾਗੋ ਜਾਗੋ ਫਿਰੇਂ ਕਰਦੀ, 
ਸਾਨੂੰ ਪਤਾ ਨਹੀਂ ਕਿਸ ਨੂੰ ਬੁਲਾਉਂਦੀ,
ਸੁੱਤਾ ਜੱਟ ਮਾਨ ਨਾ ਕੁੜੇ, 
ਕਾਹਨੂੰ ਹੱਥ ਨੀਂ ਭਰਿੰਡਾਂ ਨੂੰ ਤੂੰ ਪਾਉਂਦੀ,
ਨੀਂ ਜਾਗੋ ਤੇਰੀ ਲੰਘ ਚੱਲੀ ਐ, 
ਕਾਹਨੂੰ ਮਾਰ-ਮਾਰ ਕੂਹਣੀਆਂ ਉਠਾਉਂਦੀ।
ਪਰ ਲਲਕਾਰਾ ਫੇਰ ਵੱਜਦਾ ਹੈ:
ਆਉਂਦੀ ਕੁੜੀਏ, ਜਾਂਦੀ ਕੁੜੀਏ, 
ਭਰ ਲਿਆ ਟੋਕਰਾ ਨੜਿਆਂ ਦਾ,
ਕਿੱਥੇ ਲਾਹੇਂਗੀ..ਕਿੱਥੇ ਲਾਹੇਂਗੀ ਨੀਂ ਸਾਰਾ ਪਿੰਡ ਛੜਿਆਂ ਦਾ।
ਛੜੇ ਮਲੰਗੋ ਕੋਠੇ ਚੜ੍ਹ ਜਾਓ, 
ਰੰਨਾਂ ਵਾਲੇ ਅੰਦਰ ਵੜ ਜਾਓ,
ਫੇਰ ਨਾ ਰੌਲਾ ਪਾਇਓ, 
ਬਈ ਧੂੜ੍ਹਾਂ ਪੱਟੀ ਆਉਂਦੀ ਐ,
ਨਾਨਕਿਆਂ ਦੀ ਜਾਗੋ..।
ਕੋਈ ਵੇਚੇ ਸੁੰਢ ਜਵੈਣ, ਕੋਈ ਵੇਚੇ ਰਾਈ,
ਲੰਬੜ ਆਪਣੀ ਜੋਰੂ ਵੇਚੇ, ਟਕੇ ਟਕੇ ਸਿਰ ਲਾਈ,
ਪਾਸੇ ਹਟ ਜਾਓ..ਪਾਸੇ ਹਟ ਜਾਓ ਦਾਦਕੀਓ
ਜਾਗੋ ਨਾਨਕਿਆਂ ਦੀ ਆਈ
ਖਬਰਦਾਰ ਰਹਿਣਾ ਜੀ.. ਜਾਗੋ ਰੌਲਾ ਪਾਉਂਦੀ ਆਈ..।
ਇਸ ਸਮੇਂ ਦੌਰਾਨ ਇਕ ਘਰ ਤੋਂ ਦੂਜੇ ਘਰ ਜਾਣਾ ਜਾਰੀ ਰਹਿੰਦਾ ਹੈ। ਦੀਵਿਆਂ ਵਿੱਚ ਹਰ ਘਰ ਤੋਂ ਤੇਲ ਪਾਇਆ ਜਾਂਦਾ ਹੈ, ਜਿਹੜਾ ਇਕ ਪਾਸੇ ਤਾਂ ਸ਼ਗਨਾਂ ਦਾ ਪ੍ਰਤੀਕ ਹੈ, ਦੂਜੇ ਪਾਸੇ ਉਸ ਪਰਿਵਾਰ ਵੱਲੋਂ ਜਾਗੋ ਦੀ ਸੋਚ ਨਾਲ ਸਹਿਮਤੀ ਪ੍ਰਗਟਾਉਣਾ ਵੀ ਹੈ। ਇਸ ਸੋਚ ਵਿੱਚ ਪਿਆਰ, ਇਤਫਾਕ, ਭਰਾਤਰੀ ਸਾਂਝ ਦੇ ਨਾਲ ਬਿਨਾਂ ਕਿਸੇ ਊਚ-ਨੀਚ, ਰੰਗ, ਜਾਤ, ਮਜ਼ਹਬ ਦੇ ਭਿੰਨ ਭਾਵ ਤੋਂ ਸਭ ਨਾਲ ਖੁਸ਼ੀ ਸਾਂਝੀ ਕਰਨਾ ਵੀ ਸ਼ਾਮਲ ਹੈ ਤਾਂ ਹੀ ਤਾਂ ਕਿਹਾ ਗਿਆ ਹੈ:
ਕੋਈ ਪਾਊਗਾ ਨਸੀਬਾਂ ਵਾਲਾ, ਬਈ ਜਾਗੋ ਵਿੱਚੋਂ ਤੇਲ ਮੁੱਕਿਆ।
ਜਾਗੋ ਵਿੱਚ ਸਿਰਫ ਜਾਗੋ ਨਾਲ ਸਬੰਧਤ ਬੋਲੀਆਂ ਹੀ ਨਹੀਂ ਹੁੰਦੀਆਂ, ਸਗੋਂ ਉਹ ਬੋਲੀਆਂ ਵੀ ਪਾਈਆਂ ਜਾਂਦੀਆਂ ਹਨ, ਜਿਹੜੀਆਂ ਆਮ ਗਿੱਧੇ ਵਿੱਚ ਚੱਲਦੀਆਂ ਹਨ। ਥੋੜ੍ਹੀ-ਥੋੜ੍ਹੀ ਦੇਰ ਬਾਅਦ ਜਾਗੋ ਰੁਕਦੀ ਹੈ, ਜਿੰਨੀ ਦੇਰ ਉਸ ਘਰ ਦੀ ਸੁਆਣੀ ਦੀਵਿਆਂ ਵਿੱਚ ਤੇਲ ਪਾਉਂਦੀ ਹੈ ਅਤੇ ਸ਼ਗਨ ਵਜੋਂ ਕੁਝ ਰੁਪਏ ਦਿੰਦੀ ਹੈ, ਉਨੀ ਦੇਰ ਗਿੱਧਾ ਭਰ ਜੋਬਨ ਵਿੱਚ ਜਾਰੀ ਰਹਿੰਦਾ ਹੈ। ਇਨ੍ਹਾਂ ਬੋਲੀਆਂ ਦੀ ਗਿਣਤੀ ਵਿੱਚ ਵੰਨ-ਸੁਵੰਨਤਾ ਬੇਅੰਤ ਹੈ, ਅਸੀਂ ਇਥੇ ਸਿਰਫ ਕੁਝ ਜ਼ਿਕਰ ਕੀਤਾ ਹੈ:
‘‘ਸੁਣ ਨੀਂ ਭਾਬੀ ਟਿੱਕੇ ਵਾਲੀਏ, ਕੀ ਜਵਾਬ ਹੈ ਤੇਰਾ,
ਨੀਂ ਭੈਣ ਤੇਰੀ ਨਾਲ ਵਿਆਹ ਕਰਵਾ ਕੇ, ਬਣ ਜਾਂ ਭਣੋਈਆ ਤੇਰਾ,
ਗਿੱਧੇ ਦੇ ਵਿੱਚ ਵੜ ਕੇ ਨੀਂ ਤੂੰ ਦੇ ਦੇ ਸ਼ੌਕ ਦਾ ਗੇੜਾ,
ਨੀਂ ਦੀਵਾ ਕੀ ਕਰਨਾ, ਚਾਨਣ ਹੋ ਜਾਊ ਤੇਰਾ।”

‘‘ਸੁਣ ਨੀਂ ਭਾਬੀ ਨੱਚਣ ਵਾਲੀਏ, ਤੇਰੇ ਤੋਂ ਕੀ ਮਹਿੰਗਾ,
ਤੇਰੇ ਮੂਹਰੇ ਥਾਨ ਸੁੱਟਿਆ, ਸੁੱਥਣ ਸਵਾ ਲਈਂ ਭਾਵੇਂ ਲਹਿੰਗਾ।”

‘‘ਤਿੰਨ ਦਿਨ ਹੋਗੇ ਤਾਪ ਚੜ੍ਹੇ ਨੂੰ, ਹੂੰਗਰ ਪਵੇ ਚੁਫੇਰੇ,
ਪੇਕੇ ਤਾਂ ਮੇਰੇ ਪੈਂਦ ਸਿਰ੍ਹਾਣੇ, ਸਹੁਰੇ ਨਾ ਢੁਕਦੇ ਨੇੜੇ,
ਜੇ ਮੈਂ ਮਰਗੀ ਵੇ, ਵਿੱਚ ਬੋਲੂੰਗੀ ਤੇਰੇ।”

‘‘ਕੱਲ੍ਹ ਦਾ ਆਇਆ ਮੇਲ ਸੁਣੀਂਦਾ, ਸੁਰਮਾ ਸਭ ਨੇ ਪਾਇਆ,
ਬਈ ਗਹਿਣੇ ਗੱਟੇ ਸਭ ਨੂੰ ਸੋਂਹਦੇ, ਬੱਲੇ ਬੱਲੇ ਬੱਲੇ ਬੱਲੇ ਬੱਲੇ..
ਬਈ ਗਹਿਣੇ ਗੱਟੇ ਸਭ ਨੂੰ ਸੋਂਹਦੇ, ਵਿਆਂਹਦੜ ਰੂਪ ਸਜਾਇਆ,
ਨੀਂ ਮੁੰਡੇ ਦੀ ਮਾਮੀ ਨੇ, ਗਿੱਧਾ ਖੂਬ ਸਜਾਇਆ।”
ਅਖੀਰ ‘ਤੇ ਕਿਹਾ ਜਾਂਦਾ ਹੈ:
‘‘ਨਾਨਕਿਆਂ ਤੇ ਦਾਦਕਿਆਂ ਨੇ, ਚਾਵਾਂ ਸੱਧਰਾਂ ਖੁਸ਼ੀਆਂ ਦੇ ਨਾਲ,
ਸਾਰੇ ਪਿੰਡ ਘੁਮਾਈ ਆ, ਬਈ ਹੁਣ ਜਾਗੋ ਆਈ ਆ।”
ਅੱਜ ਦੇ ਸਮੇਂ ਵਿੱਚ ਵਿਆਹ ਮੈਰਿਜ ਪੈਲੇਸਾਂ ਵਿੱਚ ਹੋਣ ਲੱਗੇ ਹਨ ਅਤੇ ਜਾਗੋ ਵੀ ਵਪਾਰਕ ਅਤੇ ਆਧੁਨਿਕ ਹੋ ਗਈ ਹੈ। ਹੇਠਾਂ ਦਿੱਤੀਆਂ ਬੋਲੀਆਂ ਆਧੁਨਿਕ ਜਾਗੋ ਦੀ ਸਹੀ ਤਸਵੀਰ ਪੇਸ਼ ਕਰਦੀਆਂ ਹਨ:
‘‘ਨਾ ਉਹ ਹਾਸੇ, ਨਾ ਉਹ ਖੁਸ਼ੀਆਂ, ਨਾ ਉਹ ਜਾਗੋ ਰਹਿ ਗਈ,
ਅੱਜ ਕੱਲ੍ਹ ਜਾਗੋ ਨਵੇਂ ਸਮੇਂ ਦੀ, ਵਹਿਣਾਂ ਦੇ ਵਿੱਚ ਵਹਿ ਗਈ,
ਹੁਣ ਤਾਂ ਜਾਗੋ ਟੀ ਵੀ ਦੀ ਇਕ ਆਈਟਮ ਬਣ ਕੇ ਰਹਿ ਗਈ,
ਜਾਗੋ ਬਦਲ ਗਈ,
ਹੁਣ ਉਹ ਨਾ ਜਾਗੋ ਰਹਿ ਗਈ, ਜਾਗੋ ਬਦਲ ਗਈ..।
ਅੰਮੀ ਕਹਿੰਦੀ ਕੌਣ ਚੁੱਕੂ ਭਾਰ, ਛੇਤੀ ਕੋਈ ਜਾਓ ਬਾਜ਼ਾਰ,
ਦੀਵੇ ਤੇਲ ਘੜਾ ਤਿਆਗੋ, ਲਾਈਟਾਂ ਵਾਲੀ ਲਿਆਓ ਜਾਗੋ,
ਹੁਣ ਚਾਈਨੀਜ਼ ਜਾਗੋ ਆਈ ਆ, ਜਾਗੋ ਬਦਲ ਗਈ,
ਹੁਣ ਉਹ ਨਾ ਜਾਗੋ ਰਹਿ ਗਈ, ਜਾਗੋ ਬਦਲ ਗਈ..।”
ਅੱਜ ਲੋੜ ਹੈ ਜਾਗੋ ਦੀ ਭਾਵਨਾ ਨੂੰ ਜਗਦੀ ਰੱਖਣ ਦੀ। ਸਿਰਫ ਮੂਵੀ ਜਾਂ ਐਲਬਮ ਵਿੱਚ ਦਿਖਾਉਣ ਲਈ ਭਾੜੇ ਦੀ ਜਾਗੋ ਦੀ ਲੋੜ ਨਹੀਂ। ਸਾਡੇ ਅਮੀਰ ਵਿਰਸੇ ਦੀ ਅਮੀਰ ਜਾਗੋ ਵਿੱਚੋਂ ਤੇਲ ਮੁੱਕ ਰਿਹਾ ਹੈ, ਆਓ ਰਲ ਮਿਲ ਕੇ ਸਾਂਝੀਵਾਲਤਾ ਦਾ ਤੇਲ ਪਾਈਏ।

ਬੋਲੀ

ਇਸ ਧਰਤੀ ਉੱਤੇ ਬੋਲੀ ਦਾ ਹੁਨਰ ਸਿਰਫ਼ ਮਨੁੱਖ ਦੇ ਹੀ ਹਿੱਸੇ ਆਇਆ ਹੈ। ਮਨੁੱਖ ਬੋਲੀ ਰਾਹੀਂ ਹੀ ਇੱਕ-ਦੂਜੇ ਨਾਲ ਆਪਣੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕਰਦਾ ਹੈ। ਖ਼ੁਸ਼ੀ, ਹਾਸਾ, ਗਮੀ, ਉਦਾਸੀ ਤੇ ਅਜਿਹੇ ਹੋਰ ਅਹਿਸਾਸ ਪ੍ਰਗਟਾੳੁਣ ਲਈ ਮਨੁੱਖੀ ਬੋਲੀ ਹੀ ਸਭ ਤੋਂ ਸ਼ਕਤੀਸ਼ਾਲੀ ਕਿਰਿਆ ਹੈ। 
ਬੋਲਾਂ ਦੁਆਰਾ ਪ੍ਰਗਟਾਈ ਗੱਲ ਦਾ ਕੋਈ ਬਦਲ ਨਹੀਂ ਹੈ। ਕੋਈ ਵਿਅਕਤੀ ਆਪਣੇ ਘਰ, ਪਰਿਵਾਰ, ਦਫ਼ਤਰ, ਅਦਾਰੇ, ਦੁਕਾਨ ਆਦਿ ਹਰ ਜਗ੍ਹਾ ਮਿਲਣ ਵਾਲੇ ਕਿਸੇ ਮਨੁੱਖ ਨਾਲ ਕਿਹੋ ਜਿਹੀ ਬੋਲੀ ਤੇ ਕਿਸ ਤਰ੍ਹਾਂ ਦੇ ਲਹਿਜੇ ਵਿੱਚ ਗੱਲ ਕਰਦਾ ਹੈ, ਇਸ ਤੋਂ ਉਸ ਦੀ ਸ਼ਖ਼ਸੀਅਤ ਦਾ ਅਨੁਮਾਨ ਲਗਾਇਆ ਜਾ ਸਕਦਾ ਹੈ।
ਮਿੱਠੇ ਬੋਲਾਂ ਵਿੱਚ ਅਜਿਹਾ ਜਾਦੂ ਹੁੰਦਾ ਹੈ ਕਿ ਗੁੱਸੇਖੋਰ, ਅੜੀਅਲ ਤੇ ਜ਼ਿੱਦੀ ਵਿਅਕਤੀ ਵੀ ਮੋਮ ਬਣਨ ਲਈ ਮਜਬੂਰ ਹੋ ਜਾਂਦਾ ਹੈ। ਮਨੁੱਖੀ ਆਪੇ ਦੀ ਅਸਲ ਪਛਾਣ ਉਸ ਦੇ ਦੂਜਿਆਂ ਪ੍ਰਤੀ ਵਿਵਹਾਰ ਤੋਂ ਹੀ ਹੁੰਦੀ ਹੈ। ਦੂਜਿਆਂ ਨੂੰ ਮਿਲਣ ਸਮੇਂ ਚਿਹਰੇ ’ਤੇ ਮੁਸਕਰਾਹਟ ਲਿਆ ਕੇ ਮਿਸ਼ਰੀ ਵਰਗੇ ਮਿੱਠੇ ਬੋਲਾਂ ਨਾਲ ਮੁਖਾਤਿਬ ਹੋਣ ਵਾਲਾ ਵਿਅਕਤੀ ਹਰ ਇੱਕ ਨੂੰ ਆਪਣਾ ਦੋਸਤ ਬਣਾ ਲੈਂਦਾ ਹੈ। ਅਕਸਰ ਦੇਖਣ ਵਿੱਚ ਆਉਂਦਾ ਹੈ ਕਿ ਮਿੱਠ-ਬੋਲੜੇ ਵਿਅਕਤੀ ਹਰ ਇੱਕ ਦਾ ਮਨ ਮੋਹ ਲੈਂਦੇ ਹਨ। ਸੱਭਿਅਕ ਤੌਰ-ਤਰੀਕੇ ਤੇ ਬੋਲਾਂ ਦੀ ਮਿਠਾਸ ਕਿਸੇ ਵੀ ਵਿਅਕਤੀ ਦੀ ਸ਼ਖ਼ਸੀਅਤ ਨੂੰ ਚਾਰ-ਚੰਨ ਲਾ ਦਿੰਦੀ ਹੈ। ਵੇਖਣ ਨੂੰ ਕੋਈ ਕਿੰਨਾ ਵੀ ਸੋਹਣਾ-ਸੁਨੱਖਾ ਤੇ ਸਜਿਆ ਫੱਬਿਆ ਹੋਵੇ, ਪਰ ਬੋਲਾਂ ਵਿੱਚ ਕੁੜੱਤਣ ਤੇ ਖਰਵਾਪਣ ਹੋਣ ਦੀ ਸੂਰਤ ਵਿੱਚ ਖ਼ੂਬਸੂਰਤੀ ਵੀ ਕਿਸੇ ਕੰਮ ਨਹੀਂ ਆਉਂਦੀ। ਸੋਹਣਾ ਉਹੀ ਹੁੰਦਾ ਹੈ ਜੋ ਸੋਹਣਾ ਵਰਤਾਉ ਕਰਦਾ ਹੈ। 

ਗੁਰੂਆਂ, ਪੀਰਾਂ, ਫ਼ਕੀਰਾਂ ਤੇ ਧਾਰਮਿਕ ਹਸਤੀਆਂ ਨੇ ਮਨੁੱਖਤਾ ਨੂੰ ਆਪਸੀ ਪਿਆਰ ਮੁਹੱਬਤ ਅਤੇ ਮਿਲਵਰਤਣ ਦਾ ਸੰਦੇਸ਼ ਦਿੱਤਾ ਹੈ। ਮਨੁੱਖਤਾ ਨਾਲ ਪਿਆਰ ਨਾ ਕਰਨ ਵਾਲਾ ਅਤੇ ਮੋਹ ਭਰੇ ਬੋਲ ਨਾ ਵਰਤਣ ਵਾਲਾ ਵਿਅਕਤੀ ਸਿਰਫ਼ ਨਾਂ ਦਾ ਹੀ ਧਾਰਮਿਕ ਕਿਹਾ ਜਾ ਸਕਦਾ ਹੈ। ਗੁਰਬਾਣੀ ਵਿੱਚ ਮਿੱਠਾ ਬੋਲਣ ਦੀ ਮਹਿਮਾ ਕੀਤੀ ਗੲੀ ਹੈ। ਕਿਸੇ ਨਾਲ ਕੌੜੇ ਜਾਂ ਫਿੱਕੇ ਬੋਲ ਬੋਲਣ ਵਾਲੇ ਦਾ ਤਨ ਤੇ ਮਨ ਵੀ ਅਸ਼ਾਂਤ ਹੋ ਜਾਂਦਾ ਹੈ। ਬਾਬਾ ਫ਼ਰੀਦ ਦਾ ਕਥਨ ਹੈ ਕਿ ਕਿਸੇ ਨੂੰ ਕੌੜੇ ਬੋਲ ਨਾ ਬੋਲ, ਸਭ ਵਿੱਚ ਉਸ ਸੱਚੇ ਪਰਮਾਤਮਾ ਦੀ ਜੋਤ ਹੈ।

ਮਿੱਠੇ ਬੋਲ ਬੋਲਣ ਵਾਲੇ ਦੁਕਾਨਦਾਰ ਦੀ ਦੁਕਾਨ ’ਤੇ ਗਾਹਕਾਂ ਦੀ ਕਮੀ ਨਹੀਂ ਰਹਿੰਦੀ। ਜੇ ਗਾਹਕ ਨੂੰ ਦੁਕਾਨਦਾਰ ਦੇ ਵਿਵਹਾਰ ਵਿੱਚੋਂ ਫਿੱਕਾਪਣ ਨਜ਼ਰ ਆਵੇਗਾ ਤਾਂ ਉਹ ਕਿਸੇ ਵੀ ਵਸਤੂ ਨੂੰ ਖ਼ਰੀਦਣ ਵੱਲ ਰੁਚਿਤ ਨਹੀਂ ਹੋਵੇਗਾ। ਗਾਹਕਾਂ ਨਾਲ ਲੜਨ ਵਾਲਾ ਦੁਕਾਨਦਾਰ ਕੋਈ ਖੱਟੀ ਕਮਾਈ ਨਹੀਂ ਕਰ ਸਕਦਾ। ਜਿਹੜਾ ਅਧਿਆਪਕ ਹਰ ਸਮੇਂ ਆਪਣੇ ਵਿਦਿਆਰਥੀਆਂ ਨੂੰ ਕੌੜੇ ਬੋਲਾਂ ਦੇ ਤੀਰਾਂ ਨਾਲ ਵਿੰਨ੍ਹਦਾ ਰਹਿੰਦਾ ਹੈ, ੳੁਹ ਉਨ੍ਹਾਂ ਦੇ ਮਨ ਦੀ ਤਹਿ ਤਕ ਨਹੀਂ ਪਹੁੰਚ ਸਕਦਾ। ਮਿੱਠੇ ਬੋਲਾਂ ਦਾ ਬੱਚਿਆਂ ਦੇ ਮਨ ਉੱਤੇ ਗਹਿਰਾ ਪ੍ਰਭਾਵ ਪੈਂਦਾ ਹੈ ਤੇ ਉਹ ਅਧਿਆਪਕ ਦੁਆਰਾ ਸਮਝਾਈ ਗੱਲ ਨੂੰ ਸਮਝਣ ਵਿੱਚ ਪੂਰੀ ਦਿਲਚਸਪੀ ਲੈਂਦੇ ਹਨ। 
ਆਪਣੇ ਮਾਤਹਿਤਾਂ ਨਾਲ ਕੌੜਾ ਵਿਵਹਾਰ ਕਰਨ ਵਾਲਾ ਅਫ਼ਸਰ ਆਪਣੇ ਦਫ਼ਤਰ ਵਿੱਚ ਚੰਗੇ ਨਤੀਜੇ ਨਹੀਂ ਕੱਢ ਸਕਦਾ। ਵਿਵਹਾਰ ਵਿੱਚ ਨਰਮੀ ਤੇ ਬੋਲਾਂ ਵਿੱਚ ਮਿਠਾਸ ਸਦਕਾ ਢੀਠ ਤੋਂ ਢੀਠ ਵਿਅਕਤੀ ਤੋਂ ਵੀ ਕੰਮ ਕਰਵਾਇਆ ਜਾ ਸਕਦਾ ਹੈ। ਸਖ਼ਤ ਰਵੱਈਆ ਤੇ ਕੌੜੇ ਬੋਲ ਮਾਹੌਲ ਵਿੱਚ ਕੁੜੱਤਣ ਅਤੇ ਤਲਖ਼ੀ ਪੈਦਾ ਕਰਦੇ ਹਨ ਜਦੋਂਕਿ ਮਿੱਠੇ ਬੋਲਾਂ ਨਾਲ ਮਾਹੌਲ ਖ਼ੁਸ਼ਗਵਾਰ ਬਣਿਆ ਰਹਿੰਦਾ ਹੈ। ਅਜਿਹੇ ਮਾਹੌਲ ਵਿੱਚ ਮਨ ਵਿੱਚ ਕੰਮ ਕਰਨ ਦੀ ਰੁਚੀ ਪੈਦਾ ਹੁੰਦੀ ਹੈ।
ਗਾਇਕ, ਰਾਗੀ-ਢਾਡੀ ਆਪਣੀ ਮਿੱਠੀ ਅਤੇ ਸੁਰੀਲੀ ਆਵਾਜ਼ ਸਦਕਾ ਹੀ ਲੋਕਾਂ ਵਿੱਚ ਮਕਬੂਲ ਹੁੰਦੇ ਹਨ। ਹਰ ਸਮੇਂ ਖਿੱਝਦੇ ਰਹਿਣ ਤੇ ਕੌੜੇ ਬੋਲ ਬੋਲਣ ਵਾਲੇ ਮਾਪੇ ਆਪਣੇ ਬੱਚਿਆਂ ਦੇ ਮਨਾਂ ਵਿੱਚ ਮਿੱਠਤ, ਨਰਮੀ ਅਤੇ ਸੁਹਜ ਦਾ ਸੰਚਾਰ ਨਹੀਂ ਕਰ ਸਕਦੇ। ਬੱਚਿਆਂ ਦੇ ਮਨ ਫੁੱਲਾਂ ਵਰਗੇ ਕੋਮਲ ਹੁੰਦੇ ਹਨ ਤੇ ਕੌੜੇ ਬੋਲ ਸੁਣ ਕੇ ਉਹ ਮੁਰਝਾ ਜਾਂਦੇ ਹਨ।

ਇਹ ਵੀ ਬਹੁਤ ਅਜੀਬ ਗੱਲ ਹੈ ਕਿ ਹਰ ਕੋਈ ਸ਼ਹਿਦ ਵਰਗੇ ਮਿੱਠੇ ਬੋਲ ਸੁਣਨ ਲਈ ਤਾਂਘਦਾ ਹੈ, ਪਰ ਆਪ ਦੂਜਿਆਂ ਨੂੰ ਕੌੜੇ ਤੇ ਤਲਖ਼ੀ ਭਰੇ ਬੋਲਾਂ ਨਾਲ ਮੁਖਾਤਿਬ ਹੁੰਦਾ ਹੈ। ਸਿਆਣੇ ਕਹਿੰਦੇ ਹਨ ਕਿ ਤਲਵਾਰ ਦਾ ਫੱਟ ਤਾਂ ਸਮਾਂ ਪਾ ਕੇ ਮਿਟ ਜਾਂਦਾ ਹੈ, ਪਰ ਬੋਲਾਂ ਦਾ ਜ਼ਖ਼ਮ ਕਦੇ ਨਹੀਂ ਮਿਟਦਾ। ਤੋਲ ਕੇ ਬੋਲਣ ਵਾਲੇ ਵਿਅਕਤੀ ਵਿਰਲੇ ਹੀ ਹੁੰਦੇ ਹਨ, ਪਰ ਬੋਲਣ ਤੋਂ ਬਾਅਦ ਸੋਚਣ ਵਾਲਿਆਂ ਦੀ ਗਿਣਤੀ ਬੇਸ਼ੁਮਾਰ ਹੈ। ਮਿੱਠੇ ਬੋਲਾਂ ਨਾਲ ਵਿਵਹਾਰ ਕਰਨ ਵਾਲੇ ਵਿਅਕਤੀ ਦੀ ਅਪਣੱਤ ਦਾ ਅੰਦਾਜ਼ਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ, ਪਰ ਕਿਸੇ ਸਵਾਰਥ ਦੀ ਸਿੱਧੀ ਲਈ ਖੁਸ਼ਾਮਦੀ ਲਹਿਜੇ ਵਿੱਚ ਗੱਲ ਕਰਨ ਵਾਲਾ ਵਿਅਕਤੀ ਆਪਣੇ ਚਿਹਰੇ ਦੇ ਹਾਵ-ਭਾਵ ਤੋਂ ਹੀ ਪਛਾਣਿਆ ਜਾਂਦਾ ਹੈ। 

ਅਜੋਕੇ ਸਮਿਆਂ ਵਿੱਚ ਤਲਖ਼ੀ ਦਾ ਮਾਹੌਲ ਬਹੁਤ ਵਧ ਗਿਆ ਹੈ। ਸਿਆਸੀ ਨੇਤਾਵਾਂ ਤੇ ਧਾਰਮਿਕ ਹਸਤੀਆਂ ਦੇ ਅਗਨੀ ਭਰੇ ਬੋਲ ਨਫ਼ਰਤ ਭਰਿਆ ਮਾਹੌਲ ਸਿਰਜ ਦਿੰਦੇ ਹਨ। ਸਮਾਜ ਵਿੱਚ ਖ਼ੁਸ਼ੀ-ਖ਼ੁਸ਼ੀ ਵਸਦੇ ਲੋਕ ਪਲਾਂ ਛਿਣਾਂ ਵਿੱਚ ਹੀ ਇੱਕ-ਦੂਜੇ ਦੇ ਖ਼ੂਨ ਦੇ ਪਿਆਸੇ ਬਣ ਜਾਂਦੇ ਹਨ। ਗੁਰੂਆਂ ਪੀਰਾਂ ਦੀ ਇਸ ਭੂਮੀ ੳੁੱਤੇ ਅਸਹਿਣਸ਼ੀਲਤਾ ਇਸ ਕਦਰ ਭਾਰੂ ਹੋ ਗਈ ਹੈ ਕਿ ਦੂਜੇ ਦੇ ਵਿਚਾਰਾਂ ਨੂੰ ਸਹਿਜ ਨਾਲ ਸੁਣਨ ਦੀ ਪ੍ਰਵਿਰਤੀ ਲੋਪ ਹੁੰਦੀ ਜਾ ਰਹੀ ਹੈ। ਮਨੁੱਖੀ ਹਿਰਦਿਆਂ ਨੂੰ ਸ਼ਾਂਤ ਕਰ ਕੇ ਠੰਢਕ ਪਹੁੰਚਾਉਣ ਦੀ ਥਾਂ ਬੋਲਾਂ ਦੇ ਤਿੱਖੇ ਨਸ਼ਤਰ ਹਿਰਦਿਆਂ ਨੂੰ ਵਲੂੰਧਰ ਸੁਟੱਦੇ ਹਨ। ਬਹੁਤੀਆਂ ਦੁਖਦਾਈ ਘਟਨਾਵਾਂ ਕੌੜੇ ਬੋਲਾਂ ਦੇ ਸਿੱਟੇ ਵਜੋਂ ਹੀ ਵਾਪਰਦੀਆਂ ਹਨ।

ਕੰਮ-ਕਾਰ ਤੋਂ ਥੱਕ-ਹਾਰ ਕੇ ਘਰ ਪਰਤੇ ਬੰਦੇ ਨੂੰ ਸੁਆਣੀ ਮੋਹ ਭਰੇ ਮਿੱਠੇ ਬੋਲਾਂ ਨਾਲ ਪਾਣੀ ਪਿਲਾਵੇ ਤਾਂ ਸਾਰੀ ਥਕਾਵਟ ਦੂਰ ਹੋ ਜਾਂਦੀ ਹੈ। ਜਿਹੜੇ ਪਰਿਵਾਰਾਂ ਵਿੱਚ ਪਤੀ ਪਤਨੀ ਇੱਕ ਦੂਜੇ ਪ੍ਰਤੀ ਮਿਠਾਸ ਭਰੇ ਬੋਲਾਂ ਦਾ ਉਪਯੋਗ ਕਰਦੇ ਹਨ, ਉੱਥੇ ਹੀ ਸਵਰਗ ਹੁੰਦਾ ਹੈ। ਇਸ ਤਰ੍ਹਾਂ ਬੱਚੇ ਵੀ ਸੱਭਿਅਕ ਭਾਸ਼ਾ ਤੇ ਸਲੀਕਾ ਸਿੱਖ ਜਾਂਦੇ ਹਨ। ਨਿਮਰਤਾ, ਸਹਿਣਸ਼ੀਲਤਾ ਤੇ ਹਉਮੈ ਤੋਂ ਮੁਕਤ ਹੋ ਕੇ ਮਿੱਠੇ ਬੋਲਾਂ ਨਾਲ ਵਿਵਹਾਰ ਕਰਨਾ ਜ਼ਿੰਦਗੀ ਦਾ ਵਡਮੁੱਲਾ ਹਾਸਲ ਹੈ। ਅਜਿਹੇ ਗੁਣ ਵਿਰਲਿਆਂ ਦੇ ਹਿੱਸੇ ਹੀ ਆਉਂਦੇ ਹਨ, ਪਰ ਇਸ ਬਾਰੇ ਕੋਈ ਦੋ ਰਾਵਾਂ ਨਹੀਂ ਹਨ ਕਿ ਮਿੱਠੇ ਬੋਲਾਂ ਵਿੱਚ ਪੱਥਰ ਨੂੰ ਵੀ ਮੋਮ ਕਰਨ ਦੀ ਸ਼ਕਤੀ ਹੁੰਦੀ ਹੈ।

Friday, 26 February 2016

ਪੰਜਾਬੀ ਦੀਆਂ ਉਪਭਾਸ਼ਾਵਾਂ


ਵੰਡ
ਭਾਸ਼ਾ-ਵਿਗਿਆਨ ਵਿਭਾਗ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਮੁਤਾਬਕ ਪੰਜਾਬੀ ਦੀਆਂ ਹੇਠਲੀਆਂ 28 ਉਪਭਾਸ਼ਾਵਾਂ ਹਨ:

ਭਟਿਆਲੀ                    ਰਾਠੀ                            ਮਲਵਈ                          ਪੁਆਧੀ
ਪਹਾੜੀ                        ਦੋਆਬੀ                         ਕਾਂਗੜੀ                           ਚੰਬਿਆਲੀ
ਡੋਗਰੀ                         ਵਜ਼ੀਰਾਬਾਡੀ                 ਬਾਰ ਦੀ ਬੋਲੀ                    ਜਾਂਗਲੀ
ਜਟਕੀ                         ਛਿਨਾਵਰੀ                     ਮੁਲਤਾਨੀ                          ਬਹਾਵਲਪੁਰੀ
ਥਲੋਚਰੀ                       ਥਲੀ                           ਭਿਰੋਚੀ                             ਕੱਛ ਦੀ ਬੋਲੀ
ਅਵਾਣਕਾਰੀ                   ਧੰਨੀ                           ਘੇਬੀ                                ਹਿੰਦਕੋ
ਸਵਾਇਨ                        ਛਾਛੀ                         ਪੋਠੋਹਾਰੀ                           ਪੁਣਛੀ

ਇਹਨਾਂ ਵਿੱਚੋਂ ਕੁਝ ਦਾ ਵੇਰਵਾ ਹੇਠ ਅਨੁਸਾਰ ਹੈ:

ਮਾਝੀ

'ਮਾਝਾ' ਸ਼ਬਦ ਦਾ ਮੂਲ ਅਰਥ ਹੈ ਮੱਧ, ਭਾਵ ਕੇਂਦਰ, ਵਿਚਕਾਰਲਾ ਜਾਂ ਦਰਮਿਆਨਾ ਹੈ। ਪੰਜਾਬ ਪੰਜ ਦਰਿਆਵਾਂ ਦੀ ਧਰਤੀ ਦਾ ਨਾਂ ਹੈ। ਇਨ੍ਹਾਂ ਪੰਜ ਦਰਿਆਵਾਂ ਵਿੱਚ ਦੋ ਦਰਿਆਵਾਂ ਦਾ ਨਾਂ ਰਾਵੀ ਅਤੇ ਬਿਆਸ ਹੈ। ਇਨ੍ਹਾਂ ਦੋਹਾਂ ਦਰਿਆਵਾਂ ਦੇ ਵਿਚਕਾਰਲੇ ਇਲਾਕੇ ਨੂੰ ਮਾਝਾ ਕਿਹਾ ਜਾਣ ਲੱਗ ਪਿਆ। ਇਸ ਮੱਝਲੇ ਖੇਤਰ ਵਿੱਚ ਬੋਲੀ ਜਾਣ ਵਾਲੀ ਭਾਸ਼ਾ ਦਾ ਨਾਂ ਮਾਝੀ ਪੈ ਗਿਆ।

ਖੇਤਰ
ਮਾਝੀ ਹੁਣ ਭਾਰਤੀ ਪੰਜਾਬ ਅਤੇ ਪਾਕਿਸਤਾਨੀ ਪੰਜਾਬ ਦੇ ਆਰਪਾਰ ਦੀਆਂ ਸਰਹੱਦਾਂ ਉੱਤੇ ਬੋਲੀ ਜਾਂਦੀ ਹੈ। ਭਾਰਤੀ ਪੰਜਾਬ ਵਿੱਚ ਮਾਝੀ ਪੂਰੇ ਜ਼ਿਲਾ ਅੰਮ੍ਰਿਤਸਰ, ਗੁਰਦਾਸਪੁਰ ਦੀਆਂ ਦੋ ਤਹਿਸੀਲਾਂ-ਗੁਰਦਾਸਪੁਰ ਅਤੇ ਬਟਾਲਾ ਵਿੱਚ ਬੋਲੀ ਜਾਂਦੀ ਹੈ। ਇਸ ਤੋਂ ਇਲਾਵਾ ਫਿਰੋਜ਼ਪੁਰ ਜ਼ਿਲੇ ਦੇ ਕੁਝ ਖੇਤਰਾਂ ਵਿੱਚ ਵੀ ਮਾਝੀ ਬੋਲੀ ਜਾਂਦੀ ਹੈ। ਬਿਆਸ ਦਰਿਆ ਦੇ ਦੁਆਬੇ ਵਾਲੇ ਪਾਸੇ ਲੱਗਦੇ ਖੇਤਰਾਂ ਵਿੱਚ ਮਾਝੀ ਬੋਲੀ ਜਾਂਦੀ ਹੈ।

ਧੁਨੀ ਵਿਉਂਤ
ਧੁਨੀ ਵਿਉਂਤ ਦੇ ਪੱਖ ਤੋਂ ਸੁਰ (tone) ਮਾਝੀ ਦੀ ਉੱਘੀ ਵਿਸ਼ੇਸ਼ਤਾ ਹੈ। ਮਾਝੀ ਵਿੱਚ ਤਿੰਨ ਸੁਰਾਂ - ਉੱਚੀ, ਨੀਵੀਂ ਅਤੇ ਪੱਧਰੀ ਉੱਚਾਰੀਆਂ ਜਾਂਦੀਆਂ ਹਨ। ਸੁਰਾੀਂ ਦੀ ਹੋਂਦ ਨਾਦੀ-ਮਹਾਂਪ੍ਰਾਣ ਧੁਨੀਆਂ /ਘ,ਝ,ਢ,ਧ,ਭ/ ਅਤੇ ਸੁਰਯੰਤਰੀ ਧੁਨੀ /ਹ/ ਆਦਿ ਵੱਖ ਵੱਖ ਸਥਿਤੀਆਂ ਉੱਤੇ ਨਿਰਭਰ ਕਰਦਾ ਹੈ। ਮਾਝੀ ਦੇ ਸ਼ਬਦ ਦੀਆਂ ਤਿੰਨੇ ਸਥਿਤੀਆਂ ਵਿੱਚ /ਹ/ ਧੁਨੀ ਸੁਰ ਵਿੱਚ ਬਦਲ ਜਾਂਦੀ ਹੈ। ਮਿਸਾਲ ਵਜੋਂ 'ਹੋਰ' ਦਾ ਮਾਝੀ ਉੱਚਾਰਨ'ਓਰ੍ਹ', ਤੁਹਾਡਾ ਦਾ 'ਤਿਅ੍ਹਾ ਡਾ' ਅਤੇ 'ਜਾਹ' ਦਾ 'ਜਾਅ੍ਹ' ਹੈ। ਇਸ ਦੇ ਮੁਕਾਬਲੇ ਮਲਵਈ ਵਿੱਚ /ਹ/ ਦਾ ਵਿਅੰਜਨੀ ਸਰੂਪ ਕਈ ਥਾਵਾਂ ਉੱਤੇ ਕਾਇਮ ਰਹਿੰਦਾ ਹੈ।

ਮਾਝੀ ਵਿੱਚ ਦੋਵੇਂ /ਲ/ ਧੁਨੀਆਂ ਫੁਨੀਮਕ ਪੱਖੋਂ ਸਾਰਥਕ ਹਨ। ਮਾਝੀ ਵਿੱਚ ਸਵਰਾਂ ਦਾ 'ਨਿਰਸੰਧੀ' ਝੁਕਾ ਵੀ ਜਾਰੀ ਹੈ ਭਾਵ ਮਾਝੇ ਵਿੱਚ ਆਮ ਤੌਰ ਉੱਤੇ /ਔ/ ਧੁਨੀ ਨੂੰ /ਆਉ/ ਹੀ ਉੱਚਾਰਦੇ ਹਨ। ਜਿਵੇਂ ਕਰਾਉਣਾ, ਸੁਣਾਉਣਾ ਆਦਿ ਨਿਰਸੰਧੀ ਉੱਚਾਰਨ ਮਾਝੀ ਹੈ, ਪਰ ਇਸ ਦੇ ਮੁਕਾਬਲੇ ਤੇ ਮਲਵਈ ਵਿੱਚ ਕਰੌਣਾ, ਸਣੌਣਾ ਸੰਧੀਯੁਕਤ ਉੱਚਾਰਨ ਮਿਲਦਾ ਹੈ। ਉਂਜ ਲਿਖਤ ਵਿੱਚ ਭਾਵੇਂ ਮਲਵਈ ਵੀ ਮਾਝੀ ਵਾਂਗ ਹੀ ਲਿਖੀ ਜਾਂਦੀ ਹੈ। ਆਮ ਪੰਜਾਬੀ ਵਿੱਚ ਨਾਸਕੀ ਵਿਅੰਜਨ ਤਿੰਨ (ਣ, ਨ, ਮ) ਹੀ ਉੱਚਾਰੇ ਜਾਂਦੇ ਹਨ, ਪਰ ਮਾਝੀ ਵਿੱਚ ਕਿਤੇ ਕਿਤੇ /ਙ/ ਤੇ /ਞ/ ਦੀ ਹੋਂਦ ਵੀ ਹੈ।

ਮਾਝੀ ਵਿਆਕਰਨ
ਵਿਆਕਰਨ ਪੱਖੋਂ ਵੀ ਬਹੁਤੀ ਵੱਖਰਤਾ ਨਹੀਂ ਹੈ, ਬਹੁਤ ਭੇਦ ਉੱਚਾਰਨ ਅਤੇ ਸ਼ਬਦਾਵਲੀ ਦਾ ਹੀ ਹੁੰਦਾ ਹੈ। ਜਿਵੇਂ ਮਾਝੀ ਦਾ ਬੁਲਾਰਾ 'ਤੁਹਾਡਾ' ਪੜਨਾਂਵ ਨੂੰ ਧਿਆਡਾ, ਧਿਆਡੇ ਅਤੇ ਤੁਹਾਨੂੰ ਦੀ ਥਾਂ ਧਿਆਨੂੰ ਜਾਂ ਤਿਆਨੂੰ ਉੱਚਾਰਦੇ ਹਨ। ਇਸੇਤਰਾਂ ਮਾਝੀ ਦੇ ਕੁਝ ਸ਼ਬਦ ਬਿਲਕੁਲ ਨਿਵੇਕਲੇ ਹਨ। ਜਿਵੇਂ: ਵਾਂਢੇ, ਸਲੂਣਾ, ਰੁਮਾਨ, ਖੜਨਾ, ਭਾਊ, ਭਾ, ਛਾਹਵੇਲਾ, ਲੌਢਾ ਵੇਲਾ (ਤਰਕਾਲਾਂ), ਗਾੜੀ (ਅੱਗੇ), ਝਬਦੇ (ਛੇਤੀ), ਕੂਣਾ (ਕਹਿਣਾ), ਬੁੱਢੀ (ਘਰਵਾਲੀ), ਯਾਰਾਂ (ਗਿਆਰਾਂ), ਹਵੇਲੀ (ਪਸ਼ੂਆਂ ਦਾ ਵਾੜਾ) ਅਤੇ ਟੱਲੀ (ਲੀਰ) ਆਦਿ ਅਨੇਕ ਸ਼ਬਦ ਹਨ, ਜਿਹੜੀਆਂ ਦੂਜੀਆਂ ਉਪਭਾਸ਼ਾਵਾਂ ਅਤੇ ਸਟੈਂਡਰਡ ਪੰਜਾਬੀ ਵਿੱਚ ਨਹੀਂ ਵਰਤੇ ਜਾਂਦੇ। ਵਿਆਕਰਨ ਦੇ ਪੱਖ ਤੋਂ ਮਾਝੀ ਦੀ ਵਿਲੱਖਣਤਾ ਇਹ ਜ਼ਰੂਰ ਹੈ ਕਿ ਮਾਝੀ ਭਾਸ਼ਾ ਮਲਵਈ ਦੇ ਮੁਕਾਬਲੇ ਸੰਜੋਗਾਤਮਿਕ ਰੁਚੀਆਂ ਦੀ ਧਾਰਨੀ ਹੈ। ਮਾਝੀ ਵਿੱਚ 'ਨੇ' ਸੰਬੰਧਕ ਬਹੁਤ ਘੱਟ ਹੈ। ਮਾਝੀ ਵਿੱਚ /ਉਸ ਕਿਹਾ, ਕਿਨ ਕਿਹਾ, ਇਨ ਕਿਹਾ, ਹੱਥੀਂ ਕੀਤਾ, ਅੱਖੀਂ ਡਿੱਠਾ, ਗੱਡੀਓ ਲੱਥਾ/ ਆਦਿ ਸੰਜੋਗਾਤਮਿਕ ਬਣਤਰਾਂ ਬੋਲਣ ਦੀ ਰੁਚੀ ਹੈ। ਇਸੇਤਰਾਂ ਮਾਝੀ ਦੇ ਭੂਤਕਾਲੀ ਕਿਰਦੰਤ ਰੂਪ ਵੀ ਦੂਜੀਆਂ ਉਪਭਾਸ਼ਾਵਾਂ ਨਾਲੋਂ ਫ਼ਰਕ ਵਾਲੇ ਹਨ। /-ਇਆ/ ਅੰਤਕ ਕਿਰਦੰਤੀ ਰੂਪ ਆਮ ਪੰਜਾਬੀ ਲੱਛਣ ਹਨ। ਜਿਵੇਂ 'ਪੜ੍ਹ' ਤੋਂ 'ਪੜ੍ਹਿਆ, 'ਕਰ' ਤੋਂ 'ਕਰਿਆ ਆਦਿ ਪਰ ਇਨ੍ਹਾਂ ਦਾ ਨਿਕਟ-ਤਤਸਮੀ ਰੂਪ /ਕੀਤਾ, ਸੀਤਾ/ਵੀ ਵਰਤੋਂ ਵਿੱਚ ਆਉਦਾ ਹੈ। ਮਾਝੀ ਵਿੱਚ ਆਮ ਨਾਲੋਂ ਵੱਧ ਅਜਿਹੇ ਰੂਪ ਪਰਚੱਲਿਤ ਹਨ, ਜਿਵੇਂ ਕਿ ਡਿੱਠਾ, ਰਿੱਧਾ, ਧੋਤਾ, ਗੁੱਧਾ ਆਦਿ। ਮਾਝੀ ਵਿੱਚ ਕੁਝ ਹੋਰ ਨਿਵੇਕਲੇ ਤੱਤ ਕਿਰਿਆ ਦੇ ਅਖ਼ੀਰ ਵਿੱਚ ਜੁੜਵੇਂ ਬੋਲੇ ਜਾਂਦੇ ਹਨ। ਜਿਵੇਂ ਕਿ ਆਖਿਆ ਸੂ, ਕੀ ਕੀਤਾ ਸੂ ਆਦਿ।

ਪੋਠੋਹਾਰੀ/ਪਹਾੜੀ
ਪੋਠੋਹਾਰੀ ਪਾਕਿਸਤਾਨ ਵਿੱਚ ਪੋਠੋਹਾਰ ਦੇ ਇਲਾਕੇ ਵਿੱਚ ਬੋਲੀ ਜਾਂਦੀ ਹੈ। ਇਸ ਦਾ ਖੇਤਰ ਜ਼ਿਲਾ ਜਿਹਲਮ ਰਾਵਲਪਿੰਡੀ ਹੈ। ਮਿੱਘੀ (ਮੈਨੂੰ), ਤੁੱਘੀ(ਤੈਨੂੰ), ਮਾਰਾ(ਮੇਰਾ), ਸਾੜਾ(ਸਾਡਾ)। ਪੋਠੋਹਾਰੀ ਵਿੱਚ ਅੱਧਕ ਦੀ ਬਹੁਤ ਵਰਤੀ ਜਾਂਦੀ ਹੈ। ਰਤਾ ਨੂੰ ਰੱਤਾ, ਪਤਾ ਨੂੰ ਪੱਤਾ ਕਿਹਾ ਜਾਂਦਾ ਹੈ। ਇਸ ਵਿੱਚ ਸ਼ਬਦਾਂ ਦੇ ਸ਼ੁਰੂ ਵਿੱਚ "ਹ" ਜੋੜਨ ਦੀ ਰੁੱਚੀ ਹੈ। ਜਿਵੇਂ ਹਿਕ (ਇਕ), ਹਿਥੇ (ਇੱਥੇ), ਹਿੰਝ (ਇੰਝ), ਹੁਸ (ਉਸ), ਹਿੱਸ (ਇਸ)। ਪੋਠੋਹਾਰੀ ਵਿੱਚ ਕਨੌੜਾ ਨਹੀਂ ਵਰਤਿਆ ਜਾਂਦਾ। ਇਸ ਵਿੱਚ ਕੌਲੀ ਨੂੰ ਕੋਲੀ, ਚੌਲ ਨੂੰ ਚੋਲ, ਪੌੜੀ ਨੂੰ ਪੋੜੀ ਅਤੇ ਤੌੜੀ ਨੂੰ ਤੋੜੀ ਕਹਿੰਦੇ ਹਨ।

ਜੰਡਾਲੀ
ਜੰਡਾਲੀ ਬੋਲੀ ਪਾਕਿਸਤਾਨੀ ਪੰਜਾਬ ਵਿੱਚ ਬੋਲੀ ਜਾਂਦੀ ਪੰਜਾਬੀ ਦੀ ਇੱਕ ਉਪਭਾਸ਼ਾ ਹੈ। ਇਹ ਪੋਠੋਹਾਰੀ, ਛਾਛੀ (ਹਿੰਦਕੋ ਦੀ ਉਪਬੋਲੀ) ਅਤੇ ਥਾਲੋਚੀ ਪੰਜਾਬੀ ਬੋਲੀਆਂ ਦਾ ਮਿਲਗੋਭਾ ਹੈ। ਇਸਨੂੰ ਆਵਾਣਕਾਰੀ ਵੀ ਕਹਿੰਦੇ ਹਨ।

ਮਲਵਈ

ਮਲਵਈ ਸ਼ਬਦ ਮਾਲਵ ਤੋਂ ਬਣਿਆ ਹੈ। ਮਾਲਵ ਆਰੀਆ ਲੋਕਾਂ ਦੀ ਇੱਕ ਪ੍ਰਾਚੀਨ ਜਾਤੀ ਸੀ। ਮਹਾਂਭਾਰਤ ਵਿੱਚ ਮਾਲਵ ਗਣਰਾਜ ਦਾ ਜ਼ਿਕਰ ਹੋਇਆ ਹੈ। ਮਲਵਈ ਬੋਲੀ ਵਿੱਚ ਪੁਰਾਣੀ ਵੈਦਿਕ ਭਾਸ਼ਾ ਦੇ ਕਈ ਸ਼ਬਦ ਮਿਲਦੇ ਹਨ। ਬੂਹੇ ਜਾਂ ਦਰਵਾਜ਼ੇ ਦੇ ਅਰਥਾਂ ਵਾਲਾ 'ਬਾਰ' ਇੱਕ ਅਜਿਹਾ ਸ਼ਬਦ ਹੈ, ਜੋ ਕਿ ਵੈਦਿਕ ਕਾਲ ਵਿੱਚ ਹਾਸਲ ਹੈ। ਕੁਝ ਹੋਰ ਸ਼ਬਦ ਵੀ ਹਨ, ਜਿਵੇਂ ਕਿ: 'ਪਰਾਰਿ' ਅਤੇ 'ਸਮਾਂ'। 'ਪਰ-ਪਰਾਰ' ਅਤੇ 'ਐਂਤਕੀ ਸਮਾਂ (ਵਰ੍ਹਾ) ਲੱਗ ਗਿਆ' ਮਲਵਈ ਵਿੱਚ ਆਮ ਬੋਲੇ ਜਾਂਦੇ ਹਨ। ਇਨ੍ਹਾਂ ਸ਼ਬਦਾਂ ਦੇ ਅਰਥ ਰਿਗਵੇਦ ਵਿੱਚ ਮਿਲਦੇ ਹਨ।

ਖੇਤਰ
ਜ਼ਿਲ੍ਹਾ ਬਠਿੰਡਾ, ਸੰਗਰੂਰ, ਫ਼ਰੀਦਕੋਟ, ਮੁਕਤਸਰ, ਮੋਗਾ, ਲੁਧਿਆਣਾ ਅਤੇ ਫਿਰੋਜ਼ਪੁਰ ਦਾ ਕੁਝ ਹਿੱਸਾ ਸ਼ਾਮਿਲ ਹੈ। ਪਟਿਆਲੇ ਜ਼ਿਲ੍ਹੇ ਦੀ ਪੱਛਮੀ ਭਾਗ ਵਿੱਚ ਮਲਵਈ ਬੋਲੀ ਜਾਂਦੀ ਹੈ। ਫਾਜ਼ਿਲਕਾ ਵਾਲੇ ਗੁੱਠ ਤੋਂ ਪਾਰ ਪਾਕਿਸਤਾਨ ਵਾਲੇ ਪਾਸੇ ਦੀ ਕੁਝ ਸਿੱਖ-ਹਿੰਦੂ ਵਸੋਂ ਮਲਵਈ ਬੋਲਦੀ ਹੈ। ਮਲਵਈ ਵੱਡੇ ਖੇਤਰ ਵਿੱਚ ਫੈਲੀ ਹੋਣ ਕਰ ਕੇ ਇਸ ਦੀਆਂ ਅਗਾਂਹ ਕੁਝ ਲਘੂ-ਬੋਲੀਆਂ ਹਨ। ਬਠਿੰਡੇ ਤੋਂ ਉਤਲੇ ਪਾਸੇ ਦੀ ਬੋਲੀ ਨੂੰ 'ਉਤਾੜ' ਕਿਹਾ ਜਾਂਦਾ ਹੈ ਅਤੇ ਫ਼ਰੀਦਕੋਟ ਦੇ ਹੇਠਲੇ ਵਾਲੇ ਪਾਸੇ ਦੀ ਬੋਲੀ ਨੂੰ 'ਹਿਠਾੜ' ਕਹਿੰਦੇ ਹਨ।

ਮਲਵਈ ਦੀਆਂ ਭਾਸ਼ਾਈ ਵਿਸ਼ੇਸ਼ਤਾਵਾਂ
ਇਥੇ ਨਾਦੀ ਮਹਾਂਪ੍ਰਾਣ ਧੁਨੀਆਂ ਦੀ ਬਜਾਏ ਦੀ ਥਾਂ ਸੁਰ ਉੱਚਾਰੀ ਜਾਂਦੀ ਹੈ। ਪਰ ਸੁਰ ਯੰਤਰੀ ਵਿਅੰਜਨ /ਹ/ ਗੂੜ੍ਹ ਮਲਵਈ ਵਿੱਚ ਆਪਣੇ ਵਿਅੰਜਨੀ ਸਰੂਪ ਵਿੱਚ ਕਾਇਮ ਰਹਿੰਦਾ ਹੈ। ਮਲਵਈ ਵਿੱਚ /ਙ/ ਅਤੇ /ਞ/ ਨਾਸਕੀ ਵਿਅੰਜਨ ਕਿਤੇ ਵੀ ਨਹੀਂ ਬੋਲੇ ਜਾਂਦੇ ਹਨ। ਫ਼ਾਰਸੀ ਧੁਨੀਆਂ /ਫ਼/, /ਖ਼/, /ਗ਼/, /ਜ਼/ ਆਦਿ ਦਾ ਵੱਖਰੇਵਾਂ ਮਲਵਈ ਬੁਲਾਰਿਆਂ ਦੇ ਜ਼ਿਹਨ ਵਿੱਚ ਸਾਰਥਿਕ ਨਹੀਂ ਹੁੰਦਾ। ਮਲਵਈ ਵਿੱਚ ਉਲਟ ਜੀਭੀ ਧੁਨੀਆਂ ਵੱਲ ਮਾਝੀ ਦੇ ਮੁਕਾਬਲੇ ਝੁਕਾ ਵੱਧ ਹੈ। ਜਿਵੇਂ ਕਿ ਤੋਰ ਨੂੰ ਟੋਰ, ਹੇਠਾਂ ਨੂੰ ਢਾਹਾਂ ਮਲਵਈ ਵਿੱਚ ਬੋਲੇ ਜਾਂਦੇ ਹਨ। ਮਲਵਈ ਵਿੱਚ ਮੁੱਢਲਾ ਸਵਰ ਲੋਪ ਕਰਨ ਦਾ ਰੁਝਾਨ ਵਧੇਰੇ ਹੈ। ਜਿਵੇਂ ਕਿ: ਅਨਾਜ ਨੂੰ ਨਾਜ, ਅਖੰਡ ਨੂੰ ਖੰਡ, ਅਦਾਲਤਾਂ ਨੂੰ ਦਾਲਤਾਂ, ਅਨੰਦ ਨੂੰ ਨੰਦ, ਇਲਾਜ ਨੂੰ ਲਾਜ ਅਤੇ ਇੱਕ ਵੇਰਾਂ ਨੂੰ ਕੇਰਾਂ ਆਦਿ ਬੋਲਿਆ ਜਾਂਦਾ ਹੈ। ਮਲਵਈ ਵਿੱਚ ਵਿਅੰਜਨ-ਧੁਨੀਆਂ ਦਾ ਅੰਤਰ-ਵਟਾਂਦਰਾ ਕਰਨਾ ਵੀ ਆਮ ਹੈ। ਜਿਵੇਂ ਕਿ ਸ਼ੇਰ ਨੂੰ ਛੇਰ, ਛਾਤੀ ਨੂੰ ਸ਼ਾਤੀ, ਸਾਈਕਲ ਨੂੰ ਸ਼ੈਕਲ, ਸ਼ਤਾਨ ਨੂੰ ਛਤਾਨ, ਸਰਦੀ ਨੂੰ ਸ਼ਰਦੀ, ਛਾਂ ਨੂੰ ਸਾਂ, ਸੜਕ ਨੂੰ ਸ਼ੜਕ, ਛਿੱਤਰ ਨੂੰ ਸ਼ਿੱਤਰ ਆਮ ਬੋਲਿਆ ਜਾਂਦਾ ਹੈ। 'ਬਾਂਝ ਔਰਤ' ਵਿੱਚ ਬਾਂਝ ਸ਼ਬਦ ਵੀ 'ਬਾਜ' (ਬਿਨਾਂ) ਦਾ ਮਲਵਈਕਰਨ ਹੀ ਹੈ। ਨਾਸਿਕਤਾ ਸਹਿਤ /ਵ/ ਨੂੰ /ਮ/ ਉੱਚਾਰਨ ਦਾ ਰੁਝਾਨ ਹੈ। ਜਿਵੇਂ: ਤੀਵੀਂ ਨੂੰ ਤੀਮੀਂ, ਇਵੇਂ ਨੂੰ ਇਮੇ, ਕਿਵੇਂ ਨੂੰ ਕਿਮੇ, ਜਾਵਾਂਗਾ ਨੂੰ ਜਾਮਾਗਾ ਜਾਂ ਖਾਵਾਂਗਾ ਨੂੰ ਖਾਮਾਂਗਾ ਆਦਿ। ਮਲਵਈ ਵਿੱਚ ਅੰਤਮ ਅੱਖਰ ਨੂੰ /ਐ/ ਲਾਉਣ ਦੀ ਬਹੁਤ ਰੁਚੀ ਹੈ। ਜਿਵੇਂ: ਕੀਤੈ, ਗਿਐ, ਆਖਿਐ ਆਦਿ। /ਵ/ ਨੂੰ /ਬ/ ਆਮ ਬੋਲਿਆ ਜਾਂਦਾ ਹੈ, ਜਿਵੇਂ: ਬੱਟਾ, ਬੀਰ, ਬੀਹ, ਬਾਹਗੁਰੂ, ਬੱਢ ਆਦਿ।

ਵਿਆਕਰਨ ਦੇ ਪੱਖ ਤੋਂ ਮਲਵਈ ਦਾ ਸਭ ਤੋਂ ਨਿਆਰਾਪਨ ਇਸ ਦੇ ਨਿਰਾਲੇ ਪੜਨਾਵ ਹਨ। ਜਿਵੇਂ ਕਿ ਤੂੰ ਦੀ ਥਾਂ ਤੈਂ, ਤੁਹਾਡਾ ਦੀ ਥਾਂ ਠੋਡਾ/ਸੋਡਾ, ਤੁਹਾਨੂੰ ਦੀ ਥਾਂ ਥੋਨੂੰ/ਸੋਨੂੰ ਆਦਿ ਕਈ ਰੁਪਾਂਤਰ ਬੋਲੇ ਜਾਂਦੇ ਹਨ। 'ਆਪਣਾ' ਨੂੰ 'ਆਵਦਾ' ਵਰਤਿਆ ਜਾਂਦਾ ਹੈ। ਸਬੰਧਕ ਕਾ-ਕੀ-ਕੇ ਵੀ ਸਿਰਫ਼ ਮਲਵਈ ਵਿੱਚ ਹੀ ਬੋਲੇ ਜਾਂਦੇ ਹਨ। ਜਿਵੇਂ: ਜੈਲੇ ਕਾ ਖੇਤ, ਜੀਤੂ ਕੇ ਮੁੰਡੇ, ਜੀਤ ਕੀ ਬੁੜੀ। 'ਬੁੜੀ' ਸ਼ਬਦ ਵੀ ਸ਼ੁੱਧ ਮਲਵਈ ਹੈ, ਜੋ ਕਿ ਔਰਤਾਂ ਲਈ ਵਰਤਿਆ ਜਾ ਰਿਹਾ ਹੈ।

ਕਿਰਿਆ ਰੂਪੀ ਸ਼ਬਦ ਜਿਵੇਂ ਕਿ ਜਾਊਂ, ਖਾਊਂ, ਕਰੂੰ ਆਦਿ ਵੀ ਟਕਸਾਲੀ ਪੰਜਾਬੀ ਤੋਂ ਵੱਖਰੇ ਹਨ। ਮਲਵਈ ਕਰਮਣੀ ਵਾਚ ਵੀ ਲਹਿੰਦੀ ਨਾਲ
ਕਾਫ਼ੀ ਮਿਲਦਾ ਹੈ। ਜਿਵੇਂ: 'ਏਦਾਂ ਨਹੀਂ ਕਰੀਦਾ -ਖਾਈਦਾ ਜਾਂ ਪੜ੍ਹੀਦਾ ਆਦਿ।

ਮਲਵਈ ਸ਼ਬਦਾਵਲੀ
ਹਾਜ਼ਰੀ ਰੋਟੀ, ਤਿੱਖੜ ਦੁਪੈਹਰਾ, ਆਥਣ-ਉੱਗਣ, ਵੱਡੇ ਤੜਕੇ, ਨੇਂ ਜਾਣੀਏ, ਬਲਾਂਈ, ਜਮਾ ਈ, ਖਬਣੀ, ਕੇਰਾਂ, ਐਮੇ, ਊਂਈ, ਐਰਕੀ ਜਾਂ ਤੋਕੀ (ਇਸ ਸਾਲ), ਬਗ ਗਿਐ, ਕਾਸ ਨੂੰ ਜਾਨੈਗਾ, ਮੂਹਰੇ, ਜਿੱਦਣ, ਕਿੱਦਣ, ਲੌਣੇ, ਲਵੇ, ਥਾਈਂ, ਖੋਲਾ, ਜਾਣੇ ਖਾਣਿਆਂ, ਵੀਰਾਂ ਵੱਢੀਏ, ਡੁਬੜੀਏ, ਦੋਜਕ ਜਾਣਿਆਂ,ਿਕਕਣ ਆਦਿ।

ਦੁਆਬੀ

ਪੰਜਾਬ ਦੇ ਦੁਆਬੇ ਦੇ ਇਲਾਕੇ ਦੀ ਬੋਲੀ ਨੂੰ ਦੁਆਬੀ ਕਿਹਾ ਜਾਂਦਾ ਹੈ। ਦੁਆਬ ਜਾਂ ਦੁਆਬਾ ਸ਼ਬਦ ਪੰਜ+ਆਬ ਦੀ ਤਰਜ਼ ਉੱਤੇ ਹੀ ਬਣਿਆ ਹੈ। ਦੋਆਬਾ (ਦੋ-ਆਬਾ) ਦੋ ਦਰਿਆਵਾਂ ਦੇ ਵਿਚਲੇ ਖੇਤਰ ਨੂੰ ਕਿਹਾ ਜਾਂਦਾ ਹੈ। ਇਉਂ ਦੁਆਬੀ ਸਤਲੁਜ ਅਤੇ ਬਿਆਸ ਦੇ ਵਿਚਲੇ ਇਲਾਕੇ ਦੀ ਬੋਲੀ ਲਈ ਰੂੜ੍ਹ ਹੋਇਆ ਸ਼ਬਦ ਹੈ।

ਖੇਤਰ
ਹੁਸ਼ਿਆਰਪੁਰ, ਜਲੰਧਰ ਅਤੇ ਕਪੂਰਥਲਾ ਜ਼ਿਲ੍ਹਿਆਂ ਵਿੱਚ ਬੋਲੀ ਜਾਂਦੀ ਹੈ।

ਦੁਆਬੀ ਭਾਸ਼ਾਈ ਵਿਸ਼ੇਸ਼ਤਾਵਾਂ
ਦੁਆਬੀ ਵਿੱਚ ਤਿੰਨੇ ਸੁਰ - ਉੱਚੀ, ਨੀਵੀਂ ਅਤੇ ਪੱਧਰੀ ਕਾਰਜਸ਼ੀਲ ਹਨ। ਪਰ ਮਲਵਈ ਵਾਂਗ ਦੁਆਬੀ ਵਿੱਚ ਨਾਸਕੀ ਧੁਨੀਆਂ /ਙ/ ਅਤੇ /ਞ/ ਦਾ ਉੱਚਾਰਨ ਨਹੀਂ ਹੁੰਦਾ ਹੈ। ਦੰਤੀ /ਲ/ ਅਤੇ ਉਲਟ ਜੀਭੀ /ਲ਼/ ਦੋਵੇਂ ਵਿਅੰਜਨ ਧੁਨੀਆਂ ਧੁਨੀਆਤਮਿਕ ਪੱਖੋਂ ਸਾਰਥਿਕ ਅਤੇ ਨਖੇੜੂ ਹਨ। ਦੁਆਬੀ ਵਿੱਚ /ਵ/ ਅਤੇ /ਬ/ ਧੁਨੀਆਂ ਅੰਤਰ-ਵਟਾਂਦਰਾ ਕਰਦੀਆਂ ਹਨ, ਭਾਵ 'ਵਿੱਚ' ਅਤੇ 'ਬਿੱਚ' ਦੋਵੇ ਬੋਲੀਦੇ ਹਨ। ਪਰ ਵਧੇਰੇ ਰੁਝਾਨ /ਬ/ ਦੀ ਹੈ। ਸ਼ਬਦਾਂ ਦੇ ਮੱਧ ਜਾਂ ਅੰਤ ਉੱਤੇ ਨਾਸਿਕਤਾ-ਸਹਿਤ /ਵ/ ਨੂੰ ਜਿੱਥੇ ਮਲਵਈ ਵਿੱਚ /ਮ/ ਬੋਲਿਆ ਜਾਂਦਾ ਹੈ, ਜਿਵੇਂ ਇਮੇਂ, ਕਿਮੇਂ, ਤਿਮੇਂ ਆਦਿ, ਉੱਥੇ ਦੁਆਬੀ ਵਿੱਚ ਵੱਖਰੇ ਸ਼ਬਦ ਹੀ ਪਰਚੱਲਿਤ ਹਨ। ਜਿਵੇਂ: ਇੱਦਾਂ, ਕਿੱਦਾਂ, ਅਤੇ ਜਿੱਦਾਂ ਆਦਿ। ਮਾਝੀ ਦੇ ਉਲਟ ਪਰ ਮਲਵਈ ਵਾਂਗ ਦੁਆਬੀ ਵਿੱਚ ਵੀ ਸ਼ਬਦਾਂ ਵਿੱਚ ਮੱਧਵਰਤੀ ਜਾਂ ਅੰਤਰ /ਰ/ ਨੂੰ ਲੋਪ ਕਰਨ ਦਾ ਰੁਝਾਨ ਹੈ। ਜਿਵੇਂ ਪੋਤਾ, ਦ੍ਹੋਤਾ, ਦਾਤੀ, ਪੁੱਤ, ਸੂਤ ਆਦਿ ਮਾਝੀ ਵਿੱਚ ਪੋਤਰਾ, ਦੋਤ੍ਹਰਾ, ਦਾਤਰੀ, ਪੁੱਤਰ, ਸੂਤਰ ਹਨ।

ਦੁਆਬੀ ਵਿਆਕਰਨ ਬਣਤਰ ਮਲਵਈ ਨਾਲ ਕਾਫ਼ੀ ਮਿਲਦੀ ਹੈ। ਭੂਤਕਾਲੀ ਕਿਰਿਆ ਸੂਚਕ /ਸੀ/ ਨੂੰ ਮਲਵਈ ਵਾਂਗ ਹੀ ਦੁਆਬੀ ਵਿੱਚ ਸੀਗਾ, ਸੀਗੇ, ਸੀਗੀ ਅਤੇ ਸੀਗੀਆਂ ਵਾਂਗ ਵਰਤਿਆ ਜਾਂਦਾ ਹੈ। ਕਰਮਣੀਵਾਚੀ ਅਤੇ ਭਾਵਵਾੀਚੀ ਬਣਤਰਾਂ ਦੁਆਬੀ ਦੀਆਂ ਵੱਖਰੀਆਂ ਹਨ। ਜਿਵੇਂ ਕਿ "ਮੈਥੋਂ ਕੰਮ ਕਰ ਨਹੀਂ ਹੁੰਦਾ, ਫੋਨ ਕੱਟ ਨਹੀਂ ਹੁੰਦਾ, ਜਾਂ ਖਾ ਨਹੀਂ ਹੁੰਦਾ" ਆਦਿ ਪੰਜਾਬੀ ਦੀ ਕਿਸੇ ਉਪਬੋਲੀ ਵਿੱਚ ਨਹੀਂ ਹਨ।

ਉਹ ਗਏ ਓਏ ਆ - ਉਹ ਗਏ ਹੋਏ ਹਨ ਉਹ ਗਏ ਉਈ ਆ- ਉਹ ਗਈ ਹੋਈ ਹੈ। ਸਾਰੀਆਂ ਆਈਆਂ ਆਂ - ਸਾਰੀਆਂ ਆਈਆਂ ਹੋਈਆਂ ਹਨ।

ਦੁਆਬੀ ਨਿਵੇਕਲੀ ਸ਼ਬਦਾਵਲੀ
ਗੱਭੇ (ਦਰਮਿਆਨ), ਘੇ-ਪੇ (ਘਿਉ, ਪਿਉ), ਜਨੇਤ (ਜੰਨ), ਫੇਰੇ (ਅਨੰਦ ਕਾਰਜ), ਬੀਬੀ (ਮਾਂ), ਭਾਜੀ (ਭਰਾ), ਭਾਪਾ, ਭਾਈਆ (ਪਿਤਾ) ਆਦਿ

ਪੁਆਧੀ ਉਪਭਾਸ਼ਾ
ਪੁਆਧ ਦੀ ਜੜ ਸੰਸਕ੍ਰਿਤ ਸ਼ਬਦ "ਪੂਰਵ ਅਰਧ" ਤੋਂ ਸੰਭਵ ਹੈ, ਜਿਸ ਦਾ ਅਰਥ ਹੈ 'ਚੜ੍ਹਦੇ ਵਾਲੇ ਪਾਸੇ ਦਾ ਅੱਧਾ ਹਿੱਸਾ' ਭਾਵ ਕਿ ਪੰਜਾਬ ਦਾ ਅੱਧ। ਪੁਆਧ ਦੇ ਲੋਕਾਂ ਨੂੰ 'ਪੁਆਧੀਏ' ਅਤੇ ਪੁਆਧ ਦੀ ਬੋਲੀ ਨੂੰ ਪੁਆਧੀ ਕਿਹਾ ਜਾਂਦਾ ਹੈ।

ਖੇਤਰ
ਜ਼ਿਲ੍ਹਾ ਰੋਪੜ, ਪਟਿਆਲੇ ਦਾ ਪੂਰਬੀ ਹਿੱਸਾ, ਜ਼ਿਲਾ ਸੰਗਰੂਰ ਦੇ ਮਲੇਰਕੋਟਲਾ ਦਾ ਖੇਤਰ, ਸਤਲੁਜ ਦੇ ਨਾਲ ਲੱਗਦੀ ਜ਼ਿਲ੍ਹਾ ਲੁਧਿਆਣੇ ਦੀ ਗੁੱਠ, ਅੰਬਾਲੇ ਦਾ ਥਾਣਾ ਸਦਰ ਵਾਲਾ ਪਾਸਾ ਅਤੇ ਜ਼ਿਲ੍ਹਾ ਜੀਂਦ ਦੇ ਕੁਝ ਪਿੰਡ।

ਭਾਸ਼ਾਈ ਵਿਸ਼ੇਸ਼ਤਾਵਾਂ
ਪੰਜਾਬੀ ਦੀਆਂ ਬਾਕੀ ਉਪ-ਭਾਸ਼ਾਵਾਂ ਵਾਂਗ ਪੁਆਧੀ ਵਿੱਚ ਵੀ ਸੁਰ ਮੌਜੂਦ ਹੈ। ਪੁਆਧੀ ਦੀ ਨੀਵੀਂ ਸੁਰ ਦੀ ਵਰਤੋਂ ਮਾਝੀ ਦੀ ਤਰਾਂ ਹੈ ਅਤੇ ਉੱਚੀ ਸੁਰ ਦੀ ਵਰਤੋਂ ਮਲਵਈ ਦੀ ਤਰ੍ਹਾਂ ਹੈ। ਪੱਧਰੀ ਜਾਂ ਸਾਂਵੀਂ ਸੁਰ ਤਿੰਨਾਂ ਵਿੱਚ ਇੱਕੋ ਜਿਹੀ ਹੈ। ਪੁਆਧੀ ਵਿੱਚ ਅੰਤਲਾ /ਹ/ ਨਹੀਂ ਉੱਚਾਰਿਆ ਜਾਂਦਾ ਹੈ ਅਤੇ ਨਾਸਕੀ ਵਿਅੰਜਨ /ਙ/ ਅਤੇ /ਞ/ ਦੀ ਵਰਤੋਂ ਵੀ ਨਹੀਂ ਹੁੰਦੀ ਹੈ। ਤਾਲਵੀ ਸੰਘਰਸ਼ੀ ਸ਼ਬਦ /ਸ਼/ ਵੀ ਨਹੀਂ ਹੈ, ਕੇਵਲ ਦੰਤੀ /ਸ/ ਹੈ। /ਵ/ ਤੋਂ /ਬ/ ਅਤੇ /ਮ/ ਵਿੱਚ ਰੂਪਾਂਤਰਨ ਮਲਵਈ ਨਾਲੋਂ ਵੱਧ ਹੈ। ਦੋ ਸਵਰਾਂ ਵਿਚਲਾ /ਵ/ ਅਕਸਰ /ਮ/ ਵਿੱਚ ਬਦਲਦਾ ਹੈ। ਜਿਵੇਂ: ਸਬੇਰਾ (ਸਵੇਰਾ), ਸੰਬਾਰ ਕੇ (ਸੰਵਾਰ ਕੇ), ਕਾਮਾ ਰੌਲੀ, ਕੈਮਾਂ (ਕਿੰਨਵਾਂ), ਜਾਮਾਂਗਾ, ਐਮੇ, ਸਮਗਾ (ਸਗਵਾਂ), ਸਿਰਨਾਮਾ, ਜਮਾਈ, ਅਤੇ ਤੀਮੀ ਆਦਿ। ਪੁਆਧੀ ਵਿੱਚ ਬਾਂਗਰੂ (ਹਰਿਆਣਵੀ) ਦੇ ਅਸਰ ਹੇਠ ਕੁਝ ਸ਼ਬਦਾਂ ਦੇ ਮੁੱਢ ਵਿੱਚ ਹਰਸਵ ਸਵਰਾਂ ਦੀ ਦੀਰਘਤਾ ਮਿਲਦੀ ਹੈ। ਜਿਵੇਂ: ਖੂਣੋਂ (ਖੁਣੋ), ਝੂਲ (ਝੁੱਲ), ਊਸਾਰੁ, ਊਹਾਂ, ਈਹਾਂ (ਓਥੇ, ਇੱਥੇ) ਆਦਿ। ਪੁਆਧੀ ਦੇ ਇੱਕ ਪਾਸੇ ਮਲਵਈ ਅਤੇ ਦੂਜੇ ਪਾਸੇ ਬਾਂਗਰੂ ਹਿੰਦੀ ਹੈ। ਪੁਆਧੀ ਵਿੱਚ ਹਮਾਨੂੰ/ਮ੍ਹਾਨੂੰ ਪੜਨਾਂਵ ਹੈ। ਇਸਤਰਾਂ 'ਬਿੱਚਮਾ' ਪੁਆਧੀ ਦਾ ਸਬੰਧਕ ਹੈ। "ਵਿਚ" ਅਤੇ "ਮਾਂ (ਮੇ)" ਤੋਂ ਬਣਿਆ ਹੈ।

ਹਮ/ਹਮੇਂ (ਅਸੀਂ, ਥਮ/ਥਮੇ (ਤੂੰ, ਤੁਸੀਂ), ਮ੍ਹਾਰੇ/ਥਾਰੇ (ਸਾਡੇ, ਤੁਹਾਡੇ), ਥਾਨੂੰ (ਤੈਨੂੰ), ਇਯੋ (ਇਹ), ਸਾਤੋਂ (ਸਾਥੋਂ) ਆਦਿ ਪੜਨਾਂਵ ਸ਼ਾਮਲ ਹਨ। ਪੁਆਧੀ ਦੇ ਸਬੰਧਕ ਵੀ ਖਾਸ ਹਨ, ਜੋ ਕਿ ਹੋਰ ਪੰਜਾਬੀ ਉਪ-ਭਾਸ਼ਾਵਾਂ ਤੋਂ ਵੱਖਰੇ ਹਨ। ਜਿਵੇਂ ਕਿ: ਗੈਲ (ਨਾਲ), ਲਵੇ (ਨੇੜੇ), ਕੰਨੀਓ (ਪਾਸਿਓ), ਓੜੀ (ਤਰਫ਼)। ਕੁਝ ਕਾਰਕੀ ਸਬੰਧਕ ਵੀ ਵੇਖਣਯੋਗ ਹਨ। ਜਿਵੇਂ ਕਿ: ਕਾਸ ਮਾਂ (ਕਿਸ ਵਿੱਚ), ਕਾਤੇ (ਕਿਸ ਕਰ ਕੇ), ਕਿੱਕਾ (ਕਿਸ ਕਾ), ਜਾਸ ਨੂੰ (ਜਿਸ ਨੂੰ), ਪਰ (ਉੱਤੇ), ਕਿਨੂੰ (ਕਿਸ ਨੂੰ), ਕ੍ਹੀਨੂੰ (ਕਿਨ੍ਹਾਂ ਨੂੰ) ਆਦਿ।

ਕਿਰਿਆ ਵਿਸ਼ੇਸ਼ਣ: ਇਬ (ਹੁਣ), ਇਬਕੇ (ਐਤਕਾਂ), ਇਕਣ, ਈਕਣ, ਓਗਲ (ਉਦੋਂ) ਕੋਗਲ (ਕਦੋਂ), ਜੋਗਲ (ਜਦੋਂ), ਤੋਗਲ (ਤਦੋਂ) ਆਦਿ।
ਭੂਤਕਾਲੀ ਸਹਾਇਕ ਕਿਰਿਆਵਾਂ ਬਿਲਕੁਲ ਵਖਰੇਵੇਂ ਵਾਲੀਆਂ ਹਨ।

ਜਿਵੇਂ: ਗਿਆ ਤੀ, ਗਏ ਤੇ, ਗਿਆ ਤਾ, ਗਈਆਂ ਤੀਆਂ ਆਦਿ। ਕਈ ਪੁਆਧੀ ਇਕਾਕਿਆਂ ਵਿੱਚ ਥੀ, ਥਾ, ਥੀਆਂ, ਅਤੇ ਥੇ ਵੀ ਬੋਲਦੇ ਹਨ। ਜਾਹਾ (ਜਾਂਦਾ ਹੈ), ਖਾਹਾ (ਖਾਂਦਾ ਹੈ), ਦੇਹਾ (ਦਿੰਦਾ ਹੈ)।

ਪੁਆਧੀ ਵਿੱਚ ਭਵਿੱਖਕਾਲ ਲਈ ਦੋ ਪਿਛੇਤਰ /-ਗ/ ਅਤੇ /-ਐਂ/ ਵਰਤੇ ਜਾਂਦੇ ਹਨ। "ਜੈਲਾ ਖੇਤ ਬਾਹੇਗਾ" ਜਾਂ "ਜੈਲਾ ਖੇਤ ਨਾ ਬਾਹੈ" ਆਦਿ।

ਵਾਰਤਾਲਾਪ ਵੰਨਗੀ
ਰੈ ਬੰਤਾ ਤੌਂ ਕਿਥੇ ਜਾਹਾਂ?
ਕਿਤੇ ਬੀ ਨੀ।
ਤੌਂ ਝੂਠ ਕਦ ਤੇ ਬੋਲਣ ਲਗ ਗਿਆ?
ਕਿਉਂ ਇਸ ਮਾਂ ਝੂਠ ਕੀ ਕੇੜ੍ਹੀ ਬਾਤ ਐ।

ਪੁਆਧੀ ਵਿੱਚ ਨਿਵੇਕਲੀ ਸ਼ਬਦਾਵਲੀ
ਗੋਰੂ (ਡੰਗਰ), ਚਤੌਲੀਆਂ (ਨਵਾਂ ਜੰਮਿਆ ਬੱਚਾ), ਸਿੰਘ ਜੀ (ਸਹੁਰਾ), ਗੰਠ/ਗੱਠ (ਗੰਢ), ਛੋਕੜੀ (ਕੁੜੀ), ਮ੍ਹੈਂਸ (ਮੱਝ), ਘਰੜ (ਅਧਰਿੜਕੀ ਲੱਸੀ), ਚਾਸਣੀ (ਕੜਾਹੀ), ਗੈਂ (ਗਾਊ), ਉਗਣ-ਆਥਨ (ਸਵੇਰ-ਸ਼ਾਮ), ਕਚਰਾ (ਖਰਬੂਜ਼ਾ), ਬਾਂਸਣ (ਭਾਂਡਾ), ਭੱਤ (ਚੌਲ), ਬਿਆਈ (ਸੂਈ ਮੱਝ), ਅਤੇ ਥੌੜ (ਸਥਾਨ)
ਹਵਾਲੇ
↑ ਡਾ. ਪ੍ਰੇਮ ਪ੍ਰਕਾਸ਼ ਸਿੰਘ (2015). ਸਿਧਾਂਤਕ ਭਾਸ਼ਾ ਵਿਗਿਆਨ. ਮਦਾਨ ਪਬਲੀਕੇਸ਼ਨਜ਼ ਪਟਿਆਲਾ. pp. 231–232.
↑ Punjabi University, Patiala.

Tuesday, 23 February 2016

ਤੁਰ ਗਏ ਨੇ ਛੱਡਕੇ ਸਾਨੂੰ ਜੋ, ਹੈ ਅਸਾਂ ਵੀ ਓਥੇ ਜਾਣਾ ।
ਹੁਣ ਯਾਦਾਂ ਦੇ ਸਹਾਰੇ ਤੁਰੀਏ, ਮੰਨ ਕੇ ਰੱਬ ਦਾ ਭਾਣਾ।

ਚੱਲਦਾ ਵਸ ਜੇ ਅਸਾਡਾ, ਤੈਨੂੰ ਜਾਣ ਮੂਲ੍ਹ ਨਾ ਅਸੀਂ ਦਿੰਦੇ ,
ਅਸੀਂ ਕਤਰਾ ਓਸ ਸਮੁੰਦਰ ਦਾ, ਅੰਤ ਓਸੇ ਵਿਚ ਜਾ ਸਮਾਣਾ।

ਮਰਨ ਕਬੂਲ ਕਰੇ ਜੋ ਬੰਦਾ, ਓਹੋ ਮੌਤੋਂ ਬਾਅਦ ਵੀ ਜਿਓੰਦਾ ,
ਏਸੇ ਰਾਹੇ ਸਭਨੇ ਤੁਰ ਜਾਣਾ, ਪਰ ਮਨ ਮੰਨਦਾ ਹੀ ਨਹੀਂ ਨਿਮਾਣਾ ।

ਚੱਲ ਪਹੁੰਚ ਤੂੰ ਓਹਨੀ ਵਤਨੀ, ਜਿਥੋਂ ਵਾਪਸ ਕੋਈ ਨਹੀਓਂ ਮੁੜਦਾ,
ਅਸੀਂ ਵੀ ਤੇਰੀ ਪੈੜ੍ਹ ਨੱਪਕੇ, ਤੇਰੇ ਪਿੱਛੇ ਪਿੱਛੇ ਓਥੇ ਹੀ ਆ ਜਾਣਾ ।

ਸਾਹਾਂ ਦੀ ਪੂੰਜੀ ਮੁੱਕ ਗਈ, ਛੱਡ ਤੇਰੀਆਂ ਯਾਦਾਂ ਦੀ ਤਜੋਰੀ,
ਮੰਜਲ ਸਾਡੀ ਸਭਦੀ ਏਹੋ, ਤੇ ਏਹਿਓ ਏ ਸਭਦਾ ਅੰਤ ਟਿਕਾਣਾ ।

ਰੂਹ ਮੇਰੀ ਗਮਜਦਾ ਹੈ ਬੜਾ ਦੁਖ ਹੈ ਦਿਲ ਨੂੰ ਤੇਰੇ ਤੁਰ ਜਾਣਦਾ,
ਰੱਬ ਦੀ ਰਜ਼ਾ ਵਿਚ ਹਾਂ ਰਾਜ਼ੀ, ਹੈ ਵਕ਼ਤ ਆਖਰੀ ਫਤਿਹ ਬੁਲਾਣਦਾ ।
- ਸੁਰਜੀਤ ਸਿੰਘ ਘੋਲੀਆ

Thursday, 21 January 2016

ਕੂਕਦਾ ਪੰਜਾਬ

ਮੇਰੇ ਹੀ ਲੇਖਾਂ ਦੇ ਵਿੱਚ ਕਿਉਂ ਡੁੱਬਣਾ ਲਿਖਿਆ ਏ।
ਕਿਉਂ ਫਿਕਰਾਂ ਦੀ ਭੱਠੀ ਮੇਰਾ ਧੁਖਣਾ ਲਿਖਿਆ ਏ।

ਪਹਿਲਾਂ ਤਿੱਖੀ ਆਰੀ ਦੇ ਨਾਲ ਪਰ ਕੁਤਰੇ ਮੇਰੇ,
ਫਿਰ ਵੀ ਦਿੱਲੀਏ ਠੰਡ ਕਾਲਜੇ ਕਿਉਂ ਨਾਂ ਪਈ ਤੇਰੇ,
ਮੈਂ ਵੱਢ ਟੁੱਕ ਕਰਵਾ ਕੇ ਮੁੜ ਮੁੜ ਉੱਗਣਾ ਸਿੱਖਿਆ ਏ।

ਫਿਰ ਪੁੱਤ ਮੇਰੇ ਖਤਮ ਕਰੇ ਵੱਖਵਾਦੀ ਕਹਿ ਕਹਿਕੇ,
ਨਾਲ ਗੋਲੀਆਂ ਭੁੰਨੇ ਬੜੇ ਬਹਾਨੇ ਲੈ ਲੈਕੇ,
ਮੇਰੇ ਘਰੀਂ ਚਿਰਾਗਾਂ ਦਾ ਕਿਉਂ ਬੁਝਣਾ ਲਿਖਿਆ ਏ।

ਕਿਉਂ ਇਥੋਂ ਦੇ ਜਾਇਆਂ ਨੂੰ ਨਸ਼ਿਆਂ ਵਿੱਚ ਰੋੜਿਆ ਗਿਆ,
ਗੁਰੂਆਂ ਦੀ ਇਹ ਧਰਤੀ ਨਾਲੋਂ ਨਾਤਾ ਤੋੜਿਆ ਗਿਆ,
ਮੇਰੀ ਗੈਰਤਮੰਦੀ ਦਾ ਕਿਉਂ ਚੁਭਣਾ ਲਿਖਿਆ ਏ।

ਅੱਜ ਮੇਰੇ ਪੁੱਤ ਛੱਡ ਮੈਨੂੰ ਪ੍ਰਦੇਸੀਂ ਭੱਜਦੇ ਨੇ,
ਮੌਤ ਸਮੁੰਦਰ ਤਰਕੇ ਉਹ ਅਜਾਦੀ ਲੱਭਦੇ ਨੇ,
ਮਰਨਾ ਹੀ ਮਨਜੂਰ, ਉਹਨਾਂ ਨਹੀ ਝੁੱਕਣਾ ਸਿੱਖਿਆ ਏ।

ਹਾੜਾ ਇੱਕ ਅਰਜ਼ੋਈ ਹੈ ਮੇਰੇ ਆਪਣੇ ਜਾਇਓ ਵੇ,
ਹੋਂਦ ਮੇਰੀ ਦਾ ਹਰ ਪਲ ਤੁਸੀ ਅਹਿਸਾਸ ਜਗਾਇਓ ਵੇ
ਵਧਣਾ ਫੁੱਲਣਾ ਹਰ ਥਾਂ ਤੁਹਾਡਾ ਦੁੱਗਣਾ ਲਿਖਿਆ ਏ।

ਪਰ ਮੇਰੇ ਹੀ ਲੇਖਾਂ ਦੇ ਵਿੱਚ ਕਿਉਂ ਡੁੱਬਣਾ ਲਿਖਿਆ ਏ।
ਕਿਉਂ ਫਿਕਰਾਂ ਦੀ ਭੱਠੀ ਮੇਰਾ ਧੁਖਣਾ ਲਿਖਿਆ ਏ।
ਬਘੇਲ ਸਿੰਘ ਧਾਲੀਵਾਲ
ਪਿੰਡ ਤੇ ਡਾਕਘਰ ਝਲੂਰ,
ਜਿਲ੍ਹਾ ਬਰਨਾਲਾ (ਪੰਜਾਬ)
ਮੋ: 99142-58142

Friday, 1 January 2016

ਕਹਾਵਤਾਂ ਦੀਆਂ ਕਹਾਣੀਆਂ

ਇਕ ਅਨਾਰ ਸੌ ਬਿਮਾਰ

ਅਰਥ : ਚੀਜ਼ ਇਕ ਹੋਵੇ ਤੇ ਉਹਦੀ ਲੋੜ ਵਧੇਰੇ ਲੋਕਾਂ ਨੂੰ ਹੋਵੇ |
• ਕਿਸੇ ਪਿੰਡ 'ਚ ਇਕ ਬਹੁਤ ਪ੍ਰਸਿੱਧ ਹਕੀਮ ਸਾਹਿਬ ਰਹਿੰਦੇ ਸਨ | ਪਿੰਡ ਤੇ ਆਲੇ-ਦੁਆਲੇ ਦੇ ਲੋਕ ਉਨ੍ਹਾਂ ਤੋਂ ਇਲਾਜ ਕਰਾਉਂਦੇ ਸਨ | ਇਕ ਵਾਰ ਪਿੰਡ 'ਚ ਅਜਿਹੀ ਬਿਮਾਰੀ ਫੈਲੀ ਕਿ ਉਹਦੇ ਇਲਾਜ ਲਈ ਅਨਾਰ ਦੇ ਦਾਣੇ ਬਹੁਤ ਜ਼ਰੂਰੀ ਸਨ |
ਉਨ੍ਹਾਂ ਦਿਨਾਂ ਵਿਚ ਅਨਾਰ ਦਾ ਮੌਸਮ ਨਹੀਂ ਸੀ | ਹਕੀਮ ਸਾਹਿਬ ਨੂੰ ਬੜੀ ਔਖਿਆਈ ਨਾਲ ਕਿਧਰੋਂ ਇਕ ਅਨਾਰ ਮਿਲ ਗਿਆ | ਉਸ ਨਾਲ ਉਨ੍ਹਾਂ ਕੁਝ ਰੋਗੀਆਂ ਲਈ ਦਵਾਈ ਬਣਾ ਲਈ, ਪਰ ਬਿਮਾਰੀ ਫੈਲਦੀ ਗਈ ਹਰ ਇਕ ਅਨਾਰ ਦੇ ਦਾਣਿਆਂ ਵਾਲੀ ਦਵਾਈ ਮੰਗਦਾ | ਹਕੀਮ ਸਾਹਿਬ ਤੰਗ ਆ ਕੇ ਬੋਲੇ, 'ਭਈ, ਮੈਂ ਕੀ ਕਰ ਸਕਦਾ ਹਾਂ? ਇਕ ਅਨਾਰ ਏ ਤੇ ਸੌ ਬਿਮਾਰ ਨੇ, ਮੈਂ ਕੀਹਨੂੰ-ਕੀਹਨੂੰ ਦਿਆਂ?'
ਇਹ ਕਹਾਵਤ ਤਦੋਂ ਹੀ ਆਖੀ ਜਾਂਦੀ ਏ, ਜਦੋਂ ਵਸਤੂ ਥੋੜ੍ਹੀ ਹੋਵੇ ਤੇ ਮੰਗਣ ਵਾਲੇ ਬਹੁਤੇ ਹੋਣ |

ਜਿਹੜੇ ਗਰਜਦੇ ਨੇ ਉਹ ਵਰ੍ਹਦੇ ਨਹੀਂ
ਅਰਥ : ਇਹ ਕਹਾਵਤ ਉਸ ਬੰਦੇ ਬਾਰੇ ਕਹੀ ਜਾਂਦੀ ਏ, ਜਿਹੜਾ ਸ਼ੇਖੀ ਵਧੇਰੇ ਮਾਰੇ, ਵੱਧ ਤੋਂ ਵੱਧ ਗੱਲਾਂ ਕਰੇ, ਪਰ ਕੁਝ ਕਰ ਨਾ ਸਕੇ |
• ਇਕ ਵਾਰੀ ਦੋ ਅਜਨਬੀ ਯਾਤਰੀ ਜੰਗਲ 'ਚ ਜਾ ਰਹੇ ਸਨ | ਇੰਨੇ 'ਚ ਬੱਦਲ ਘਿਰ ਕੇ ਆਏ ਤੇ ਥੋੜ੍ਹੀ ਦੇਰ 'ਚ ਜ਼ੋਰ-ਸ਼ੋਰ ਨਾਲ ਗੱਜਣ ਲੱਗੇ | ਇਕ ਯਾਤਰੀ ਨੇ ਕਿਹਾ, 'ਆ, ਅਸੀਂ ਥੋੜ੍ਹੀ ਦੇਰ ਲਈ ਕਿਸੇ ਸੰਘਣੇ ਰੁੱਖ ਹੇਠਾਂ ਬਹਿ ਜਾਈਏ | ਵਰਖਾ ਰੁਕ ਜਾਵੇਗੀ ਤਾਂ ਅਸੀਂ ਆਪਣੀ ਯਾਤਰਾ ਫਿਰ ਸ਼ੁਰੂ ਕਰ ਦਿਆਂਗੇ |' ਦੂਜੇ ਯਾਤਰੀ ਨੇ ਕਿਹਾ, 'ਨਹੀਂ, ਬਸ ਚਲਦੇ ਰਵ੍ਹੋ | ਵਰਖਾ ਨਹੀਂ ਹੋਵੇਗੀ ਕਿਉਂ ਜੋ ਬੱਦਲ ਵਧੇਰੇ ਗਰਜਦੇ ਨੇ, ਉਹ ਵਸਦੇ ਨਹੀਂ |' ਦੋਵਾਂ ਨੇ ਆਪਣੀ ਯਾਤਰਾ ਜਾਰੀ ਰੱਖੀ | ਥੋੜ੍ਹੀ ਦੇਰ ਮਗਰੋਂ ਜਦੋਂ ਉਹ ਪਿੰਡ ਦੇ ਨੇੜੇ ਪੁੱਜਣ ਵਾਲੇ ਸਨ ਕਿ ਬੱਦਲਾਂ ਦੀ ਗਰਜ ਮੁੱਕ ਗਈ ਤੇ ਕਾਲੇ-ਕਾਲੇ ਬੱਦਲ ਘਿਰ ਕੇ ਆ ਗਏ | ਹੌਲੀ-ਹੌਲੀ ਵਰਖਾ ਸ਼ੁਰੂ ਹੋ ਗਈ | ਇੰਨੇ 'ਚ ਉਹ ਚੌਪਾਲ 'ਚ ਪੁੱਜ ਗਏ | ਪਹਿਲੇ ਯਾਤਰੀ ਨੇ ਹੱਸ ਕੇ ਕਿਹਾ, 'ਸੱਚਮੁੱਚ ਤੂੰ ਠੀਕ ਕਿਹਾ ਸੀ ਕਿ ਜਿਹੜੇ ਗੱਜਦੇ ਨੇ ਉਹ ਵਸਦੇ ਨਹੀਂ |'
ਉਸ ਸਮੇਂ ਤੋਂ ਇਹ ਕਹਾਵਤ ਡੀਂਗ ਮਾਰਨ ਵਾਲਿਆਂ ਲਈ ਕਹੀ ਜਾਂਦੀ ਹੈ |

ਘਰ ਦਾ ਭੇਤੀ ਲੰਕਾ ਢਾਏ
ਅਰਥ : ਜਿਹੜਾ ਬੰਦਾ ਤੁਹਾਡੇ ਭੇਦ ਜਾਣਦਾ ਹੈ, ਉਹ ਭੇਦ ਹੋਰ ਲੋਕਾਂ ਨੂੰ ਦੱਸ ਕੇ ਤੁਹਾਨੂੰ ਨੁਕਸਾਨ ਪਹੁੰਚਾ ਸਕਦਾ ਹੈ |
• ਰਾਮਾਇਣ ਦੀ ਇਹ ਕਹਾਣੀ ਪ੍ਰਸਿੱਧ ਹੈ ਕਿ ਜਦੋਂ ਰਾਵਣ ਸੀਤਾ ਨੂੰ ਚੁੱਕ ਕੇ ਲੈ ਗਿਆ ਤੇ ਉਹਨੂੰ ਲੰਕਾ ਦੇ ਕਿਲ੍ਹੇ 'ਚ ਕੈਦ ਕਰ ਦਿੱਤਾ ਤਾਂ ਰਾਜਾ ਰਾਮ ਚੰਦਰ ਨੇ ਲੰਕਾ 'ਤੇ ਹਮਲਾ ਕੀਤਾ | ਲੰਕਾ ਦਾ ਕਿਲ੍ਹਾ ਬੜਾ ਮਜ਼ਬੂਤ ਸੀ | ਬਹੁਤ ਯਤਨ ਕਰਨ ਦੇ ਬਾਵਜੂਦ ਵੀ ਰਾਮ ਚੰਦਰ ਉਸ 'ਤੇ ਅਧਿਕਾਰ ਕਰਨ 'ਚ ਸਫ਼ਲ ਨਾ ਹੋ ਸਕਿਆ | ਉਹਦੀ ਸਮਝ 'ਚ ਨਹੀਂ ਸੀ ਆਉਂਦਾ ਕਿ ਮੈਂ ਕਿਵੇਂ ਕਿਲ੍ਹੇ ਦੇ ਅੰਦਰ ਪ੍ਰਵੇਸ਼ ਕਰਾਂ | ਅੰਤ 'ਚ ਰਾਵਣ ਦਾ ਇਕ ਭਰਾ ਹੀ ਰਾਮ ਚੰਦਰ ਦੇ ਕੰਮ ਆਇਆ | ਕਿਉਂ ਜੋ ਉਹਦੀ ਰਾਵਣ ਨਾਲ ਅਣ-ਬਣ ਸੀ | ਉਸ ਨੇ ਰਾਜਾ ਰਾਮ ਚੰਦਰ ਨੂੰ ਦੱਸ ਦਿੱਤਾ ਕਿ ਕਿਲ੍ਹੇ ਦੀ ਕੰਧ ਕਿਸੇ ਪਾਸਿਉਂ ਨੀਵੀਂ ਤੇ ਕਮਜ਼ੋਰ ਹੈ | ਰਾਤ ਨੂੰ ਰਾਜਾ ਰਾਮ ਚੰਦਰ ਨੇ ਕਮਜ਼ੋਰ ਕੰਧ 'ਤੇ ਹਮਲਾ ਕੀਤਾ ਤੇ ਉਨ੍ਹਾਂ ਦੀ ਸੈਨਾ ਨੇ ਕਿਲ੍ਹੇ ਅੰਦਰ ਦਾਖਲਾ ਲੈ ਲਿਆ | ਇਸ ਪ੍ਰਕਾਰ ਲੰਕਾ ਉਤੇ ਜਿੱਤ ਪ੍ਰਾਪਤ ਹੋਈ |
ਉਸ ਸਮੇਂ ਤੋਂ ਇਹ ਕਹਾਵਤ ਪ੍ਰਸਿੱਧ ਹੋ ਗਈ 'ਘਰ ਦਾ ਭੇਤੀ ਲੰਕਾ ਢਾਏ' ਜੇਕਰ ਰਾਵਣ ਦਾ ਭਰਾ ਕਿਲ੍ਹੇ ਦੀ ਕਮਜ਼ੋਰੀ ਨਾ ਦੱਸਦਾ ਤਾਂ ਕਿਲ੍ਹੇ ਨੂੰ ਜਿੱਤ ਪਾਉਣਾ ਅਤਿ ਮੁਸ਼ਕਿਲ ਸੀ |
- ਸੁਰਜੀਤ 
-ਸੀ-35, ਸੁਦਰਸ਼ਨ ਪਾਰਕ, ਨਵੀਂ ਦਿੱਲੀ-110015.
ਮੋਬਾਈਲ : 093121-24829

60 ਸਾਲ ਪਹਿਲਾਂ :- ਪਹਿਲਾਂ ਬਾਜੀ ਕੌਣ ਦੇਊ ,ਇਸ ਲਈ ਪੁੱਗਣ ਵਾਸਤੇ ਇਹ ਰਵਾਨਗੀ ਭਰਿਆ ਗੀਤ ਹਰ ਖੇਡਣ ਵਾਲੇ ਬੱਚੇ ਦੇ ਹੱਥ ਲਾਕੇ ਗਾਇਆ ਜਾਂਦਾ ਸੀ ,ਤੇ ਜਿਸ ਤੇ ਇਹ ਗੀਤ ਖਤਮ ਹੁੰਦਾ ਓਹ ਪੁੱਗ ਗਿਆ ਮੰਨਿਆ ਜਾਂਦਾ ਸੀ ...

ਅੱਕੜ ਬੱਕੜ .ਭੱਭਾ ਭੌ
ਅੱਸੀ ਨੱਬੇ ਪੂਰਾ ਸੌ 
ਸੌ ਗਲੋਟਾ ,ਤਿੱਤਰ ਮੋਟਾ 
ਚੱਲ ਮਦਾਰੀ ,ਪੈਸਾ ਖੋਟਾ 
ਖੋਟੇ ਦੀ ਖਟਾਈ ਆਈ
ਚਾਮਚੜਿਕ ਛਡਾਉਣ ਆਈ
ਚਾਮਚੜਿਕ ਦੇ ਵੱਜਿਆ ਡੰਡਾ

ਨਿੱਕਲ ਵੇ ਤੂੰ ਰਾਮ ਚੰਦਾ ..ਲਓ ਜੀ ਰਾਮ ਚੰਦ ਪੁੱਗ ਗਿਆ ,,,,,,,,,,,,,,,,ਅੱਜਕਲ੍ਹ ਗੀਤ ਬਣ ਗਏ ਇਸਤੇ ,,, ਅੱਕੜ ਬੱਕੜ ...ਰਾਤ ਕੇ ਵੱਜ ਗਏ ਪਾਉਣੇ ਦੋ ,ਹੋਣਾ ਹੈ ਜੋ ਹੋਣੇ ਦੋ ,,,