Tuesday, 30 October 2012


ਬੱਸ, ਐਵੇਂ ਈ ਰੌਲਾ ..- ਗੁਰਦਾਸ ਮਿਨਹਾਸ

‘ਸੰਤ’ ਵੀ ਹੁੰਦੇ ਹਨ ਇਨਸਾਨ,
ਉਨ੍ਹਾਂ ਦੇ ਜੀਅ ਵਿੱਚ ਵੀ ਹੈ ਜਾਨ ;
ਰੂਹ ‘ਬਾਬਿਆਂ’ ਦੀ, ਰਹਿੰਦੀ ਪਾਕ,
ਜਿਸਮ ਦਾ ਕੀ ਹੈ, ਇਹ ਤਾਂ ਖ਼ਾਕ;
ਕੀ ਹੋਇਆ, ਜੇ ਜਿਸਮ ਕਿਸੇ ਦਾ,
ਹੋਰ ਕਿਸੇ ਨਾਲ ਖਹਿ ਗਿਆ ;
ਬੱਸ, ਐਵੇਂ ਈ ਰੌਲ਼ਾ ਪੈ ਗਿਆ!

ਮਨ ‘ਬਾਬਿਆਂ’ ਦਾ, ਹੋਵੇ ਮੰਦਰ,
ਭਗਤ ਨੇ ਆਉਂਦੇ ਜਾਂਦੇ ਅੰਦਰ ;
ਸਾਰੀ ਖ਼ਲਕਤ ਹੈ ਉਸ ਰੱਬ ਦੀ,
ਬਾਬੇ ਮੰਗਦੇ ਖ਼ੈਰ ਨੇ ਸਭ ਦੀ ;
ਉਸਦੀ ਝੋਲੀ ਭਰ ਦਿੰਦੇ ਹਨ ,
ਜਿਹੜਾ ਚਰਨੀਂ ਢਹਿ ਪਿਆ ;
ਫ਼ਿਰ, ਕਾਹਤੋਂ ਰੌਲ਼ਾ ਪੈ ਗਿਆ!

ਧੂਰੀ, ਬਠਿੰਡਾ, ਚਾਹੇ ਸ਼ਿਕਾਗੋ ,
‘ਸੰਤ’ ਪੁਕਾਰਨ,“ ਉਏ ਨਿਭਾਗੋ ,
ਉਠੋ ਗਾਫ਼ਲੋ , ਨੀਂਦ ਤੋਂ ਜਾਗੋ ;
ਕਾਮ, ਲੋਭ, ਹੰਕਾਰ, ਤਿਆਗੋ”;
ਬੇਵੱਸ ਹੋ, ਜੇ ਖ਼ੁਦ ਦਾ ਇੰਜਣ ,
ਤਿਲ੍ਹਕ ਪਟੜੀਉਂ ਲਹਿ ਗਿਆ;
ਕਿਉਂ, ਐਵੇਂ ਈ ਰੌਲ਼ਾ ਪੈ ਗਿਆ!

ਜੇਕਰ, ‘ਬਾਬਾ’-ਬੀਬੀ, ਰਾਜ਼ੀ ,
ਕਿਉਂ ਔਖੇ ਹਨ ਨਕਲੀ ਕਾਜ਼ੀ’ ;
ਪਰਚੇ ਲੱਭਣ ਖਬਰ ਕੋਈ ਤਾਜ਼ੀ ,
ਕਹਿੰਦੇ ਬਾਬਾ ਮਾਰ ਗਿਆ ਬਾਜ਼ੀ ;
ਉਹ ਵੀ ਜੇਕਰ ਰਹਿ ਗਿਆ ਮੋਟਲ,
ਤਾਂ, ਕੀ ਕਿਸੇ ਦਾ ਲੈ ਗਿਆ ;
ਫ਼ਿਰ, ਕਿਉਂ ਇਹ ਰੌਲ਼ਾ ਪੈ ਗਿਆ?

ਬੱਸ, ਐਵੇਂ ਈ ਰੌਲ਼ਾ ਪੈ ਗਿਆ!
-----
ਮੈਂ ਕੌਣ ...- ਗੁਰਦਾਸ ਮਿਨਹਾਸ

ਜਦੋਂ ਦਾ ਤੇਰਾ, ਸੱਜਣਾ, ਦੀਦਾਰ ਹੋ ਗਿਆ,
ਮੈਂ ਚੰਗਾ ਭਲਾ ਹੁੰਦਾ ਸੀ, ਬੀਮਾਰ ਹੋ ਗਿਆਂ;

ਜੰਮਿਆ ਸੀ ਮੈਂ ਵੀ ਮਿਰਜ਼ਾ, ਜੁੱਸੇ ‘ਚ ਜੋਸ਼ ਸੀ,
ਪਰ, ਮਜਨੂੰ ਬਣਕੇ ਰਹਿ ਗਿਆ, ਲਾਚਾਰ ਹੋ ਗਿਆਂ;

ਸਭ ਤੀਰ ਚੋਰੀ ਹੋ ਗਏ, ਸਾਹਿਬਾਂ ਵੀ ਰੁੱਸ ਗਈ,
ਮੈਂ ਵੀ ਫਿ਼ਰ ਖਹਿੜਾ ਛੱਡ’ਤਾ, ਹੁਸਿ਼ਆਰ ਹੋ ਗਿਆਂ;

ਹੈ ਬਹੁਤ ਕੁਛ ਮੈਂ ਪੜ੍ਹ ਲਿਆ, ਤੇ ਗਿਆਨ ‘ਕੱਠਾ ਕਰ ਲਿਆ,
ਕੁਝ ਸੱਚ ਦਾ, ਕੁਝ ਝੂਠ ਦਾ, ਪਰਚਾਰ ਹੋ ਗਿਆਂ;

ਨੇਤਾ ਹਾਂ ਜਦ ਦਾ ਬਣ ਗਿਆ, ਹੈ ਸੀਨਾ ਮੇਰਾ ਤਣ ਗਿਆ,
ਖੋਤੇ ਤੇ ਚੜ੍ਹਕੇ ਲੱਗਦੈ, ਸ਼ਾਹ’ਸਵਾਰ ਹੋ ਗਿਆਂ;

ਕੁਨਬਾ-ਪ੍ਰਸਤੀ ਦੇ ਲਈ, ਕੁਝ ਆਪਣੀ ਮਸਤੀ ਦੇ ਲਈ,
ਜਨਤਾ ਨੂੰ ਲੁੱਟਣਾ ਪੈ ਰਿਹੈ, ਅਦਾਕਾਰ ਹੋ ਗਿਆਂ;

ਮੈਂ ਹੱਥ ਵਿੱਚ ਰਖਦਾ ਮਾਲਾ ਹਾਂ, ਪਰ ਸਾਧ ਬੰਦੂਕਾਂ ਵਾਲ਼ਾ ਹਾਂ,
ਮੈਂਨੂੰ ਲੀਡਰ ਮੱਥਾ ਟੇਕਦੇ ਨੇ, ਸਰਕਾਰ ਹੋ ਗਿਆਂ;

ਵਪਾਰੀ ਹਾਂ ਤੇਲ ਬਰੂਦ ਦਾ, ‘ਤੇ ਸ਼ੌਕੀਨ ਬੜਾ ਖ਼ਰੂਦ ਦਾ,
ਮੱਲੋ-ਮੱਲੀ ਕਾਇਨਾਤ ਦਾ, ਸਰਦਾਰ ਹੋ ਗਿਆਂ;

ਲੱਖਾਂ ਮਾਸੂਮ ਮਰ ਗਏ, ‘ਤੇ ਕਰੋੜਾਂ ਹੋ ਬੇ-ਘਰ ਗਏ,
ਹਰ ਕਤਲਗਾਹ ਦਾ ਜਦੋਂ ਤੋਂ, ਪਹਿਰੇਦਾਰ ਹੋ ਗਿਆਂ;

ਮੈਂ ਸਮਝਿਆ ਸੀ ਜਿਸ ਨੂੰ ਅੰਬ, ਚੱਖਿਆ ਤਾਂ ਉਹ ਸੀ ਇੱਕ ਬੰਬ,
ਮੂੰਹ ਵਿੱਚ ਪਾਉਂਦਿਆਂ ਹੀ ਫ਼ਟ ਗਿਆ, ਧੂੰਆਂਧਾਰ ਹੋ ਗਿਆਂ;

ਮੈਂਨੂੰ ਪਿਆਰਾ ਬਹੁਤ ਸ਼ਰੀਰ ਹੈ, ਮਰੀ ਅੰਦਰ ਮਗ਼ਰ ਜ਼ਮੀਰ ਹੈ,
ਅੰਗ ਅੰਗ ਦੇ ਵਿੱਚ ਬਦਬੂਅ ਹੈ, ਮੁਰਦਾਰ ਹੋ ਗਿਆਂ;

ਨਾਂ ਤਾਂ, ਮੇਰਾ ਗੁਰਦਾਸ ਹੈ, ਸੋਚਾਂ ਤਾਂ ਮਤਲਬ ਖ਼ਾਸ ਹੈ,
ਪਰ, ਘੋਖੀ ਹਰ ਕਰਤੂਤ ਜਦ, ਸ਼ਰਮਸਾਰ ਹੋ ਗਿਆਂ;

ਦਿਲ ਤਾਂ ਕਰਦਾ ਹੈ ਹੱਸਣ ਨੂੰ, ‘ਤੇ ਦਿਲ ਦੀਆਂ ਖੁੱਲ੍ਹਕੇ ਦੱਸਣ ਨੂੰ,
ਪਰ ਦੇਖ ਮਾਸੂਮਾਂ ਨੂੰ ਸੜਦੇ, ਬੇਜ਼ਾਰ ਹੋ ਗਿਆਂ;

ਮੈਂ ਚੰਗਾ ਭਲਾ ਹੁੰਦਾ ਸੀ, ਬੀਮਾਰ ਹੋ ਗਿਆਂ।


ਤੂੰ ਕੀ ਜਾਣੇਂ ਸ਼ਹਿਰਨੇਂ - ਪੀ. ਐਸ. ਗਿੱਲ ਐਡਵੋਕੇਟ 

ਤੂੰ ਕੀ ਜਾਣੇਂ ਸੁਆਦ ਸ਼ਹਿਰਨੇਂ
ਲੱਸੀ ਦੀ ਘੁੱਟੋ ਵੱਟੀ ਦਾ
ਭਾਗ ਤੇਰੇ ਵਿਚ ਲਿਖਣੋ ਰਹਿ ਗਿਆ
ਗੁੜ ਬੋਬੋ ਦੀ ਮੱਟੀ ਦਾ।
ਮਾਰ ਕਿਤੇ ਪਿੰਡਾਂ ਵੱਲ ਗੇੜਾ
ਤੈਨੂੰ ਆਪਣਾ ਪਿੰਡ ਦਿਖਾਈਏ
ਚਾਟੀ ਦੀ ਲੱਸੀ ਦਾ ਖੱਟਾ
ਤੈਨੂੰ ਸ਼ੱਕਰ ਘਿਓ ਖਿਲਾਈਏ।
ਪੀ ਸੱਤੂਆਂ ਦੇ ਬਾਟੇ ਕੁੜੀਏ
ਛੱਡ ਅੰਗਰੇਜ਼ੀ ਪਾਣੀ ਧਾਣੀ
ਤਾਜ਼ੀ ਸੂਈ ਮੱਝ ਦੀ ਬੌਹਲੀ
ਸਾਡੇ ਪਿੰਡ ਨੂੰ ਘੱਟ ਨਾ ਜਾਣੀਂ।
ਦੇਸੀ ਘਿਓ ਦੀ ਚੂਰੀ ਖਾ ਲੈ
ਘੁੱਦੂ ਬੰਨ੍ਹ ਲੈ ਪੱਲੇ
ਅੰਬ ਦਾ ਛਿੱਛਾ ਪੀ ਕੇ ਦੇਖ ਲੈ
ਹੋਜੂ ਬੱਲੇ ਬੱਲੇ।
ਭੱਤਾ ਲੈ ਜਦ ਨਿਕਲੇ ਪਿੰਡ ਤੋਂ
ਫੋਟੋ ਖਿੱਚ ਲਈਂ ਜੱਟੀ ਦਾ
ਭਾਗ ਤੇਰੇ ਵਿਚ ਲਿਖਣੋਂ ਰਹਿ ਗਿਆ
ਗੁੜ ਬੋਬੋ ਦੀ ਮੱਟੀ ਦਾ।
ਖੁੱਲ੍ਹਾ ਸਾਗ ਮੱਕੀ ਦੀ ਰੋਟੀ
ਵਿਚ ਖੁੱਲ੍ਹਾ ਮੱਖਣ ਪਾਈਏ
ਮਿੱਸੀ ਰੋਟੀ ਮਿੱਠੀ ਲੱਸੀ
ਜਦ ਘੁੱਟੋ ਵੱਟੀ ਖਾਈਏ।
ਘਰ ਦੀਆਂ ਸੇਵੀਆਂ ਥਾਲ ਕਹੇਂ ਦਾ
ਉਤੇ ਬੰਨ੍ਹ ਤਤੀਰੀ ਘਿਓ ਦੀ ਪਾਈਏ
ਅਸੀਂ ਖੜ੍ਹੀਆਂ ਮੱਝਾਂ ਨੂੰ ਚੁੰਘ ਜਾਈਏ
ਤੜਕੇ ਉਠ ਕੇ ਪਿੰਨੀਆਂ ਖਾਈਏ।
ਕੀ ਅੱਧ-ਰਿੜਕੇ ਕੀ ਕਾੜ੍ਹਨੇਂ
ਸਾਨੂੰ ਉਹ ਦਿਨ ਅਜੇ ਨੀਂ ਭੁੱਲੇ
ਦੁੱਧ ਰਿੜਕਦੀ ਮਾਂ ਦੇ ਮੂਹਰੇ
ਜਾ ਬਹਿਣਾ ਜਦ ਭੁੰਜੇ।
ਮਾਂ ਦੀ ਤਲੀ ਤੋਂ ਮੱਖਣ ਚੱਟਣਾ
ਜ਼ਿੱਦ ਕਰਕੇ ਗੋਦੀ ਚੜ੍ਹ ਜਾਣਾ
ਚਲਦੇ ਨੇਤੇ ਨੂੰ ਹੱਥ ਪਾਉਣਾ
ਨਾ ਕਰਨਾ ਨਾ ਕਰਨ ਦੇਣਾ।
ਫੜਦਿਆਂ-ਫੜਦਿਆਂ ਲੰਘ ਗਿਆ ਅੜੀਏ
ਜੁੱਗ ਉਹ ਬਸਤਾ ਫੱਟੀ ਦਾ
ਭਾਗ ਤੇਰੇ ਵਿਚ ਲਿਖਣੋਂ ਰਹਿ ਗਿਆ
ਗੁੜ ਬੋਬੋ ਦੀ ਮੱਟੀ ਦਾ।
ਕਲਮ : ਪੀ. ਐਸ. ਗਿੱਲ ਐਡਵੋਕੇਟ

ਤੂੰ ਕੀ ਜਾਣੇਂ ਸ਼ਹਿਰਨੇਂ...ਜਵਾਬ


ਨਹੀਂ ਪੁੱਗਦਾ ਬਈ ਪਿੰਡ ਦਿਆ ਸੱਜਣਾਂ
ਸਾਨੂੰ ਤੇਰੇ ਪਿੰਡ ਦਾ ਗੇੜਾ
ਤੂੰ ਚੰਗਾ ਤੇਰਾ ਸਭ ਕੁਝ ਚੰਗਾ
ਪਰ ਪਿੰਡ ਨਹੀਂ ਚੰਗਾ ਤੇਰਾ।
ਪਿੰਡ ਤੇਰਾ ਹੈ ਘਰ ਨਸ਼ਿਆਂ ਦਾ
ਇਥੇ ਵਸਣ ਨਸ਼ੇੜੀ ਬੰਦੇ
ਲੂਣ ਤੇਲ ਦੀਆਂ ਹੱਟੀਆਂ ਵਿਚ ਵੀ
ਹੋਣ ਨਸ਼ੇ ਦੇ ਧੰਦੇ।
ਰਾਹਾਂ ਵਿਚ ਨਿੱਤ ਲੁੱਟਾਂ-ਖੋਹਾਂ
ਕਰਦੇ ਇਹ ਵਣਜਾਰੇ
ਕਿਹੜਾ ਨਸ਼ਾ ਜੋ ਇਹ ਨਹੀਂ ਕਰਦੇ
ਮਰਦੇ ਅੱਧੀ ਉਮਰੇ ਸਾਰੇ।
ਇਸ ਹਾਲਤ ਵਿਚ ਪਿੰਡ ਦਾ ਗੇੜਾ
ਸਿਰ ਨੀ ਫਿਰਿਆ ਮੇਰਾ
ਤੂੰ ਚੰਗਾ ਤੇਰਾ ਸਭ ਕੁਝ ਚੰਗਾ
ਪਰ ਪਿੰਡ ਨੀ ਚੰਗਾ ਤੇਰਾ।
ਸਭ ਤੋਂ ਵੱਡਾ ਖ਼ਤਰਾ ਜਾਨੀਂ
ਮੈਨੂੰ ਬਹੁਤ ਜਿਥੋਂ ਡਰ ਲਗਦਾ
ਪਿੰਡ ਤੇਰਾ ਸਤਲੁਜ ਦੇ ਕੰਢੇ
ਜਿਸ ਵਿਚ ਗੰਦਾ ਪਾਣੀ ਵਗਦਾ।
ਜ਼ਹਿਰ ਨਿਹਾਰੀ ਕਾਲੀ ਬੇਈਂ
ਤੇਰੇ ਪਿੰਡ ਨਾ ਖਹਿ ਕੇ ਲੰਘਦੀ
ਤੀਜੇ ਪਾਸੇ ਬੁੱਢਾ ਨਾਲਾ
ਮੈਂ ਸੁੱਖ ਤੇਰੇ ਸਾਹਾਂ ਦੀ ਮੰਗਦੀ।
ਦੂਸ਼ਤ ਪਾਣੀ ਤੇਰੇ ਚਾਰ ਚੁਫੇਰੇ
ਤੈਨੂੰ ਜ਼ਹਿਰੀ ਸੱਪਾਂ ਵਾਲਿਆ
ਤੇਰੇ ਖੂਹ ਦੇ ਪਾਣੀ ਵਿਚ ਵੀ
ਸਮਝ ਖੜੱਪਾ ਵੜਿਆ।
ਤੇਰੇ ਪਿੰਡ ਤੋਂ ਸਾਫ਼ ਸੁਹਾਣਾ
ਸ਼ਹਿਰ ਹੋ ਗਿਆ ਮੇਰਾ
ਤੂੰ ਚੰਗਾ ਤੇਰਾ ਸਭ ਕੁਝ ਚੰਗਾ
ਪਰ ਪਿੰਡ ਨੀ ਚੰਗਾ ਤੇਰਾ।
ਬੇਮੌਸਮ ਦਾ ਝੋਨਾ ਲਾ ਕੇ
ਤੁਸੀਂ ਕਿੰਨਾ ਪਾਣੀ ਸੁੱਟੀ ਜਾਂਦੇ
ਤਿੰਨ ਸੌ ਫੁੱਟ ਤੱਕ ਪਾਈਪ ਠੋਕ ਲਏ
ਹੋਰ ਵੀ ਡੂੰਘਾ ਪੁੱਟੀ ਜਾਂਦੇ।
ਚੌਥੀ ਕੁੱਖ ਧਰਤੀ ਦਾ ਪਾਣੀ
ਹੁਣ ਇਸ ਨੂੰ ਮੁੱਕਿਆ ਜਾਣੀਂ
ਤੇਰੀ ਬੇਸਮਝੀ ਦਾ ਭਾਂਡਾ
ਤੇਰੇ ਸਿਰ ਵਿਚ ਫੁੱਟਿਆ ਜਾਣੀਂ।
ਸੱਚੀ ਗੱਲ ਕਹਿਣ ਤੋਂ ਪੀ. ਐਸ. ਗਿੱਲ
ਕਦੀ ਨਹੀਂ ਸੰਗਦਾ
ਹੱਥ ਵਿਚ ਖਾਲੀ ਬੋਤਲ ਫੜ ਕੇ
ਪੀਣ ਲੀ ਪਾਣੀ ਫਿਰੇਂਗਾ ਮੰਗਦਾ।
-ਕਲਮ : ਪੀ. ਐਸ. ਗਿੱਲ ਐਡਵੋਕੇਟ
ਮੋਬਾਈਲ : 98722-੫੬੦੦੫


ਕੁੱਝ ਤਾਂ ਸੋਚੀਏ, ਕੁੱਝ ਤਾਂ ਕਰੀਏ - ਕੇਹਰ ਸ਼ਰੀਫ਼ (ਜਰਮਨੀ)


ਕਿਸੇ ਵੀ ਜ਼ੁਬਾਨ ਦਾ ਸਾਹਿਤ, ਉਹ ਕਿਸੇ ਵੀ ਵਿਧਾ ਵਿਚ ਹੋਵੇ ਸਾਹਿਤ ਨੂੰ ਅਮੀਰੀ ਬਖਸ਼ਦਾ ਹੈ।
ਸਾਹਿਤ ਨੇ ਸਮਾਜ ਦੇ ਹਰ ਪੱਖ ਦਾ ਹਾਲ-ਹਵਾਲ ਕਲਾਤਮਿਕ ਪੱਧਰ ਤੇ ਸਿਰਜਣਾ ਹੁੰਦਾ ਹੈ। 
ਜਿਸ ਰਚਨਾ ਵਿਚ ਕਲਾਤਮਿਕਤਾ ਨਾ ਹੋਵੇ ਉਹ ਸੁਹਜ ਵਿਹੂਣੀ ਰਹਿ ਜਾਂਦੀ ਹੈ। ਅਜਿਹੀ ਰਚਨਾ ਮੁੱਲਹੀਣ ਹੋਣ ਦੇ ਨਾਲ ਹੀ ਚਿਰਜੀਵੀ ਵੀ ਨਹੀਂ ਹੋ ਸਕਦੀ ਅਤੇ ਨਾ ਹੀ ਸਮਾਜ ਨੂੰ ਕਿਸੇ ਕਿਸਮ ਦੀ ਕੋਈ ਸੇਧ ਦੇਣ ਦੇ ਯੋਗ ਹੁੰਦੀ ਹੈ।
ਹਰ ਰਚਨਾਕਾਰ ਨੇ ਸਮਾਜ ਦੀ ਬਣਤਰ, ਸੁਭਾਅ ਅਤੇ ਰਵਾਇਤਾਂ ਦਾ ਖਿਆਲ ਵੀ ਰੱਖਣਾ ਹੁੰਦਾ ਹੈ ਅਤੇ ਸਮਾਜ ਅੰਦਰ ਸ਼ਰਮ-ਹਯਾ ਵਾਲੇ ਰਿਸ਼ਤਿਆਂ ਦਾ ਚਿਤ੍ਰਣ ਸਮੇਂ ਅਨੁਸਾਰ ਕਰਨਾ ਹੁੰਦਾ ਹੈ।
ਅਸਲ ਗੀਤ ਉਹ ਹੁੰਦਾ ਹੈ ਜੋ ਜ਼ਿੰਦਗੀ ਨੂੰ ਚੜ੍ਹਦੀ ਕਲਾ ਵਲ ਤੋਰੇ, ਮਨ ਨੂੰ ਹੁਲਾਰਾ ਦੇਵੇ।

ਪੰਜਾਬੀ ਸੱਭਿਆਚਾਰਕ ਰਵਾਇਤਾਂ ਸਮਾਜੀ ਰਿਸ਼ਤਿਆਂ ਵਿਚ ਪੱਛਮੀ ਸਮਾਜ ਵਰਗਾ ਖੁੱਲ੍ਹਾਪਣ ਸਹਿਣ ਦੀਆਂ ਆਦੀ ਨਹੀਂ ਇਸ ਕਰਕੇ ਸਮਾਜ ਦੀ ਹਾਲਤ ਅਨੁਸਾਰ ਬਦਲਦੀਆਂ ਸਥਿਤੀਆਂ ਦਾ ਪਤਾ ਹੋਣਾ ਬਹੁਤ ਜਰੂਰੀ ਹੈ। 
ਅੱਜ ਗੱਲ ਪੰਜਾਬੀ ਦੀ ਉਸ ਗੀਤਕਾਰੀ ਦੀ ਹੋ ਰਹੀ ਹੈ ਜਿਸ ਨੂੰ ਲੱਚਰ ਕਿਹਾ ਜਾਂਦਾ ਹੈ। 
ਅਰਥ ਵਿਹੂਣੇ ਘਟੀਆਂ ਸੋਚ ਵਾਲੇ ਸ਼ਬਦਾਂ ਦਾ ਰੌਲ਼ਾ-ਗੌਲ਼ਾ ਕੱਠਾ ਕਰਕੇ ਸੰਗੀਤ ਦੀਆਂ ਉੱਚੀਆਂ ਧੁਨਾਂ ਵਿਚ ਲੋਕਾਂ ਨੂੰ ਪਰੋਸ ਦਿੱਤਾ ਜਾਂਦਾ ਹੈ। ਆਮ ਕਰਕੇ ਇਸ ਵੰਨਗੀ ਦੇ ਗੀਤ ਔਰਤ ਨੂੰ ਬੇਵਫਾ, ਹੀਣੀ ਅਤੇ ਦਗੇਬਾਜ਼ ਹੀ ਦੱਸੀ ਜਾਂਦੇ ਹਨ, ਜੋ ਸੱਚ ਨਹੀਂ। 

ਔਰਤ ਜਗਤ ਦੀ ਜਣਨੀ ਮਾਂ ਹੈ, ਭੈਣ ਹੈ, ਧੀ ਹੈ ਹੋਰ ਰਿਸ਼ਤੇ ਹਨ। ਹਰ ਰਿਸ਼ਤੇ ਦਾ ਆਪਣਾ ਸਤਿਕਾਰ ਤੇ ਯੋਗ ਸਥਾਨ ਹੈ, ਜਿਸ ਨੂੰ ਉਸੇ ਰੂਪ ਵਿਚ ਚਿਤਰਿਆ ਜਾਣਾ ਚਾਹੀਦਾ ਹੈ, ਪਰ ਸਾਡੇ ਕੁੱਝ ਘਟੀਆ ਸੋਚ ਵਾਲੇ ਫੁਕਰੇ ਤੇ ਚਵਲ਼ ਕਿਸਮ ਦੇ ਸ਼ਰਮ ਵਿਹੂਣੀ ਬਿਰਤੀ ਰੱਖਣ ਵਾਲੇ ਆਪਣੇ ਆਪ ਨੂੰ ਗੀਤਕਾਰ ਕਹਿੰਦੇ ਜੀਊੜੇ ਅਸਲੋਂ ਖਰੀਆਂ ਇਨਸਾਨੀ ਰਵਾਇਤਾਂ 'ਤੇ ਪੂਰੇ ਨਹੀਂ ਉਤਰਦੇ। ਉਹ ਸੱਚੀਆਂ-ਸੁੱਚੀਆਂ ਇਨਸਾਨੀ ਕਦਰਾਂ-ਕੀਮਤਾਂ ਦਾ ਘਾਣ ਕਰਦੇ ਹਨ।

ਇਸੇ ਤਰ੍ਹਾਂ ਹੀ ਇਨ੍ਹਾਂ ਗੀਤਾਂ ਦੀਆਂ ਧੁਨਾਂ ਬਨਾਉਣ ਵਾਲੇ ਸੰਗੀਤ ਦੇ ਨਾਂ 'ਤੇ ਰੌਲ਼ਾ ਪੇਸ਼ ਕਰਦੇ ਹਨ, ਢੋਲ 'ਤੇ ਲਗਦਾ ਡਗਾ ਜਦੋਂ ਊਲ-ਜਲੂਲ ਬਣ ਜਾਵੇ ਤਾਂ ਉਹ ਸੰਗੀਤ ਨਹੀਂ ਰਹਿੰਦਾ। ਉਹ ਮਨ ਦਾ ਸਕੂਨ ਨਹੀਂ ਬਣਦਾ ਬੇਚੈਨੀ ਪੈਦਾ ਕਰਦਾ ਹੈ। 
ਅੱਗੇ ਵਾਰੀ ਆਉਂਦੀ ਹੈ ਉਨ੍ਹਾਂ ਕੰਪਨੀਆਂ ਦੀ ਜੋ ਇਨ੍ਹਾਂ ਦੇ ਗੀਤ ਰੀਕਾਰਡ ਕਰਕੇ ਇਸ ਖੇਤਰ ਦੇ ਆੜਤੀਆਂ ਦਾ ਕੰਮ ਕਰਦੇ ਹਨ। ਮੁਨਾਫਾ ਕਮਾਉਣ ਲਈ ਅਜਿਹੀਆਂ ਕੰਪਨੀਆ ਵਾਲੇ ਚੰਦ ਟਕਿਆਂ ਬਦਲੇ ਆਪਣੀ ਮਾਂ-ਭੈਣ ਨੂੰ ਸੇਲ ਤੇ ਲਾਉਣ ਲੱਗਿਆਂ ਸੰਗ-ਸ਼ਰਮ ਨੂੰ ਬੇਹਯਾਈ ਦੀ ਕਿੱਲੀ ਉੱਤੇ ਟੰਗ ਦਿੰਦੇ ਹਨ। ਇਨ੍ਹਾਂ ਕੰਪਨੀਆਂ ਦੇ ਕਹੇ ਜਾਂਦੇ ਸਿੰਗਰ ਫੇਰ ਲੁੱਚ ਤਲਦੇ ਹਨ, ਇੰਨਾ ਲੁੱਚ ਕਿ ਜਿਸ ਤੋਂ ਸੜਿਹਾਂਦ ਵਰਗਾ ਮੁਸ਼ਕ ਆਉਣ ਲੱਗ ਪੈਂਦਾ ਹੈ।

ਅੱਜ ਲੋੜ ਹੈ ਅਜਿਹੀ ਲੁੱਚੀ ਤੇ ਲੱਚਰ ਗੀਤਕਾਰੀ ਤੇ ਗਾਇਕੀ ਨੂੰ ਨਕਾਰਨ ਦੀ ਜੋ ਅਸਲੀਅਤ ਤੋਂ ਸੱਖਣੀ ਹੈ ਤੇ ਸਾਡੀ ਨੌਜਵਾਨ ਪੀੜ੍ਹੀ ਨੂੰ ਕੁਰਾਹੇ ਪਾ ਰਹੀ ਹੈ। ਜਾਤ-ਪਾਤ ਦਾ ਪ੍ਰਚਾਰ ਡਟਕੇ ਕੀਤਾ ਜਾ ਰਿਹਾ ਹੈ, ਮਨੁੱਖ ਨੂੰ ਮਨੁੱਖ ਤੋਂ ਪਾੜਿਆ ਜਾ ਰਿਹਾ ਹੈ। 
ਸਾਡੀ ਬੇਨਤੀ ਹੈ ਅਜਿਹੇ ਕੁਕਰਮ ਕਰਨ ਵਾਲਿਆਂ ਦਾ ਵਿਰੋਧ ਕੀਤਾ ਜਾਵੇ। ਮੰਦਾ ਲਿਖਣ ਵਾਲਿਆਂ ਦੀ ਮੁਖਾਲਫਤ ਕੀਤੀ ਜਾਵੇ। ਅਜਿਹੇ ਗੀਤਕਾਰਾਂ ਤੇ ਗਾਇਕਾਂ ਦੀਆਂ ਕੇਸਟਾਂ ਤੇ ਸੀ. ਡੀਆਂ ਨਾ ਖਰੀਦੀਆਂ ਜਾਣ। ਇਨ੍ਹਾਂ ਦਾ ਪੂਰੇ ਤੌਰ 'ਤੇ ਬਾਈਕਾਟ ਕੀਤਾ ਜਾਵੇ। ਅੱਗੇ ਵਧੂ ਲਿਖਾਰੀਆਂ ਨੂੰ ਵੀ ਬੇਨਤੀ ਹੈ ਕਿ ਉਹ ਅਜਿਹੀ ਗਾਇਕੀ ਦਾ ਬਦਲ ਪੇਸ਼ ਕਰਦਿਆਂ ਆਪਣੀਆਂ ਪੰਜਾਬੀ ਕਦਰਾਂ-ਕੀਮਤਾਂ ਦੀ ਰਾਖੀ ਲਈ ਚੰਗੀ ਗੀਤਕਾਰੀ ਪੇਸ਼ ਕਰਨ ਤੇ ਚਗੇ ਗਾਇਕ ਚੰਗੀ ਗਾਇਕੀ ਪੇਸ਼ ਕਰਕੇ ਆਪਣੇ ਸਮਾਜ ਦੀ ਸੇਵਾ ਕਰਨ।
- ਕੇਹਰ ਸ਼ਰੀਫ਼ (ਜਰਮਨੀ)

ਸ਼ਿਵ ਕੁਮਾਰ - ਡਾ.ਸਾਥੀ ਲੁਧਿਆਣਵੀ

ਇਕ ਸਾਹਿਤਕ ਰੇਖ਼ਾ ਚਿੱਤਰ

ਮੀਰ, ਗ਼ਾਲਿਬ,ਦਾਗ ਹੈ ਸੀ ਸ਼ਿਵ ਕੁਮਾਰ।
ਸ਼ਇਰਾਂ ਦਾ ਤਾਜ ਹੈ ਸੀ ਸ਼ਿਵ ਕੁਮਾਰ।
ਸ਼ੈਲੇ ਤੇ ਕੀਟਸ ਸੀ ਉਹ ਪੰਜਾਬ ਦਾ,
ਸੂਹਾ ਫ਼ੁੱਲ ਗੁਲਾਬ ਹੈ ਸੀ ਸ਼ਿਵ ਕੁਮਾਰ।
ਅੱਥਰੂਆਂ ਦੀ ਕਥਾ ਦਾ ਸਮਰਾਟ ਸੀ,
ਸੋਗ਼ ਦਾ ਮਹਿਤਾਬ ਹੈ ਸੀ ਸ਼ਿਵ ਕੁਮਾਰ।
ਚੜ੍ਹੀ ਰਹਿੰਦੀ ਸੀ ਖ਼ੁਮਾਰੀ ਨਜ਼ਮ ਦੀ,
ਖ਼ੁਦ ਵੀ ਬੱਸ ਸ਼ਰਾਬ ਹੈ ਸ਼ਿਵ ਕੁਮਾਰ।
ਓਸ ਦੇ ਆਂਗਣ 'ਚ ਸਨ ਕਵਿਤਾ ਦੇ ਫ਼ੁੱਲ,
ਸ਼ਇਰੀ ਦਾ ਬਾਗ਼ ਹੈ ਸੀ ਸ਼ਿਵ ਕੁਮਾਰ।
ਸੰਗਮਰਮਰੀ ਜਿਸਮ ਹੈ ਸੀ ਓਸਦਾ,
ਹਰ ਕੁੜੀ ਦਾ ਖ਼ਾਬ ਹੈ ਸੀ ਸ਼ਿਵ ਕੁਮਾਰ।
ਨਿਰਸੰਦੇਹ ਬਿਰਹਾ ਦਾ ਉਹ ਸੁਲਤਾਨ ਸੀ,
ਦਰਦ ਦਾ ਇਕ ਰਾਗ਼ ਹੈ ਸੀ ਸ਼ਿਵ ਕੁਮਾਰ।
ਨਾ ਉਹਦੇ ਕੋਲ਼ ਮਹਿਲ ਸਨ ਨਾ ਮਾੜੀਆਂ,
ਫ਼ਿਰ ਵੀ ਇਕ ਨਵਾਬ ਹੈ ਸੀ ਸ਼ਿਵ ਕੁਮਾਰ।
ਕੀ ਮੁਹੱਬਤ ਦਾ ਸ਼ਹਿਰ ਹੈ ਉਸ ਬਿਨਾਂ,
ਪਿਆਰ ਦਾ ਸਿਰਤਾਜ ਹੈ ਸੀ ਸ਼ਿਵ ਕੁਮਾਰ।
ਸੀ ਉਹ ਲੂਣਾ ਦੇ ਨੇਹੁੰ ਦਾ ਤਰਜਮਾਨ,
ਹੀਰ ਦਾ ਵੈਰਾਗ਼ ਹੈ ਸੀ ਸ਼ਿਵ ਕੁਮਾਰ।
=ਮੌਤ ਨੂੰ ਵਰਦਾਨ ਹੈ ਸੀ ਸਮਝਦਾ,
ਮੌਤ ਲਈ ਬੇਤਾਬ ਹੈ ਸੀ ਸ਼ਿਵ ਕੁਮਾਰ।
ਗ਼ੀਤ ਉਹਦੇ ਅਮਰ ਰਹਿਣੇ ਨੇ ਸਦਾ,
ਗ਼ੀਤ ਦੀ ਆਵਾਜ਼ ਹੈ ਸੀ ਸ਼ਿਵ ਕੁਮਾਰ।
ਲੰਡਨ ਵਿਚ ਲੁੱਟੇ ਮੁਸ਼ਇਰੇ ਓਸ ਨੇ,
ਸ਼ਾਇਰੇ-ਉਸਤਾਦ ਹੈ ਸੀ ਸ਼ਿਵ ਕੁਮਾਰ।
ਉਹ ਗਿਆ ਸ਼ਾਇਰੀ 'ਚ ਨ੍ਹੇਰਾ ਛਾ ਗਿਆ,
''ਸਾਥੀ'' ਇਕ ਚਿਰਾਗ਼ ਹੈ ਸੀ ਸ਼ਿਵ ਕੁਮਾਰ।

E mail: drsathi@hotmail.co.uk

ਕੁੜੀ ਮਲਾਲਾ - ਸਾਥੀ ਲੁਧਿਆਣਵੀ-ਲੰਡਨ 


(ਚੌਦਾਂ ਵਰ੍ਹਿਆਂ ਦੀ ਮਲਾਲਾ ਯੁਸਫ਼ਜ਼ਈ ਨੂੰ ਪਿਸ਼ਾਵਰ ਵਿਚ ਇਕ ਪਾਕਿਸਤਾਨੀ ਤਾਲਿਬਾਨ ਨੇ ਇਸ ਕਰਕੇ ਗੋਲ਼ੀ ਮਾਰ ਦਿੱਤੀ ਸੀ ਕਿ ਉਹ ਆਪਣੇ ਦੇਸ ਪਾਕਿਸਤਾਨ ਵਿਚ ਇਨ੍ਹਾਂ ਲੋਕਾਂ ਦੇ ਖ਼ਿਲਾਫ਼ ਆਵਾਜ਼ ਬੁਲੰਦ ਕਰ ਰਹੀ ਸੀ। ਉਹ ਇਸ ਗੱਲ ਦਾ ਵੀ ਖ਼ੰਡਨ ਕਰ ਰਹੀ ਸੀ ਕਿ ਤਾਲਿਬਾਨ ਪਾਕਿਸਤਾਨ ਨੂੰ ਕਈ ਸਦੀਆਂ ਵਾਪਸ ਧੱਕ ਕੇ ਕੁੜੀਆਂ ਨੂੰ ਪੜ੍ਹਨ ਤੋਂ ਰੋਕ ਰਹੇ ਸਨ ਤੇ ਉਨ੍ਹਾਂ ਦੇ ਸਕੂਲ ਢਾਅ ਕੇ ਢੇਰੀ ਕਰ ਰਹੇ ਸਨ।ਜ਼ਖ਼ਮੀ ਮਲਾਲਾ ਇਨ੍ਹੀਂ ਦਿਨੀ ਬਰਮਿੰਘਮ (ਯੂ ਕੇ) ਦੇ ਇਕ ਹਸਪਤਾਲ ਵਿਚ ਜ਼ੇਰੇ-ਇਲਾਜ ਹੈ। ਅੰਗਰੇਜ਼ ਡਾਕਟਰ ਉਸ ਦੇ ਪੂਰੀ ਤਰ੍ਹਾਂ ਤੰਦਰੁਸਤ ਹੋਣ ਦੀ ਆਸ ਕਰਦੇ ਹਨ।)

ਕੁੜੀਆਂ ਵਿਚੋਂ ਕੁੜੀ ਮਲਾਲਾ।
ਖੰਡ ਮਿਸ਼ਰੀ ਦੀ ਪੁੜੀ ਮਲਾਲਾ।
ਉਨ੍ਹਾਂ ਨੇ ਚਾਹਿਆ ਪੜ੍ਹਨੋਂ ਲਿਖ਼ਣੋ,
ਰਹੇਗੀ ਹਰ ਦਮ ਥੁੜੀ ਮਲਾਲਾ।
ਦਹਿਸ਼ਤਵਾਦ ਦੇ ਵਹਿੰਦੇ ਹੜ੍ਹ ਵਿਚ,
ਰੁੜ੍ਹੀ ਕਿ ਇਕ ਦਿਨ ਰੁੜ੍ਹੀ ਮਲਾਲਾ।
ਉਨ੍ਹਾਂ ਸੋਚਿਆ ਮਰ ਜਾਵੇਗੀ,
ਹੁਣ ਨਾ ਮੌਤੋਂ ਮੁੜੀ ਮਲਾਲਾ।
ਆਦਮ ਅਤੇ ਹਵਵਾ ਦੀ ਬੇਟੀ,
ਲਾਡਾਂ ਤੋਂ ਨਾ ਥੁੜੀ ਮਲਾਲਾ।
ਚਿੜੀ ਹੈ ਬਾਬਲ ਦੇ ਵਿਹੜੇ ਦੀ,
ਅੰਬਰ ਵਲ ਨੂੰ ਉੜੀ ਮਲਾਲਾ।
ਜੋ ਮਰਦਾਂ ਤੋਂ ਕਰ ਨਾ ਹੋਈ,
ਉਹ ਗੱਲ ਕਰ ਗਈ ਕੁੜੀ ਮਲਾਲਾ।
ਹੱਕ ਸੱਚ ਦੀ ਫ਼ਤਿਹ ਹੈ ਹੁੰਦੀ,
ਮੁੜੀ ਵਤਨ ਨੂੰ ਮੁੜੀ ਮਲਾਲਾ।
ਪਾਕਿਸਤਾਨ ਨੇ ਧੀਆਂ ਜੰਮੀਆਂ,
ਬੇਨਜ਼ੀਰ ਤੇ ਕੁੜੀ ਮਲਾਲਾ।
ਤੂੰ ‘ਕੱਲੀ ਨਹੀਂ ਤੇਰੇ ਸੰਗ ਹੈ,
“ਸਾਥੀ” ਦੁਨੀਆਂ ਜੁੜੀ ਮਲਾਲਾ।


ਸਬੰਧ - ਅਨਮੋਲ ਕੌਰ 

ਤੇਰਾ ਮੇਰਾ ਸਾਕ ਗੂੜਾ
ਫਰਕ ਇੰਨਾ ਹੀ ਹੈ,
ਤੂੰ ਪੂਰਾ ਮੈ ਅਧੂਰਾ।
ਤੇਰੀ ਮੇਰੀ ਸਾਂਝ ਪੱਕੀ,
ਫਰਕ ਇੰਨਾ ਹੀ ਹੈ,
ਤੂੰ ਵਿਸ਼ਵਾਸੀ ਮੈ ਸ਼ੱਕੀ।

ਤੇਰੀ ਮੇਰੀ ਮੁੱਹਬਤ ਲੰਮੀ,
ਅੰਤਰ ਇੰਨਾ ਹੀ ਹੈ’
ਤੂੰ ਮਾਲਕ ਮੈ ਕੰਮੀ।
ਤੇਰੀ ਮੇਰੀ ਨਿੱਤ ਦੀ ਯਾਰੀ,
ਅੰਤਰ ਇੰਨਾ ਹੀ ਹੈ,
ਤੂੰ ਪਾਲੀ ਮੈ ਖਿਲਾਰੀ।
ਆਪਾਂ ਦੋਂਵੇ ਹੈ ਸਬੰਧੀ,
ਫਰਕ ਇੰਨਾ ਹੀ ਹੈ,
ਤੂੰ ਸ਼ਹਿਨਸ਼ਾਹ ਮੈ ਬੰਦੀ।
ਤੂੰ ਮੈਨੂੰ ਜਾਣੇ ਮੈ ਤੈਨੂੰ ਹੈ ਜਾਣਦਾ,
ਫਰਕ ਇੰਨਾ ਹੀ ਹੈ,
ਮੈ ਦੇਖ ਨਹੀ ਸਕਦਾ,
ਤੂੰ ਮੈਨੂੰ ਹਰ ਥਾਂ ਪਛਾਣਦਾ।
ਦੋਹਾਂ ਵਿਚ ਇਹ ਸਿਲਸਿਲਾ ਚੱਲਦਾ ਰੱਖੀਂ,
ਚਾਹੇ ਖੇਲਾ ਵਿਚ ਮੈ ਲੱਖੀ
 ਜਾਂ ਰੁਲ ਜਾਵਾਂ ਕੱਖੀ।
ਅਨਮੋਲ ਕੌਰ


ਦੁਨੀਆਵੀ ਚਲਨ - ਰਵਿੰਦਰ ਸਿੰਘ ਕੁੰਦਰਾ 


ਦਿਖਾਂਦੇ ਨੇ ਰਸਤਾ ਦੂਰੋਂ ਹੀ ਸਭ ਲੋਕ,
ਪਰ ਕਦਮ ਦਰ ਕਦਮ ਮਿਲਾਂਦਾ ਨਾ ਕੋਈ।
ਜਲਾਂਦੀ ਹੈ ਦੁਨੀਆ ਤਾਂ ਜਲਦਾ ਹੈ ਦਿਲ,
ਖ਼ੁਦ ਅਪਣਾ ਦਿਲ ਤਾਂ ਜਲਾਂਦਾ ਨਾ ਕੋਈ।
ਸਾਂਝਾ ਕਰ ਲੈਂਦੇ ਨੇ ਹਾਸੇ ਨਾਲ ਹਾਸਾ,
ਪਰ ਰੋਂਦੇ ਲੋਕਾਂ ਨੂੰ ਹਸਾਂਦਾ ਨਾ ਕੋਈ।
ਸੜਦੇ ਨੇ ਸਭ ਜੇ ਮਿਹਨਤ ਕਰੇ ਕੋਈ,
ਭੁੱਖਿਆਂ ਨੂੰ ਰੋਟੀ ਖਿਲਾਂਦਾ ਨਾ ਕੋਈ।
ਕਰਦੇ ਨੇ ਵਾਹ ਵਾਹ ਜਦੋਂ ਚੜ੍ਹੇ ਗੁੱਡੀ,
ਕੱਟੀ ਪਤੰਗ ਨੂੰ ਹੱਥ ਪਾਂਦਾ ਨਾ ਕੋਈ।
ਤਾਰੂਆਂ ਨੂੰ ਸਭੇ ਨਿੱਤ ਕਰਨ ਸਲਾਮਾਂ,
ਡੁੱਬਦੇ ਨੂੰ ਤਿਣਕਾ ਫੜਾਂਦਾ ਨਾ ਕੋਈ। 
ਚਲਣ ਹੈ ਦੁਨੀਆ ਦਾ ਕਰਦੇ ਨੇ ਸਭ ਇਹ,
ਲੇਕਿਨ ਚਲਣ ਨਵਾਂ ਬਣਾਂਦਾ ਨਾ ਕੋਈ।
ਕਾਸ਼ ਇਨਸਾਨ ਖ਼ੁਦ ਨੂੰ ਹੀ ਖ਼ੁਦ ਸਮਝ ਲੈਂਦਾ,
ਤਾਂ ਦਿਲ ਫ਼ਿਰ ਕਿਸੇ ਦਾ ਦੁਖਾਂਦਾ ਨਾ ਕੋਈ।
ਨਕਸ਼ਾ ਇਸ ਦੁਨੀਆ ਦਾ ਕੁੱਛ ਹੋਰ ਹੀ ਹੁੰਦਾ,
ਰੱਬ ਜੇ ਇਨਸਾਨ ਹੀ ਬਣਾਂਦਾ ਨਾ ਕੋਈ।

ਰਵਿੰਦਰ ਸਿੰਘ ਕੁੰਦਰਾ
ਕਵੈਂਟਰੀ, ਯੂ ਕੇ

Monday, 29 October 2012

ਸਾਡਾ ਪੁਰਾਣਾ ਘਰ - ਪਰੇਮਜੀਤ ਸਿੰਘ ਨੈਣੇਵਾਲੀਆ


ਬਾਂਦਰ ਕਿੱਲਾ, ਗੁੱਲੀ ਡੰਡਾ, ਚੋਰ ਤੇ ਸਿਪਾਈ
ਊਚ ਨੀਚ, ਰੰਗ ਬੋਲ ਕਿਤੇ ਫਿਲਮੀ ਲੜਾਈ

ਪੁੱਛ ਕੇ ਜਵਾਨੀ ਨੂੰ ਉਹ ਕਿੱਥੇ ਗਈਆਂ ਖੇਡਾਂ
ਲੱਗੇ ਮੇਰਾ ਬਚਪਨ ਮੈਨੂੰ ਕਰੀ ਜਾਏ ਝਹੇਡਾਂ*

ਅੱਜ ਬੈਠੇ ਬੈਠੇ ਦੇ ਪੁਰਾਣਾ ਘਰ ਚੇਤੇ ਆ ਗਿਆ
ਕਿਤੇ ਡਿੱਗ ਕੇ ਕੰਧੋਲੀ* ਤੋਂ ਗਿਲਾਸ ਚਿੱਬਾ ਹੋ ਗਿਆ

ਕਿਤੇ ਵੇਹੜੇ ਵਾਲੀ ਤਾਰ* ਚ ਕਰੰਟ ਆ ਗਿਆ
ਪੱਠੇ* ਵੱਢ ਖੇਤੋਂ ਸੈਂਕਲ ਤੇ ਲੱਦ ਕੇ ਲਿਆਉਣੇ

ਹੋ ਟੋਕੇ* ਉੱਤੇ ਆਪ ਰੁੱਗ* ਸੀਰੀ ਤੋਂ ਲਵਾਉਣੇ
ਟਾਂਡਾ* ਕਾਣਾ ਕੋਈ ਚਰੀ ਦਾ ਝੁੱਗੇ ਤਾਂਈਂ ਰੰਗ ਗਿਆ

ਭਰ ਦਾਣਿਆਂ ਦਾ ਬਾਟਾ ਛੋਟਾ ਗੇਟ ਵੱਲ ਭੱਜਾ
ਕੁਲਫੀਆਂ ਵਾਲਾ ਭਾਂਪੂ ਮਾਰ ਗਲੀ ਵਿੱਚੋਂ ਲੰਘ ਗਿਆ

ਦਾਲ ਹਾਰੇ ਵਾਲੀ ਨਾਲੇ ਦੁੱਧ ਤੌੜੀ ਵਾਲਾ
ਬੇਬੇ ਦਾ ਉਹ ਚਰਖਾ ਪਹਾੜੀ ਕਿੱਕਰ ਵਾਲਾ

ਰਸੋਈ ਵਿੱਚ ਟਾਣ* ਉੱਤੇ ਮਰਤਬਾਨ* ਰੱਖੀ
ਭਰੇ ਗੰਢੀਆਂ ਦੇ ਟੋਕਰੇ  ਪਏ ਪੜਛੱਤੀ* ਉੱਤੇ

ਕਣਕ ਵਾਲੇ ਢੋਲ ਨਾਲ ਪੁੜਾਂ ਵਾਲੀ ਚੱਕੀ
ਪਹਿਲੇ ਦਿਨੋਂ ਪਿੰਡਾਂ ਵਾਲੇ ਹੁੰਦੇ ਨੇ ਘਤਿੱਤੀ*

ਗੰਨਾ ਖਿਚੇ ਬਿਣਾਂ ਟਰਾਲੀ ਕੋਈ ਜਾਣ ਨੀ ਸੀ ਦਿੱਤੀ

ਲੈ ਕੇ ਨੋਟ ਪੰਜਾਂ ਦਾ ਵਿਸਾਖੀ ਦੇਖਦੇ ਰਹੇ ਆਂ
ਕਈ ਲੁੱਟ ਕੇ ਗਹੀਰੇ* ਲੋਹੜੀ ਸੇਕਦੇ ਰਹੇ ਆਂ

ਮੋਟਰ ਵਾਲੀ ਕੋਠੀ ਤੇ ਕਲੀ ਨਾਲ ਹੈਪੀ ਦਿਵਾਲੀ ਲਿਖਿਆ
ਫੱਟੀ ਪੋਚ, ਕਲਮ ਘੜ, ਦਵਾਤ ਚ ਸ਼ਿਆਹੀ ਘੋਲੀ

ਫੇਰ ਕਿਤੇ ਜਾ ਕੇ ਅਸੀਂ ਊੜਾ ਆੜਾ ਸਿੱਖਿਆ

ਸ਼ਹਿਰੀਆਂ ਲਈ ਮਤਲਬ-

*ਕਾਣਾ ਟਾਂਡਾ- ਮੱਕੀ ਜਾਂ ਚਰੀ ਦਾ ਕੋਈ ਪੌਦਾ ਖਰਾਬ ਹੋਣ ਦੇ ਕਾਰਨ ਲਾਲ ਰੰਗ ਦਾ ਜੂਸ ਤਰਾਂ ਪਾਣੀ ਛੱਡਦਾ
*ਕੰਧੋਲੀ- ਰਸੋਈ ਨੂੰ ਬਾਕੀ ਘਰ ਤੋਂ ਵੱਖ ਕਰਦੀ ਦੀਵਾਰਨੁਮਾ ਨਿੱਕੀ ਕੰਧ
*ਗਹੀਰਾ- ਪਾਥੀਆਂ ਸਟੋਰ ਕਰਨ ਲਈ ਕੋਨੀਕਲ ਸ਼ਕਲ
*ਘਤਿੱਤੀ- ਵੈਹਬਤੀ, ਇੱਲਤੀ
*ਚਿੱਬਾ-ਵਿੰਗਾ
*ਝਹੇਡਾਂ-ਵਿਅੰਗ, ਮਖੌਲ
*ਟਾਣ-ਲੱਕੜ ਦੀ ਸ਼ੈਲਫ
*ਟੋਕਾ-ਕੁਤਰੇ ਵਾਲੀ ਮਸ਼ੀਨ
*ਤਾਰ-ਕੱਪੜੇ ਸੁੱਕਣੇ ਪਾਉਣ ਵਾਲੀ ਤਾਰ
*ਪੱਠੇ-ਚਾਰਾ ਪਸ਼ੂਆਂ ਦਾ
*ਪੜਛੱਤੀ- ਵਰਾਂਡ ਚ ਇੱਕ ਸ਼ਤੀਰ ਰੱਖ ਕੇ ਉਪਰ ਫੱਟੇ ਲਾ ਕੇ ਸਮਾਨ ਰੱਖਣ ਲਈ ਬਾਣਾਈ ਜਗਹ, ਜਿਸਨੂੰ ਕਿ ਅੱਗੋਂ ਬੋਰੀਆਂ ਨਾਲ ਢਕ ਦਿੱਤਾ ਜਾਂਦਾ ਸੀ
*ਮਰਤਬਾਨ- ਚੀਨੀ ਦਾ ਭਾਂਡਾ ਅਚਾਰ ਪਾਉਣ ਲਈ
*ਰੁੱਗ- ਭਰੀਆਂ, ਜੋ ਕਿ ਟੋਕੇ ਨੂੰ ਫੀਡ ਦਿੱਤੀ ਜਾਂਦੀ ਆ


ਮਾਂ - ਸਤਪਾਲ ਸਿੰਘ ਸੇਹਂਬੀ 


''ਮਾਂ ਦਾ ਪਿਆਰ ਮਿਲਦਾ ਹੈ ਨਸੀਬਾਂ ਵਾਲਿਆਂ ਨੂੰ,,
ਦੁਨੀਆਂ ਵਿੱਚ ਨਹੀਂ ਇਸਦਾ ਬਜ਼ਾਰ ਹੁੰਦਾ ,,

ਇਹ ਰਿਸਤਾ ਰੱਬ ਦੀਆਂ ਰਹਿਮਤਾਂ ਦਾ ,,
ਹਰ ਰਿਸ਼ਤਾ ਨਹੀਂ ਐਨਾ ਵਫ਼ਾਦਾਰ ਹੁੰਦਾ ,,

ਉਸ ਘਰ ਤੋਂ ਚੰਗਾ ਸ਼ਮਸਾਨ ਹੁੰਦਾ ,,
ਜਿੱਥੇ ਮਾਂ ਨਹੀਂ ਸਤਿਕਾਰ ਹੁੰਦਾ ,,

ਸਤ ਜਨਮਾਂ ਤੱਕ ਨਹੀਂ ਉਤਾਰ ਸਕਦਾ ,,
ਪੁੱਤ ਮਾਂ ਦਾ ਏਨਾ ਕਰਜ਼ਦਾਰ ਹੁੰਦਾ ,,

ਕਰਨੀ ਸਿੱਖੋ ਲੋਕੋ ਕਦਰ ਮਾਂ ਦੀ ,,
''ਮਾਂ ਦੇ ਚਰਨਾਂ ਤੋਂ ਰੱਬ ਦਾ ਦੀਦਾਰ ਹੁੰਦਾ ,,

 ਮਾਂ ਅਤੇ ਪੰਜਾਬੀ ਮਾਂ ਬੋਲੀ - ਬਲਵੰਤ ਫ਼ਰਵਾਲ਼ੀ 

ਮਾਂ ਬੋਲੀ ਮੈਨੂੰ ਮਾਂ ਲੱਗਦੀ ਏ,
ਬੋਹੜ ਦੀ ਠੰਡੀ ਛਾਂ ਲੱਗਦੀ ਏ ।
ਪਲ ਵੀ ਇਸਤੋਂ ਦੂਰ ਜੇ ਹੋਵਾਂ,
ਜ਼ਿੰਦਗੀ ਸਭ ਫ਼ਨਾਹ ਲੱਗਦੀ ਏ।
ਮਾਂ ਬਲੀ ਮੈਨੂੰ…………….. 
ਮਾਂ ਨਾ ਕਦੀ ਵੀ ਮਾੜੀ ਹੁੰਦੀ,                    
ਆਪਣੀ ਸਭ ਨੂੰ ਪਿਆਰੀ ਹੁੰਦੀ।
 ਜੋ ਵੀ ਮਾਂ ਦੀ ਨਿੰਦਿਆ ਕਰਦਾ,
ਉਸਨੂੰ ਮਾਂ ਦੀ ਹਾਅ ਲੱਘਦੀ ਏ। 
 ਮਾਂ ਬੋਲੀ ਮੈਨੂੰ……………… 
ਬਚਪਨ ਵਿੱਚ ਏ ਲੋਰੀਆਂ ਦਿੰਦੀ,
 ਮਰਨੇ ਉੱਤੇ ਵੈਣ ਏ ਪਾਉਂਦੀ।
ਖੁਸ਼ੀਆਂ ਦਿੰਦੀ ,ਗ਼ਮਾਂ ਨੂੰ ਵੰਡਦੀ,
 ਮਾਂੰ ਤਾਂ ਮੈਨੂੰ ਖ਼ੁਦਾ ਲੱਗਦੀ ਏ।
ਮਾਂ ਬੋਲੀ ਮੈਨੂੰ……………… 
ਗੁਰੂਆਂ,ਪੀਰਾਂ ਤੇ ਵਿਦਵਾਨਾਂ,
 ਸਦਾ ਹੀ ਇਸਦਾ ਮਾਣ ਵਧਾਇਆ।
ਜਦ ਵੀ ਵੰਡਿਆ,ਜਦ ਵੀ ਭੰਡਿਆ,
ਸਦਾ ਹੀ ਇਸਨੂੰ ਗਲ਼ ਨਾਲ ਲਾਇਆ।
ਪਰ ਅੱਜ ਦੇ ਵਿਦਵਾਨਾਂ ਕੋਲ਼ੋਂ,
ਇਹ ਥੋੜੀ ਖ਼ਫ਼ਾ ਲੱਗਦੀ ਏ।
ਮਾਂ ਬੋਲੀ ਮੈਨੂੰ……………… 
ਭਾਰਤ ਇਡੀਆ ਹੋ ਗਿਆ ਸਾਡਾ,
ਨੱਕ ਨੋਜ਼ੀ ਵਿੱਚ ਬਦਲ ਗਿਆ ਏ।
 ਮਾਂ ਬੋਲੀ ਤੋਂ ਦੂਰ ਜੋ ਹੋਇਆ,
 ਅਸਲੀ ਸੋਚ ਤੋਂ ਪਛੜ ਗਿਆ ਏ।
ਆਪਣੀ ਮਾਂ ਦਾ ਜੋ ਨੀ ਹੋਇਆ,
 ਦੂਜੀ ਉਸਦੀ ਕੀ ਲੱਗਦੀ ਏ।
ਮਾਂ ਬੋਲੀ ਮੈਨੂੰ…………….. 
ਆਓ ਮਾਂ ਬੋਲੀ ਦਾ ਦੀਵਾ ,
 ਆਪਣੇ ਮਨ ਦੇ ਬੂਹੇ ਧਰੀਏ,
ਚਾਨਣ ਵੰਡੀਏ ਕਦ ਨਾ ਭੰਡੀਏ,
ਮਾਂ ਬੋਲੀ ਨੂੰ ਸਜ਼ਦਾ ਕਰੀਏ ।
ਬਲਵੰਤ’ ਦੀਆਂ ਇਹਨਾਂ ਦੇ ਸੋਚਾਂ ਲਈ,
ਤੁਹਾਡੀ ਵੀ ਤਾਂ ਹਾਂ ਲੱਗਦੀ ਏ।
ਮਾਂ ਬੋਲੀ ਮੈਨੂੰ…………….. 

ਨਜ਼ਮ - ਕੇਹਰ ਸ਼ਰੀਫ਼ ਜਰਮਨੀ 


(ਜਿੱਥੇ) ਗਦਰੀ ਬਾਬੇ ਦੇਸ਼ ਕੌਮ ‘ਤੋਂ
ਹੋ ਜਾਵਣ ਕੁਰਬਾਨ
ਉਹ ਪਿੰਡ ਮਿੱਤਰਾਂ ਦਾ ।

ਗਲ਼ ਪਾ ਫਾਂਸੀ ਲਾਹੁਣ ਗੁਲਾਮੀ
ਅਤੇ ਭਗਤ ਸਿੰਘ ਅਖਵਾਉਣ
ਉਹ ਪਿੰਡ ਮਿੱਤਰਾਂ ਦਾ ।

ਸੂਰਬੀਰ ਬੰਨ੍ਹ ਸਿਰ ‘ਤੇ ਕੱਫਣ
ਸਾਮਰਾਜ ਨੂੰ ਢਾਉਣ
ਉਹ ਪਿੰਡ ਮਿੱਤਰਾਂ ਦਾ ।

ਕਿਰਤੀਆਂ ਦੇਸ਼ ਉਸਾਰੀ ਕੀਤੀ
ਪਰ ਨਾ ਮਿਲਿਆ ਮਾਣ
ਉਹ ਪਿੰਡ ਮਿੱਤਰਾਂ ਦਾ ।

ਅੰਨ ਉਗਾਵੇ ਅਤੇ ਦੇਸ ਨੂੰ ਪਾਲ਼ੇ
ਜਿੱਥੇ ਭੁੱਖਾ ਮਰੇ ਕਿਸਾਨ
ਉਹ ਪਿੰਡ ਮਿੱਤਰਾਂ ਦਾ ।

ਅੱਠੇ ਪਹਿਰ ਕਮਾਈਆਂ ਕਰਦੈ
ਨਾ ਪਹਿਨਣ – ਨਾ ਖਾਣ
ਉਹ ਪਿੰਡ ਮਿੱਤਰਾਂ ਦਾ ।

ਬੱਚੇ ਦੁੱਧ ਦੀ ਤਿੱਪ ਨੂੰ ਤਰਸਣ
ਜਿੱਥੇ ਦੁੱਧ ਪੀਵੇ ‘ਭਗਵਾਨ’
ਉਹ ਪਿੰਡ ਮਿੱਤਰਾਂ ਦਾ ।

ਨਾਂਗੇ ‘ਸਾਧ’ ਦਾ ਇੰਟਰਨੈਟ ’ਤੇ
ਹੁੰਦਾ ਹੈ ਸਨਮਾਨ
ਉਹ ਪਿੰਡ ਮਿੱਤਰਾਂ ਦਾ ।

ਚੂਹਾ, ਬਿੱਲੀ , ਪਿੱਪਲ਼ , ਪੱਥਰ
ਜਿੱਥੇ ਬਾਂਦਰ ਵੀ ਭਗਵਾਨ
ਉਹ ਪਿੰਡ ਮਿੱਤਰਾਂ ਦਾ ।

ਇਕ ਦੂਜੇ ਨੂੰ ਮੱਤਾਂ ਦਿੰਦੇ
ਧਰਮਾਂ ਦਾ ਘਸਮਾਣ
ਉਹ ਪਿੰਡ ਮਿੱਤਰਾਂ ਦਾ ।

ਉਹਲੇ ਬਹਿ ਲੜਾਉਂਦੇ ਦੋਖੀ
ਜਿੱਥੇ ਗੀਤਾ ਨਾਲ ਕੁਰਾਨ
ਉਹ ਪਿੰਡ ਮਿੱਤਰਾਂ ਦਾ ।

ਮਹਿਲਾਂ ਵਾਲੇ ਨਿੱਤ ਕਰਦੇ ਜਿੱਥੇ
ਝੁੱਗੀਆਂ ਦਾ ਅਪਮਾਨ
ਉਹ ਪਿੰਡ ਮਿੱਤਰਾਂ ਦਾ ।

ਅੰਧ-ਵਿਸ਼ਵਾਸੀ ਅਜ ਦੇ ਯੁੱਗ ਵੀ
ਜਿੱਥੇ ਪੱਥਰੀਂ ਤਿਲਕ ਲਗਾਉਣ
ਉਹ ਪਿੰਡ ਮਿੱਤਰਾਂ ਦਾ ।

ਰਿਸ਼ਵਤਖੋਰ ਮੁਕੱਦਮ ਜਿੱਥੇ
ਅਤੇ ਹਾਕਮ ਬੇਈਮਾਨ
ਉਹ ਪਿੰਡ ਮਿੱਤਰਾਂ ਦਾ ।

ਰਿਸ਼ਵਤ ਲੈਂਦੇ ਫੜੇ ਜਾਣ ’ਤੇ
ਜਿੱਥੇ ਭੋਰਾ ਨਾ ਸ਼ਰਮਾਉਣ
ਉਹ ਪਿੰਡ ਮਿੱਤਰਾਂ ਦਾ ।

ਜ਼ੋਰਾਵਰ ਮੁਲਕ ਨੂੰ ਵੇਚਣ
ਫਿਰ ਵੀ.ਆਈ.ਪੀ ਅਖਵਾਉਣ
ਉਹ ਪਿੰਡ ਮਿੱਤਰਾਂ ਦਾ ।

ਝੂਠ ਦੇ ਪੁੱਤਰ ਬਹਿ ਕੇ ਗੱਦੀਏਂ
ਜਿੱਥੇ ਸੱਚ ਦਾ ਕਤਲ ਕਰਾਉਣ
ਉਹ ਪਿੰਡ ਮਿੱਤਰਾਂ ਦਾ ।

‘ਬੁੱਧੀ-ਜੀਵੀ’ ਬੁੱਧੀ ਬਾਝ੍ਹੋਂ
ਰਲ਼-ਮਿਲ਼ ਖੇਹ ਉਡਾਉਣ
ਉਹ ਪਿੰਡ ਮਿੱਤਰਾਂ ਦਾ ।

ਮੁੱਲ ਲੈ ਕੇ ਜਿੱਥੇ ਥੀਸਿਜ਼ ਬੰਦਿਆ
‘ਡਾਕਟਰ’ ਜਿਹਾ ਅਖਵਾਉਣ
ਉਹ ਪਿੰਡ ਮਿੱਤਰਾਂ ਦਾ ।

ਕਿਸੇ ਦਾ ਲਿਖਿਆ ਪੜ੍ਹ ਕੇ ਪਰਚਾ
ਜਿੱਥੇ ਬਣ ਜਾਂਦੇ ‘ਵਿਦਵਾਨ’
ਉਹ ਪਿੰਡ ਮਿੱਤਰਾਂ ਦਾ ।

ਸਾਢ੍ਹੇ ਸੱਤ ਕਵਿਤਾਵਾਂ ਪੜ੍ਹਕੇ
ਬਣ ‘ਆਲੋਚਕ’ ਜਾਣ
ਉਹ ਪਿੰਡ ਮਿੱਤਰਾਂ ਦਾ ।

ਪੱਲਿਉਂ ਦੇ ਕੇ ‘ਗੁੜ ਦੀ ਰੋੜੀ’
ਫਿਰ ! ਸਨਮਾਨ ਕਰਾਉਣ
ਉਹ ਪਿੰਡ ਮਿੱਤਰਾਂ ਦਾ ।

ਝੂਠੇ ‘ਧਰਮੀ’ ਬੜ੍ਹਕਾਂ ਮਾਰਨ
ਜਿੱਥੇ ਘੱਟ ਮਿਲਦੇ ਇਨਸਾਨ
ਉਹ ਪਿੰਡ ਮਿੱਤਰਾਂ ਦਾ ।

ਜੀਊਂਦੇ ਜੀਅ ਜਿੱਥੇ ਕਦਰ ਨਾ ਕੋਈ
ਪਿਛੋਂ ਪੂਜਣ ਮੜ੍ਹੀ-ਮਸਾਣ
ਉਹ ਪਿੰਡ ਮਿੱਤਰਾਂ ਦਾ ।

‘ਕਿਰਤ ਕਰੋ ਪਰ ਫਲ਼ ਨਾ ਮੰਗੋ’
ਜਿੱਥੇ ਕਹਿੰਦੇ ਫਿਰਨ ਸ਼ੈਤਾਨ
ਉਹ ਪਿੰਡ ਮਿੱਤਰਾਂ ਦਾ ।

ਜਾਤ-ਪਾਤ ਦਾ ਅਜ ਵੀ ਨਾਅਰਾ
ਜਿੱਥੇ ਚੁੱਕੀ ਫਿਰਨ ਹੈਵਾਨ
ਉਹ ਪਿੰਡ ਮਿੱਤਰਾਂ ਦਾ ।

ਪੁੱਤ ਜੰਮੇ ਤੋਂ ਮਿਲਣ ਵਧਾਈਆਂ
ਲੋਕੀਂ ਧੀ ਜੰਮਿਆਂ ਘਬਰਾਉਣ
ਉਹ ਪਿੰਡ ਮਿੱਤਰਾਂ ਦਾ ।

ਧੀਆਂ ਭੈਣਾਂ ‘ਰਸਮਾਂ’ ਹੱਥੋਂ
ਜਿੱਥੇ ਹੁੰਦੀਆਂ ਲਹੂ-ਲੁਹਾਣ
ਉਹ ਪਿੰਡ ਮਿੱਤਰਾਂ ਦਾ ।

ਔਰਤ ਜੰਮੇ ਮਰਦਾਂ ਤਾਈਂ
(ਪਰ) ਮਰਦ ਕਰਨ ਅਪਮਾਨ
ਉਹ ਪਿੰਡ ਮਿੱਤਰਾਂ ਦਾ ।

ਰੁਕਮਣੀ ਫਿਰਦੀ ਅੱਖਾਂ ਪੂੰਝਦੀ
ਰਾਧਾ ਦੇ ਸੰਗ ‘ਸਿ਼ਆਮ’
ਉਹ ਪਿੰਡ ਮਿੱਤਰਾਂ ਦਾ

ਧਰਮ-ਕਰਮ ਦੀਆਂ ਖਿੱਲਾਂ ਪਾ ਕੇ
ਜਿੱਥੇ ਲੋਕਾਂ ਨੂੰ ਭਰਮਾਉਣ
ਉਹ ਪਿੰਡ ਮਿੱਤਰਾਂ ਦਾ ।

ਪਾਪ ਕਮਾਉਂਦੇ ਬਹਿ ਧਰਮ ਦੁਆਰੀਂ
ਨਾਲੇ ਜੋਰੀਂ ਮੰਗਦੇ ਦਾਨ
ਉਹ ਪਿੰਡ ਮਿੱਤਰਾਂ ਦਾ ।

ਧਰਮ ਦੇ ਨਾਂ ’ਤੇ ਦੰਗੇ ਹੁੰਦੇ
‘ਧਰਮੀ’ ਹੀ ਕਰਵਾਉਣ
ਉਹ ਪਿੰਡ ਮਿੱਤਰਾਂ ਦਾ ।

ਜਿੱਥੇ ਲੱਖਾਂ ਵਿਹਲੜ ‘ਸਾਧੂ’ ਫਿਰਦੇ
ਜਿਹੜੇ ਕਿਰਤ ਕਰਨੋਂ ਕਤਰਾਉਣ
ਉਹ ਪਿੰਡ ਮਿੱਤਰਾਂ ਦਾ ।

ਹੱਡ ਹਰਾਮੀ ਗਲੀਏਂ ਫਿਰਦੇ
ਮੰਗ-ਚੁੰਗ ਕੇ ਖਾਣ
ਉਹ ਪਿੰਡ ਮਿੱਤਰਾਂ ਦਾ

ਭਲਿਆਂ ਨੂੰ ਜਿੱਥੇ ਕੋਈ ’ਨੀ ਪੁੱਛਦਾ
ਪਰ ਲੰਡੀ– ਬੁਚੀ ਪਰਧਾਨ
ਉਹ ਪਿੰਡ ਮਿੱਤਰਾਂ ਦਾ ।

ਸ਼ਰਮ-ਹਯਾ ਦਾ ਮੁੱਲ ਨਹੀਂ ਕੋਈ
ਜਿੱਥੇ ਬੇਸ਼ਰਮੀ ਬਲਵਾਨ
ਉਹ ਪਿੰਡ ਮਿੱਤਰਾਂ ਦਾ ।

ਰਾਜਨੀਤੀ ਜਿੱਥੇ ਮੁੱਲ ਵਿਕਦੀ ਹੈ
ਅਤੇ ਬਣ ਗਈ ਇਕ ਦੁਕਾਨ
ਉਹ ਪਿੰਡ ਮਿੱਤਰਾਂ ਦਾ ।

ਲੀਡਰ ਫੋਕੇ ਲਾਰੇ ਵੰਡਦੇ
ਬਣਦੇ ਆਪ ਮਹਾਨ
ਉਹ ਪਿੰਡ ਮਿੱਤਰਾਂ ਦਾ ।

ਵੋਟਾਂ ਖਾਤਿਰ ਖਚਰੇ ਆਗੂ
ਵੇਚਣ ਦੀਨ ਈਮਾਨ
ਉਹ ਪਿੰਡ ਮਿੱਤਰਾਂ ਦਾ ।

ਅਨਪੜ੍ਹਤਾ ਨੂੰ ਲੀਡਰ ਸਮਝਣ
ਜਿੱਥੇ ਵੋਟਾਂ ਲਈ ਵਰਦਾਨ
ਉਹ ਪਿੰਡ ਮਿੱਤਰਾਂ ਦਾ ।

ਪਾਪ ਲਾਹੁਣ ਲਈ ਗੰਦੇ ਜਲ ਵਿਚ
ਗੰਗਾ ਡੁਬਕੀਆਂ ਲਾਉਣ
ਉਹ ਪਿੰਡ ਮਿੱਤਰਾਂ ਦਾ ।

ਲੀਡਰ ਪੱਲਿਉਂ ਦੇ ਕੇ ਪੈਸੇ
ਆਪਣੀ ਜਿ਼ੰਦਾਬਾਦ ਕਰਾਉਣ
ਉਹ ਪਿੰਡ ਮਿੱਤਰਾਂ ਦਾ ।

ਪੁੱਤ-ਭਤੀਜੇ ਵੀ ਲੀਡਰ ਬਣ ਜਾਣ
ਸਭ ਲੀਡਰ ਇਹ ਚਾਹੁਣ
ਉਹ ਪਿੰਡ ਮਿੱਤਰਾਂ ਦਾ ।

ਪਾਰਲੀਮੈਂਟ ’ਚ ਜਾ ਕੇ ਸੌਣਾਂ
ਜਿੱਥੇ ‘ਕਾਕਿਆਂ’ ਦਾ ਅਰਮਾਨ
ਉਹ ਪਿੰਡ ਮਿੱਤਰਾਂ ਦਾ ।

‘ਧਰਤੀ ਹਿੱਲੇ’ ਤਾਂ ਤੰਬੂ ਹੈ ਨਹੀਂ
ਫਿਰ ਬੰਬ ਦਾ ਕਾਹਦਾ ਮਾਣ ?
ਉਹ ਪਿੰਡ ਮਿੱਤਰਾਂ ਦਾ ।

ਲੋਕ ਰਾਜ ਦੇ ਨਾਂ ਦੇ ਉ ੱਤੇ
(ਨੇਤਾ) ਲੋਕਾਂ ਨੂੰ ਪਤਿਆਉਣ
ਉਹ ਪਿੰਡ ਮਿੱਤਰਾਂ ਦਾ ।

ਗੋਡੇ ਦੁਖਦੇ , ਤੁਰ ’ਨੀ ਹੁੰਦਾ
ਫੇਰ ਵੀ ਗੱਦੀਆਂ ਨੂੰ ਲਲਚਾਉਣ
ਉਹ ਪਿੰਡ ਮਿੱਤਰਾਂ ਦਾ ।

ਸੂਲ਼ੀ ਚੜ੍ਹਦੇ ਨੂੰ ਦੇਣ ਅਸੀਸਾਂ
ਅਖੇ ! ਭਲੀ ਕਰੂ ‘ਭਗਵਾਨ’
ਉਹ ਪਿੰਡ ਮਿੱਤਰਾਂ ਦਾ ।

ਧੱਕੇ ਨਾਲ ਪ੍ਰਣਾਉਂਦੈ ਜਿੱਥੇ
ਲੂਣਾ ਨੂੰ ਸਲਵਾਨ
ਉਹ ਪਿੰਡ ਮਿੱਤਰਾਂ ਦਾ ।

ਹਰ ਸ਼ਾਖ ’ਤੇ ਉ ੱਲੂ ਬੈਠਾ
ਅਤੇ ਸ਼ਾਖਾਵਾਂ ਸ਼ਰਮਾਉਣ
ਉਹ ਪਿੰਡ ਮਿੱਤਰਾਂ ਦਾ ।

ਵਿਚ ਤੰਦੂਰ ਦੇ ਔਰਤ ਸਾੜੇ
ਜਿੱਥੇ ਕੋਈ ਲੁੱਚਾ ਧਨਵਾਨ
ਉਹ ਪਿੰਡ ਮਿੱਤਰਾਂ ਦਾ ।

ਰਾਂਝੇ ਤਾਂ ਮੈਕਡੋਨਲਡ ਬੈਠੇ
ਹੁਣ ਨਾ ਚੂਰੀ ਖਾਣ
ਉਹ ਪਿੰਡ ਮਿੱਤਰਾਂ ਦਾ ।

ਮਿਰਜ਼ੇ ਨੇ ‘ਸੰਤਾਲ਼ੀ’ ਲੈ ਲਈ
ਕਹਿੰਦਾ ਕੰਮ ਨਹੀਂ ਤੀਰ-ਕਮਾਨ
ਉਹ ਪਿੰਡ ਮਿੱਤਰਾਂ ਦਾ ।

ਪੈਲਾਂ ਪਾਉਣ ’ਤੇ ਨੱਚਣ ਫਸਲਾਂ
ਜਿੱਥੇ ਲੁੱਟ ਲੈਂਦੇ ਧਨਵਾਨ
ਉਹ ਪਿੰਡ ਮਿੱਤਰਾਂ ਦਾ ।

ਕਿਉਂ ਸੋਨਿਉਂ ਚਿੜੀ ਮਿੱਟੀ ਦੀ ਬਣਿਆਂ
ਪੁਛਦੈ ਕੁੱਲ ਜਹਾਨ
ਉਹ ਪਿੰਡ ਮਿੱਤਰਾਂ ਦਾ ।

‘ਰੱਬ’ ਦਾ ਦੂਜਾ ਰੂਪ ਹੈ ਹੁੰਦਾ
ਜਿੱਥੇ ਘਰ ਆਇਆ ਮਹਿਮਾਨ
ਉਹ ਪਿੰਡ ਮਿੱਤਰਾਂ ਦਾ ।

“ਸਭੈ ਸਾਂਝੀਵਾਲ ਸਦਾਇਣ”
ਜਿੱਥੇ ਗੁਰੂਆਂ ਦਾ ਫੁਰਮਾਨ
ਉਹ ਪਿੰਡ ਮਿੱਤਰਾਂ ਦਾ ।

ਲਾਲੋ ਦੇ ਘਰ ਚੱਲ ਕੇ ਆਉਂਦੈ
ਜਿੱਥੇ ਨਾਨਕ ਆਪ ਮਹਾਨ
ਉਹ ਪਿੰਡ ਮਿੱਤਰਾਂ ਦਾ ।

ਭਾਈਆਂ ਖਾਤਿਰ ਭਾਈ ਜਿੱਥੇ
ਵਾਰਨ ਆਪਣੀ ਜਾਨ
ਉਹ ਪਿੰਡ ਮਿੱਤਰਾਂ ਦਾ ।

ਬੁੱਲਾ , ਬਾਹੂ , ਵਾਰਿਸ ਜਿੱਥੇ
ਸਦ ਪ੍ਰੇਮ ਦੀ ਲਾਉਣ
ਉਹ ਪਿੰਡ ਮਿੱਤਰਾਂ ਦਾ ।

ਬਾਝ ਭਰਾਵਾਂ , ਮਰਦੈ ’ਕੱਲਾ
ਜਿੱਥੇ ਮਿਰਜ਼ਾ ਖ਼ਾਨ
ਉਹ ਪਿੰਡ ਮਿੱਤਰਾਂ ਦਾ ।

ਧਰਮ ਦੇ ਠੇਕੇਦਾਰ ਹੀ ਕਰਦੇ
ਜਿੱਥੇ ਧਰਮਾਂ ਦਾ ਅਪਮਾਨ
ਉਹ ਪਿੰਡ ਮਿੱਤਰਾਂ ਦਾ ।

‘ਰੱਬ’ ਦੇ ਭਗਤ ਹੀ ਕੱਠੇ ਹੋ ਕੇ
‘ਰੱਬ’ ਦੇ ਘਰ ਨੂੰ ਢਾਹੁਣ
ਉਹ ਪਿੰਡ ਮਿੱਤਰਾਂ ਦਾ ।

ਧਰਮ ਦੇ ਨਾਂ ’ਤੇ ਖੋਲ੍ਹਣ ਹੱਟੀਆਂ
ਜਿੱਥੇ ਰੱਬ ਨੂੰ ਵੇਚਣ , ਖਾਣ
ਉਹ ਪਿੰਡ ਮਿੱਤਰਾਂ ਦਾ ।

ਬਾਲਾ ਤੇ ਮਰਦਾਨਾ ਜਿੱਥੇ
ਨਾਨਕ ਨਾਲ ਇਕ ਜਾਨ
ਉਹ ਪਿੰਡ ਮਿੱਤਰਾਂ ਦਾ ।

ਸ਼ੇਖ ਫ਼ਰੀਦ ਤੇ ਬਾਬਾ ਨਾਨਕ
ਸਾਡਾ ਸਭ ਦਾ ਮਾਣ
ਉਹ ਪਿੰਡ ਮਿੱਤਰਾਂ ਦਾ ।

ਰਿਸ਼ਵਤ ਲੈ ਕੇ ਕ੍ਰਿਕਟ ਖੇਡਣ
ਅਤੇ ਜਿੱਤ ਦੀ ਹਾਰ ਕਰਾਉਣ
ਉਹ ਪਿੰਡ ਮਿੱਤਰਾਂ ਦਾ ।

ਊੜਾ-ਐੜਾ ਭੁੱਲ ਜਾਉ ਕਾਕਾ
ਜਿੱਥੇ ‘ਤੋਤਿਆਂ’ ਦਾ ਫੁਰਮਾਨ
ਉਹ ਪਿੰਡ ਮਿੱਤਰਾਂ ਦਾ ।

ਲੁੱਚਾ ਜਿੱਥੇ ਸਭ ਤੋਂ ੳ ੱਚਾ
‘ਲੋਕ’ ਕਰਨ ਪ੍ਰਣਾਮ
ਉਹ ਪਿੰਡ ਮਿੱਤਰਾਂ ਦਾ ।

ਜਿੰਦ-ਜਾਨ ਤੋਂ ਵੱਧ ਪਿਆਰਾ
ਭਾਰਤ ਦੇਸ ਮਹਾਨ
ਉਹ ਪਿੰਡ ਮਿੱਤਰਾਂ ਦਾ ।


ਕੁੱਖ, ਰੁੱਖ ਤੇ ਮਨੁੱਖ - ਬਲਕਾਰ ਜ਼ੀਰਾ 


ਪੁੱਤ ਲੈਣ ਦੇ ਵਾਸਤੇ ਉਹ, ਧੀ ਮਾਰ ਰਹੇ ਵਿੱਚ ਕੁੱਖ,
ਸੜਕਾਂ ਚੌੜੀਆਂ ਕਰਨ ਬਹਾਨੇ, ਸਾਫ਼ ਕਰ ਰਹੇ ਰੁੱਖ 

ਨਾਲ ਰੁੱਖਾਂ ਦੇ ਰਿਸ਼ਤਾ ਗੂੜ੍ਹਾ, ਕਰੀਏ ਇਨ੍ਹਾਂ ਦਾ ਸਨਮਾਨ,
ਮਰ ਕੇ ਵੀ ਇਹ ਸਾਥ ਨਾਂ ਛੱਡਣ, ਜਾ ਕੇ ਵਿਚ ਸ਼ਮਸ਼ਾਨ

ਵਿਚ ਕੁੱਖ ਦੇ ਕਤਲ ਹੋ ਰਹੀ, ਨੇੜ ਭਵਿੱਖ ਦੀ ਮਾਂ,
ਸਾਡੀ ਧਰਤ ਸਾਂਝ ਹੈ ਹੋ ਰਹੀ, ਬਿਨਾ ਰੁੱਖਾਂ ਦੀ ਛਾਂ 

ਆਓ ਸਾਰੇ ਰਲ ਮਿਲਕੇ ਅਸੀਂ ਕਰੀਏ ਕੋਈ ਓਪਾਅ,
ਕੁੱਖ, ਰੁੱਖ, ਜਲ, ਧਰਤ ਨੂੰ ਰਲ ਲਈਏ ਹੁਣ ਬਚਾਅ

ਸਾਡੀਆਂ ਕੀਤੀਆਂ ਗ਼ਲਤੀਆਂ ਦੀ, ਸਾਨੂੰ ਮਿਲਣੀ ਸਜਾ,
ਡੁੱਲ੍ਹਦੇ ਜਾ ਰਹੇ ਬੇਰਾਂ ਨੂੰ ਲਈਏ ਮੁੜ ਝੋਲੀ ਵਿਚ ਪਾ

ਸਦੀਆਂ ਤੋਂ ਹੀ ਪੂਜਦਾ ਆਇਆ ਮਨੁੱਖ, ਕੰਜਕ,ਰੁੱਖ,
ਸਾਇੰਸ ਯੁੱਗ ਹੁਣ ਆ ਗਿਆ, ਬਣਿਆਂ ਮਸ਼ੀਨ ਮਨੁੱਖ

(ਬਲਕਾਰ ਜ਼ੀਰਾ) ਮਿਤੀ:08-09-2912
ਪੰਜਾਬੀ ਮੇਰੀ ਜਾਨ ਵਰਗੀ, 
ਪੰਜਾਬੀ ਮੇਰੀ ਪਹਿਚਾਣ ਵਰਗੀ | 

ਪੰਜਾਬੀ ਬਜ਼ੁਰਗ ਦੀ ਦੁਆ ਵਰਗੀ, 
ਪੰਜਾਬੀ ਨਿਰੀ ਖ਼ੁਦਾ ਵਰਗੀ | 
... 
ਪੰਜਾਬੀ ਨਾਨਕ ਦੀ ਰਬਾਬ ਵਰਗੀ, 
ਪੰਜਾਬੀ ਕੋਰੇ ਜਵਾਬ ਵਰਗੀ | 

ਪੰਜਾਬੀ ਚਮਕਦੇ ਆਫ਼ਤਾਬ ਵਰਗੀ, 
ਪੰਜਾਬੀ ਦੇਸੀ ਸ਼ਰਾਬ ਵਰਗੀ | 

ਪੰਜਾਬੀ ਵਾਰਿਸ ਦੀ hIr ਵਰਗੀ, 
ਪੰਜਾਬੀ ਨੈਣਾਂ ਦੇ ਨੀਰ ਵਰਗੀ | 

ਪੰਜਾਬੀ ਸੱਜਣਾਂ ਦੇ ਨਾਂ ਵਰਗੀ, 
ਪੰਜਾਬੀ ਬੋਹੜ ਦੀ ਛਾਂ ਵਰਗੀ | 

ਭੁੱਲ ਕੇ ਵੀ ਨਾ ਇਸ ਨੂੰ ਭੁਲਾਉਣਾ, 
ਕਿਉਂਕਿ ਪੰਜਾਬੀ ਹੈ ਸਾਡੀ ਮਾਂ ਵਰਗੀ


ਗਜ਼ਲ - ਪਰੀਤ ਕੌਰ 

ਬੰਨ੍ਹ ਲਗਾਇਆਂ ਰੁਕਦੇ ਨਹੀਂ ਵਹਿਣ ਕਦੇ ਦਰਿਆਵਾਂ ਦੇ ।
ਬਣ ਗਏ ਸ਼ਾਹੂਕਾਰ ਬਥੇਰੇ ਦੁਸ਼ਮਣ ਠੰਡੀਆਂ ਛਾਂਵਾਂ ਦੇ । 

ਹੋ ਕੇ ਤੇ ਮਜ਼ਬੂਰ ਨੇ ਤੁਰ ਗਏ , ਬਹੁਤੇ ਪੁੱਤ ਪਰਦੇਸਾਂ ਨੂੰ ।
ਜੇਠ ਮਾਂਹ ਦੀਆਂ ਧੁੱਪਾਂ ਵਾਂਗੂੰ , ਤਪਣ ਕਾਲਜੇ ਮਾਵਾਂ ਦੇ ।

ਦਿਲਾਂ ਚੋ ਠਾਣੀ ਜਿਹਨਾਂ ਨੇ , ਮੰਜ਼ਿਲ ਤੇ ਹੈ ਪਹੁੰਚਣ ਦੀ ।
ਕੀ ਰੋਕਣਗੇ ਪੈਰ ਉਹਨਾਂ ਦੇ , ਚੰਦਰੇ ਡਰ ਸਜ਼ਾਵਾਂ ਦੇ ।

ਜਿਥੇ ਬਚਪਨ ਬੀਤਿਆ ਸੀ , ਮਿੱਟੀ ਸੰਗ ਮਿੱਟੀ ਹੁੰਦੇ ਰਹੇ ।
ਦਿਲੋਂ ਕਿਵੇਂ ਵਿਸਾਰ ਦਿਆਂ ਮੈਂ , ਚੇਤੇ ਉਹਨਾਂ ਰਾਹਾਂ ਦੇ ।

ਮਾਣ ਕਰੀਂ ਨਾ ਸੋਹਣਿਆ ਕਿਧਰੇ , ਦੌਲਤ , ਹੁਸਨ ਜਵਾਨੀ ਦਾ ।
ਪਲ ਦਾ ਨਹੀ ਭਰੋਸਾ ਕੋਈ , ਸੌਦੇ ਖਰੇ੍ ਨਾ ਸਾਹਾਂ ਦੇ ।

ਰੀਝਾਂ ਨਾਲ ਸੀ ਪਾਲੇ ਜਿਹੜੇ , ਲੈਣ ਨਾ ਸਾਰ ਬਜ਼ੁਰਗਾਂ ਦੀ ।
ਲਹੂ ਹੋ ਗਿਆ ਪਾਣੀ ਜੀਕਣ , ਰਹਿ ਗਏ ਰਿਸ਼ਤੇ ਨਾਵਾਂ ਦੇ । 

ਸੁੱਤੀ ਘੂਕ ਆਤਮਾ ਸਭ ਦੀ , ਫਿਕਰ ਦੇਸ਼ ਦਾ ਕੌਣ ਕਰੇ ?
ਚੂੰਡ ਖਾ ਗਏ ਜਿਸ ਦਾ ਪਿੰਜਰ , ਝੁੰਡ ਹੈੜਿਆਂ ਕਾਵਾਂ ਦੇ ।

ਹ਼ੇ ਮੇਰੇ ਮਾਲਕਾ !! ਜੇ ਬਹੁਤੇ ਲੋਕੀਂ ਵਿਸਾਰ ਗਏ ਪੰਜਾਬੀ ਨੂੰ ।
ਮਾਂ - ਬੋਲੀ ਇਉ ਰੁਲ ਜਾਏਗੀ , ਆਸਰੇ ਬਿਨਾਂ ਦੁਆਵਾਂ ਦੇ । 

ਉਜੜਿਆ ਹੋਇਆ ਇਕ ਖੂਹ - ਮਹਿੰਦਰ ਸਿੰਘ ਪਤਾਰਵੀ 

ਮੈਂ ਹੁਣ ਕੀ ਹਾਂ ? ਬੱਸ,
ਉਜੜਿਆ ਹੋਇਆ ਇਕ ਖੂਹ !
ਜਿਸ ਤੋ ਜਿੰਦ ਵਿਜੋਗਨ ਹੋਈ ,
ਉਸ ਲਈ ਭਟਕੇ ਰੂਹ !

ਹੁਸਨ੍ਪਰੀ ਨੇ ਜਿਸ ਤੋ ਪੀਤਾ,
ਰਜ ਇਸ਼ਕ ਦਾ ਪਾਣੀ !
ਉਥੇ ਚਮਗਿਦੜਾਂ ਦੀ ਫੇਰੀ,
ਤੇ ਮੱਕੜੀਆਂ ਦੀ ਤਾਣੀ !

ਜਿਸ ਤੋਂ ਕਿਸੇ ਪਿਆਸੇ ਬੁਲ੍ਹਾਂ ,
ਰੂਹ ਦੀ ਤਪਸ਼ ਮਿਟਾਈ !
ਜਿਸ ਦੇ ਡੂੰਘੇ ਪਾਣੀਆ ਸੰਦੀ ,
ਡੂੰਘੀ ਪ੍ਰੀਤ ਕੋਈ ਪਾਈ

ਜਿਸ ਪਾਸ ਚਲ ਨਵੀਂ ਸਵੇਰੇ
ਧਰਤ ਜਾਈ ਕੋਈ ਆਉਂਦੀ !
ਮੂੰਹ ਦੇ ਉਤੇ ਸ਼ਰਮ ਦੀ ਲਾਲੀ ,
ਅਗ ਪਾਣੀਆਂ ਨੂੰ ਲਾਉਂਦੀ !

ਗੀਤ ਛੇੜ ਕਿ ਪ੍ਰਿਆ-ਮਿਲਣ ਦਾ ,
ਜਿੰਦ ਇਹ ਰਹੀ ਤਿਰਹਾਈ !
ਐਸੀ ਕੋਈ ਕਰੋਪੀ ਹੋ ਗਈ ,
ਮੁੜ ਨਾ ਫੇਰੀ ਪਾਈ

ਕੌਣ ਕਹੇ ਕਿ ਕਦੇ ਬਹਾਰਾਂ ,
ਇਥੇ ਚਰਨ ਭੀ ਪਾਏ !
ਕੌਣ ਕਹੇ ਕਿ ਦੋ ਪਰਛਾਈਆਂ,
ਸਦਾ ਲਈ ਰਾਹ ਵਟਾਏ !

ਬਿਰਹਾਂ ਦੀ ਸਰਦਲ ਤੇ ਅਸਾਂ,
ਹੰਝੂ ਸ਼ਗਨਾ ਦੇ ਚੋਏ !
ਜੋਬਨ ਰੁਤੇ ਚਾਅ ਕੁਆਰੇ ,
ਵਿਲਕ ਵਿਲਕ ਫਿਰ ਰੋਏ !

ਜਿੰਦ ਬੀਤ ਗੇਈ ਵਿਚ ਉਡੀਕਾਂ ,
ਸਜਨ ਨਾ ਮੁੜ ਆਏ !
ਮੜ੍ਹੀ ਸਾਡੀ ਤੇ ਕਈ ਬਰਸਾਤਾਂ ,
ਰਜ ਰਜ ਨੀਰ ਵਹਾਏ !

ਮੈਂ ਹੁਣ ਕੀ ਹਾਂ ? ਬੱਸ,
ਉਜੜਿਆ ਹੋਇਆ ਇਕ ਖੂਹ !
ਜਿਸ ਤੋ ਜਿੰਦ ਵਿਜੋਗਨ ਹੋਈ ,
ਉਸ ਲਈ ਭਟਕੇ ਰੂਹ !

ਭੈਣਾਂ ਕੀ ਮੰਗਦੀਆਂ ਨੇ - ਅਤੈ ਸਿੰਘ 

ਭੈਣਾਂ ਮੋਹਵੰਤੀਆਂ
ਭੈਣਾਂ ਭਗਵੰਤੀਆਂ
ਸੰਤੀਆਂ ਜਾਂ ਬੰਤੀਆਂ
ਜਦੋਂ ਵੀਰਾਂ ਨੂੰ ਯਾਦ ਕਰਦੀਆਂ ਨੇ
ਜਦੋਂ ਵੀਰਾਂ ਨੂੰ ਖਤ ਪਾਉਂਦੀਆਂ ਨੇ
ਜਦੋਂ ਵੀਰਾਂ ਨੂੰ ਅਸੀਸਾਂ ਘੱਲਦੀਆਂ ਨੇ

ਤਾਂ ਕੀ ਕਰਦੀਆਂ ਨੇ:-
ਬਸ, ‘ਵੀਰਾ’ ਆਖਦੀਆਂ ਨੇ
ਤੇ ਚੁੱਪ ਹੋ ਜਾਂਦੀਆਂ ਨੇ!
ਵਰਕਾ ਭਰਦੀਆਂ ਨੇ
ਤੇ ਖਾਲੀ ਘਲਾ ਦੇਂਦੀਆਂ ਨੇ!
‘ਦੁਆ’ ਕਰਦੀਆਂ ਨੇ
ਤੇ ਬੁੱਲ੍ਹ ਮੀਚ ਲੈਂਦੀਆਂ ਨੇ!

ਭੈਣਾਂ ਕਿੰਨਾ ਕੁਝ ਕਰਦੀਆਂ ਨੇ:-
ਵੀਰਾਂ ਨੂੰ ਵੀਰ ਹੋਣ ਦੇ ਆਹਰੇ ਲਾਉਂਦੀਆਂ ਨੇ
ਵੀਰਾਂ ਦੇ ਘਰ ਦੀ ਛੱਤ ਲਈ
ਨਿੱਕੇ-ਨਿੱਕੇ ਠੁੰਮ੍ਹਣੇ ਬਣਾਉਂਦੀਆਂ ਨੇ
ਵੀਰਾਂ ਦੇ ਵਿਹੜੇ ਨੂੰ
ਭਾਗਾਂ-ਭਰਿਆ ਆਖ ਵਡਿਆਉਂਦੀਆਂ ਨੇ
ਇਹ ਭੈਣਾਂ ਕੀ ਆਖਦੀਆਂ ਨੇ!

ਭੈਣਾਂ ਤਾਂ ਕੁਝ ਨਹੀਂ ਆਖਦੀਆਂ
ਬਸ, ਵੀਰ ਈ ਸੁਣਦੇ ਨੇ
ਵੀਰ ਭੈਣਾਂ ਦੇ ਦੁੱਖੜੇ ਸੁਣਦੇ ਨੇ
ਜਿਹੜੇ ਉਹ ਦਸਦੀਆਂ ਨਹੀਂ
ਵੀਰ ਭੈਣਾਂ ਦੇ ਹਾਸੇ ਸੁਣਦੇ ਨੇ
ਜਿਹੜੇ ਉਹ ਹੱਸਦੀਆਂ ਨਹੀ!

ਵੀਰ ਭੈਣਾਂ ਦੇ ਸਿਰ ‘ਤੇ ਹੱਥ ਰੱਖਦੇ ਨੇ
ਜਿਹੜੇ ਉਹ ਕਦੇ ਚੁੱਕਦੀਆਂ ਨਹੀ!
ਵੀਰ ਭੈਣਾਂ ਦੇ ਸੁਪਨੇ ਸੁਣਦੇ ਨੇ
ਜਿਹੜੇ ਉਨ੍ਹਾਂ ਦੇ ਜਾਗਣ ‘ਤੇ ਸੌ ਜਾਂਦੇ ਨੇ!

ਵੀਰ ਸੋਚਦੇ ਨੇ!
ਭੈਣਾਂ ਸੋਚਦੀਆਂ ਨਹੀਂ
ਸਮਝਦੀਆਂ-ਸਮਝੌਂਦੀਆਂ ਨੇ!
ਵੀਰ ਸਮਝਦੇ ਨਹੀਂ
ਭੈਣਾਂ ਕੀ ਸਮਝੌਂਦੀਆਂ ਨੇ
ਭੈਣਾਂ ਕੀ ਚਾਹੁੰਦੀਆਂ ਨੇ
ਭੈਣਾਂ ਕੀ ਮੰਗਦੀਆਂ ਨੇ?

ਭੈਣਾਂ ਕੁਝ ਨਹੀਂ ਸਮਝੌਂਦੀਆਂ
ਭੈਣਾਂ ਕੁਝ ਨਹੀਂ ਚਾਹੁੰਦੀਆਂ
ਭੈਣਾਂ ਕੁਝ ਨਹੀਂ ਮੰਗਦੀਆਂ
ਵੀਰਾਂ ਵੱਲੋਂ ਆਉਂਦੀ ਠੰਢੀ ’ਵਾ ਮੰਗਦੀਆਂ ਨੇ
ਵੀਰਾਂ ਦੀਆਂ ਵੱਡੀਆਂ ਉਮਰਾਂ
ਦੀ ਦੁਆ ਮੰਗਦੀਆਂ ਨੇ!
ਭੈਣਾਂ ਸੱਚੀਂ ਕਿੰਨਾ ਕੁਝ ਮੰਗਦੀਆਂ ਨੇ!

ਭੈਣਾਂ ਮੋਹਵੰਤੀਆਂ
ਭੈਣਾਂ ਭਗਵੰਤੀਆਂ
ਸੰਤੀਆਂ ਜਾਂ ਬੰਤੀਆਂ
ਆਪਣੇ ਲਈ ਕੀ ਮੰਗਦੀਆਂ ਨੇ!
ਜੋ ਵੀ ਮੰਗਦੀਆਂ ਨੇ
ਵੀਰਾਂ ਲਈ ਮੰਗਦੀਆਂ ਨੇ!
ਭੈਣਾਂ ਕਿੰਨਾ ਕੁਝ ਮੰਗਦੀਆਂ ਨੇ!

ਧੀਆਂ - ਹਰਜਿੰਦਰ ਸੰਧੂ 

ਜੱਗ ਵਾਲਿਓ ਕਿਉਂ ਧੀਆਂ ਦੇ ਬਣੇ ਵੈਰੀ,
ਕਿਉਂ ਜੰਮਣ ਤੋਂ ਪਹਿਲਾਂ ਧੀਆਂ ਮਾਰਦੇ ਓ?

ਧੀਆਂ ਲੱਛਮੀ ਹੁੰਦੀਆਂ ਨੇ ਘਰ ਦੀ,
ਕਿਉਂ ਤੁਸੀਂ ਲੱਛਮੀ ਪਏ ਦੁਰਕਾਰਦੇ ਓ?

ਧੀਆਂ ਨਾਲ ਹੀ ਸਾਰਾ ਸੰਸਾਰ ਚੱਲੇ,
ਕਿਉਂ ਨਾ ਬਹਿ ਕੇ ਗੱਲ ਵਿਚਾਰਦੇ ਓ?

ਧੀਆਂ ਜੰਮਦੀਆਂ ਰਾਜਾਨ, ਸੂਰਵੀਰ, ਯੋਧੇ,
ਏਸ ਗੱਲ ਨੂੰ ਕਿਉਂ ਨਾਕਾਰਦੇ ਓ?

ਧੀਆਂ ਫਰਸ਼ ਤੋਂ ਅਰਸ਼ ‘ਤੇ ਪਹੁੰਚ ਗਈਆਂ,
ਫਿਰ ਵੀ ਤੁਸੀਂ ਨਾ ਇਨ੍ਹਾਂ ਨੂੰ ਸਤਿਕਾਰਦੇ ਓ।

ਧੀਆਂ ਲੜਨ ਸਰਹੱਦਾਂ ‘ਤੇ ਨਾਲ ਦੁਸ਼ਮਣ,
ਤੁਸੀਂ ਧੀਆਂ ਨੂੰ ਪਏ ਵੰਗਾਰਦੇ ਓ।

ਜੱਗ ਵਾਲਿਓ ਬਦਲ ਲਓ ਸੋਚ ਆਪਣੀ,
ਕਾਹਤੋਂ ਧੀਆਂ ‘ਤੇ ਕਹਿਰ ਗੁਜ਼ਾਰਦੇ ਓ?

‘ਸੰਧੂ’ ਰਾਜਲਹੇੜੀ ਦਾ ਸੱਚ ਕਹਿੰਦਾ,
ਧੀਆਂ ਮਾਰ ਕੇ ਪੁੱਤ ਕਿੱਥੋਂ ਭਾਲਦੇ ਓ?

ਭਾਰੇ ਭਾਰੇ ਬਸਤੇ - ਸੁਰਜੀਤ ਪਾਤਰ 

ਭਾਰੇ ਭਾਰੇ ਬਸਤੇ
ਲੰਮੇ ਲੰਮੇ ਰਸਤੇ
ਥੱਕ ਗਏ ਨੇ ਗੋਡੇ
ਦੁਖਣ ਲੱਗ ਪਏ ਮੋਢੇ
ਐਨਾ ਭਾਰ ਚੁਕਾਇਆ ਏ
ਅਸੀਂ ਕੋਈ ਖੋਤੇ ਆਂ ?

ਟੀਚਰ ਜੀ ਆਉਣਗੇ
ਆ ਕੇ ਹੁਕਮ ਸੁਣਾਉਣਗੇ :
ਚਲੋ ਕਿਤਾਬਾਂ ਖੋਲ੍ਹੋ
ਪਿੱਛੇ ਪਿੱਛੇ ਬੋਲੋ ।
ਪਿੱਛੇ ਪਿੱਛੇ ਬੋਲੀਏ
ਅਸੀਂ ਕੋਈ ਤੋਤੇ ਆਂ ?

ਚਲੋ ਚਲੋ ਜੀ ਚੱਲੀਏ
ਜਾ ਕੇ ਸੀਟਾਂ ਮੱਲੀਏ
ਜੇਕਰ ਹੋ ਗਈ ਦੇਰ
ਕੀ ਹੋਵੇਗਾ ਫੇਰ
ਟੀਚਰ ਜੀ ਆਉਣਗੇ
ਝਿੜਕਾਂ ਖ਼ੂਬ ਸੁਣਾਉਣਗੇ
ਤੁਰੇ ਹੀ ਤਾਂ ਜਾਨੇ ਆਂ
ਅਸੀਂ ਕੋਈ ਖੜੋਤੇ ਆਂ ?


ਬੋਹੜ ਦੀ ਠੰਢੀ ਛਾਂ ਥੱਲੇ - ਗ਼ਜ਼ਲ - ਜਸਵਿੰਦਰ ਸਿੰਘ ‘ਰੁਪਾਲ

ਜਦ-ਜਦ ਵੀ ਆਣ ਖਲੋਇਆ ਹਾਂ, ਬੋਹੜ ਦੀ ਠੰਢੀ ਛਾਂ ਥੱਲੇ।
ਫੁੱਲ ਵਰਗਾ ਹੌਲਾ ਹੋਇਆ ਹਾਂ, ਬੋਹੜ ਦੀ ਠੰਢੀ ਛਾਂ ਥੱਲੇ।


ਫਿਕਰ ਤੇ ਜ਼ਿੰਮੇਵਾਰੀ ਦੀ, ਪੰਡ ਆਪਣੇ ਸਿਰ ਤੋਂ ਲਾਹ ਕੇ ਮੈਂ,
ਆ ਮਿੱਠੀ ਨੀਂਦਰ ਸੋਇਆ ਹਾਂ, ਬੋਹੜ ਦੀ ਠੰਢੀ ਛਾਂ ਥੱਲੇ।


ਮੰਜ਼ਲ ਜਦ ਦੂਰੋਂ ਨਜ਼ਰ ਪਈ, ਕੋਈ ਅਜਬ ਨਜ਼ਾਰਾ ਮਿਲਿਆ ਤਦ,
ਖੁਸ਼ੀਆਂ ਵਿੱਚ ਖੀਵਾ ਹੋਇਆ ਹਾਂ, ਬੋਹੜ ਦੀ ਠੰਢੀ ਛਾਂ ਥੱਲੇ।


ਜਦ-ਜਦ ਵੀ ਦਿਲ ਉਪਰਾਮ ਹੋਇਆ, ਕੋਈ ਯਾਦ ਪਟਾਰੀ ਖੋਲ੍ਹ ਲਈ,
ਤੇ ਖੁਆਬਾਂ ਅੰਦਰ ਖੋਇਆ ਹਾਂ, ਬੋਹੜ ਦੀ ਠੰਢੀ ਛਾਂ ਥੱਲੇ।


ਜੱਗ ਕੋਲੋਂ ਮੁੱਖ ਭਵਾ ਕੇ ਤੇ, ਦਰਦਾਂ ਦਾ ਹਾਣੀ ਹੋ ਬਹਿੰਦਾ,
ਮੈਂ ਛਲ-ਛਲ ਅੱਥਰੂ ਰੋਇਆ ਹਾਂ, ਬੋਹੜ ਦੀ ਠੰਢੀ ਛਾਂ ਥੱਲੇ।


ਇਸ ਪ੍ਰੀਤਾਂ ਵਾਲੀ ਗਾਨੀ ਦਾ, ਹੈ ਇਕ-ਇਕ ਮਣਕਾ ਆਖ ਰਿਹਾ,
ਮੈਂ ਗਿਆ ‘ਰੁਪਾਲ’ ਪਰੋਇਆ ਹਾਂ, ਬੋਹੜ ਦੀ ਠੰਢੀ ਛਾਂ ਥੱਲੇ।


ਪਰਮ-ਪੁਰਖ, ਇਨਸਾਨ ਹੈ ਕਿੱਥੇ - ਡਾ. ਹਰਨੇਕ ਸਿੰਘ ਕੋਮਲ 

ਅੰਨ੍ਹੀ ਦੌੜ ‘ਚ ਸ਼ਾਮਲ ਹੋ ਕੇ
ਇਹ ਬੰਦਾ ਹੈ ਖੂਬ ਦੌੜਿਆ
ਪੁੱਜਾ ਪਰ ਇਨਸਾਨ ਹੈ ਕਿੱਥੇ!

ਮਾਇਆਵਾਦ ਦਾ ਬੰਦਾ ਗੋਲਾ,
ਸ਼ਰਮ-ਧਰਮ ਤੋਂ ਪਾਸਾ ਵੱਟਿਆ
ਬਾਕੀ ਦੀਨ-ਈਮਾਨ ਹੈ ਕਿੱਥੇ!

ਮੱਥੇ ‘ਤੇ ਨਾ ਸੂਰਜ ਚਮਕੇ
ਅੰਦਰੋਂ ਬੰਦਾ ਬੁਝਿਆ-ਬੁਝਿਆ
ਹੋਠਾਂ ਦੀ ਮੁਸਕਾਨ ਹੈ ਕਿੱਥੇ!

ਧਰਤੀ ਦਾ ਸਿਕਦਾਰ ਸੀ ਜਿਹੜਾ
ਹੁਣ ਤਾਂ ਐਵੇਂ ਜੂਨ ਹੰਢਾਵੇ
ਪਹਿਲਾਂ ਵਰਗੀ ਸ਼ਾਨ ਹੈ ਕਿੱਥੇ!

ਨਿੱਕੀਆਂ-ਨਿੱਕੀਆਂ ਗਰਜ਼ਾਂ ਬਦਲੇ
ਬੰਦੇ ਅੱਗੇ ਬੰਦਾ ਝੁਕਦਾ
ਬੰਦੇ ਦਾ ਸਵੈ-ਮਾਨ ਹੈ ਕਿੱਥੇ!

ਸਾਰੀ ਦੁਨੀਆ ਜਿੱਤਣ ਤੁਰਿਆ
ਮਿੱਟੀ ਦੇ ਵਿੱਚ ਅੰਤ ਸਮਾਇਆ
ਦੱਸੋ ਸ਼ਾਹ-ਸੁਲਤਾਨ ਹੈ ਕਿੱਥੇ?

ਪਾਪਾਂ ਬਾਝ ਨਾ ਹੋਵੇ ‘ਕੱਠੀ
ਮੋਇਆਂ ਦੇ ਇਹ ਨਾਲ ਨਾ ਜਾਵੇ
ਬਾਬੇ ਦਾ ਫੁਰਮਾਨ ਹੈ ਕਿੱਥੇ?

ਪੱਥਰਾਂ ਦੇ ਇਸ ਸ਼ਹਿਰ ਦੇ ਅੰਦਰ
ਚਾਰ-ਚੁਫੇਰੇ ਪੱਥਰ ਵਰ੍ਹਦੇ
ਸ਼ੀਸ਼ੇ ਦੀ ਦੁਕਾਨ ਹੈ ਕਿੱਥੇ?

ਪੜ੍ਹ-ਪੜ੍ਹ ਕੇ ਹਾਂ ਕਮਲੇ ਹੋਏ
ਕਿਹੜੇ ਪਾਸੇ ਤੁਰਨਾ ਹੈ ਹੁਣ
ਸਾਨੂੰ ਐਨਾ ਗਿਆਨ ਹੈ ਕਿੱਥੇ!

ਦੇਵਤਿਆਂ ਦੀ ਭੂਮੀ ਸੀ ਜੋ
ਗਿਆਨ ਦੀ ਗੰਗਾ ਵਗਦੀ ਜਿਸ ਥਾਂ
ਮੇਰਾ ਦੇਸ਼ ਮਹਾਨ ਹੈ ਕਿੱਥੇ?

ਦਿਲ-ਦਰਿਆ ‘ਚ ਉਠਦਾ ਸੀ ਜੋ
ਪਾਉਂਦਾ ਸੀ ਜੋ ਡਾਢਾ ਖੌਰੂ
ਮਿੱਤਰੋ, ਉਹ ਤੂਫਾਨ ਹੈ ਕਿੱਥੇ?

ਚਾਰ-ਚੁਫੇਰੇ ਸ਼ੋਰ ਜਿਹਾ ਹੈ
ਕੰਨਾਂ ਦੇ ਵਿਚ ਰਸ ਜੋ ਘੋਲੇ
ਵੰਝਲੀ ਦੀ ਉਹ ਤਾਨ ਹੈ ਕਿੱਥੇ?

ਸ਼ਿਅਰ ਜਿਸ ਦੇ ਸੁੱਚੇ ਮੋਤੀ
ਜਾਓ ਯਾਰੋ, ਲੱਭ ਲਿਆਓ
ਗਾਲਿਬ ਦਾ ਦੀਵਾਨ ਹੈ ਕਿੱਥੇ?

ਆਵੇ ਸਾਵਣ-ਭਾਦੋਂ ਬਣ ਕੇ
ਤਪਦਾ ਹਿਰਦਾ ਠਾਰੇ ਜਿਹੜਾ
ਐਸਾ ਮਿਹਰਬਾਨ ਹੈ ਕਿੱਥੇ?

ਕੂੜ-ਕੁਫਰ ਨੂੰ ਦੂਰ ਨਸਾ ਕੇ
ਸੱਚ ਦਾ ਜੋ ਦੇਵੇ ਹੋਕਾ
ਪਰਮ-ਪੁਰਖ ਇਨਸਾਨ ਹੈ ਕਿੱਥੇ?

ਬੰਦੇ ਨੂੰ ਪਰਖ ਬੰਦੇ - ਗਿਆਨ ਸਿੰਘ ਕੋਹਲੀ 

ਰਤਾ ਕੁ ਅੱਖ ਹਿਲਾ ਕੇ ਦੇਖ, ਰਤਾ ਕੁ ਅੱਖ ਮਿਲਾ ਕੇ ਦੇਖ।
ਦਿੱਸ ਪੈਣੀ ਅਸਲੀਅਤ ਸਾਰੀ, ਰਤਾ ਕੁ ਅੱਖ ਟਿਕਾ ਕੇ ਦੇਖ।

ਇਹ ਜੋ ਲੱਗਦਾ ਮੋਮਨ ਬੀਬਾ, ਸੁੰਦਰ ਸਾਊ ਸੇਵਕ ਸਾਦਿਕ,
ਕੁਰਸੀ ਖਾਤਰ ਵਿਕ ਜਾਵੇਗਾ, ਇਸ ਨੂੰ ਤਾਂ ਅਜ਼ਮਾ ਕੇ ਦੇਖ।

ਆਸ ਲਗਾ ਕੇ ਬੈਠਾ ਲੱਗਦਾ, ਫਸਲੀ ਸੂਹਲ ਬਟੇਰੇ ਵਾਂਗੂੰ,
ਚੁਗ ਜਾਵੇਗਾ ਝੱਟ ਪਟ ਏਹੋ, ਇਸ ਨੂੰ ਚੋਗਾ ਪਾ ਕੇ ਦੇਖ।

ਦੀਨ ਧਰਮ ਤੇ ਸੋਚ ਅਕੀਦੇ, ਕਿੱਦਾਂ ਗੁੱਠੇ ਲੱਗ ਜਾਂਦੇ ਨੇ,
ਸਸਤੀ ਸ਼ੁਹਰਤ ਚੌਧਰ ਵਾਲੀ, ਇਹਨੂੰ ਪੱਠੇ ਪਾ ਕੇ ਦੇਖ।

ਤੋਤੇ ਵਾਂਗੂ ਤੇਰੇ ਪਿੱਛੇ, ਬੋਲੇਗਾ ਇਹ ਤੇਰੀ ਬੋਲੀ,
ਚੂਰੀ ਪਾ ਕੇ ਇਹਨੂੰ ਵੀ ਤੂੰ, ਸੀਤਾ-ਰਾਮ ਸਿਖਾ ਕੇ ਦੇਖ।


ਘੁਟਾਲਾ ਦੌਰ - ਪਰਤਾਪ ਕਠਾਣੀਆਂ


ਦੌਰ ਹੈ ਘੁਟਾਲਿਆਂ ਦਾ, ਤਹਿਲਕਾ ਮਚਾਈ ਜਾਹ।
ਵਾੜ ਖਾਂਦੀ ਖੇਤ ਨੂੰ ਹੈ, ਸਭ ਨੂੰ ਸੁਣਾਈ ਜਾਹ।

ਮਹਿਲੀਂ ਹਾਸੇ ਗੂੰਜਦੇ ਨੇ, ਕੁੱਲੀਆਂ ‘ਚ ਭੁੱਜੇ ਭੰਗ,
ਦੇਸ਼ ਹੈ ਆਜ਼ਾਦ ਭਾਵੇਂ, ਸਮਾਂ ਨਹੀਂ ਭਲਾਈ ਦਾ।

ਚੜ੍ਹੇ ਜਿਸ ਕਾਜ਼ ਲਈ ਸੀ, ਹੱਸ-ਹੱਸ ਫਾਂਸੀ ਸੂਰੇ।
ਅਜੇ ਵੀ ਅਧੂਰਾ ਹੈ ਉਹ, ਰੁਲਦੀ ਲੁਕਾਈ ਆ।

ਸਿਰ ਓਤੇ ਟੋਕਰੀ ਹੈ, ਗਲ ਲੀਰਾਂ ਪਾਟੀਆਂ।
ਖਿੱਚ ਤਸਵੀਰ ਉਹਦੀ, ਕੰਮੀਆਂ ਦੀ ਜਾਈ ਆ।

ਕਵੀਆ ਕਲਮ ਤੇਰੀ, ਵੇਖੀਂ ਕਿਤੇ ਥਿੜਕੇ ਨਾ।
ਹੂੰਝਣੇ ਗੱਦਾਰ ਸਾਰੇ, ਕਰਨੀ ਸਫਾਈ ਆ!!

ਆ ਬੁੱਲ੍ਹਿਆ - ਅਮਰ ਸੂਫੀ 

ਆ ਬੁੱਲ੍ਹਿਆ! ਚੱਲ ਨਾਲ ਮੇਰੇ ਨਾਲ ਤੈਨੂੰ ਆਪਣਾ ਪਿੰਡ ਵਿਖਾਵਾਂ
ਪਿੰਡ ਮੇਰੇ ਦੇ ਰਾਹਾਂ ਦੇ ਵਿੱਚ, ਬੈਠੀਆਂ ਬਿੱਜ-ਬਲਾਵਾਂ।
ਗਲੀਆਂ ਦੇ ਵਿੱਚ ਚਿੱਕੜ ਯਾਰਾ, ਰਾਹਾਂ ਦੇ ਵਿੱਚ ਪਾਣੀ
ਇਹਨੀਂ ਰਾਹੀਂ ਤੁਰਨਾ ਔਖੈ, ’ਕੱਲੀ ਜਿੰਦ ਨਿਮਾਣੀ।
ਅਹਿ ਜੋ ਲਹਿੰਦੇ ਵੰਨੀ ਦੀਂਹਦੈ, ਝਾੜ-ਬੂਟ ਜਿਹਾ ਸੱਜਣਾ,
ਉਥੋਂ ਮੈਨੂੰ ਡਰ ਲੱਗਦਾ ਹੈ, ਉਹ ਨੇ ‘ਪੱਕੀਆਂ’ ਥਾਵਾਂ।

ਆ ਬੁੱਲ੍ਹਿਆ! ਚੱਲ ਨਾਲ ਮੇਰੇ ਨਾਲ ਤੈਨੂੰ ਆਪਣਾ ਪਿੰਡ ਵਿਖਾਵਾਂ
ਪਿੰਡ ਮੇਰੇ ਦੇ ਰਾਹਾਂ ਦੇ ਵਿੱਚ, ਬੈਠੀਆਂ ਬਿੱਜ-ਬਲਾਵਾਂ।


ਆਪਣੇ ਵਿਹੜੇ ਦੇ ਵਿੱਚ ਮੈਂ, ਮੋਹ ਦਾ ਰੁੱਖ ਸੀ ਲਾਇਆ
ਓਸ ਰੁੱਖ ਨੂੰ ਛਾਂਗ ਗਿਐ ਕੋਈ, ਮੇਰੀ ਮਾਂ ਦਾ ਜਾਇਆ।
ਉਸ ਨਿਪੱਤਰੇ ਰੁੱਖ ਨੇ ਸੱਜਣਾ, ਦੱਸ ਹੁਣ ਛਾਂ ਕੀ ਦੇਣੀ,
ਉਹਦੀ ਟੀਸੀ ਉੱਤੇ ਵੇਖ, ਪਾਇਆ ਆਲ੍ਹਣਾ ਕਾਵਾਂ।
ਆ ਬੁੱਲ੍ਹਿਆ! ਚੱਲ ਨਾਲ ਮੇਰੇ ਨਾਲ ਤੈਨੂੰ ਆਪਣਾ ਪਿੰਡ ਵਿਖਾਵਾਂ
ਪਿੰਡ ਮੇਰੇ ਦੇ ਰਾਹਾਂ ਦੇ ਵਿੱਚ, ਬੈਠੀਆਂ ਬਿੱਜ-ਬਲਾਵਾਂ।

ਚੱਲ ਹੁਣ ਗੁਰਦੁਆਰੇ ਚੱਲੀਏ, ਨਾਲੇ ਵੇਖੀਏ ਮੰਦਰ
ਅੰਦਰੋਂ ਮੇਰਾ ਜੀਅ ਨ੍ਹੀਂ ਕਰਦਾ, ਜਾਵਾਂ ਇਨ੍ਹਾਂ ਅੰਦਰ।
ਸੰਖ ਵਜਾਉਣੋਂ ਮੇਰੇ ਸੱਜਣਾ, ਮੂੰਹ ਹੋਇਆ ਇਨਕਾਰੀ,
ਹੱਥ ਸਾਥ ਨਹੀਂ ਦਿੰਦੇ, ਦੱਸ ਟੱਲ ਕਿੰਝ ਖੜਕਾਵਾਂ।
ਆ ਬੁੱਲ੍ਹਿਆ! ਚੱਲ ਨਾਲ ਮੇਰੇ ਨਾਲ ਤੈਨੂੰ ਆਪਣਾ ਪਿੰਡ ਵਿਖਾਵਾਂ
ਪਿੰਡ ਮੇਰੇ ਦੇ ਰਾਹਾਂ ਦੇ ਵਿੱਚ, ਬੈਠੀਆਂ ਬਿੱਜ-ਬਲਾਵਾਂ।

ਆ ਮਿੱਤਰਾ ਹੁਣ ਆਪਾਂ ਦੋਵੇਂ ਯਾਰ ਮੇਰੇ ਘਰ ਚੱਲੀਏ,
ਮੱਥਾ ਟੇਕੀਏ ਸਜਦਾ ਕਰੀਏ, ਦੁਆਰਾ ਉਹਦਾ ਮੱਲੀਏ।
ਤੇਰੇ ਵਾਂਗੂੰ ਉਹਦੇ ‘ਚੋਂ, ਰੱਬ ਵੇਖਣ ਨੂੰ ਜੀਅ ਕਰਦੈ,
ਐਪਰ ਓਹੋ ਮੰਨਦਾ ਨਾਹੀਂ, ਤੂੰ ਦੱਸ ਕਿਵੇਂ ਮਨਾਵਾਂ।

ਮੂੰਹ ਆਈ ਬਾਤ ਨਾਂ ਰਹਿੰਦੀ ਏ. - ਬਾਬਾ ਬੁੱਲੇ ਸ਼ਾਹ 

ਝੂਠ ਆਖਾਂ ਤੇ ਕੁਝ ਬਚਦਾ ਏ, ਸੱਚ ਆਖਿਆਂ ਭਾਂਬੜ ਮੱਚਦਾ ਏ..
ਜੀ ਦੋਹਾਂ ਗੱਲਾਂ ਤੋਂ ਜੱਚਦਾ ਏ, ਜਚ-ਜਚ ਕੇ ਜੀਬਾ ਕਹਿੰਦੀ ਏ..
ਮੂੰਹ ਆਈ ਬਾਤ ਨਾਂ ਰਹਿੰਦੀ ਏ..||

ਜਿਸ ਪਾਇਆ ਭੇਤ ਕਲੰਦਰ ਦਾ, ਰਾਹ ਖੋਜਿਆ ਆਪਣੇਂ ਅੰਦਰ ਦਾ..
ਓਹ ਵਾਸੀ ਹੈ ਸੁੱਖ ਮੰਦਰ ਦਾ, ਜਿੱਥੇ ਕੋਈ ਨਾਂ ਚੜ੍ਹਦੀ ਨਾਂ ਲਹਿੰਦੀ ਏ..
ਮੂੰਹ ਆਈ ਬਾਤ ਨਾਂ ਰਹਿੰਦੀ ਏ..||

ਇੱਕ ਲਾਜ਼ਮ ਬਾਤ ਅਦਬ ਦੀ ਏ, ਸਾਨੂੰ ਬਾਤ ਮਲੂਮੀ ਸਭ ਦੀ ਏ..
ਹਰ-ਹਰ ਵਿੱਚ ਸੂਰਤ ਰੱਬ ਦੀ ਏ, ਕਿਤੇ ਜ਼ਾਹਿਰ ਕਿਤੇ ਛੁਪੇਂਦੀ ਏ..
ਮੂੰਹ ਆਈ ਬਾਤ ਨਾਂ ਰਹਿੰਦੀ ਏ..||

ਏਥੇ ਦੁਨੀਆਂ ਵਿੱਚ ਹਨ੍ਹੇਰਾ ਏ, ਇਹ ਤਿਲਕਣਬਾਜ਼ੀ ਵਿਹੜਾ ਏ..
ਵੜ ਅੰਦਰ ਦੇਖੋ ਕਿਹੜਾ ਏ, ਕਿਓਂ ਖਫ਼ਤਣ ਬਾਹਰ ਢੂੰਡੇਂਦੀ ਏ..
ਮੂੰਹ ਆਈ ਬਾਤ ਨਾਂ ਰਹਿੰਦੀ ਏ..||

ਏਥੇ ਲੇਖਾ ਪਾਓਂ ਪਸਾਰਾ ਏ, ਇਹ ਦਾ ਵੱਖਰਾ ਭੇਤ ਨਿਆਰਾ ਏ..
ਇਹ ਸੂਰਤ ਦਾ ਚਮਕਾਰਾ ਏ, ਜਿਵੇਂ ਚਿਣਗ ਦਾਰੂ ਵਿੱਚ ਪੈਂਦੀ ਏ..
ਮੂੰਹ ਆਈ ਬਾਤ ਨਾਂ ਰਹਿੰਦੀ ਏ..||

ਕਿਤੇ ਨਾਜ਼ ਅਦਾ ਦਿਖਲਾਈਦਾ, ਕਿਤੇ ਹੋ ਰਸੂਲ ਮਿਲਾਈਦਾ..
ਕਿਤੇ ਆਸ਼ਿਕ ਬਣ-ਬਣ ਆਈਦਾ, ਕਿਤੇ ਜਾਨ ਜੁਦਾਈ ਸਹਿੰਦੀ ਏ..
ਮੂੰਹ ਆਈ ਬਾਤ ਨਾਂ ਰਹਿੰਦੀ ਏ..||

ਅਸਾਂ ਪੜ੍ਹਿਆ ਇਲਮ ਤਹਿਕੀਕੀ ਏ, ਓਥੇ ਏਕੋ ਹਰਫ਼ ਹਕੀਕੀ ਏ..
ਹੋਰ ਝਗੜਾ ਸਭ ਵਧੀਕੀ ਏ, ਰੌਲਾ ਪਾ-ਪਾ ਬਹਿੰਦੀ ਏ..
ਮੂੰਹ ਆਈ ਬਾਤ ਨਾਂ ਰਹਿੰਦੀ ਏ..||

ਇਸ ਆਜਿਜ਼ ਦਾ ਕੀ ਹੀਲਾ ਏ, ਰੰਗ ਜ਼ਰਦ ਦਾ ਮੁੱਖੜਾ ਪੀਲਾ ਏ..
ਜਿੱਥੇ ਆਪੇ ਆਪ ਵਸੀਲਾ ਏ, ਓਥੇ ਕੀ ਅਦਾਲਤ ਕਹਿੰਦੀ ਏ..
ਮੂੰਹ ਆਈ ਬਾਤ ਨਾਂ ਰਹਿੰਦੀ ਏ..||

ਬੁੱਲ੍ਹੇ ਸ਼ਾਹ ਅਸਾਂ ਥੀਂ ਵੱਖ ਨਹੀਂ, ਬਿਨ ਸ਼ਹੁ ਥੀਂ ਦੂਜਾ ਕੱਖ ਨਹੀਂ..
ਪਰ ਦੇਖਣ ਵਾਲੀ ਅੱਖ ਨਹੀਂ, ਤਾਹੀਂ ਜਾਨ ਜੁਦਾਈਆਂ ਸਹਿੰਦੀ ਏ..
ਮੂੰਹ ਆਈ ਬਾਤ ਨਾਂ ਰਹਿੰਦੀ ਏ..||

ਸੁਪਨੇ - ਸੁਖਵਿੰਦਰ ਅਮ੍ਰਿਤ 


ਸੁਪਨੇ ਵਿੱਚ ਇਕ ਰੁਖ ਤੇ ਲਿਖਿਆ ਰਾਤੀਂ ਆਪਣਾ ਨਾਮ ਅਸੀਂ
ਦਿਨ ਚੜ੍ਹਦੇ ਨੂੰ ਹੋ ਗਏ ਸਾਰੇ ਜੰਗਲ ਵਿੱਚ ਬਦਨਾਮ ਅਸੀਂ

ਕਿੰਜ ਸਹਿ ਲੈਂਦੇ ਉਹਦੇ ਮੁਖ ਤੇ ਪਲ ਪਲ ਢਲਦੀ ਸ਼ਾਮ ਅਸੀਂ
ਆਪਣੇ ਦਿਲ ਦਾ ਦਗ਼ਦਾ ਸੂਰਜ ਕਰ ‘ਤਾ ਉਹਦੇ ਨਾਮ ਅਸੀਂ

ਇਕ ਇਕ ਕਰਕੇ ਵਿਕ ਗਏ ਆਖ਼ਰ ਤਾਰੇ ਸਾਡੇ ਅੰਬਰ ਦੇ
ਹਾਏ, ਫਿਰ ਵੀ ਤਾਰ ਸਕੇ ਨਾ ਉਸ ਦੀਵੇ ਦੇ ਦਾਮ ਅਸੀਂ

ਇਕ ਮੁੱਦਤ ਤੋਂ ਤਰਸ ਰਹੇ ਨੇ ਖੰਭ ਸਾਡੇ ਪਰਵਾਜ਼ਾਂ ਦੇ
ਭੋਲੇਪਨ ਵਿਚ ਇਕ ਪਿੰਜਰੇ ਨੂੰ ਦਿੱਤਾ ਘਰ ਦਾ ਨਾਮ ਅਸੀਂ

ਪੱਤਾ ਪੱਤਾ ਹੋ ਕੇ ਸਾਡੇ ਵਿਹੜੇ ਦੇ ਵਿਚ ਆਣ ਕਿਰੇ
ਬਿਰਖਾਂ ਦੇ ਵੱਲ ਜਦ ਵੀ ਭੇਜੇ ਮੋਹ-ਭਿੱਜੇ ਪੈਗ਼ਾਮ ਅਸੀਂ

ਹਾਂ, ਉਹਨਾਂ ਦੀ ਲਾਈ ਅੱਗ ਵਿਚ ਸੁਲਗ ਰਹੇ ਹਾਂ ਰਾਤ ਦਿਨੇ
ਕਿੰਜ ਦੇਈਏ ਪਰ ਉਹਨਾਂ ਕੋਮਲ ਫੁੱਲਾਂ ਨੂੰ ਇਲਜ਼ਾਮ ਅਸੀਂ

ਓਧਰ ਸਾਡੇ ਚੰਦ ਨੂੰ ਖਾ ਗਏ ਟੁੱਕ ਸਮਝ ਕੇ ਭੁੱਖੇ ਲੋਕ
ਏਧਰ ਨ੍ਹੇਰੇ ਦੀ ਬੁੱਕਲ ਵਿਚ ਕਰਦੇ ਰਹੇ ਅਰਾਮ ਅਸੀਂ

ਦਹਿਕਦੇ ਅੰਗਿਆਰਾਂ ਤੇ - ਪਾਸ਼ (ਅਵਤਾਰ ਸਿੰਘ)


ਦਹਿਕਦੇ ਅੰਗਿਆਰਾਂ ਤੇ ਸਉਂਦੇ ਰਹੇ ਨੇ ਲੋਕ।
ਇਸ ਤਰ੍ਹਾਂ ਵੀ ਰਾਤ, ਰੁਸ਼ਨਾਉਂਦੇ ਰਹੇ ਨੇ ਲੋਕ।

ਨਾ ਕਤਲ ਹੋਏ, ਨਾ ਹੋਵਣਗੇ ਇਸ਼ਕ ਦੇ ਗੀਤ ਇਹ,
ਮੌਤ ਦੀ ਸਰਦਲ ਤੇ ਬਹਿ, ਗਾਉਂਦੇ ਰਹੇ ਨੇ ਲੋਕ।

ਨ੍ਹੇਰੀਆਂ ਨੂੰ ਜੇ ਭੁਲੇਖਾ ਹੈ, ਹਨੇਰਾ ਪਾਉਣ ਦਾ,
ਨ੍ਹੇਰੀਆਂ ਨੂੰ ਰੋਕ ਵੀ, ਪਾਉਂਦੇ ਰਹੇ ਨੇ ਲੋਕ।

ਜ਼ਿੰਦਗੀ ਦਾ ਜਦ ਕਦੇ, ਅਪਮਾਨ ਕੀਤਾ ਹੈ ਕਿਸੇ,
ਮੌਤ ਬਣ ਕੇ ਮੌਤ ਦੀ, ਆਉਂਦੇ ਰਹੇ ਨੇ ਲੋਕ।

ਤੋੜ ਕੇ ਮਜਬੂਰੀਆਂ ਦੇ, ਸੰਗਲਾਂ ਨੂੰ ਆਦਿ ਤੋਂ,
ਜ਼ੁਲਮ ਦੇ ਗਲ ਸੰਗਲੀ, ਪਾਉਂਦੇ ਰਹੇ ਨੇ ਲੋਕ।

ਇਕ ਖਿਆਲ - ਮਨਜੀਤ ਕੌਰ ਬਰਾੜ 

ਰੱਬਾ! ਮੈਂ ਸੋਚਦੀ ਹਾਂ ਜੇ ਮੈਂ ਰੱਬ ਹੋਵਾਂ,
ਤੂੰ ਹੋਵੇਂ ਔਰਤ ਤਾਂ ਤੈਨੂੰ ਫੇਰ ਪੁੱਛਾਂ।

ਤੇਰੇ ਜੰਮਣ ਤੇ ਘਰ ਵਿੱਚ ਸੋਗ ਪੈ ਜਾਏ,
ਤੈਨੂੰ ਆਖਣ ਪੱਥਰ ਸਾਰੇ, ਫੇਰ ਪੁੱਛਾਂ।

ਬਚਪਨ ਵਿੱਚ ਹੀ ਜਦੋਂ ਤੇਰੀ ਮਾਂ ਮਰ ਜਾਏ,
ਪਿਓ ਹੋਰ ਲਿਆਏ, ਤੈਨੂੰ ਫੇਰ ਪੁੱਛਾਂ।

ਖੋਹ ਕੇ ਗੁੱਡੀ ਉਹ ਤੇਰੇ ਹੱਥਾਂ ਵਿੱਚੋਂ,
ਝਾੜੂ ਜਦੋਂ ਫੜਾ ਦੇ, ਤੈਨੂੰ ਫੇਰ ਪੁੱਛਾਂ।

ਚੌਦਾਂ ਸਾਲ ਦੀ ਬਾਲੜੀ ਨੂੰ ਘੇਰਨ ਚੌਦਾਂ,
ਬਚਾਵੇ ਇਕ ਨਾ ਆ ਕੇ, ਤੈਨੂੰ ਫੇਰ ਪੁੱਛਾ।

ਵਿਆਹ ਹੋ ਜਾਏ, ਤੇਰੀ ਗੋਦੀ ਬਾਲ ਖੇਡਣ,
ਪਤੀ ਮਰ ਜਾਏ ਤੇਰਾ, ਤੈਨੂੰ ਫੇਰ ਪੁੱਛਾਂ।

ਪਿਆਰੇ ਪ੍ਰਤੀ ਬਾਝੋਂ ਨਾ ਤੂੰ ਚਾਹੇਂ ਜੀਣਾ,
ਔਲਾਦ ਦੇਵੇ ਨਾ ਮਰਨ, ਤੈਨੂੰ ਫੇਰ ਪੁੱਛਾਂ।

ਅਨਪੜ੍ਹ ਤੂੰ ਹੋਵੇਂ, ਵਿਲਕਣ ਬੱਚੇ ਭੁੱਖੇ,
ਫਰਿਆਦ ਸੁਣੇ ਨਾ ਕੋਈ, ਤੈਨੂੰ ਫੇਰ ਪੁੱਛਾਂ।

ਔਲਾਦ ਆਪਣੀ ਨੂੰ ਕੁਝ ਬਣਾਉਣ ਖਾਤਰ,
ਕਮਰ ਜਦੋਂ ਤੂੰ ਕੱਸੇਂ, ਤੈਨੂੰ ਫੇਰ ਪੁੱਛਾਂ।

ਭਟਕੇ ਖਿਆਲ ਵਿੱਚ ਰੱਬ ਬਣ ਗਈ ਸੀ ਮੈਂ,
ਕਦੇ ਬਣ ਕੇ ਔਰਤ ਤਾਂ ਵੀ ਵੇਖ ਰੱਬਾ।
ਤੂੰ ਵੀ ਵੇਖ ਰੱਬਾ।

ਕੁੜੀਆਂ ਤੇ ਚਿੜੀਆਂ - ਜਗਜੀਤ ਕੌਰ ਜੀਤ 

ਕਿਉਂ ਧਰਤੀ ‘ਤੇ ਕਾਲ ਪਿਐ,ਕੁੜੀਆਂ ਤੇ ਚਿੜੀਆਂ ਦਾ।
ਕੌਣ ਭਰੂ ਹਰਜਾਨਾ ਮਿੱਧੀਆਂ,ਕਲੀਆਂ ਖਿੜੀਆਂ ਦਾ?

ਨਾ ਛੱਤਾਂ ਵਿੱਚ ਚੀਂ ਚੀਂ ਸੁਣਦੀ,ਨਾ ਵਿਹੜਿਆਂ ਵਿੱਚ ਹਾਸੇ।
ਉਲਝ ਗਿਆ ਏ ਤਾਣਾ,ਨਾਜ਼ੁਕ ਤੰਦਾਂ ਤਿੜੀਆਂ ਦਾ।

ਜ਼ਹਿਰੀ ਪੌਣ ਤੇ ਜ਼ਹਿਰੀ ਪਾਣੀ,ਕੀ ਪੀਵਾ ਕਿੰਝ ਜੀਵਾਂ?
ਵਹਿਸ਼ੀ ਹੋਇਆ ਬੰਦਾ,ਚੜ੍ਹਿਆ ਵਿਸ਼ ਹੈ ਬਿੜ੍ਹੀਆਂ ਦਾ।

ਸੇਕ ਨਾ ਸਕਦੀ ਬੇਬੇ ਅੱਗ,ਬਾਲਾਂ ਦੇ ਸਿਵਿਆਂ ਦੀ।
ਚੁੱਕ ਨਾ ਸਕਦੇ ਬਾਪੂ ਬੋਝ,ਪੁੱਤਾਂ ਦੀਆਂ ਸਿੜ੍ਹੀਆਂ ਦਾ।

ਸ਼ਰਮ ਹਯਾ ਤੋਂ ਆਕੀ ਹੋਏ,ਗਾਇਕਾਂ ਨੂੰ ਆਖਾਂ?
ਅੰਤ ਨਾ ਕਿਧਰੇ ਦਿਸਦਾ,ਲੱਚਰ ਦੌੜਾਂ ਛਿੜੀਆਂ ਦਾ।

ਡਾ. ਲੇਖ ਰਾਜ


ਬੇਫਿਕਰ ਹੋ ਤਾਣ ਚਾਦਰ ਉਹ ਕਦੀਂ ਸੋਇਆ ਨਹੀਂ।
ਸ਼ਿਕਵਿਆਂ ਤੋਂ ਡਰ ਕੇ ਉਸ ਬੂਹਾ ਕਦੀ ਢੋਇਆ ਨਹੀਂ।

ਸੱਚ ਕੁਰਬਾਨੀ ਦਾ ਜਜ਼ਬਾ ਦਿਲ ‘ਚੋਂ ਕਦੀ ਮੋਇਆ ਨਹੀਂ।
ਲੱਖ ਚੱਲੇ ਤੂਫਾਨ ਲੇਕਿਨ ਹੌਸਲਾ ਖੋਇਆ ਨਹੀਂ।

ਨਫਰਤਾਂ ਦੀਆਂ ਨ੍ਹੇਰੀਆਂ ਨੇ ਇਸ ਤਰ੍ਹਾਂ ਆ ਘੇਰਿਆ,
ਪਰ ਕਦੀ ਮੈਦਾਨ ਵਿੱਚ ਉਹ ਮਾਰ ਭੁੱਬ ਰੋਇਆ ਨਹੀਂ।

ਸ਼ਬਦ ਮਰਹਮ ਲੱਖ ਲਗਾਈ ਦੋਸਤਾਂ ਮਿਲ ਬੈਠ ਕੇ,
ਪਰ ਜ਼ਖਮ ਡੂੰਘਾ ਬੜਾ ਸੀ ਮੁੜ ਹਰਾ ਹੋਇਆ ਨਹੀਂ।

ਰਿਸ਼ਤਿਆਂ ਦੇ ਮਲਬਿਆਂ ਦੀ ਖਾਕ ਉਡੂ ਇਸ ਤਰ੍ਹਾਂ
ਜਿਸ ਤਰ੍ਹਾਂ ਇਤਿਹਾਸ ਵਿੱਚ ਪਹਿਲਾਂ ਕਦੀ ਹੋਇਆ ਨਹੀਂ।

ਐ ਹਵਾ ਤੂਫਾਨ ਬਣ ਕੇ ਮੁੜ ਨਾ ਆਵੀਂ ਸਾਡੇ ਘਰ,
ਰੁੱਖ ਜੋ ਪਹਿਲਾਂ ਤੋੜਿਆ ਤੂੰ ਅਜੇ ਹਰਾ ਹੋਇਆ ਨਹੀਂ।

ਸਾਜ਼ਿਸ਼ਾਂ ਨੇ ਇਸ ਕਦਰ ਉਸ ਨੂੰ ਸਿਖਾਏ ਸੀ ਸਬਕ,
ਡਗਮਗਾਉਣਾ ਫਿਰ ਕਦੀ ਪੈਰਾਂ ਦਾ ਮੁੜ ਹੋਇਆ ਨਹੀਂ।

ਕਾਰਨਾਮੇ ਖੂਬਸੂਰਤ ਸਨ ਬੜੇ ਉਸ ਦੇ ਐ ‘ਲੇਖ’
ਪਰ ਕਦੀ ਵੀ ਉਸ ਦੇ ਹੱਕ ਵਿੱਚ ਫੈਸਲਾ ਹੋਇਆ ਨਹੀਂ।

ਗਜ਼ਲ - ਪਰਮਜੀਤ ਕੌਰ ਸਰਹਿੰਦ 

ਔਰਤ ਦੁਰਗਾ ਵੀ ਹੈ ਤੇ ਅਬਲਾ ਵੀ ਹੈ।
ਇਹ ਸਮੀਰ ਵੀ ਹੈ ਤੇ ਸ਼ੁਆ ਵੀ ਹੈ।

ਇਹ ਕਦੇ ਦਿਲ ਨੂੰ ਦਰਦ ਵੀ ਦਿੰਦੀ ਹੈ ਬੜਾ,
ਪਰ ਕਦੇ ਆਪੇ ਬਣਦੀ ਦਵਾ ਵੀ ਹੈ।

ਕਦੇ ਤਾਂ ਧਰਤੀ ‘ਤੇ, ਸਵਰਗ ਸਿਰਜ ਦੇਵੇ,
ਪਰ ਕਦੇ ਉਸ ਨੂੰ ਦਿੰਦੀ ਨਰਕ ਬਣਾ ਵੀ ਹੈ।

ਕਦੇ ਉਸ ਤੋਂ ਕਿਣਕੇ ਜਿੰਨਾ ਨਾ ਛੁਪੇ ਕੁਝ,
ਕਦੇ ਦਿਲ ਵਿੱਚ ਲੈਂਦੀ ਪਹਾੜ ਛੁਪਾ ਵੀ ਹੈ।

ਛੂਹੋ ਜੇ ਇਸ ਨੂੰ ਸੱਚੇ ਤੇ ਸੁੱਚੇ ਮਨੋਂ,
ਇਸ ਦੀ ਛੋਹ ਦੇ ਵਿੱਚ ਅਗੰਮੀ ਨਸ਼ਾ ਵੀ ਹੈ।

ਪਵੇ ਮੈਲੀ ਨਜ਼ਰ ਅਗਰ ਇਸ ‘ਤੇ ਕਿਸੇ ਦੀ,
ਇਹ ਟੱਕਰਦੀ ਉਸ ਨੂੰ ਬਣਕੇ ਕਜ਼ਾ ਵੀ ਹੈ।

ਕੁਰਬਾਨ ਹੋ ਜਾਵੇ ਇਹ ਪਿਆਰ ‘ਤੇ ਅਕਸਰ,
ਮਾਣ ਮੱਤੀ ਇਹ, ਉਮਰਾਂ ਦੀ ਵਫਾ ਵੀ ਹੈ।

ਪਿਆਸੀ ਥੱਲਾਂ ਦੀ ਰੇਤ ਵੀ ਬਣ ਕੇ ਰਹਿ ਜਾਵੇ,
ਕਦੇ ਇਹ ਵਹਿੰਦੀ ਬਣਕੇ ਦਰਿਆ ਵੀ ਹੈ।

ਦੇਵੇ ਇਮਤਿਹਾਨ ਵੀ, ਅੱਗ ‘ਚੋਂ ਵੀ ਲੰਘੇ,
ਕੁਕਨੂਸ ਜਿਹੀ ਇਹ, ਲਾਸਾਨੀ ਕਥਾ ਵੀ ਹੈ।

ਇਹ ਰੱਬ ਦੀ ਹੈ ਰਹਿਮਤ, ਤੇ ਅਜੂਬਾ ਕੋਈ,
ਉਦ੍ਹੀ ਦਿੱਤੀ ਹੋਈ ਸੋਹਣੀ ਜਿਹੀ ਸਜ਼ਾ ਵੀ ਹੈ।

Sunday, 28 October 2012


ਰੰਗਲਾ ( ਗੰਧਲਾ ) ਪੰਜਾਬ ?????? - ਪਰਦਮਣ ਸ਼ਰਮਾ 

ਗੰਧਲੇ - ਪੰਜਾਬ ਦੀ ਬਾਤ ਸੁਣਾਵਾਂ 
ਚਿੜੀਆਂ ਗੁੰਮ ਗਈਆਂ ਸੰਗ ਕਾਵਾਂ 
ਤੇ ਧਰਤੀ , ਖਾਦਾਂ ਕਰਤੀ ਕਾਣੀ 
ਯੂਰੇਨੀਅਮ ਰਲਿਆ ਪੀਏ ਪਾਣੀ ......
ਕਾਹਦੀ ਯਾਰੋ ਬੱਲੇ ਬੱਲੇ ਬੱਲੇ ਬੱਲੇ ਬੱਲੇ ਬੱਲੇ

ਸੇਫ ਨਾ ਇਥੇ , ਅੱਲੜ ਮੁਟਿਆਰਾਂ
ਘੁੰਮਦੀਆਂ ਮੁਸ਼ਟੰਡਿਆਂ ਦੀਆਂ ਡਾਰਾਂ
ਕੇਹੀ "ਤਰੱਕੀ" ਦੇ ਰਾਹ ਚੜਿਆ ?
ਘਰ ਘਰ ਵਿੱਚ ਕੈਂਸਰ ਹੈ ਵੜਿਆ ......
ਕਾਹਦੀ ਯਾਰੋ ਬੱਲੇ ਬੱਲੇ ਬੱਲੇ ਬੱਲੇ ਬੱਲੇ ਬੱਲੇ

ਕੰਨੀ - ਨੱਤੀਆਂ , ਤੇ ਛੱਲੇ - ਛਾਪਾਂ
ਵਾਂਗ ਨਚਾਰਾਂ , ਬਨਾਇਆ ਆਪਾ
ਸੱਦਣ ਬੇਗਾਨੀਆਂ , ਤਾਂਈ ਪੁਰਜ਼ੇ
ਓਏ ! ਕਿਹੜੇ ਰਾਹ ਵੀਰੇ-ਓ ਤੁਰਪੇ ......
ਕਾਹਦੀ ਯਾਰੋ ਬੱਲੇ ਬੱਲੇ ਬੱਲੇ ਬੱਲੇ ਬੱਲੇ ਬੱਲੇ

ਹਾਂ ਸਾਵਣ ਆਵੇ ਤੇ ਮੀਂਹ ਵਰਸਾਵੇ
ਪਰ ਕੋਠਾ ਕੰਮੀਆਂ ਦਾ , ਚੋਅ ਜਾਵੇ
ਰੋਵਣ - ਵਿਲਕਣ , ਬਾਲ - ਨਿਆਣੇ
ਭਿੱਜਣ ਜੋ ਹੁੰਦੇ ਘਰ , ਮੁਠ ਦਾਣੇ ......
ਕਾਹਦੀ ਯਾਰੋ ਬੱਲੇ ਬੱਲੇ ਬੱਲੇ ਬੱਲੇ ਬੱਲੇ ਬੱਲੇ

ਇਥੇ ਜਾਗਣ ਰਾਠ ਚੋਰਾਂ ਤੋਂ ਡਰਦੇ
ਮੱਛਰ ਬਸਤੀਆਂ ਵਿਚ , ਨੇ ਲੜਦੇ
ਚੈਨ ਨਹੀਂ ਸ਼ਾਹੂਕਾਰਾਂ , ਨਾ ਕੰਮੀਆਂ
ਦਾਜ , ਮਾਰੀ ਜਾਂਦਾ ਹੈ ਅਨਜੰਮੀਆਂ ......
ਕਾਹਦੀ ਯਾਰੋ ਬੱਲੇ ਬੱਲੇ ਬੱਲੇ ਬੱਲੇ ਬੱਲੇ ਬੱਲੇ

ਵੀਰੋ ! ਸਭ ਗਾਇਕੋ ਤੇ ਗੀਤਕਾਰੋ
ਜ਼ਰਾ ਕੁ ਕਲਮ ਨੂੰ , ਹੁਣ ਵੰਗਾਰੋ
ਪੀੜੀ ਨਵੀਂ ਨੂੰ , ਕੀ ਛੱਡ ਜਾਣਾ ?
ਲਿਖੋ ਕੁਝ ਐਸਾ , ਸੁਧਰੇ ਜ਼ਮਾਨਾ ......
ਕਾਹਦੀ ਯਾਰੋ ਬੱਲੇ ਬੱਲੇ ਬੱਲੇ ਬੱਲੇ ਬੱਲੇ ਬੱਲੇ

ਬਾਬਲ - ਮਨਜੀਤ ਸੰਧੂ

ਤੇਰਾ ਦਿੱਤਾ ਪਿਆਰ ਵੇ ਬਾਬਲ ਭੁੱਲਦਾ ਨੀ........
ਵਿਹੜੇ ਖੇਡਣ ਦਿਨ ਚਾਰ ਵੇ ਬਾਬਲ ਭੁੱਲਦਾ ਨੀ........

ਤੇਰੇ ਦਮ ਤੇ ਵਿੱਚ ਪ੍ਰਦੇਸੀ ਉਡੱਦੇ ਰਹੇ..........
ਹੁਣ ਕਿਉ ਗਿਉ ਵਿਸਾਰ ਵੇ ਬਾਬਲ ਭੁੱਲਦਾ ਨੀ......

ਤੇਰੇ ਵਰਗੀ ਹਿੰਮਤ ਸਾਡੀ ਕੋਣ ਧਰੂ.......
ਤੇਰਾ ਮੇਰੇ ਸਿਰ ਪਿਆਰ ਵੇ ਬਾਬਲ ਭੁੱਲਦਾ ਨੀ........

ਤੇਰੇ ਨਾਲ ਸੀ ਰੋਸੇ ਤੇ ਅਧਿਕਾਰ ਮੇਰੇ...........
ਕੀਹਨੂੰ ਕਹਾਂ ਪੁਕਾਰ ਵੇ ਬਾਬਲ ਭੁੱਲਦਾ ਨੀ...........

ਬਾਬਲ ਧੀ ਦਾ ਰਿਸ਼ਤਾ ਨਿੱਘ ਏ ਜਿੰਦਗੀ ਦਾ......
ਹੁਣ ਕੋਣ ਲਡਾਉ ਲਾਡ ਵੇ ਬਾਬਲ ਭੁੱਲਦਾ ਨੀ..........

ਅੱਜ ਦੇ ਵਿਛੜੇ ਫੇਰ ਮਿਲਾਗੇ ਦੱਸ ਕਿੱਥੇ??????
ਮੇਰਾ ਇਕੋ ਏ ਸਵਾਲ ਵੇ ਬਾਬਲ ਭੁੱਲਦਾ ਨੀ..........

ਤੇਰਾ ਧੀ ਨੂੰ ਪੁੱਤਰ ਕਹਿ ਬੁਲਾਉਣਾ ਵੀ.......
ਦਿੰਦਾ ਸੀਨਾਂ ਠਾਰ ਵੇ ਬਾਬਲ ਭੁੱਲਦਾ ਨੀ.........

ਜੁੱਗ--ਜੁੱਗ ਵੱਸਣ ਜੱਗ ਤੇ ਸੋਹਣੇ ਵੀਰ ਮੇਰੇ...........
ਪਰ ਤੇਰਾ ਦਿੱਤਾਂ ਪਿਆਰ ਵੇ ਬਾਬਲ ਭੁੱਲਦਾ ਨੀ.........
ਮਨਜੀਤ ਸੰਧੂ


ਸਾਥੀ ਲੁਧਿਆਣਵੀ-ਲੰਡਨ 

ਚਮਕ ਰਹੇ ਸਹਿਰਾਅ ਕਦੇ ਦਰਿਆ ਨਹੀਂ ਹੁੰਦੇ।
ਅੰਦਰੋਂ ਲੋਕੀਂ ਕਿਆ ਤੇ ਬਾਹਰੋਂ ਕਿਆ ਨਹੀਂ ਹੁੰਦੇ।

ਚੰਨ ਸੂਰਜ ਤੋੜਨ ਦੇ ਵਾਅਦੇ ਕਿਆ ਵਾਅਦੇ ਨੇ,
ਉਹ ਵਾਅਦੇ ਵੀ ਕਿਆ ਜੋ ਕਦੇ ਵਫ਼ਾ ਨਹੀਂ ਹੁੰਦੇ।

ਖ਼ਬਰੇ ਪਤਝੜ ਕਿਹੜੇ ਮੋੜ 'ਤੇ ਮਿਲ ਜਾਣੀ ਹੈ,
ਗੁਲਜ਼ਾਰਾਂ ਦੇ ਮਹਿਕੇ ਪਲ ਸਦਾ ਨਹੀਂ ਹੁੰਦੇ।

ਅੰਬਰਾਂ ਤੀਕਰ ਸੇਕ ਇਨਾ੍ਹਂ ਦਾ ਪੁੱਜ ਜਾਂਦਾ ਹੈ,
ਇਸ਼ਕ ਦੇ ਭਾਂਬੜ ਬਹੁਤੀ ਦੇਰ ਦਬਾਅ ਨਹੀਂ ਹੁੰਦੇ।


ਪੱਕੇ ਰੰਗ 'ਚ ਦਿਲ ਦੇ ਉਤੇ ਖ਼ੁਣ ਜਾਂਦੇ ਨੇ,
ਵਸਲਾਂ ਦੇ ਪਲ ਅਕਸਰ ਕਦੇ ਜੁਦਾਅ ਨਹੀਂ ਹੁੰਦੇ।


ਦਰਿਆਵਾਂ ਦੇ ਕੰਢਿਆਂ ਵਰਗੀ ਜੂਨ ਅਸਾਡੀ,
ਪਲ ਪਲ ਭੁਰਦੇ ਜਾਂਦੇ ਸੁਆਸ ਬਚਾਅ ਨਹੀਂ ਹੁੰਦੇ।


ਕਹਿੰਦੇ ਦਰਦ ਛੁਪਾ ਰੱਖੀਦੇ ਦੁਨੀਆਂ ਕੋਲ਼ੋਂ,
ਸਾਥੋਂ ਹੀ ਪਰ ਚੰਦਰੇ ਦਰਦ ਛੁਪਾ ਨਹੀਂ ਹੁੰਦੇ।


ਪਿਆਰਾਂ ਵਾਲ਼ੇ ਖ਼ਤ ਮੈਂ ਕਾਹਨੂੰ ਸਾਂਭ ਰਿਹਾ ਹਾਂ,
ਕਿਉਂ ਇਹ ਖ਼ਤ ਸੱਜਣਾ ਦੇ ਭਲਾ ਜਲ਼ਾਅ ਨਹੀਂ ਹੁੰਦੇ।


ਸ਼ਿਕਵੇ, ਗ਼ਿਲੇ,ਨਿਹੋਰੇ ਸੱਭੋ ਪਿਆਰ ਦੇ ਤੋਹਫ਼ੇ,
ਪਿਆਰ 'ਚ ਆਖ਼ੇ ਬੋਲ ਤਾਂ ਯਾਰ ਖ਼ਤਾਅ ਨਹੀਂ ਹੁੰਦੇ।


ਰੁਸਦੇ ਹਾਂ ਤਾਂ ਕੰਡਿਆਂ ਉਤੇ ਲਿਟ ਜਾਂਦੇ ਨੇ,
ਸਾਥੋਂ ਸੱਜਣ ਏਸ ਕਦਰ ਤੜਪਾਅ ਨਹੀਂ ਹੁੰਦੇ।


ਅੱਜ ਕਲ ਵੀ ਉਹ ਹੱਸ ਕੇ ਅਕਸਰ ਕਹਿ ਦਿੰਦੇ ਨੇ,
''ਸਾਥੀ'' ਬਾਝੋਂ ਰਹਿੰਦੇ ਸਾਲ ਬਿਤਾਅ ਨਹੀਂ ਹੁੰਦੇ।
E mail: drsathi@hotmail.co.uk

ਵਿਰਸਾ / (ਕਵਿਤਾ) - ਰਾਜ ਲੰਗੇਆਣਾ
ਨਾ ਦਿਸਣ ਕਿਤੇ ਤੀਆਂ ਦੇ ਵਿੱਚ,
ਨਾ ਤ੍ਰਿਝੰਣ ਚੋਂ ਮੁਟਿਆਰਾਂ।
ਨਾ ਖੂਹੀ ਤੋਂ ਪਾਣੀ ਭਰਦੀਆਂ,
ਮੋਹਲ ਬਾਕੀਆਂ ਨਾਰਾਂ।
ਨਾ ਸਿਰਾਂ ਤੇ ਫੁਲਕਾਰੀਆਂ ਲੈਂਦੀਆਂ,
ਹੁਸਨ ਦੀਆਂ ਸਰਕਾਰਾਂ।
ਕੁੜੀਆਂ ਜੀਨਾਂ ਪਾਉਣ ਲੱਗੀਆਂ,
ਭੁਲ ਗਈਆਂ ਪੰਜਾਬੀ ਸਿਲਵਾਰਾਂ।
ਨਾ ਪਹਿਲਾ ਵਰਗੀ ਯਾਰੀ ਲੱਭਦੀ,
ਵਿੱਚ ਜੂੰਡੀ ਦੇ ਯਾਰਾਂ।
ਜੱਟ ਵੀ ਗੱਡੇ ਜਾਣ ਭੁੱਲਦੇ,
ਰੱਖਣ ਥੱਲੇ ਕਾਰਾਂ।
ਕੇਸ ਮੁੰਨ ਕੇ ਹੀਰੋ ਬਣਦੇ,
ਨਾ ਬੰਨ੍ਹੀਆਂ ਦਿਸਣ ਦਸਤਾਰਾਂ।
ਮਾੜੇ ਲੈਕਚਰ ਆਉਣ ਟੀ.ਵੀ. ਤੇ,
ਕੋਈ ਨਾ ਸੁਣਦਾ ਢਾਡੀ ਵਾਰਾਂ।
ਸਕੇ ਭਰਾ ਕਦੇ ਫਿਰ ਨਾ ਮਿਲਦੇ,
ਜਿੱਥੇ ਦਿਲ ਵਿੱਚ ਪਈਆਂ ਖਾਰਾਂ।
ਪ੍ਰਦੇਸਾਂ ਦੇ ਵਿੱਚ ਜਾ ਕੇ ਭੁੱਲਗੇ,
ਨਾ ਪੁੱਤ ਲੈਣ ਮਾਵਾਂ ਦੀਆਂ ਸਾਰਾਂ।
ਭੁੱਲਗੇ ਲੋਕ ਪੰਜਾਬੀ ਵਿਰਸਾ,
ਸਭ ਸਮੇਂ ਦੀਆਂ ਨੇ ਮਾਰਾਂ।

ਜ਼ਿੰਦਗੀ - ਸੁਖਵਿੰਦਰ ਅੰਮ੍ਰਿਤ

ਰੇਤ ਹੈ, ਨੀਰ ਹੈ, ਜਾਂ ਹਵਾ ਜ਼ਿੰਦਗੀ
ਹੈ ਸਵਾਲਾਂ ਦਾ ਹੀ ਸਿਲਸਿਲਾ ਜ਼ਿੰਦਗੀ

ਚੰਨ ਸੂਰਜ ਕਈ ਭਾਲਦੇ ਟੁਰ ਗਏ
ਤੇਰਾ ਲੱਗਿਆ ਨਾ ਕੋਈ ਪਤਾ ਜ਼ਿੰਦਗੀ

ਰਾਤ ਦਿਨ ਸੁਆਸ ਦਰ ਸੁਆਸ ਤੁਰਦਾ ਰਹੇ
ਧੁੱਪਾਂ ਛਾਵਾਂ ਦਾ ਹੈ ਕਾਫ਼ਲਾ ਜ਼ਿੰਦਗੀ

ਆਖ਼ਰੀ ਸੁਆਸ ਤਕ ਤੇਰੀ ਖ਼ਾਹਿਸ਼ ਰਹੇ
ਹਾਏ, ਕੈਸਾ ਹੈ ਤੇਰਾ ਨਸ਼ਾ ਜ਼ਿੰਦਗੀ

ਛੱਡ ਕੇ ਤੜਪਦੀ ਖ਼ਾਕ ਨੂੰ, ਐ ਦਿਲਾ
ਹੋ ਹੀ ਜਾਂਦੀ ਹੈ ਇਕ ਦਿਨ ਹਵਾ ਜ਼ਿੰਦਗੀ

ਆਖ਼ਰੀ ਵਕਤ ਅਪਣੀ ’ਸੁਖਨ’ ਨੂੰ ਕਰੀਂ
ਲਾ ਕੇ ਆਪਣੇ ਕਲੇਜੇ ਵਿਦਾ ਜ਼ਿੰਦਗੀ

ਮੇਰੀ ਮਿੱਟੀ ’ਚੋਂ ਕੁਛ ਉਗ ਰਿਹਾ ਹੈ ਜਿਵੇਂ
ਮੈਨੂੰ ਦਿੰਦੀ ਹੈ ਕਿਧਰੇ ਸਦਾ ਜ਼ਿੰਦਗੀ

ਇਕ ਬੂਟਾ ਕਿਕਰ ਦਾ - ਨਜ਼ਮ/ਕਵਿਤਾ / ਮੁਹਿੰਦਰ ਸਿੰਘ ਘੱਗ 

ਸਾਡੇ ਵਿਹੜੇ ਵਿਚ ਇੱਕ ਬੂਟਾ ਕਿਕਰ ਦਾ
ਉਹ ਆਪੇ ਲੱਗਾ ਏ ਜਾਂ ਕਿਸੇ ਨੇ ਲਾਇਆ ਏ
ਜਾਂ ਵਾਵਰੋਲਾ ਕੋਈ ਇਸਦਾ ਬੀਜ ਲਿਆਇਆ ਏ
ਜਾਂ ਕੁਰਸੀ ਦੇ ਭੁੱਖਿਆਂ ਨੇ ਚੌਧਰ ਦੇ ਭੁੱਖਿਆਂ ਨੇ
ਖੁਦਗਰਜ਼ ਆਗੂਆਂ ਨੇ ਇਸ ਨੂੰ ਚਾ ਲਾਇਆ ਏ

ਇਹ ਵਧਦਾ ਹੀ ਜਾਂਦਾ ਏ ਫਲਦਾ ਹੀ ਜਾਂਦਾ ਏ
ਵਿਹੜੇ ਦਾ ਸਾਰਾ ਥਾਂ ਮੱਲਦਾ ਹੀ ਜਾਂਦਾ ਏ
ਇਹਦੀਆਂ ਜੜ੍ਹਾਂ ਨੇ ਵੱਧ ਵੱਧ ਕੇ ਨੀਹਾਂ ਨੂੰ ਹਿਲਾ ਦਿਤਾ
ਕੰਧਾਂ ਨੇ ਪਾਟ ਰਹੀਆਂ ਛੱਤਾਂ ਨੂੰ ਕੰਬਾ ਦਿਤਾ
ਇਸ ਬੂਟੇ ਥੱਲੇ ਹੁਣ ਸੂਲਾਂ ਹੀ ਸੂਲਾਂ ਨੇ
ਇਹ ਤਿੱਖੀਆਂ ਬੜੀਆਂ ਨੇ ਨਿਰੀਆਂ ਧਮਸੂਲਾਂ ਨੇ
ਇਹਨਾਂ ਸਾਡੇ ਪੈਰਾਂ ਨੂੰ ਥਾਂ ਥਾਂ ਤੋਂ ਸੱਲ੍ਹ ਦਿੱਤਾ
ਚਾਵਾਂ ਤੇ ਖੇੜਿਆਂ ਨੂੰ ਹੈ ਗਮ’ਚ ਬਦਲ ਦਿਤਾ

ਸਾਡੇ ਵਿਹੜੇ ਹੁਣ ਤ੍ਰਿੰਝਣ ਨਹੀਂ ਜੁੜ ਸਕਦਾ
ਗਿੱਧਾ ਨਹੀਂ ਪੈ ਸਕਦਾ ਭੰਗੜਾ ਨਹੀਂ ਪੈ ਸਕਦਾ
ਇਸ ਔਂਤੜ ਰੁੱਖੜੇ ਤੇ ਬੁਲਬੁਲ ਕੋਈ ਆਉਂਦੀ ਨਹੀਂ
ਮਿੱਠਾ ਜਿਹਾ ਕੂ ਕਹਿਕੇ ਕੋਈ ਕੋਇਲ ਗਾਉਂਦੀ ਨਹੀਂ
ਇਥੇ ਕਾਂ ਹੀ ਬਹਿੰਦੇ ਨੇ, ਕਾਂ ਕਾਂ ਹੀ ਕਹਿੰਦੇ ਨੇ
ਪਾ ਪਾ ਕੇ ਝੁਰਮਟ ਉਹ ਆ ਵਿਹੜੇ ਬਹਿੰਦੇ ਨੇ
ਸਾਡੇ ਮਾਲ ਢਾਂਡੇ ‘ਤੇ ਆ ਛਾਉਣੀ ਪਾਉਂਦੇ ਨੇ
ਬੱਚਿਆਂ ਤੋਂ ਰੋਟੀ ਵੀ ਖੋਹ ਕੇ ਲੈ ਜਾਂਦੇ ਨੇ

ਇਹਦੇ ਛਾਪੇ ਕੰਡਿਆਲੇ ਪੱਗਾਂ ਵੀ ਲਾਹ ਲੈਂਦੇ
ਹਾਂ ਪੱਗ ਲੁਹਾ ਕੇ ਵੀ ਅਸੀਂ ਖੁਸ਼ੀ ਮਨਾ ਲੈਂਦੇ
ਇਹਦੇ ਤਿੱਖਿਆਂ ਕੰਡਿਆਂ ਨੂੰ ਹਸ ਹਸ ਕੇ ਜਰਦੇ ਹਾਂ
ਕਿਤੇ ਰੁਸ ਹੀ ਜਾਵੇ ਨਾ ਅਸੀਂ ਇਸ ਤੋਂ ਡਰਦੇ ਹਾਂ
ਲੀਡਰ ਦੀ ਹਉਮੈ ਨਾਲ ਇਹ ਵੱਧਦਾ ਫੁਲਦਾ ਹੈ
ਖੁਦਗਰਜ਼ ਜਾਂ ਹੁੰਦੇ ਹਾਂ ਇਹਨੂੰ ਪਾਣੀ ਮਿਲਦਾ ਹੈ
ਕਈਆਂ ਨੇ ਸੂਲਾਂ ਦੀਆਂ ਕਲਮਾਂ ਚਾ ਬਣਾਈਆਂ ਨੇ
ਕਾਗਜ਼ ਦੀ ਹਿੱਕ ਉਤੇ ਫੇਰ ਤਿੱਖੇ ਕੰਡਿਆਂ ਨਾਲ
ਤਿੱਖੇ ਜਿਹੇ ਬੋਲਾਂ ਦੀਆਂ ਲੀਕਾਂ ਵੀ ਵਾਹੀਆਂ ਨੇ

ਇਹ ਸਾਨੂੰ ਮਾਰਦਾ ਹੈ ਅਸੀਂ ਇਸ ਤੇ ਮਰਦੇ ਹਾਂ
ਕੋਈ ਪੁੱਟ ਹੀ ਦੇਵੇ ਨਾ ਅਸੀਂ ਰਾਖੀ ਕਰਦੇ ਹਾਂ
ਆ ਗੱਭਰੂਆ ਦੇਸ਼ ਦਿਆ ਇਹਦੀ ਅਲ਼ਖ ਮੁਕਾ ਦੇਈਏ
ਇਹਦੇ ਛਾਪੇ ਵੱਢ ਵੱਢ ਕੇ ਇਕ ਵਾੜ ਲਗਾ ਦੇਈਏ
ਫੇਰੀ ਖੇਤੀ ਸਾਡੀ ਨਾ ਆ ਗਿੱਦੜ ਖਾਵਣਗੇ
ਸਾਡੇ ਅਰਮਾਨਾਂ ਦਾ ਨਾ ਖੂਨ ਵਹਾਵਣਗੇ