ਗਜ਼ਲ - ਪਰੀਤ ਕੌਰ
ਬੰਨ੍ਹ ਲਗਾਇਆਂ ਰੁਕਦੇ ਨਹੀਂ ਵਹਿਣ ਕਦੇ ਦਰਿਆਵਾਂ ਦੇ ।
ਬਣ ਗਏ ਸ਼ਾਹੂਕਾਰ ਬਥੇਰੇ ਦੁਸ਼ਮਣ ਠੰਡੀਆਂ ਛਾਂਵਾਂ ਦੇ ।
ਹੋ ਕੇ ਤੇ ਮਜ਼ਬੂਰ ਨੇ ਤੁਰ ਗਏ , ਬਹੁਤੇ ਪੁੱਤ ਪਰਦੇਸਾਂ ਨੂੰ ।
ਜੇਠ ਮਾਂਹ ਦੀਆਂ ਧੁੱਪਾਂ ਵਾਂਗੂੰ , ਤਪਣ ਕਾਲਜੇ ਮਾਵਾਂ ਦੇ ।
ਦਿਲਾਂ ਚੋ ਠਾਣੀ ਜਿਹਨਾਂ ਨੇ , ਮੰਜ਼ਿਲ ਤੇ ਹੈ ਪਹੁੰਚਣ ਦੀ ।
ਕੀ ਰੋਕਣਗੇ ਪੈਰ ਉਹਨਾਂ ਦੇ , ਚੰਦਰੇ ਡਰ ਸਜ਼ਾਵਾਂ ਦੇ ।
ਜਿਥੇ ਬਚਪਨ ਬੀਤਿਆ ਸੀ , ਮਿੱਟੀ ਸੰਗ ਮਿੱਟੀ ਹੁੰਦੇ ਰਹੇ ।
ਦਿਲੋਂ ਕਿਵੇਂ ਵਿਸਾਰ ਦਿਆਂ ਮੈਂ , ਚੇਤੇ ਉਹਨਾਂ ਰਾਹਾਂ ਦੇ ।
ਮਾਣ ਕਰੀਂ ਨਾ ਸੋਹਣਿਆ ਕਿਧਰੇ , ਦੌਲਤ , ਹੁਸਨ ਜਵਾਨੀ ਦਾ ।
ਪਲ ਦਾ ਨਹੀ ਭਰੋਸਾ ਕੋਈ , ਸੌਦੇ ਖਰੇ੍ ਨਾ ਸਾਹਾਂ ਦੇ ।
ਰੀਝਾਂ ਨਾਲ ਸੀ ਪਾਲੇ ਜਿਹੜੇ , ਲੈਣ ਨਾ ਸਾਰ ਬਜ਼ੁਰਗਾਂ ਦੀ ।
ਲਹੂ ਹੋ ਗਿਆ ਪਾਣੀ ਜੀਕਣ , ਰਹਿ ਗਏ ਰਿਸ਼ਤੇ ਨਾਵਾਂ ਦੇ ।
ਸੁੱਤੀ ਘੂਕ ਆਤਮਾ ਸਭ ਦੀ , ਫਿਕਰ ਦੇਸ਼ ਦਾ ਕੌਣ ਕਰੇ ?
ਚੂੰਡ ਖਾ ਗਏ ਜਿਸ ਦਾ ਪਿੰਜਰ , ਝੁੰਡ ਹੈੜਿਆਂ ਕਾਵਾਂ ਦੇ ।
ਹ਼ੇ ਮੇਰੇ ਮਾਲਕਾ !! ਜੇ ਬਹੁਤੇ ਲੋਕੀਂ ਵਿਸਾਰ ਗਏ ਪੰਜਾਬੀ ਨੂੰ ।
ਮਾਂ - ਬੋਲੀ ਇਉ ਰੁਲ ਜਾਏਗੀ , ਆਸਰੇ ਬਿਨਾਂ ਦੁਆਵਾਂ ਦੇ ।
No comments:
Post a Comment