ਮੇਰੀ ਮਾਂ ਬੋਲੀ ਪੰਜਾਬੀ - 'ਅਮਰ 'ਸੂਫੀ'
ਮੈਨੂੰ ਜਾਨੋਂ ਵੱਧ ਪਿਆਰੀ, ਮੇਰੀ ਮਾਂ ਬੋਲੀ ਪੰਜਾਬੀ।
ਜਾਵਾਂ ਇਸ ਤੋਂ ਮੈਂ ਬਲਿਹਾਰੀ, ਮੇਰੀ ਮਾਂ ਬੋਲੀ ਪੰਜਾਬੀ।
ਊੜਾ ਤੋਂ ਲੈ ੜਾੜਾ ਤੀਕਰ, ਸਾਰੇ ਪੈਂਤੀ ਅੱਖਰ ਇਸ ਦੇ,
ਲਗ-ਮਾਤਰ ਲਾ ਕੇ ਸ਼ਿੰਗਾਰੀ, ਮੇਰੀ ਮਾਂ ਬੋਲੀ ਪੰਜਾਬੀ।
ਸ਼ੇਖ ਫਰੀਦ ਸ਼ਲੋਕ ਲਿਖੇ, ਸਦੀਆਂ ਪਹਿਲਾਂ ਮਾਖਿਓਂ ਮਿੱਠੇ,
ਉਹ ਬਣ ਗਏ ਬਾਣੀ ਕਰਤਾਰੀ, ਮੇਰੀ ਮਾਂ ਬੋਲੀ ਪੰਜਾਬੀ।
ਜਿਸ ਬੋਲੀ ਵਿੱਚ ਗੁਰੂਆਂ ਨੇ, ਧੁਰ ਕੀ ਬਾਣੀ ਰਚ ਕੇ ਕੀਤਾ,
ਕੰਮ ਇੱਕ ਵੱਡਾ ਪਰਉਪਕਾਰੀ, ਮੇਰੀ ਮਾਂ ਬੋਲੀ ਪੰਜਾਬੀ।
ਵੇਲਾ ਸੀ ਕੋਈ ਅਟਕ ਤੋਂ ਲੈ ਕੇ, ਯਾਰੋ ! ਜਮਨਾ ਪਾਰ ਵੀ ਇਹ,
ਕਰਦੀ ਹੁੰਦੀ ਸੀ ਸਰਦਾਰੀ, ਮੇਰੀ ਮਾਂ ਬੋਲੀ ਪੰਜਾਬੀ।
ਬੁੱਲ੍ਹੇ, ਹਾਸ਼ਮ, ਵਾਰਸ, ਪੀਲੂ, ਸ਼ਾਹ ਮੁਹੰਮਦ ਤੇ ਹੋਰਾਂ ਨੇ,
ਅਪਣੀ ਕਲਮ ਦੇ ਨਾਲ ਸ਼ਿੰਗਾਰੀ, ਮੇਰੀ ਮਾਂ ਬੋਲੀ ਪੰਜਾਬੀ।
ਨਾਨਕ, ਮੋਹਨ, ਸ਼ਰਫ, ਕੰਵਲ, ਸ਼ਿਵ, ਗੁਰਬਖਸ਼, ਅਮਰਿਤਾ ਬਾਵਾ,
ਉਰਦੂ, ਹਿੰਦੀ ਸਮ ਖਲ੍ਹਿਆਰੀ, ਮੇਰੀ ਮਾ ਬੋਲੀ ਪੰਜਾਬੀ।
ਕੁਝ ਲੋਕਾਂ ਨੇ ਬੇ-ਮੁਖ ਹੋ ਕੇ, ਮਾਂ ਨੂੰ ਮੰਨਣੋਂ ਇਨਕਾਰੀ ਹੋ,
ਕੀਤੀ ਹੈ ਇਹ ਮਾਂ ਦੁਖਿਆਰੀ, ਮੇਰੀ ਮਾਂ ਬੋਲੀ ਪੰਜਾਬੀ।
ਮਾਸੀ ਦਾ ਸਤਿਕਾਰ ਕਰੋ, ਪਰ, ਮਾਤਾ ਦੇ ਹੱਕਮਾਰ ਬਣੋ ਨਾ,
ਸਹਿਣ ਨਹੀਂ ਕਰਦੀ ਹੱਕਮਾਰੀ, ਮੇਰੀ ਮਾਂ ਬੋਲੀ ਪੰਜਾਬੀ।
ਦਾਮਨ ਮਗਰੋਂ ਬਾਬਾ ਨਜ਼ਮੀ, ਵਾਘੇ ਪਾਰੋਂ ਜ਼ੋਰ ਲਗਾਵੇ,
ਇਹ ਹੋਵੇ ਬੋਲੀ ਸਰਕਾਰੀ, ਮੇਰੀ ਮਾਂ ਬੋਲੀ ਪੰਜਾਬੀ।
ਕੁਝ ਨਾ-ਸਮਝਾਂ, ਤੁਕ-ਬੰਦਾਂ ਨੇ, ਦਾਮਨ ਇਸ ਦਾ ਦਾਗ਼ੀ ਕੀਤਾ,
ਹਉਕੇ ਭਰੇ ਹਯਾ ਦੀ ਮਾਰੀ, ਮੇਰੀ ਮਾਂ ਬੋਲੀ ਪੰਜਾਬੀ।
ਮੈਂ ਉਹਨਾਂ ਤੋਂ ਸਦਕੇ ਜਾਵਾਂ, ਸੱਤ ਸਮੁੰਦਰ ਪਾਰ ਵੀ ਜਾ ਕੇ,
ਜਿਨ੍ਹਾਂ.ਨੇ ਪਿਆਰੀ ਮਾਂ ਸਤਿਕਾਰੀ, ਮੇਰੀ ਮਾਂ ਬੋਲੀ ਪੰਜਾਬੀ।
ਪਟਰਾਣੀ ਤੋਂ ਗੋਲੀ ਬਣ ਕੇ, ਮੁੜ ਗੋਲੀ ਤੋਂ ਬਣ ਪਟਰਾਣੀ,
ਦੇਵੇ ਹੁਕਮ, ਕਰੇ ਸਰਦਾਰੀ, ਮੇਰੀ ਮਾਂ ਬੋਲੀ ਪੰਜਾਬੀ।
ਤਣ ਕੇ ਹਿੱਕ ਤੁਰੇ ਇਹ ਸੱਜਣੋ! ਤੇ ਸਿਰ ਵੀ ਹੈ ਉੱਚਾ ਰੱਖਦੀ,
ਹੁੰਦੀ ਸੀ ਜੋ ਕਦੇ ਵਿਚਾਰੀ, ਮੇਰੀ ਮਾਂ ਬੋਲੀ ਪੰਜਾਬੀ।
ਛੇ-ਸੱਤ ਕਰੋੜ ਨੇ ਤੇਰੇ ਬੱਚੇ, ਬੈਠੇ ਸਾਰੇ ਜੱਗ ਅੰਦਰ,
ਸਭ ਨੇ ਤੇਰੇ ਹੀ ਹਿਤਕਾਰੀ, ਮੇਰੀ ਮਾਂ ਬੋਲੀ ਪੰਜਾਬੀ।
ਬਾਲ੍ਹੋ, ਮਾਹੀਆ, ਢੋਲੇ, ਟੱਪੇ, ਸਿੱਠਣੀਆਂ ਤੇ ਵਿਆਹ ਦੇ ਗੀਤ,
ਸੁਣ ਕੇ ਰੂਹ ਜਾਏ ਸਰਸ਼ਾਰੀ, ਮੇਰੀ ਮਾਂ ਬੋਲੀ ਪੰਜਾਬੀ।
ਬੇਸ਼ੱਕ ਤੇਰਾ ਘਰ ਛੋਟਾ ਹੈ, ਐਪਰ ਤੂੰ ਵੱਡੇ ਦਿਲ ਵਾਲੀ,
ਸੌ ਵਾਰੀ ਮੈਂ ਤੇਰੇ ਵਾਰੀ ਮੇਰੀ ਮਾਂ ਬੋਲੀ ਪੰਜਾਬੀ।
ਤੱਕ ਮਾਂ! ਤੇਰੇ ਕਲਮੀ ਯੋਧੇ, ਹੱਥੀਂ ਸੁੱਚੀਆਂ ਕਲਮਾਂ ਫੜਕੇ,
ਕਰਦੇ ਤੇਰੀ ਖਾਤਰਦਾਰੀ, ਮੇਰੀ ਮਾਂ ਬੋਲੀ ਪੰਜਾਬੀ।
ਸਾਰੀ.ਉਮਰਾ 'ਸੂਫੀ' ਨੇ ਮਾਂ, ਤੇਰੇ ਸਿਰ 'ਤੇ ਰੋਟੀ ਖਾਧੀ,
ਸਿਰ 'ਤੇ ਤੇਰਾ ਕਰਜ਼ਾ ਭਾਰੀ, ਮੇਰੀ ਮਾਂ ਬੋਲੀ ਪੰਜਾਬੀ।
ਐ ਮਾਂ ਬੋਲੀ ! ਤੇਰਾ ਕਰਜ਼ਾ, ਲਾਹੂ 'ਅਮਰ' ਕਲਮ ਦੇ ਨਾਲ,
ਕਰ ਸਚਿਆਰੀ ਸਾਹਿਤਕਾਰੀ, ਮੇਰੀ ਮਾਂ ਬੋਲੀ ਪੰਜਾਬੀ।
- 'ਅਮਰ 'ਸੂਫੀ'
No comments:
Post a Comment