ਮਾਂ-ਬੋਲੀ ਪੰਜਾਬੀ ਮੇਰੀ - ਮਲੂਕ ਸਿੰਘ ਕਾਹਲੋਂ
ਮਿੱਠੀ ਮਾਖਿਓ ਬੋਲੀ ਪੰਜਾਬੀਆਂ ਦੀ
ਮੈਨੂੰ ਲੱਗਦੀ ਮਾਂ ਦੇ ਸ਼ੀਰ ਵਰਗੀ ।
ਮਸਤ-ਮੌਲੀ ਇਹ ਨੱਚਦੀ ਮੋਰਨੀ ਜਿਹੀ
ਮੈਨੂੰ ਜਾਪਦੀ ਬੁੱਲ੍ਹੇ ਫਕੀਰ ਵਰਗੀ ।
ਜਿਵੇਂ ਸੱਤ ਰੰਗੀ ਪੀਂਘ ਅਸਮਾਨ ਅੰਦਰ
ਵਾਰਸ ਸ਼ਾਹ ਦੀ ਲੱਗਦੀ ਹੀਰ ਵਰਗੀ।
ਬੜੀ ਅਮੀਰ ਤੇ ਇਹ ਹੈ ਮਾਣਮੱਤੀ
ਪਿਆਰ-ਗੁੱਧੀ ਭੈਣ ਤੇ ਵੀਰ ਵਰਗੀ ।
ਬਾਬੇ ਬੋਹੜ ਵਰਗੀ ਕਦੀ ਜਾਪਦੀ ਏ
ਜਾਂ ਫਿਰ ਲੱਗਦੀ ਜੰਡ ਕਰੀਰ ਵਰਗੀ।
ਰੋਹਬ-ਦਾਬ ਵਾਲੀ ਇਹ ਤਾਂ ਸ਼ੇਰਨੀ ਏ
ਖੰਡੇ ਜਹੀ ਇਹ ਤੇਗ ਤੇ ਤੀਰ ਵਰਗੀ।
ਬੋਲੀ ਉਚੀ-ਸੁੱਚੀ, ਮਿੱਠਬੋਲੜੀ ਇਹ
ਜਾਂ ਫਿਰ ਰਾਵੀ-ਝੁਨਾਬ ਦੇ ਨੀਰ ਵਰਗੀ।
ਖੁਰਾਕ ਜਿਸਮ ਤੇ ਰੂਹ ਨੂੰ ਸਕੂਨ ਦੇਵੇ
ਮੱਖਣ, ਮਲਾਈ ਤੇ ਹੈ ਇਹ ਖੀਰ ਵਰਗੀ।
ਇਹਦੀ ਤੱਕਣੀ ਤਿੱਖੀ ਹੈ ਬਾਜ਼ ਨਾਲੋ
ਮਰਦ ਅਗੰਮੜੇ 'ਉੱਚ ਦੇ ਪੀਰ' ਵਰਗੀ ।
ਗਹਿਰ ਗੰਭੀਰ ਇਹ ਬਾਬੇ ਫਰੀਦ ਵਰਗੀ
ਹੈ ਇਹ ਯੁੱਗ ਸ਼ਇਰ, ਨਾਨਕ ਪੀਰ ਵਰਗੀ ।
ਮਿੱਠੀ ਮਾਖਿਓ ਬੋਲੀ ਪੰਜਾਬੀਆਂ ਦੀ
ਮੈਨੂੰ ਲੱਗਦੀ ਮਾਂ ਦੇ ਸ਼ੀਰ ਵਰਗੀ ।
No comments:
Post a Comment