ਦੁਨੀਆਵੀ ਚਲਨ - ਰਵਿੰਦਰ ਸਿੰਘ ਕੁੰਦਰਾ
ਦਿਖਾਂਦੇ ਨੇ ਰਸਤਾ ਦੂਰੋਂ ਹੀ ਸਭ ਲੋਕ,
ਪਰ ਕਦਮ ਦਰ ਕਦਮ ਮਿਲਾਂਦਾ ਨਾ ਕੋਈ।
ਜਲਾਂਦੀ ਹੈ ਦੁਨੀਆ ਤਾਂ ਜਲਦਾ ਹੈ ਦਿਲ,
ਖ਼ੁਦ ਅਪਣਾ ਦਿਲ ਤਾਂ ਜਲਾਂਦਾ ਨਾ ਕੋਈ।
ਸਾਂਝਾ ਕਰ ਲੈਂਦੇ ਨੇ ਹਾਸੇ ਨਾਲ ਹਾਸਾ,
ਪਰ ਰੋਂਦੇ ਲੋਕਾਂ ਨੂੰ ਹਸਾਂਦਾ ਨਾ ਕੋਈ।
ਸੜਦੇ ਨੇ ਸਭ ਜੇ ਮਿਹਨਤ ਕਰੇ ਕੋਈ,
ਭੁੱਖਿਆਂ ਨੂੰ ਰੋਟੀ ਖਿਲਾਂਦਾ ਨਾ ਕੋਈ।
ਕਰਦੇ ਨੇ ਵਾਹ ਵਾਹ ਜਦੋਂ ਚੜ੍ਹੇ ਗੁੱਡੀ,
ਕੱਟੀ ਪਤੰਗ ਨੂੰ ਹੱਥ ਪਾਂਦਾ ਨਾ ਕੋਈ।
ਤਾਰੂਆਂ ਨੂੰ ਸਭੇ ਨਿੱਤ ਕਰਨ ਸਲਾਮਾਂ,
ਡੁੱਬਦੇ ਨੂੰ ਤਿਣਕਾ ਫੜਾਂਦਾ ਨਾ ਕੋਈ।
ਚਲਣ ਹੈ ਦੁਨੀਆ ਦਾ ਕਰਦੇ ਨੇ ਸਭ ਇਹ,
ਲੇਕਿਨ ਚਲਣ ਨਵਾਂ ਬਣਾਂਦਾ ਨਾ ਕੋਈ।
ਕਾਸ਼ ਇਨਸਾਨ ਖ਼ੁਦ ਨੂੰ ਹੀ ਖ਼ੁਦ ਸਮਝ ਲੈਂਦਾ,
ਤਾਂ ਦਿਲ ਫ਼ਿਰ ਕਿਸੇ ਦਾ ਦੁਖਾਂਦਾ ਨਾ ਕੋਈ।
ਨਕਸ਼ਾ ਇਸ ਦੁਨੀਆ ਦਾ ਕੁੱਛ ਹੋਰ ਹੀ ਹੁੰਦਾ,
ਰੱਬ ਜੇ ਇਨਸਾਨ ਹੀ ਬਣਾਂਦਾ ਨਾ ਕੋਈ।
ਰਵਿੰਦਰ ਸਿੰਘ ਕੁੰਦਰਾ
ਕਵੈਂਟਰੀ, ਯੂ ਕੇ
No comments:
Post a Comment