ਪਰਮ-ਪੁਰਖ, ਇਨਸਾਨ ਹੈ ਕਿੱਥੇ - ਡਾ. ਹਰਨੇਕ ਸਿੰਘ ਕੋਮਲ
ਅੰਨ੍ਹੀ ਦੌੜ ‘ਚ ਸ਼ਾਮਲ ਹੋ ਕੇਇਹ ਬੰਦਾ ਹੈ ਖੂਬ ਦੌੜਿਆ
ਪੁੱਜਾ ਪਰ ਇਨਸਾਨ ਹੈ ਕਿੱਥੇ!
ਮਾਇਆਵਾਦ ਦਾ ਬੰਦਾ ਗੋਲਾ,
ਸ਼ਰਮ-ਧਰਮ ਤੋਂ ਪਾਸਾ ਵੱਟਿਆ
ਬਾਕੀ ਦੀਨ-ਈਮਾਨ ਹੈ ਕਿੱਥੇ!
ਮੱਥੇ ‘ਤੇ ਨਾ ਸੂਰਜ ਚਮਕੇ
ਅੰਦਰੋਂ ਬੰਦਾ ਬੁਝਿਆ-ਬੁਝਿਆ
ਹੋਠਾਂ ਦੀ ਮੁਸਕਾਨ ਹੈ ਕਿੱਥੇ!
ਧਰਤੀ ਦਾ ਸਿਕਦਾਰ ਸੀ ਜਿਹੜਾ
ਹੁਣ ਤਾਂ ਐਵੇਂ ਜੂਨ ਹੰਢਾਵੇ
ਪਹਿਲਾਂ ਵਰਗੀ ਸ਼ਾਨ ਹੈ ਕਿੱਥੇ!
ਨਿੱਕੀਆਂ-ਨਿੱਕੀਆਂ ਗਰਜ਼ਾਂ ਬਦਲੇ
ਬੰਦੇ ਅੱਗੇ ਬੰਦਾ ਝੁਕਦਾ
ਬੰਦੇ ਦਾ ਸਵੈ-ਮਾਨ ਹੈ ਕਿੱਥੇ!
ਸਾਰੀ ਦੁਨੀਆ ਜਿੱਤਣ ਤੁਰਿਆ
ਮਿੱਟੀ ਦੇ ਵਿੱਚ ਅੰਤ ਸਮਾਇਆ
ਦੱਸੋ ਸ਼ਾਹ-ਸੁਲਤਾਨ ਹੈ ਕਿੱਥੇ?
ਪਾਪਾਂ ਬਾਝ ਨਾ ਹੋਵੇ ‘ਕੱਠੀ
ਮੋਇਆਂ ਦੇ ਇਹ ਨਾਲ ਨਾ ਜਾਵੇ
ਬਾਬੇ ਦਾ ਫੁਰਮਾਨ ਹੈ ਕਿੱਥੇ?
ਪੱਥਰਾਂ ਦੇ ਇਸ ਸ਼ਹਿਰ ਦੇ ਅੰਦਰ
ਚਾਰ-ਚੁਫੇਰੇ ਪੱਥਰ ਵਰ੍ਹਦੇ
ਸ਼ੀਸ਼ੇ ਦੀ ਦੁਕਾਨ ਹੈ ਕਿੱਥੇ?
ਪੜ੍ਹ-ਪੜ੍ਹ ਕੇ ਹਾਂ ਕਮਲੇ ਹੋਏ
ਕਿਹੜੇ ਪਾਸੇ ਤੁਰਨਾ ਹੈ ਹੁਣ
ਸਾਨੂੰ ਐਨਾ ਗਿਆਨ ਹੈ ਕਿੱਥੇ!
ਦੇਵਤਿਆਂ ਦੀ ਭੂਮੀ ਸੀ ਜੋ
ਗਿਆਨ ਦੀ ਗੰਗਾ ਵਗਦੀ ਜਿਸ ਥਾਂ
ਮੇਰਾ ਦੇਸ਼ ਮਹਾਨ ਹੈ ਕਿੱਥੇ?
ਦਿਲ-ਦਰਿਆ ‘ਚ ਉਠਦਾ ਸੀ ਜੋ
ਪਾਉਂਦਾ ਸੀ ਜੋ ਡਾਢਾ ਖੌਰੂ
ਮਿੱਤਰੋ, ਉਹ ਤੂਫਾਨ ਹੈ ਕਿੱਥੇ?
ਚਾਰ-ਚੁਫੇਰੇ ਸ਼ੋਰ ਜਿਹਾ ਹੈ
ਕੰਨਾਂ ਦੇ ਵਿਚ ਰਸ ਜੋ ਘੋਲੇ
ਵੰਝਲੀ ਦੀ ਉਹ ਤਾਨ ਹੈ ਕਿੱਥੇ?
ਸ਼ਿਅਰ ਜਿਸ ਦੇ ਸੁੱਚੇ ਮੋਤੀ
ਜਾਓ ਯਾਰੋ, ਲੱਭ ਲਿਆਓ
ਗਾਲਿਬ ਦਾ ਦੀਵਾਨ ਹੈ ਕਿੱਥੇ?
ਆਵੇ ਸਾਵਣ-ਭਾਦੋਂ ਬਣ ਕੇ
ਤਪਦਾ ਹਿਰਦਾ ਠਾਰੇ ਜਿਹੜਾ
ਐਸਾ ਮਿਹਰਬਾਨ ਹੈ ਕਿੱਥੇ?
ਕੂੜ-ਕੁਫਰ ਨੂੰ ਦੂਰ ਨਸਾ ਕੇ
ਸੱਚ ਦਾ ਜੋ ਦੇਵੇ ਹੋਕਾ
ਪਰਮ-ਪੁਰਖ ਇਨਸਾਨ ਹੈ ਕਿੱਥੇ?
No comments:
Post a Comment