ਭੈਣਾਂ ਕੀ ਮੰਗਦੀਆਂ ਨੇ - ਅਤੈ ਸਿੰਘ
ਭੈਣਾਂ ਮੋਹਵੰਤੀਆਂਭੈਣਾਂ ਭਗਵੰਤੀਆਂ
ਸੰਤੀਆਂ ਜਾਂ ਬੰਤੀਆਂ
ਜਦੋਂ ਵੀਰਾਂ ਨੂੰ ਯਾਦ ਕਰਦੀਆਂ ਨੇ
ਜਦੋਂ ਵੀਰਾਂ ਨੂੰ ਖਤ ਪਾਉਂਦੀਆਂ ਨੇ
ਜਦੋਂ ਵੀਰਾਂ ਨੂੰ ਅਸੀਸਾਂ ਘੱਲਦੀਆਂ ਨੇ
ਤਾਂ ਕੀ ਕਰਦੀਆਂ ਨੇ:-
ਬਸ, ‘ਵੀਰਾ’ ਆਖਦੀਆਂ ਨੇ
ਤੇ ਚੁੱਪ ਹੋ ਜਾਂਦੀਆਂ ਨੇ!
ਵਰਕਾ ਭਰਦੀਆਂ ਨੇ
ਤੇ ਖਾਲੀ ਘਲਾ ਦੇਂਦੀਆਂ ਨੇ!
‘ਦੁਆ’ ਕਰਦੀਆਂ ਨੇ
ਤੇ ਬੁੱਲ੍ਹ ਮੀਚ ਲੈਂਦੀਆਂ ਨੇ!
ਭੈਣਾਂ ਕਿੰਨਾ ਕੁਝ ਕਰਦੀਆਂ ਨੇ:-
ਵੀਰਾਂ ਨੂੰ ਵੀਰ ਹੋਣ ਦੇ ਆਹਰੇ ਲਾਉਂਦੀਆਂ ਨੇ
ਵੀਰਾਂ ਦੇ ਘਰ ਦੀ ਛੱਤ ਲਈ
ਨਿੱਕੇ-ਨਿੱਕੇ ਠੁੰਮ੍ਹਣੇ ਬਣਾਉਂਦੀਆਂ ਨੇ
ਵੀਰਾਂ ਦੇ ਵਿਹੜੇ ਨੂੰ
ਭਾਗਾਂ-ਭਰਿਆ ਆਖ ਵਡਿਆਉਂਦੀਆਂ ਨੇ
ਇਹ ਭੈਣਾਂ ਕੀ ਆਖਦੀਆਂ ਨੇ!
ਭੈਣਾਂ ਤਾਂ ਕੁਝ ਨਹੀਂ ਆਖਦੀਆਂ
ਬਸ, ਵੀਰ ਈ ਸੁਣਦੇ ਨੇ
ਵੀਰ ਭੈਣਾਂ ਦੇ ਦੁੱਖੜੇ ਸੁਣਦੇ ਨੇ
ਜਿਹੜੇ ਉਹ ਦਸਦੀਆਂ ਨਹੀਂ
ਵੀਰ ਭੈਣਾਂ ਦੇ ਹਾਸੇ ਸੁਣਦੇ ਨੇ
ਜਿਹੜੇ ਉਹ ਹੱਸਦੀਆਂ ਨਹੀ!
ਵੀਰ ਭੈਣਾਂ ਦੇ ਸਿਰ ‘ਤੇ ਹੱਥ ਰੱਖਦੇ ਨੇ
ਜਿਹੜੇ ਉਹ ਕਦੇ ਚੁੱਕਦੀਆਂ ਨਹੀ!
ਵੀਰ ਭੈਣਾਂ ਦੇ ਸੁਪਨੇ ਸੁਣਦੇ ਨੇ
ਜਿਹੜੇ ਉਨ੍ਹਾਂ ਦੇ ਜਾਗਣ ‘ਤੇ ਸੌ ਜਾਂਦੇ ਨੇ!
ਵੀਰ ਸੋਚਦੇ ਨੇ!
ਭੈਣਾਂ ਸੋਚਦੀਆਂ ਨਹੀਂ
ਸਮਝਦੀਆਂ-ਸਮਝੌਂਦੀਆਂ ਨੇ!
ਵੀਰ ਸਮਝਦੇ ਨਹੀਂ
ਭੈਣਾਂ ਕੀ ਸਮਝੌਂਦੀਆਂ ਨੇ
ਭੈਣਾਂ ਕੀ ਚਾਹੁੰਦੀਆਂ ਨੇ
ਭੈਣਾਂ ਕੀ ਮੰਗਦੀਆਂ ਨੇ?
ਭੈਣਾਂ ਕੁਝ ਨਹੀਂ ਸਮਝੌਂਦੀਆਂ
ਭੈਣਾਂ ਕੁਝ ਨਹੀਂ ਚਾਹੁੰਦੀਆਂ
ਭੈਣਾਂ ਕੁਝ ਨਹੀਂ ਮੰਗਦੀਆਂ
ਵੀਰਾਂ ਵੱਲੋਂ ਆਉਂਦੀ ਠੰਢੀ ’ਵਾ ਮੰਗਦੀਆਂ ਨੇ
ਵੀਰਾਂ ਦੀਆਂ ਵੱਡੀਆਂ ਉਮਰਾਂ
ਦੀ ਦੁਆ ਮੰਗਦੀਆਂ ਨੇ!
ਭੈਣਾਂ ਸੱਚੀਂ ਕਿੰਨਾ ਕੁਝ ਮੰਗਦੀਆਂ ਨੇ!
ਭੈਣਾਂ ਮੋਹਵੰਤੀਆਂ
ਭੈਣਾਂ ਭਗਵੰਤੀਆਂ
ਸੰਤੀਆਂ ਜਾਂ ਬੰਤੀਆਂ
ਆਪਣੇ ਲਈ ਕੀ ਮੰਗਦੀਆਂ ਨੇ!
ਜੋ ਵੀ ਮੰਗਦੀਆਂ ਨੇ
ਵੀਰਾਂ ਲਈ ਮੰਗਦੀਆਂ ਨੇ!
ਭੈਣਾਂ ਕਿੰਨਾ ਕੁਝ ਮੰਗਦੀਆਂ ਨੇ!
No comments:
Post a Comment