ਮੂੰਹ ਆਈ ਬਾਤ ਨਾਂ ਰਹਿੰਦੀ ਏ. - ਬਾਬਾ ਬੁੱਲੇ ਸ਼ਾਹ
ਝੂਠ ਆਖਾਂ ਤੇ ਕੁਝ ਬਚਦਾ ਏ, ਸੱਚ ਆਖਿਆਂ ਭਾਂਬੜ ਮੱਚਦਾ ਏ..ਜੀ ਦੋਹਾਂ ਗੱਲਾਂ ਤੋਂ ਜੱਚਦਾ ਏ, ਜਚ-ਜਚ ਕੇ ਜੀਬਾ ਕਹਿੰਦੀ ਏ..
ਮੂੰਹ ਆਈ ਬਾਤ ਨਾਂ ਰਹਿੰਦੀ ਏ..||
ਜਿਸ ਪਾਇਆ ਭੇਤ ਕਲੰਦਰ ਦਾ, ਰਾਹ ਖੋਜਿਆ ਆਪਣੇਂ ਅੰਦਰ ਦਾ..
ਓਹ ਵਾਸੀ ਹੈ ਸੁੱਖ ਮੰਦਰ ਦਾ, ਜਿੱਥੇ ਕੋਈ ਨਾਂ ਚੜ੍ਹਦੀ ਨਾਂ ਲਹਿੰਦੀ ਏ..
ਮੂੰਹ ਆਈ ਬਾਤ ਨਾਂ ਰਹਿੰਦੀ ਏ..||
ਇੱਕ ਲਾਜ਼ਮ ਬਾਤ ਅਦਬ ਦੀ ਏ, ਸਾਨੂੰ ਬਾਤ ਮਲੂਮੀ ਸਭ ਦੀ ਏ..
ਹਰ-ਹਰ ਵਿੱਚ ਸੂਰਤ ਰੱਬ ਦੀ ਏ, ਕਿਤੇ ਜ਼ਾਹਿਰ ਕਿਤੇ ਛੁਪੇਂਦੀ ਏ..
ਮੂੰਹ ਆਈ ਬਾਤ ਨਾਂ ਰਹਿੰਦੀ ਏ..||
ਏਥੇ ਦੁਨੀਆਂ ਵਿੱਚ ਹਨ੍ਹੇਰਾ ਏ, ਇਹ ਤਿਲਕਣਬਾਜ਼ੀ ਵਿਹੜਾ ਏ..
ਵੜ ਅੰਦਰ ਦੇਖੋ ਕਿਹੜਾ ਏ, ਕਿਓਂ ਖਫ਼ਤਣ ਬਾਹਰ ਢੂੰਡੇਂਦੀ ਏ..
ਮੂੰਹ ਆਈ ਬਾਤ ਨਾਂ ਰਹਿੰਦੀ ਏ..||
ਏਥੇ ਲੇਖਾ ਪਾਓਂ ਪਸਾਰਾ ਏ, ਇਹ ਦਾ ਵੱਖਰਾ ਭੇਤ ਨਿਆਰਾ ਏ..
ਇਹ ਸੂਰਤ ਦਾ ਚਮਕਾਰਾ ਏ, ਜਿਵੇਂ ਚਿਣਗ ਦਾਰੂ ਵਿੱਚ ਪੈਂਦੀ ਏ..
ਮੂੰਹ ਆਈ ਬਾਤ ਨਾਂ ਰਹਿੰਦੀ ਏ..||
ਕਿਤੇ ਨਾਜ਼ ਅਦਾ ਦਿਖਲਾਈਦਾ, ਕਿਤੇ ਹੋ ਰਸੂਲ ਮਿਲਾਈਦਾ..
ਕਿਤੇ ਆਸ਼ਿਕ ਬਣ-ਬਣ ਆਈਦਾ, ਕਿਤੇ ਜਾਨ ਜੁਦਾਈ ਸਹਿੰਦੀ ਏ..
ਮੂੰਹ ਆਈ ਬਾਤ ਨਾਂ ਰਹਿੰਦੀ ਏ..||
ਅਸਾਂ ਪੜ੍ਹਿਆ ਇਲਮ ਤਹਿਕੀਕੀ ਏ, ਓਥੇ ਏਕੋ ਹਰਫ਼ ਹਕੀਕੀ ਏ..
ਹੋਰ ਝਗੜਾ ਸਭ ਵਧੀਕੀ ਏ, ਰੌਲਾ ਪਾ-ਪਾ ਬਹਿੰਦੀ ਏ..
ਮੂੰਹ ਆਈ ਬਾਤ ਨਾਂ ਰਹਿੰਦੀ ਏ..||
ਇਸ ਆਜਿਜ਼ ਦਾ ਕੀ ਹੀਲਾ ਏ, ਰੰਗ ਜ਼ਰਦ ਦਾ ਮੁੱਖੜਾ ਪੀਲਾ ਏ..
ਜਿੱਥੇ ਆਪੇ ਆਪ ਵਸੀਲਾ ਏ, ਓਥੇ ਕੀ ਅਦਾਲਤ ਕਹਿੰਦੀ ਏ..
ਮੂੰਹ ਆਈ ਬਾਤ ਨਾਂ ਰਹਿੰਦੀ ਏ..||
ਬੁੱਲ੍ਹੇ ਸ਼ਾਹ ਅਸਾਂ ਥੀਂ ਵੱਖ ਨਹੀਂ, ਬਿਨ ਸ਼ਹੁ ਥੀਂ ਦੂਜਾ ਕੱਖ ਨਹੀਂ..
ਪਰ ਦੇਖਣ ਵਾਲੀ ਅੱਖ ਨਹੀਂ, ਤਾਹੀਂ ਜਾਨ ਜੁਦਾਈਆਂ ਸਹਿੰਦੀ ਏ..
ਮੂੰਹ ਆਈ ਬਾਤ ਨਾਂ ਰਹਿੰਦੀ ਏ..||
No comments:
Post a Comment