Sunday, 28 October 2012


ਗੀਤ - ਮਹਿੰਦਰ ਚੀਮਾ 

ਇਸ਼ਕ ਤੇਰੇ ਦਾ ਚਰਖ਼ਾ ਸੱਜਣਾ ਦਿਲ ਦੇ ਵਿਹੜੇ ਡਾਹਿਆ ਵੇ।
ਗ਼ਮ ਦਾ ਤੱਕਲ਼ਾ ਜਿੰਦ ਦੀ ਪੂਣੀਂ ਯਾਦਾਂ ਦਾ ਤੰਦ ਪਇਆ ਵੇ।

ਸਾਉਣ ਮਹੀਨਾ ਘਟਾ ਕਾਲੀਆਂ ਬੱਦਲ਼ ਚੜ੍ਹ ਚੜ੍ਹ ਆਏ ਵੇ।
ਇਹ ਬੱਦਲ਼ ਤੇ ਨੈਣ ਅਸਾਡੇ ਇੱਕੋ ਮਾਂ ਦੇ ਜਾਏ ਵੇ।
ਦੋਵੇਂ ਲਾਵਣ ਝੜੀਆਂ ਪਰ ਮਨ ਸਾਡਾ ਤਿਰਹਾਇਆ ਵੇ।
ਇਸ਼ਕ ਤੇਰੇ ਦਾ ... 

ਤੱਕਲ਼ਾ ਜੀਭ ਦਮੂਹੀਂ ਸੱਪ ਦੀ ਜਦ ਦੇਵਾਂ ਮੈਂ ਗੇੜਾ ਵੇ।
ਟੁੱਟ ਟੁੱਟ ਜਾਵੇ ਤੰਦ ਏਸਦਾ ਵਿੰਗ ਕਢਾਵੇ ਕਿਹੜਾ ਵੇ।
ਮਨ ਦੇ ਬੋਹੀਏ ਖੁਸ਼ੀ ਗਲੋਟਾ ਇੱਕ ਨਾ ਅੜਿਆ ਪਾਇਆ ਵੇ।
ਇਸ਼ਕ ਤੇਰੇ ਦਾ ...

ਪਿਆਰ ਤੇਲ ਦੇ ਫੰਬੇ ਦੇ ਬਿਨ ਚਰਖ਼ਾ ਚੱਲੇ ਭਾਰਾ ਵੇ।
ਮੇਰੇ ਤਨ ਦਾ ਤਾਣ ਸੂਤ ਲਿਆ ਜੋਬਨ ਵਾਲਾ ਸਾਰਾ ਵੇ।
ਨਰਮ ਕਲਾਈ ਪੈਣ ਕੜੱਲਾਂ ਜਦ ਹੱਥੀ ਹੱਥ ਲਾਇਆ ਵੇ।
ਇਸ਼ਕ ਤੇਰੇ ਦਾ ...

ਵਿੱਚ ਸਮਿਆਂ ਦੇ ਵਾਅ-ਵਰੋਲ਼ੇ ਪੂਣੀ ਉਡ ਉਡ ਜਾਏ ਵੇ।
ਉਮਰਾਂ ਦੇ ਵੀ ਫੰਬੇ ਉਡ-ਉਡ ਮੁੜਕੇ ਹੱਥ ਨਾ ਆਏ ਵੇ।
ਕਿਹੜੀ ਰੁੱਤੇ 'ਚੀਮੇ' ਕੱਤਿਆ ਚਰਖ਼ਾ ਵੀ ਪਛਤਾਇਆ ਵੇ।
ਇਸ਼ਕ ਤੇਰੇ ਦਾ ਚਰਖ਼ਾ ਸੱਜਣਾ ਦਿਲ ਦੇ ਵਿਹੜੇ ਡਾਹਿਆ ਵੇ।

No comments:

Post a Comment