Monday, 29 October 2012


ਬੰਦੇ ਨੂੰ ਪਰਖ ਬੰਦੇ - ਗਿਆਨ ਸਿੰਘ ਕੋਹਲੀ 

ਰਤਾ ਕੁ ਅੱਖ ਹਿਲਾ ਕੇ ਦੇਖ, ਰਤਾ ਕੁ ਅੱਖ ਮਿਲਾ ਕੇ ਦੇਖ।
ਦਿੱਸ ਪੈਣੀ ਅਸਲੀਅਤ ਸਾਰੀ, ਰਤਾ ਕੁ ਅੱਖ ਟਿਕਾ ਕੇ ਦੇਖ।

ਇਹ ਜੋ ਲੱਗਦਾ ਮੋਮਨ ਬੀਬਾ, ਸੁੰਦਰ ਸਾਊ ਸੇਵਕ ਸਾਦਿਕ,
ਕੁਰਸੀ ਖਾਤਰ ਵਿਕ ਜਾਵੇਗਾ, ਇਸ ਨੂੰ ਤਾਂ ਅਜ਼ਮਾ ਕੇ ਦੇਖ।

ਆਸ ਲਗਾ ਕੇ ਬੈਠਾ ਲੱਗਦਾ, ਫਸਲੀ ਸੂਹਲ ਬਟੇਰੇ ਵਾਂਗੂੰ,
ਚੁਗ ਜਾਵੇਗਾ ਝੱਟ ਪਟ ਏਹੋ, ਇਸ ਨੂੰ ਚੋਗਾ ਪਾ ਕੇ ਦੇਖ।

ਦੀਨ ਧਰਮ ਤੇ ਸੋਚ ਅਕੀਦੇ, ਕਿੱਦਾਂ ਗੁੱਠੇ ਲੱਗ ਜਾਂਦੇ ਨੇ,
ਸਸਤੀ ਸ਼ੁਹਰਤ ਚੌਧਰ ਵਾਲੀ, ਇਹਨੂੰ ਪੱਠੇ ਪਾ ਕੇ ਦੇਖ।

ਤੋਤੇ ਵਾਂਗੂ ਤੇਰੇ ਪਿੱਛੇ, ਬੋਲੇਗਾ ਇਹ ਤੇਰੀ ਬੋਲੀ,
ਚੂਰੀ ਪਾ ਕੇ ਇਹਨੂੰ ਵੀ ਤੂੰ, ਸੀਤਾ-ਰਾਮ ਸਿਖਾ ਕੇ ਦੇਖ।

No comments:

Post a Comment