ਸੱਭਿਆਚਾਰ ਦੀ ਨੱਥ ਸਮਾਜ ਦੇ ਹੱਥ - ਸੰਦੀਪ ਕੌਰ ਭੁੱਲਰ
ਗੀਤ-ਸੰਗੀਤ ਰੂਹ ਨੂੰ ਸਕੂਨ ਦੇਣ ਲਈ ਸਭ ਤੋਂ ਵਧੀਆ ਖੁਰਾਕ ਹੈ ਪਰ ਇਹ ਗੱਲ ਪੁਰਾਣੇ ਸਮੇਂ ਵਿੱਚ ਹੀ ਸੋਲ਼ਾਂ ਆਨੇ ਸੱਚ ਹੁੰਦੀ ਸੀ ਕਿਉਂਕਿ ਅੱਜ-ਕੱਲ੍ਹ ਦਾ ਸੰਗੀਤ ਰੂਹ ਤੇ ਮਨ ਨੂੰ ਸ਼ਾਂਤੀ ਦੇਣ ਦੀ ਬਜਾਇ ਭੜਕਾਉਂਦਾ ਹੈ। ਇੱਕ ਤਾਂ ਗੀਤਾਂ ਦੀ ਅਸ਼ਲੀਲ ਸ਼ਬਦਾਵਲੀ ਤੇ ਉ’ਤੋਂ ਗੀਤ ਦੀ ਅੰਗ ਪ੍ਰਦਰਸ਼ਨ ਵਾਲੀ ਵੀਡੀਓ, ਕੀ ਅਸੀਂ ਜਾਣੇ-ਅਣਜਾਣੇ ਵਿੱਚ ਆਪਣੇ-ਆਪ ਤੇ ਆਪਣੀ ਪੀੜ੍ਹੀ ਨਾਲ ਕੋਝਾ ਮਜ਼ਾਕ ਤਾਂ ਨਹੀਂ ਕਰ ਰਹੇ? ਇਸ ਦੇ ਸਿੱਟਿਆਂ ਨੂੰ ਜਾਣਨ ਦੀ ਕਦੀ ਕਿਸੇ ਨੇ ਕੋਸ਼ਿਸ਼ ਨਹੀਂ ਕੀਤੀ।
ਗੀਤ ਤਾਂ ਰੂਹ ਦੀ ਖੁਰਾਕ ਹੈ। ਚੰਗੇ, ਸਾਫ਼-ਸੁਥਰੇ ਅਤੇ ਮਿੱਠੇ ਗੀਤ ਦੇ ਬੋਲਾਂ ਬਗੈਰ ਕਿਸੇ ਸਾਜ਼ ਤੇ ਫ਼ਿਲਮਾਂਕਣ ਦੇ ਵੀ ਦਿਲ ਨੂੰ ਟੁੰਬ ਲੈਂਦੇ ਹਨ ਪਰ ਭੱਦੀ ਸ਼ਬਦਾਵਲੀ, ਲੱਚਰਤਾ, ਨੰਗੇਜ ਤੇ ਦੋਹਰੇ ਅਰਥ ਮਿਲ ਕੇ ਗੀਤ ਸੰਗੀਤ ਦੀ ਸਹੀ ਪਰਿਭਾਸ਼ਾ ਨਾਲ ਕਿਤੇ ਨਾ ਕਿਤੇ ਮਖੌਲ ਕਰ ਰਹੇ ਹਨ।
ਇਸ ਲਈ ਕਿਸੇ ਇੱਕ ਨੂੰ ਕਸੂਰਵਾਰ ਨਹੀਂ ਠਹਿਰਾਇਆ ਜਾ ਸਕਦਾ। ਇਸ ਲਈ ਲੋੜ ਹੈ ਅਜਿਹੇ ਗੀਤ ਲਿਖਣ ਵਾਲਿਆਂ ਨੂੰ ਇਹ ਸਮਝਣ ਦੀ ਕਿ ਉਸ ਦੇ ਲਿਖੇ ਇਹੋ ਜਿਹੀ ਸ਼ਬਦਾਵਲੀ ਦੇ ਗੀਤ ਉਸ ਦੀ ਆਪਣੀ ਮਾਂ, ਧੀ , ਭੈਣ ਵੀ ਸੁਣੇਗੀ ਤੇ ਫਿਰ ਉਹ ਆਪਣੇ ਅਕਸ ਨੂੰ ਕਿੱਥੇ ਤੇ ਕਿਵੇਂ ਲੁਕਾਏਗਾ? ਫਿਰ ਜੇ ਲਿਖਣ ਵਾਲੇ ਨੇ ਲਿਖ ਹੀ ਦਿੱਤਾ ਤਾਂ ਇਹ ਜ਼ਰੂਰੀ ਨਹੀਂ ਕਿ ਇੱਕ ਗਾਇਕ ਆਪਣੇ ਪੱਧਰ ਤੋਂ ਨੀਵਾਂ ਹੋ ਕੇ ਉਸ ਲੱਚਰਤਾ ਵਾਲੇ ਗੀਤ ਨੂੰ ਗਾਵੇ। ਜੇ ਲੋਕ ਕਿਸੇ ਗਾਇਕ ਨੂੰ ਪਸੰਦ ਕਰਦੇ ਹਨ ਤਾਂ ਉਸ ਦਾ ਵੀ ਇਹ ਫ਼ਰਜ਼ ਬਣਦਾ ਹੈ ਕਿ ਉਹ ਲੋਕਾਂ ਤਕ ਕੋਈ ਚੰਗਾ, ਆਸਵੰਦ, ਤੇ ਪਰਿਵਾਰ ਵਿੱਚ ਬੈਠ ਕੇ ਵੇਖਣ ਤੇ ਸੁਣਨ ਵਾਲਾ ਗੀਤ ਲੋਕਾਂ ਦੇ ਸਾਹਮਣੇ ਪੇਸ਼ ਕਰੇ। ਸਿਰਫ਼ ਕੁਝ ਕੁ ਪਲਾਂ ਦੀ ਵਾਹ-ਵਾਹ ਤੇ ਪੈਸੇ ਦੇ ਲਾਲਚ ਵਿੱਚ ਆਪਣੀ ਗਾਇਕੀ, ਕਲਾ ਤੇ ਈਮਾਨ ਨਾਲ ਧੋਖਾ ਨਾ ਕਰੋ।
ਪਹਿਲਾਂ ਗੀਤ ਗਾਉਣ ਵਾਲੇ ਤੂੰਬੀ, ਚਿਮਟਾ, ਛੈਣੇ, ਡਫਲੀ ਆਦਿ ਸਾਜ਼ਾਂ ਦੀ ਵਰਤੋਂ ਕਰਦੇ ਸਨ ਪਰ ਹੁਣ ਤਾਂ ਗੀਤ ਗਾਉਣ ਵਾਲੇ ਵੰਨ-ਸੁਵੰਨੇ ਸਾਜ਼ ਤੇ ਆਸੇ-ਪਾਸੇ ਅਧਨੰਗੀਆਂ ਕੁੜੀਆਂ ਦੇ ਝੁਰਮਟ ਨੂੰ ਹੀ ਆਪਣੀ ਸਫ਼ਲਤਾ ਦਾ ਰਾਜ਼ ਸਮਝਦੇ ਹਨ। ਉਨ੍ਹਾਂ ਨੂੰ ਸਿਰਫ਼ ਪੈਸਾ ਕਮਾਉਣ ਨਾਲ ਮਤਲਬ ਹੈ।
ਕੁਝ ਚੁਣੀਂਦੇ ਗਾਇਕਾਂ ਨੂੰ ਛੱਡ ਕੇ ਬਾਕੀ ਤਾਂ ਸਾਰੇ ਬਸ ਪੈਸੇ ਦੇ ਹੀ ਪੁੱਤ ਬਣੇ ਹੋਏ ਹਨ। ਪੂਰੀ ਦੁਨੀਆਂ ਵਿੱਚ ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਗਾਇਕ ਆਪਣੇ ਆਪ ਨੂੰ ਗੁਰਦਾਸ ਮਾਨ ਤੋਂ ਉ’ਪਰ ਮੰਨਦਾ ਹੋਵੇਗਾ ਪਰ ਗੁਰਦਾਸ ਮਾਨ ਨੇ ਕਦੇ ਵੀ ਆਪਣੇ ਗੀਤਾਂ ਦੇ ਬੋਲਾਂ, ਵੀਡੀਓ ਵਿੱਚ ਅਸ਼ਲੀਲਤਾ ਅਤੇ ਅੰਗ ਪ੍ਰਦਰਸ਼ਨ ਨੂੰ ਆਪਣੀ ਆਵਾਜ਼ ਦੇ ਜਾਦੂ, ਬੋਲਾਂ ਦੀ ਕਸ਼ਿਸ਼ ਤੇ ਆਪਣੀ ਗਾਇਕੀ ਦੇ ਪੱਧਰ ਤੋਂ ਉ’ਚਾ ਨਹੀਂ ਹੋਣ ਦਿੱਤਾ।
ਬਾਕੀ ਰਹਿ ਗਈ ਵੀਡੀਓ ਕੰਪਨੀਆਂ ਦੀ ਗੱਲ ਤਾਂ ਉਨ੍ਹਾਂ ਲਈ ਇਹੀ ਕਹਾਂਗੀ ਕਿ ਆਪਣੀਆਂ ਕੈਸਿਟਾਂ, ਸੀਡੀਜ਼ ਆਦਿ ਨੂੰ ਚਲਾਉਣ ਲਈ ਅਸ਼ਲੀਲ ਦ੍ਰਿਸ਼ਾਂ ਦਾ ਸਹਾਰਾ ਲੈਣ ਦੀ ਬਜਾਇ ਜੇ ਪੰਜਾਬੀਅਤ ਦੇ ਰੰਗ ਵਿੱਚ ਰੰਗੀ ਧਰਤੀ, ਸੁਲਝੇ ਹੋਏ ਪਹਿਰਾਵੇ ਵਿੱਚ ਪੰਜਾਬਣ ਮੁਟਿਆਰਾਂ ਅਤੇ ਪਰਿਵਾਰ ਵਿੱਚ ਬੈਠ ਕੇ ਵੇਖਣ ਵਾਲੇ ਦ੍ਰਿਸ਼ ਫ਼ਿਲਮਾਉਂਗੇ ਤਾਂ ਵੀ ਤੁਹਾਡੀਆਂ ਕੰਪਨੀਆਂ ਦਿਨ ਦੁੱਗਣੀ ਤੇ ਰਾਤ ਚੌਗੁਣੀ ਤਰੱਕੀ ਕਰਨਗੀਆਂ ਕਿਉਂਕਿ ਅੱਜ ਦੇ ਸਰੋਤੇ ਚੰਗਾ ਸੁਣਨਾ ਤੇ ਚੰਗਾ ਵੇਖਣਾ ਲੋਚਦੇ ਹਨ।
ਇਸ ਨੰਗੇਜਤਾ ਦੇ ਦੌਰ ਨੂੰ ਬੰਦ ਕਰਨ ਵਿਚ ਸਭ ਤੋਂ ਅਹਿਮ ਯੋਗਦਾਨ ਤਾਂ ਆਮ ਲੋਕਾਂ ਦਾ ਹੀ ਹੈ। ਸੱਚ ਜਾਣਿਓ ਜੇ ਇੱਕ ਵਾਰੀ ਹੰਭਲਾ ਮਾਰ ਕੇ ਇੱਕਜੁਟ ਹੋ ਕੇ ਤੁਸੀਂ ਸਾਰੇ ਇਸ ਅਸ਼ਲੀਲਤਾ ਦੇ ਵਿਰੁੱਧ ਡਟ ਗਏ ਤਾਂ ਦੁਨੀਆਂ ਦੀ ਕੋਈ ਵੀ ਤਾਕਤ ਤੁਹਾਡੇ ਅੱਗੇ ਵਧਦੇ ਕਦਮਾਂ ਨੂੰ ਰੋਕ ਨਹੀਂ ਸਕਦੀ।
ਬੰਦ ਕਰ ਦਿਉ ਅਜਿਹੇ ਚੈਨਲਾਂ ਨੂੰ ਵੇਖਣਾ ਜਿਨ੍ਹਾਂ ਵਿੱਚ ਤੁਹਾਨੂੰ ਆਪਣੀ ਹੀ ਧੀ-ਭੈਣ ਛੋਟੇ-ਛੋਟੇ ਕੱਪੜਿਆਂ ਵਿੱਚ ਨਜ਼ਰ ਆਵੇ। ਨਾ ਖਰੀਦੋ ਅਜਿਹੀਆਂ ਸੀਡੀਜ਼ ਜਿਨ੍ਹਾਂ ਵਿੱਚ ਤੁਹਾਡੇ ਜ਼ਮੀਰ ਦਾ ਗਲਾ ਘੁੱਟਿਆ ਜਾ ਰਿਹਾ ਹੋਵੇ। ਆਪਣਾ ਵਜੂਦ ਪਛਾਣੋ।
ਜੇ ਤੁਸੀਂ ਚੰਗੇ ਸਰੋਤੇ ਬਣ ਕੇ ਵਿਚਰੋਗੇ ਤਾਂ ਤੁਹਾਡੇ ਅੱਗੇ ਵੀ ਚੰਗਾ ਹੀ ਪਰੋਸਿਆ ਜਾਵੇਗਾ। ਇੱਕ ਗੱਲ ਜੇ ਕਦੀ ਵਿਹਲ ਮਿਲੇ ਤਾਂ ਸੋਚ ਕੇ ਵੇਖਿਓ ਕਿ ਲੇਖਕ, ਗਾਇਕ ਤੇ ਕੰਪਨੀਆਂ ਵਾਲੇ ਜੋ ਕੁਝ ਵੀ ਕਰਦੇ ਹਨ ਆਪਣੇ ਫਾਇਦੇ ਲਈ ਕਰਦੇ ਹਨ ਪਰ ਤੁਹਾਨੂੰ ਕੀ ਫਾਇਦਾ?
ਪੰਜਾਬੀ ਫ਼ਿਲਮ ਇੰਡਸਟਰੀ ਨੇ ਤਰੱਕੀ ਤਾਂ ਕਰ ਲਈ ਹੈ ਪਰ ਵਿਸ਼ਾ ਚੁਣਨ ਵਿੱਚ ਅੱਜ ਵੀ ਉਹ ਬਹੁਤ ਪਿੱਛੇ ਹਨ। ਇਹ ਸੋਚਣ ਵਾਲੀ ਗੱਲ ਹੈ ਕਿ ਹਿੰਦੀ ਫ਼ਿਲਮ ਇੰਡਸਟਰੀ ਦੇ ਮੰਨੇ-ਪ੍ਰਮੰਨੇ ਲੋਕ ਪੰਜਾਬੀਅਤ ਤੋਂ ਇੰਨੇ ਪ੍ਰਭਾਵਿਤ ਹਨ ਕਿ ਉਹ ਪੰਜਾਬ ਦੀ ਧਰਤੀ ਨਾਲ ਜੁੜਨਾ ਵਧੇਰੇ ਪਸੰਦ ਕਰਦੇ ਹਨ। ’ਚੱਕ ਦੇ ਇੰਡੀਆ’ ਅਤੇ ਹੁਣ ਸ਼ੁਰੂ ਹੋਣ ਜਾ ਰਹੀ ਫ਼ਿਲਮ ‘ਭਾਗ ਮਿਲਖਾ ਭਾਗ’ ਹਿੰਦੀ ਵਿੱਚ ਕਿਉਂ ਬਣ ਰਹੀ ਹੈ? ਕੀ ਪੰਜਾਬ ਦੀ ਧਰਤੀ ’ਤੇ ਬਿਖਰੇ ਹੀਰੇ ਮੋਤੀ ਪੰਜਾਬੀਆਂ ਨੂੰ ਨਹੀਂ ਦਿਸਦੇ?
ਜੇ ਅਸੀਂ ਇਸ ਵਿਗੜ ਰਹੇ ਗੀਤ-ਸੰਗੀਤ ਦੇ ਪ੍ਰਬੰਧ ਨੂੰ ਸੁਧਾਰਨਾ ਹੈ ਤਾਂ ਸਿਰਫ਼ ਕਿਸੇ ਇੱਕ ਦੇ ਕੋਸ਼ਿਸ਼ ਕਰਨ ਨਾਲ ਕੁਝ ਨਹੀਂ ਬਣਨਾ। ਸਾਨੂੰ ਸਾਰਿਆਂ ਨੂੰ ਹੀ ਬਦਲਣਾ ਪਵੇਗਾ। ਗੀਤ ਲਿਖਣ ਵਾਲਿਆਂ ਨੂੰ ਉ¤ਚ ਸ਼ੈਲੀ ਦੇ ਚੁਣੀਂਦੇ ਵਿਸ਼ੇ ਲੈ ਕੇ ਗੀਤ ਲਿਖਣੇ ਪੈਣਗੇ, ਗੀਤ ਗਾਉਣ ਵਾਲਿਆਂ ਨੂੰ ਪੈਸੇ ਇਕੱਠੇ ਕਰਨ ਦਾ ਲਾਲਚ ਛੱਡ ਕੇ ਸਾਫ਼-ਸੁਥਰੀ ਤੇ ਵਧੀਆ ਸ਼ਬਦਾਵਲੀ ਦੇ ਗੀਤਾਂ ਦੀ ਚੋਣ ਕਰਨੀ ਪਵੇਗੀ।
ਸੰਗੀਤ ਕੰਪਨੀਆਂ ਨੂੰ ਵੀ ਇਸ ਲੱਚਰਤਾ ਨੂੰ ਖਤਮ ਕਰਨ ਵਿੱਚ ਸਹਿਯੋਗ ਦੇਣਾ ਪਵੇਗਾ। ਵੀਡੀਓ ਫ਼ਿਲਮਾਂਕਣ ਇਸ ਤਰ੍ਹਾਂ ਦਾ ਕਰਨਾ ਪਵੇਗਾ ਕਿ ਘੱਟੋ-ਘੱਟ ਪਰਿਵਾਰਕ ਮੈਂਬਰ ਟੀ ਵੀ ’ਤੇ ਪੰਜਾਬੀ ਗੀਤਾਂ ਦੇ ਚੈਨਲ ਤਾਂ ਇਕੱਠੇ ਬੈਠ ਕੇ ਵੇਖ ਸਕਣ। ਆਮ ਲੋਕਾਂ, ਦਰਸ਼ਕਾਂ, ਸਰੋਤਿਆਂ ਨੂੰ ਵੀ ਇਸ ਤਰ੍ਹਾਂ ਦੇ ਭੱਦੀ ਸ਼ਬਦਾਵਲੀ ਤੇ ਭੜਕਾਊ ਸ਼ਬਦਾਂ ਵਾਲੇ ਗੀਤਾਂ ਦਾ ਵਿਰੋਧ ਕਰਨਾ ਪਵੇਗਾ ਤੇ ਆਪਣੀ ਪਸੰਦ ਉਨ੍ਹਾਂ ਨੂੰ ਦੱਸਣੀ ਪਵੇਗੀ।
ਗੀਤਾਂ ਦੀ ਸ਼ਬਦਾਵਲੀ ਇਸ ਤਰ੍ਹਾਂ ਦੀ ਹੋਵੇ ਕਿ ਸਰੋਤਿਆਂ ਦੇ ਦਿਲਾਂ ਨੂੰ ਧੁਰ ਤਾਈਂ ਕੀਲ ਦੇ ਜਾਣ। ਮਾਂਵਾਂ ਧੀਆਂ ਦੇ ਗੀਤ, ਪਿਉ-ਧੀ ਦੇ ਗੀਤ, ਭੈਣ-ਭਰਾ ਦੇ ਗੀਤ, ਪੰਜਾਬ ਦੇ ਗੀਤ, ਪੰਜਾਬ ਦੀ ਮਿੱਟੀ ਦੇ ਗੀਤ, ਪਿੰਡ ਦੀਆਂ ਗਲੀਆਂ ਦੇ ਗੀਤ, ਸਹੇਲੀਆਂ ਦੇ ਗੀਤ, ਭੈਣਾਂ ਦੇ ਗੀਤ ਆਦਿ ਆਸ਼ਕੀ-ਮਾਸ਼ੂਕੀ ਤੋਂ ਬਿਨਾਂ ਵੀ ਬਹੁਤ ਵਿਸ਼ੇ ਹਨ। ਕਿਉਂ ਅਸੀਂ ਦਿਨ-ਬ-ਦਿਨ ਲੱਚਰਤਾ ਨੂੰ ਆਪਣੇ ਘਰਾਂ ਵਿੱਚ ਆਉਣ ਦਾ ਆਪੇ ਹੀ ਸੱਦਾ ਦੇ ਰਹੇ ਹਾਂ? ਮੈਨੂੰ ਪੂਰੀ ਉਮੀਦ ਹੈ ਕਿ ਜੇ ਅਸੀਂ ਸਾਰੇ ਮਿਲ ਕੇ ਇਸ ਗੱਲ ਦਾ ਵਿਰੋਧ ਕਰੀਏ ਤਾਂ ਇਹ ਅਸ਼ਲੀਲ ਗੀਤ ਤੇ ਵੀਡੀਓ ਇੱਕ ਦਿਨ ਬਿਲਕੁਲ ਖ਼ਤਮ ਹੋ ਜਾਣਗੇ। ਲੋੜ ਹੈ ਬਸ ਸੁਚੇਤ ਹੋਣ ਦੀ ਅਤੇ ਆਪਣੇ ਵਿਰਸੇ ਦਾ ਪੱਲਾ ਫੜੀ ਰੱਖਣ ਦੀ।
- ਸੰਦੀਪ ਕੌਰ ਭੁੱਲਰ
No comments:
Post a Comment