ਗਜ਼ਲ - ਪਰਮਜੀਤ ਕੌਰ ਸਰਹਿੰਦ
ਔਰਤ ਦੁਰਗਾ ਵੀ ਹੈ ਤੇ ਅਬਲਾ ਵੀ ਹੈ।
ਇਹ ਸਮੀਰ ਵੀ ਹੈ ਤੇ ਸ਼ੁਆ ਵੀ ਹੈ।
ਇਹ ਕਦੇ ਦਿਲ ਨੂੰ ਦਰਦ ਵੀ ਦਿੰਦੀ ਹੈ ਬੜਾ,
ਪਰ ਕਦੇ ਆਪੇ ਬਣਦੀ ਦਵਾ ਵੀ ਹੈ।
ਕਦੇ ਤਾਂ ਧਰਤੀ ‘ਤੇ, ਸਵਰਗ ਸਿਰਜ ਦੇਵੇ,
ਪਰ ਕਦੇ ਉਸ ਨੂੰ ਦਿੰਦੀ ਨਰਕ ਬਣਾ ਵੀ ਹੈ।
ਕਦੇ ਉਸ ਤੋਂ ਕਿਣਕੇ ਜਿੰਨਾ ਨਾ ਛੁਪੇ ਕੁਝ,
ਕਦੇ ਦਿਲ ਵਿੱਚ ਲੈਂਦੀ ਪਹਾੜ ਛੁਪਾ ਵੀ ਹੈ।
ਛੂਹੋ ਜੇ ਇਸ ਨੂੰ ਸੱਚੇ ਤੇ ਸੁੱਚੇ ਮਨੋਂ,
ਇਸ ਦੀ ਛੋਹ ਦੇ ਵਿੱਚ ਅਗੰਮੀ ਨਸ਼ਾ ਵੀ ਹੈ।
ਪਵੇ ਮੈਲੀ ਨਜ਼ਰ ਅਗਰ ਇਸ ‘ਤੇ ਕਿਸੇ ਦੀ,
ਇਹ ਟੱਕਰਦੀ ਉਸ ਨੂੰ ਬਣਕੇ ਕਜ਼ਾ ਵੀ ਹੈ।
ਕੁਰਬਾਨ ਹੋ ਜਾਵੇ ਇਹ ਪਿਆਰ ‘ਤੇ ਅਕਸਰ,
ਮਾਣ ਮੱਤੀ ਇਹ, ਉਮਰਾਂ ਦੀ ਵਫਾ ਵੀ ਹੈ।
ਪਿਆਸੀ ਥੱਲਾਂ ਦੀ ਰੇਤ ਵੀ ਬਣ ਕੇ ਰਹਿ ਜਾਵੇ,
ਕਦੇ ਇਹ ਵਹਿੰਦੀ ਬਣਕੇ ਦਰਿਆ ਵੀ ਹੈ।
ਦੇਵੇ ਇਮਤਿਹਾਨ ਵੀ, ਅੱਗ ‘ਚੋਂ ਵੀ ਲੰਘੇ,
ਕੁਕਨੂਸ ਜਿਹੀ ਇਹ, ਲਾਸਾਨੀ ਕਥਾ ਵੀ ਹੈ।
ਇਹ ਰੱਬ ਦੀ ਹੈ ਰਹਿਮਤ, ਤੇ ਅਜੂਬਾ ਕੋਈ,
ਉਦ੍ਹੀ ਦਿੱਤੀ ਹੋਈ ਸੋਹਣੀ ਜਿਹੀ ਸਜ਼ਾ ਵੀ ਹੈ।
No comments:
Post a Comment