ਅੰਨਦਾਤਾ - ਦੇਵ ਥਰੀਕਿਆਂ ਵਾਲਾ
ਗਲ ਤਾਈਂ ਜੱਟ ਦੇ ਗਰੀਬੀ ਚੜ੍ਹ ਗਈ
ਕਰਜ਼ੇ ’ਚ ਜੱਟ ਦੀ ਕਮਾਈ ਹੜ੍ਹ ਗਈ।
ਆਪ ਢਿੱਡੋਂ ਭੁੱਖਾ-ਲੋਕਾਂ ਤਾਈਂ ਪਾਲ੍ਹਦਾ।
ਦੁਨੀਆਂ ’ਤੇ ਦਾਨੀ ਨਾਂ ਕੋਈ ਜੱਟ ਨਾਲ ਦਾ।
ਸਾਰਾ ਦਿਨ ਖੇਤਾਂ ’ਚ ਰਹੇ ਮਰਦਾ
ਦਿਨ-ਰਾਤ ਮਿਹਨਤ ਹੈ ਜੱਟ ਕਰਦਾ।
ਫੇਰ ਵੀ ਗੁਜ਼ਾਰਾ ਹੁੰਦਾ ਨਈਉਂ ਘਰਦਾ।
ਫਿਕਰ ਹੈ ਰਹਿੰਦਾ ਇਹਨੂੰ ਆਟੇ ਦਾਲ ਦਾ
ਦੁਨੀਆਂ ’ਤੇ ਦਾਨੀ…
ਜੱਟੀ ਕੀਲੇ ਉੱਤੇ ਟੰਗ ਤਾ ਪਰਾਂਦਾ ਹੈ।
ਦਿਨੋ-ਦਿਨ ਹੋਈ ਏਹ ਗਰੀਬ ਜਾਂਦਾ ਹੈ।
ਭੰਨ-ਤੋੜ ਕਰਜ਼ੇ ਦਾ ਝੋਰਾ ਖਾਂਦਾ ਹੈ।
ਦਿਨ-ਰਾਤ ਸੋਚਾਂ ਵਿਚ ਦੇਹੀ ਗਾਲ੍ਹਦਾ
ਦੁਨੀਆਂ ’ਤੇ ਦਾਨੀ…
ਲਿਖਿਆ ਨਾ ਕਰਮਾਂ ’ਚ ਸੁੱਖ ਜੱਟ ਦੇ।
ਦਿਨ-ਰਾਤ ਜੱਟ ਨੇ ਦਸੌਂਟੇ ਕੱਟਦੇ।
ਲੋਕੀਂ ਇਹਦੀ ਮਿਹਨਤ ਦਾ ਮੁੱਲ ਵੱਟਦੇ।
ਫਿਰਦਾ ਸਿਆੜਾਂ ਵਿਚੋਂ ਰੋਟੀ ਭਾਲਦਾ।
ਦੁਨੀਆਂ ’ਤੇ ਦਾਨੀ….
ਖੇਤੀ ਛੱਡ ਜੱਟ ਕਈ ਫਕੀਰ ਬਣਗੇ
ਇਹਨੂੰ ਲੁੱਟ ਲੋਕੀਂ ਨੇ ਅਮੀਰ ਬਣਗੇ।
ਮੋਰ, ਤੋਤੇ, ਮੁਰਗੇ, ਵਜ਼ੀਰ ਬਣਗੇ।
ਕਰੇ ਦਿਨ ਕੱਟੀਆਂ, ਵਖਤ ਟਾਲਦਾ।
ਦੁਨੀਆਂ ’ਤੇ ਦਾਨੀ..
-ਦੇਵ ਥਰੀਕਿਆਂ ਵਾਲਾ
No comments:
Post a Comment