Monday, 29 October 2012


ਡਾ. ਲੇਖ ਰਾਜ


ਬੇਫਿਕਰ ਹੋ ਤਾਣ ਚਾਦਰ ਉਹ ਕਦੀਂ ਸੋਇਆ ਨਹੀਂ।
ਸ਼ਿਕਵਿਆਂ ਤੋਂ ਡਰ ਕੇ ਉਸ ਬੂਹਾ ਕਦੀ ਢੋਇਆ ਨਹੀਂ।

ਸੱਚ ਕੁਰਬਾਨੀ ਦਾ ਜਜ਼ਬਾ ਦਿਲ ‘ਚੋਂ ਕਦੀ ਮੋਇਆ ਨਹੀਂ।
ਲੱਖ ਚੱਲੇ ਤੂਫਾਨ ਲੇਕਿਨ ਹੌਸਲਾ ਖੋਇਆ ਨਹੀਂ।

ਨਫਰਤਾਂ ਦੀਆਂ ਨ੍ਹੇਰੀਆਂ ਨੇ ਇਸ ਤਰ੍ਹਾਂ ਆ ਘੇਰਿਆ,
ਪਰ ਕਦੀ ਮੈਦਾਨ ਵਿੱਚ ਉਹ ਮਾਰ ਭੁੱਬ ਰੋਇਆ ਨਹੀਂ।

ਸ਼ਬਦ ਮਰਹਮ ਲੱਖ ਲਗਾਈ ਦੋਸਤਾਂ ਮਿਲ ਬੈਠ ਕੇ,
ਪਰ ਜ਼ਖਮ ਡੂੰਘਾ ਬੜਾ ਸੀ ਮੁੜ ਹਰਾ ਹੋਇਆ ਨਹੀਂ।

ਰਿਸ਼ਤਿਆਂ ਦੇ ਮਲਬਿਆਂ ਦੀ ਖਾਕ ਉਡੂ ਇਸ ਤਰ੍ਹਾਂ
ਜਿਸ ਤਰ੍ਹਾਂ ਇਤਿਹਾਸ ਵਿੱਚ ਪਹਿਲਾਂ ਕਦੀ ਹੋਇਆ ਨਹੀਂ।

ਐ ਹਵਾ ਤੂਫਾਨ ਬਣ ਕੇ ਮੁੜ ਨਾ ਆਵੀਂ ਸਾਡੇ ਘਰ,
ਰੁੱਖ ਜੋ ਪਹਿਲਾਂ ਤੋੜਿਆ ਤੂੰ ਅਜੇ ਹਰਾ ਹੋਇਆ ਨਹੀਂ।

ਸਾਜ਼ਿਸ਼ਾਂ ਨੇ ਇਸ ਕਦਰ ਉਸ ਨੂੰ ਸਿਖਾਏ ਸੀ ਸਬਕ,
ਡਗਮਗਾਉਣਾ ਫਿਰ ਕਦੀ ਪੈਰਾਂ ਦਾ ਮੁੜ ਹੋਇਆ ਨਹੀਂ।

ਕਾਰਨਾਮੇ ਖੂਬਸੂਰਤ ਸਨ ਬੜੇ ਉਸ ਦੇ ਐ ‘ਲੇਖ’
ਪਰ ਕਦੀ ਵੀ ਉਸ ਦੇ ਹੱਕ ਵਿੱਚ ਫੈਸਲਾ ਹੋਇਆ ਨਹੀਂ।

No comments:

Post a Comment