Sunday, 28 October 2012


ਸਾਥੀ ਲੁਧਿਆਣਵੀ-ਲੰਡਨ 

ਚਮਕ ਰਹੇ ਸਹਿਰਾਅ ਕਦੇ ਦਰਿਆ ਨਹੀਂ ਹੁੰਦੇ।
ਅੰਦਰੋਂ ਲੋਕੀਂ ਕਿਆ ਤੇ ਬਾਹਰੋਂ ਕਿਆ ਨਹੀਂ ਹੁੰਦੇ।

ਚੰਨ ਸੂਰਜ ਤੋੜਨ ਦੇ ਵਾਅਦੇ ਕਿਆ ਵਾਅਦੇ ਨੇ,
ਉਹ ਵਾਅਦੇ ਵੀ ਕਿਆ ਜੋ ਕਦੇ ਵਫ਼ਾ ਨਹੀਂ ਹੁੰਦੇ।

ਖ਼ਬਰੇ ਪਤਝੜ ਕਿਹੜੇ ਮੋੜ 'ਤੇ ਮਿਲ ਜਾਣੀ ਹੈ,
ਗੁਲਜ਼ਾਰਾਂ ਦੇ ਮਹਿਕੇ ਪਲ ਸਦਾ ਨਹੀਂ ਹੁੰਦੇ।

ਅੰਬਰਾਂ ਤੀਕਰ ਸੇਕ ਇਨਾ੍ਹਂ ਦਾ ਪੁੱਜ ਜਾਂਦਾ ਹੈ,
ਇਸ਼ਕ ਦੇ ਭਾਂਬੜ ਬਹੁਤੀ ਦੇਰ ਦਬਾਅ ਨਹੀਂ ਹੁੰਦੇ।


ਪੱਕੇ ਰੰਗ 'ਚ ਦਿਲ ਦੇ ਉਤੇ ਖ਼ੁਣ ਜਾਂਦੇ ਨੇ,
ਵਸਲਾਂ ਦੇ ਪਲ ਅਕਸਰ ਕਦੇ ਜੁਦਾਅ ਨਹੀਂ ਹੁੰਦੇ।


ਦਰਿਆਵਾਂ ਦੇ ਕੰਢਿਆਂ ਵਰਗੀ ਜੂਨ ਅਸਾਡੀ,
ਪਲ ਪਲ ਭੁਰਦੇ ਜਾਂਦੇ ਸੁਆਸ ਬਚਾਅ ਨਹੀਂ ਹੁੰਦੇ।


ਕਹਿੰਦੇ ਦਰਦ ਛੁਪਾ ਰੱਖੀਦੇ ਦੁਨੀਆਂ ਕੋਲ਼ੋਂ,
ਸਾਥੋਂ ਹੀ ਪਰ ਚੰਦਰੇ ਦਰਦ ਛੁਪਾ ਨਹੀਂ ਹੁੰਦੇ।


ਪਿਆਰਾਂ ਵਾਲ਼ੇ ਖ਼ਤ ਮੈਂ ਕਾਹਨੂੰ ਸਾਂਭ ਰਿਹਾ ਹਾਂ,
ਕਿਉਂ ਇਹ ਖ਼ਤ ਸੱਜਣਾ ਦੇ ਭਲਾ ਜਲ਼ਾਅ ਨਹੀਂ ਹੁੰਦੇ।


ਸ਼ਿਕਵੇ, ਗ਼ਿਲੇ,ਨਿਹੋਰੇ ਸੱਭੋ ਪਿਆਰ ਦੇ ਤੋਹਫ਼ੇ,
ਪਿਆਰ 'ਚ ਆਖ਼ੇ ਬੋਲ ਤਾਂ ਯਾਰ ਖ਼ਤਾਅ ਨਹੀਂ ਹੁੰਦੇ।


ਰੁਸਦੇ ਹਾਂ ਤਾਂ ਕੰਡਿਆਂ ਉਤੇ ਲਿਟ ਜਾਂਦੇ ਨੇ,
ਸਾਥੋਂ ਸੱਜਣ ਏਸ ਕਦਰ ਤੜਪਾਅ ਨਹੀਂ ਹੁੰਦੇ।


ਅੱਜ ਕਲ ਵੀ ਉਹ ਹੱਸ ਕੇ ਅਕਸਰ ਕਹਿ ਦਿੰਦੇ ਨੇ,
''ਸਾਥੀ'' ਬਾਝੋਂ ਰਹਿੰਦੇ ਸਾਲ ਬਿਤਾਅ ਨਹੀਂ ਹੁੰਦੇ।
E mail: drsathi@hotmail.co.uk

No comments:

Post a Comment