Tuesday, 30 October 2012


ਤੂੰ ਕੀ ਜਾਣੇਂ ਸ਼ਹਿਰਨੇਂ - ਪੀ. ਐਸ. ਗਿੱਲ ਐਡਵੋਕੇਟ 

ਤੂੰ ਕੀ ਜਾਣੇਂ ਸੁਆਦ ਸ਼ਹਿਰਨੇਂ
ਲੱਸੀ ਦੀ ਘੁੱਟੋ ਵੱਟੀ ਦਾ
ਭਾਗ ਤੇਰੇ ਵਿਚ ਲਿਖਣੋ ਰਹਿ ਗਿਆ
ਗੁੜ ਬੋਬੋ ਦੀ ਮੱਟੀ ਦਾ।
ਮਾਰ ਕਿਤੇ ਪਿੰਡਾਂ ਵੱਲ ਗੇੜਾ
ਤੈਨੂੰ ਆਪਣਾ ਪਿੰਡ ਦਿਖਾਈਏ
ਚਾਟੀ ਦੀ ਲੱਸੀ ਦਾ ਖੱਟਾ
ਤੈਨੂੰ ਸ਼ੱਕਰ ਘਿਓ ਖਿਲਾਈਏ।
ਪੀ ਸੱਤੂਆਂ ਦੇ ਬਾਟੇ ਕੁੜੀਏ
ਛੱਡ ਅੰਗਰੇਜ਼ੀ ਪਾਣੀ ਧਾਣੀ
ਤਾਜ਼ੀ ਸੂਈ ਮੱਝ ਦੀ ਬੌਹਲੀ
ਸਾਡੇ ਪਿੰਡ ਨੂੰ ਘੱਟ ਨਾ ਜਾਣੀਂ।
ਦੇਸੀ ਘਿਓ ਦੀ ਚੂਰੀ ਖਾ ਲੈ
ਘੁੱਦੂ ਬੰਨ੍ਹ ਲੈ ਪੱਲੇ
ਅੰਬ ਦਾ ਛਿੱਛਾ ਪੀ ਕੇ ਦੇਖ ਲੈ
ਹੋਜੂ ਬੱਲੇ ਬੱਲੇ।
ਭੱਤਾ ਲੈ ਜਦ ਨਿਕਲੇ ਪਿੰਡ ਤੋਂ
ਫੋਟੋ ਖਿੱਚ ਲਈਂ ਜੱਟੀ ਦਾ
ਭਾਗ ਤੇਰੇ ਵਿਚ ਲਿਖਣੋਂ ਰਹਿ ਗਿਆ
ਗੁੜ ਬੋਬੋ ਦੀ ਮੱਟੀ ਦਾ।
ਖੁੱਲ੍ਹਾ ਸਾਗ ਮੱਕੀ ਦੀ ਰੋਟੀ
ਵਿਚ ਖੁੱਲ੍ਹਾ ਮੱਖਣ ਪਾਈਏ
ਮਿੱਸੀ ਰੋਟੀ ਮਿੱਠੀ ਲੱਸੀ
ਜਦ ਘੁੱਟੋ ਵੱਟੀ ਖਾਈਏ।
ਘਰ ਦੀਆਂ ਸੇਵੀਆਂ ਥਾਲ ਕਹੇਂ ਦਾ
ਉਤੇ ਬੰਨ੍ਹ ਤਤੀਰੀ ਘਿਓ ਦੀ ਪਾਈਏ
ਅਸੀਂ ਖੜ੍ਹੀਆਂ ਮੱਝਾਂ ਨੂੰ ਚੁੰਘ ਜਾਈਏ
ਤੜਕੇ ਉਠ ਕੇ ਪਿੰਨੀਆਂ ਖਾਈਏ।
ਕੀ ਅੱਧ-ਰਿੜਕੇ ਕੀ ਕਾੜ੍ਹਨੇਂ
ਸਾਨੂੰ ਉਹ ਦਿਨ ਅਜੇ ਨੀਂ ਭੁੱਲੇ
ਦੁੱਧ ਰਿੜਕਦੀ ਮਾਂ ਦੇ ਮੂਹਰੇ
ਜਾ ਬਹਿਣਾ ਜਦ ਭੁੰਜੇ।
ਮਾਂ ਦੀ ਤਲੀ ਤੋਂ ਮੱਖਣ ਚੱਟਣਾ
ਜ਼ਿੱਦ ਕਰਕੇ ਗੋਦੀ ਚੜ੍ਹ ਜਾਣਾ
ਚਲਦੇ ਨੇਤੇ ਨੂੰ ਹੱਥ ਪਾਉਣਾ
ਨਾ ਕਰਨਾ ਨਾ ਕਰਨ ਦੇਣਾ।
ਫੜਦਿਆਂ-ਫੜਦਿਆਂ ਲੰਘ ਗਿਆ ਅੜੀਏ
ਜੁੱਗ ਉਹ ਬਸਤਾ ਫੱਟੀ ਦਾ
ਭਾਗ ਤੇਰੇ ਵਿਚ ਲਿਖਣੋਂ ਰਹਿ ਗਿਆ
ਗੁੜ ਬੋਬੋ ਦੀ ਮੱਟੀ ਦਾ।
ਕਲਮ : ਪੀ. ਐਸ. ਗਿੱਲ ਐਡਵੋਕੇਟ

ਤੂੰ ਕੀ ਜਾਣੇਂ ਸ਼ਹਿਰਨੇਂ...ਜਵਾਬ


ਨਹੀਂ ਪੁੱਗਦਾ ਬਈ ਪਿੰਡ ਦਿਆ ਸੱਜਣਾਂ
ਸਾਨੂੰ ਤੇਰੇ ਪਿੰਡ ਦਾ ਗੇੜਾ
ਤੂੰ ਚੰਗਾ ਤੇਰਾ ਸਭ ਕੁਝ ਚੰਗਾ
ਪਰ ਪਿੰਡ ਨਹੀਂ ਚੰਗਾ ਤੇਰਾ।
ਪਿੰਡ ਤੇਰਾ ਹੈ ਘਰ ਨਸ਼ਿਆਂ ਦਾ
ਇਥੇ ਵਸਣ ਨਸ਼ੇੜੀ ਬੰਦੇ
ਲੂਣ ਤੇਲ ਦੀਆਂ ਹੱਟੀਆਂ ਵਿਚ ਵੀ
ਹੋਣ ਨਸ਼ੇ ਦੇ ਧੰਦੇ।
ਰਾਹਾਂ ਵਿਚ ਨਿੱਤ ਲੁੱਟਾਂ-ਖੋਹਾਂ
ਕਰਦੇ ਇਹ ਵਣਜਾਰੇ
ਕਿਹੜਾ ਨਸ਼ਾ ਜੋ ਇਹ ਨਹੀਂ ਕਰਦੇ
ਮਰਦੇ ਅੱਧੀ ਉਮਰੇ ਸਾਰੇ।
ਇਸ ਹਾਲਤ ਵਿਚ ਪਿੰਡ ਦਾ ਗੇੜਾ
ਸਿਰ ਨੀ ਫਿਰਿਆ ਮੇਰਾ
ਤੂੰ ਚੰਗਾ ਤੇਰਾ ਸਭ ਕੁਝ ਚੰਗਾ
ਪਰ ਪਿੰਡ ਨੀ ਚੰਗਾ ਤੇਰਾ।
ਸਭ ਤੋਂ ਵੱਡਾ ਖ਼ਤਰਾ ਜਾਨੀਂ
ਮੈਨੂੰ ਬਹੁਤ ਜਿਥੋਂ ਡਰ ਲਗਦਾ
ਪਿੰਡ ਤੇਰਾ ਸਤਲੁਜ ਦੇ ਕੰਢੇ
ਜਿਸ ਵਿਚ ਗੰਦਾ ਪਾਣੀ ਵਗਦਾ।
ਜ਼ਹਿਰ ਨਿਹਾਰੀ ਕਾਲੀ ਬੇਈਂ
ਤੇਰੇ ਪਿੰਡ ਨਾ ਖਹਿ ਕੇ ਲੰਘਦੀ
ਤੀਜੇ ਪਾਸੇ ਬੁੱਢਾ ਨਾਲਾ
ਮੈਂ ਸੁੱਖ ਤੇਰੇ ਸਾਹਾਂ ਦੀ ਮੰਗਦੀ।
ਦੂਸ਼ਤ ਪਾਣੀ ਤੇਰੇ ਚਾਰ ਚੁਫੇਰੇ
ਤੈਨੂੰ ਜ਼ਹਿਰੀ ਸੱਪਾਂ ਵਾਲਿਆ
ਤੇਰੇ ਖੂਹ ਦੇ ਪਾਣੀ ਵਿਚ ਵੀ
ਸਮਝ ਖੜੱਪਾ ਵੜਿਆ।
ਤੇਰੇ ਪਿੰਡ ਤੋਂ ਸਾਫ਼ ਸੁਹਾਣਾ
ਸ਼ਹਿਰ ਹੋ ਗਿਆ ਮੇਰਾ
ਤੂੰ ਚੰਗਾ ਤੇਰਾ ਸਭ ਕੁਝ ਚੰਗਾ
ਪਰ ਪਿੰਡ ਨੀ ਚੰਗਾ ਤੇਰਾ।
ਬੇਮੌਸਮ ਦਾ ਝੋਨਾ ਲਾ ਕੇ
ਤੁਸੀਂ ਕਿੰਨਾ ਪਾਣੀ ਸੁੱਟੀ ਜਾਂਦੇ
ਤਿੰਨ ਸੌ ਫੁੱਟ ਤੱਕ ਪਾਈਪ ਠੋਕ ਲਏ
ਹੋਰ ਵੀ ਡੂੰਘਾ ਪੁੱਟੀ ਜਾਂਦੇ।
ਚੌਥੀ ਕੁੱਖ ਧਰਤੀ ਦਾ ਪਾਣੀ
ਹੁਣ ਇਸ ਨੂੰ ਮੁੱਕਿਆ ਜਾਣੀਂ
ਤੇਰੀ ਬੇਸਮਝੀ ਦਾ ਭਾਂਡਾ
ਤੇਰੇ ਸਿਰ ਵਿਚ ਫੁੱਟਿਆ ਜਾਣੀਂ।
ਸੱਚੀ ਗੱਲ ਕਹਿਣ ਤੋਂ ਪੀ. ਐਸ. ਗਿੱਲ
ਕਦੀ ਨਹੀਂ ਸੰਗਦਾ
ਹੱਥ ਵਿਚ ਖਾਲੀ ਬੋਤਲ ਫੜ ਕੇ
ਪੀਣ ਲੀ ਪਾਣੀ ਫਿਰੇਂਗਾ ਮੰਗਦਾ।
-ਕਲਮ : ਪੀ. ਐਸ. ਗਿੱਲ ਐਡਵੋਕੇਟ
ਮੋਬਾਈਲ : 98722-੫੬੦੦੫

No comments:

Post a Comment