ਆ ਬੁੱਲ੍ਹਿਆ - ਅਮਰ ਸੂਫੀ
ਆ ਬੁੱਲ੍ਹਿਆ! ਚੱਲ ਨਾਲ ਮੇਰੇ ਨਾਲ ਤੈਨੂੰ ਆਪਣਾ ਪਿੰਡ ਵਿਖਾਵਾਂਪਿੰਡ ਮੇਰੇ ਦੇ ਰਾਹਾਂ ਦੇ ਵਿੱਚ, ਬੈਠੀਆਂ ਬਿੱਜ-ਬਲਾਵਾਂ।
ਗਲੀਆਂ ਦੇ ਵਿੱਚ ਚਿੱਕੜ ਯਾਰਾ, ਰਾਹਾਂ ਦੇ ਵਿੱਚ ਪਾਣੀ
ਇਹਨੀਂ ਰਾਹੀਂ ਤੁਰਨਾ ਔਖੈ, ’ਕੱਲੀ ਜਿੰਦ ਨਿਮਾਣੀ।
ਅਹਿ ਜੋ ਲਹਿੰਦੇ ਵੰਨੀ ਦੀਂਹਦੈ, ਝਾੜ-ਬੂਟ ਜਿਹਾ ਸੱਜਣਾ,
ਉਥੋਂ ਮੈਨੂੰ ਡਰ ਲੱਗਦਾ ਹੈ, ਉਹ ਨੇ ‘ਪੱਕੀਆਂ’ ਥਾਵਾਂ।
ਆ ਬੁੱਲ੍ਹਿਆ! ਚੱਲ ਨਾਲ ਮੇਰੇ ਨਾਲ ਤੈਨੂੰ ਆਪਣਾ ਪਿੰਡ ਵਿਖਾਵਾਂ
ਪਿੰਡ ਮੇਰੇ ਦੇ ਰਾਹਾਂ ਦੇ ਵਿੱਚ, ਬੈਠੀਆਂ ਬਿੱਜ-ਬਲਾਵਾਂ।
ਆਪਣੇ ਵਿਹੜੇ ਦੇ ਵਿੱਚ ਮੈਂ, ਮੋਹ ਦਾ ਰੁੱਖ ਸੀ ਲਾਇਆ
ਓਸ ਰੁੱਖ ਨੂੰ ਛਾਂਗ ਗਿਐ ਕੋਈ, ਮੇਰੀ ਮਾਂ ਦਾ ਜਾਇਆ।
ਉਸ ਨਿਪੱਤਰੇ ਰੁੱਖ ਨੇ ਸੱਜਣਾ, ਦੱਸ ਹੁਣ ਛਾਂ ਕੀ ਦੇਣੀ,
ਉਹਦੀ ਟੀਸੀ ਉੱਤੇ ਵੇਖ, ਪਾਇਆ ਆਲ੍ਹਣਾ ਕਾਵਾਂ।
ਆ ਬੁੱਲ੍ਹਿਆ! ਚੱਲ ਨਾਲ ਮੇਰੇ ਨਾਲ ਤੈਨੂੰ ਆਪਣਾ ਪਿੰਡ ਵਿਖਾਵਾਂ
ਪਿੰਡ ਮੇਰੇ ਦੇ ਰਾਹਾਂ ਦੇ ਵਿੱਚ, ਬੈਠੀਆਂ ਬਿੱਜ-ਬਲਾਵਾਂ।
ਚੱਲ ਹੁਣ ਗੁਰਦੁਆਰੇ ਚੱਲੀਏ, ਨਾਲੇ ਵੇਖੀਏ ਮੰਦਰ
ਅੰਦਰੋਂ ਮੇਰਾ ਜੀਅ ਨ੍ਹੀਂ ਕਰਦਾ, ਜਾਵਾਂ ਇਨ੍ਹਾਂ ਅੰਦਰ।
ਸੰਖ ਵਜਾਉਣੋਂ ਮੇਰੇ ਸੱਜਣਾ, ਮੂੰਹ ਹੋਇਆ ਇਨਕਾਰੀ,
ਹੱਥ ਸਾਥ ਨਹੀਂ ਦਿੰਦੇ, ਦੱਸ ਟੱਲ ਕਿੰਝ ਖੜਕਾਵਾਂ।
ਆ ਬੁੱਲ੍ਹਿਆ! ਚੱਲ ਨਾਲ ਮੇਰੇ ਨਾਲ ਤੈਨੂੰ ਆਪਣਾ ਪਿੰਡ ਵਿਖਾਵਾਂ
ਪਿੰਡ ਮੇਰੇ ਦੇ ਰਾਹਾਂ ਦੇ ਵਿੱਚ, ਬੈਠੀਆਂ ਬਿੱਜ-ਬਲਾਵਾਂ।
ਆ ਮਿੱਤਰਾ ਹੁਣ ਆਪਾਂ ਦੋਵੇਂ ਯਾਰ ਮੇਰੇ ਘਰ ਚੱਲੀਏ,
ਮੱਥਾ ਟੇਕੀਏ ਸਜਦਾ ਕਰੀਏ, ਦੁਆਰਾ ਉਹਦਾ ਮੱਲੀਏ।
ਤੇਰੇ ਵਾਂਗੂੰ ਉਹਦੇ ‘ਚੋਂ, ਰੱਬ ਵੇਖਣ ਨੂੰ ਜੀਅ ਕਰਦੈ,
ਐਪਰ ਓਹੋ ਮੰਨਦਾ ਨਾਹੀਂ, ਤੂੰ ਦੱਸ ਕਿਵੇਂ ਮਨਾਵਾਂ।
No comments:
Post a Comment