Sunday, 28 October 2012


ਪੁਰਾਣੇ ਸੰਦਾਂ ਦੀ ਪੁਕਾਰ ਅਤੇ ਪੁਰਾਤਨ ਵਿਰਸਾ - ਸੁਖਮੰਦਰ ਸਿੰਘ (ਹਾਂਗਕਾਂਗ)


ਰੋਇਆ ਮਾਰ ਦੁਹੱਤੜ ਗੱਡਾ
ਮੈਂ ਸੀ ਸਭ ਸੰਦਾਂ ਤੋਂ ਵੱਡਾ,
ਮੇਰਾ ਖੋਲ਼ੇ ਦੇ ਵਿੱਚ ਅੱਡਾ, 
ਬੱਗੀਆਂ ਅੰਦਰ ਖੜੀਆਂ ਨੇ,
ਧੰਨ ਏ ਮੇਰਾ ਜਿਗਰਾ 
ਬਾਰਸ਼ਾਂ ਉੱਪਰ ਵਰੀਆਂ ਨੇ।

ਰੋਇਆ ਮਾਰ ਦੁਹੱਤੜ ਖੱਦਰ,
ਆਪਾਂ ਗੱਲ ਕਰਾਂਗੇ ਪੱਧਰ
ਪੈਟਾਂ ਪਾ ਕਸ ਲਏ ਕਸਬੱਧਰ,
ਲੋਕੀ ਬੜੇ ਸ਼ੌਕੀਨ ਨੇ।
ਝੁੱਲ ਦੋੜਿਆਂ ਜੋਗੇ ਕਰਤੇ,
ਚੰਦਰੀ ਟੈਰਾਲੀਨ ਨੇ।

ਖੇਤਾਂ ਦੇ ਵਿੱਚ ਖੂਹ ਕੁਰਲਾਉਂਦਾ,
ਤੜਕੇ ਉਠਕੇ ਸੀ ਜੱਟ ਵਾਉਂਦਾ
ਮੈਂ ਸੀ ਮੁਫਤ ਮੁਫਤ ਕੰਮ ਆੳਦਾ,
ਕਦਰ ਘਟਾਤੀ ਬੋਰਾਂ ਨੇ।
ਮੇਰੇ ਜੱਟ ਸਾਥੀ ਨੂੰ ਲੁੱਟ ਲਿਆ, 
ਇੰਜਣ ਬਿਜਲੀ ਚੋਰਾਂ ਨੇ।

ਸਾਈਕਲ ਖੂੰਜੇ ਲੱਗਿਆ ਝਾਕੇ,
ਭਰਾਵੋ ਮਾੜੇ ਬਣ ਗਏ ਆਪੇ,
ਮੋਟਰ ਸਾਈਕਲ ਚੰਗਾ ਜਾਪੇ,
ਜ੍ਹੇੜਾ ਫੂਕੇ ਨੋਟਾਂ ਨੂੰ।
ਮੈਨੁੰ ਲੂਣ ਬਰਾਬਰ ਕਰਤਾ,
ਸ਼ਰਮ ਨਹੀ ਆਉਂਦੀ ਲੋਕਾਂ ਨੂੰ।

ਰੇਡੀਉ ਰੋ ਰੋ ਕੇ ਕੁਰਲਾਉਂਦਾ,
ਮੈਂ ਹਰ ਥਾਂ ਦੀ ਖਬਰ ਸੁਣਾੳਦਾ 
ਫਿਰ ਵੀ ਲੋਕਾਂ ਮਨ ਨਹੀ ਭਾਉਂਦਾ,
ਕਿਉਂ ਘੱਟ ਗਾਣੇ ਆਉਂਦੇ ਐ।
ਜ੍ਹੇੜਾ ਘਰ ਖਰਚੇ ਦਾ ਬਣ ਗਿਆ, 
ਲੋਕੀ ਟੇਪ ਵਜਾਉਂਦੇ ਐ,

ਚੁੱਲਾ ਭੁੱਭਾਂ ਮਾਰ ਕੇ ਰੋਇਆ,
ਖਬਰੈ ਕੀ ਬੁੜੀਆਂ ਨੂੰ ਹੋਇਆ
ਮੇਰਾ ਅਸਲੋਂ ਧੋਣਾ ਧੋਇਆ, 
ਛੱਡਿਆ ਲਿੱਪਣ ਪੋਚਣ ਤੋਂ ।
ਹੀਟਰ ਗੋਬਰ ਗੈਂਸ ਲਵਾ ਲਏ, 
ਐਂਵੇ ਹੀ ਬਿਨ ਸੋਚਣ ਤੋਂ।

ਨਲਕਾ ਰੋ ਰੋ ਦੇਵੇ ਦੁਹਾਈਆਂ,
ਲੋਕੀ ਹੋ ਗਏ ਵਾਂਗ ਸ਼ੁਦਾਈਆਂ 
ਟੂਟੀਆਂ ਕੀ ਸਰਕਾਰ ਲੁਆਈਆਂ,
ਮੈਨੂੰ ਬੋਕੀ ਪਾਉਂਦੇ ਨਾ।
ਪਾਣੀ ਗਰਮ ਪੀਣ ਨੂੰ ਦੇਵਾਂ, 
ਫਿਰ ਵੀ ਮਨ ਸਮਝਾਉਂਦੇ ਨਾਂ ।

ਮੱਝਾਂ ਮੂੰਹ ਬਲਦਾਂ ਦੇ ਭੰਨਣ,
ਕਿੱਲੇ ਪੱਟਣ ਖੜੀਆਂ ਰੰਭਣ, 
ਚੱਲੀ ਕੀ ਕੰਬਾਈਨ ਦੁਕੱਮਣ,
ਪੱਠਾ ਜਾਂਦਾ ਰੂੜੀ ਨੂੰ। 
ਅਸੀਂ ਵਿੱਚ ਹਰੇ ਦੇ,
ਤਰਸ ਤਰਸ ਮਰ ਜਾਈਏ ਤੂੜੀ ਨੂੰ।

ਦੇਖੋ ਬਲਦ ਚਾਂਗਰਾਂ ਪਾੳਦੇ,
ਹੱਸ ਕੇ ਗੀਤ ਖੁਸ਼ੀ ਦੇ ਗਾਉਂਦੇ 
ਦੇਖੋ ਟਰੈਕਟਰ ਜੱਟ ਚਲਾੳਦੇ,
ਕਰੀ ਤਰੱਕੀ ਸੈਨਾ ਨੇ ।
ਛੁੱਟ ਗਈ ਜਾਨ ਫਲੇ ਤੋ ਸਾਡੀ,
ਵੱਡਣੀ ਕਣਕ ਕੰਬਾਈਨਾਂ ਨੇ।

ਕਰਦਾ ਜੋ ਜ੍ਹੀਦੇ ਮਨ ਭਾਉਂਦੈ,
ਹਰ ਕੋਈ ਅੱਗੇ ਵਧਣਾ ਚਾਹੁੰਦੈ 
ਗਿਆਂਨੀ ਮਨ ਜੋ ਗੱਲ ਸਮਝਾਉਂਦੈ ,
ਆ ਗਏ ਦਿਨ ਬਰਬਾਦੀ ਦੇ। 
ਛੱਡ ਕੇ ਧਰਮ ਸਿੱਖਣ ਅੰਗਰੇਜੀ , 
ਬਣਕੇ ਪੁੱਤ ਪੰਜਾਬੀ ਦੇ। 
 - ਸੁਖਮੰਦਰ ਸਿੰਘ (ਹਾਂਗਕਾਂਗ)

No comments:

Post a Comment